ਏਹ ਗੱਲ ਉੱਨੀ ਸੌ ਚੁਰਾਨਵੇਂ ਦੀ ਐ
ਪਿੰਡਾਂ ਚ ਉਦੋਂ ਆਵਾਜਾਈ ਦੇ ਸਾਧਨ ਬਹੁਤ ਘੱਟ ਹੁੰਦੇ ਸੀ
ਅਸੀਂ ਇੱਕ ਲੰਡੀ ਜੀਪ ਤਿਆਰ ਕਰਵਾਈ ਸੀ ਤਿਰਾਨਵੇਂ ਚ
ਦੋ ਭਰਾ ਇੱਕੋ ਘਰ ਵਿਆਹੇ ਹੋਏ ਸੀ
ਵੱਡੇ ਭਰਾ ਜੀਤੇ ਦੇ ਘਰ ਵਾਲੀ ਸੀਤੋ ਰੁੱਸ ਕੇ ਪੇਕੀਂ ਬੈਠੀ ਸੀ
ਉਹਨਾਂ ਦਾ ਬਜ਼ੁਰਗ ਸਹੁਰਾ ਚੜ੍ਹਾਈ ਕਰ ਗਿਆ
ਉਹਨਾਂ ਨੇ ਮੈਨੂੰ ਕਿਹਾ ਭੋਗ ਤੇ ਜਾਣ ਲਈ ਜੀਪ ਲੈਕੇ ਜਾਣ ਨੂੰ
ਇੱਕ ਸਾਂਝਾ ਬੰਦਾ ਨਾਲ ਲੈ ਲਿਆ
ਬੀ ਭੋਗ ਤੋਂ ਬਾਅਦ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਊ
ਤੇ
ਸੀਤੋ ਨੂੰ ਤੁਰਾ ਲਿਆਵਾਂਗੇ
ਮੈਨੂੰ ਉਹਨਾਂ ਦੇ ਇੱਕ ਸਾਲੇ ਦੇ ਘਰ ਬਹਾ ਦਿੱਤਾ
ਮੈਂ ਪੱਖਾ ਛੱਡ ਕੇ ਸੌਂ ਗਿਆ
ਭੋਗ ਤੋਂ ਬਾਅਦ ਉਸ ਘਰ ਦੀ ਮਾਲਕਣ ਨੇ ਆ ਕੇ ਦੇਖਿਆ ਕੋਈ ਪਿਐ ਬੈਠਕ ਵਿੱਚ
ਸੋ ਉਸ ਨੇ ਪੁੱਛਿਆ
ਬਾਈ ਚਾਹ ਪਾਣੀ ਲਿਆਵਾਂ
ਮਖਾਂ ਲਿਆ ਦਿਉ ਭੈਣੇ
ਮੈਂ ਚਾਹ ਪੀ ਕੇ ਉੱਥੇ ਹੀ ਬੈਠਾ ਸੀ
ਜੀਤਾ ਆ ਗਿਆ
ਉਹ ਆਪਣੀ ਸਾਲੇਹਾਰ ਨਾਲ
ਗੱਲਾਂ ਕਰਨ ਲੱਗਿਆ
ਕਹਿੰਦਾ ਭੈਣੇ ਮੇਰਾ ਕਸੂਰ ਹੈ ਨੀ ਕੋਈ
ਸੀਤੋ ਐਵੇਂ ਰੁੱਸ ਕੇ ਏਥੇ ਡੇਰਾ ਲਾਈਂ ਬੈਠੀ ਐ
ਭੈਣੇ ਤੂੰ ਮੇਰੀ ਮੱਦਦ ਕਰੀਂ
ਕਹਿ ਸੁਣ ਕੇ ਸੀਤੋ ਨੂੰ ਮੇਰੇ ਨਾਲ ਤੁਰਾਉਣ ਚ
ਉਹ ਕਹਿੰਦੀ
ਬਾਈ ਤੂੰ ਤਾਂ ਨਿਰੀ ਗਊ ਐਂ
ਏਹ ਤਾਂ ਸੀਤੋ ਦਾ ਕਸੂਰ ਐ ਸਾਰਾ
ਮੈਂ ਪੂਰੀ ਕੋਸ਼ਿਸ਼ ਕਰੂੰ ਸਮਝਾਉਣ ਦੀ
ਜੀਤਾ ਤੁਰ ਗਿਆ
ਤੇ ਉਸ ਘਰ ਦਾ ਮਾਲਕ ਉਸਦਾ ਸਾਲਾ ਆ ਗਿਆ ਤੇ
ਦੋਵੇਂ ਜੀਅ ਗੱਲਾਂ ਕਰਨ ਲੱਗ ਪਏ
ਉਹ ਕਹਿੰਦਾ
ਆਹ ਮੁੱਗ ਜਾ ਜੀਤਾ ਕੀ ਕਹਿੰਦਾ ਸੀ ?
ਉਹ ਕਹਿੰਦੀ
ਥੋਡੇ ਚ ਹੈਨੀ ਕਣ ਕੰਡਾ
ਇੱਕ ਤਾਂ ਕੁੜੀ ਨੂੰ ਕੁੱਟ ਕੇ ਘਰੋਂ ਕੱਢ ਤਾ
ਆਪਣੇ ਬਾਰ ਚ ਬਹਾਤੀ
ਹਜੇ ਸੱਚਾ ਬਣਦੈ
ਅਖੇ ਤੋਰੋ ਮੇਰੇ ਨਾਲ
ਮੇਰਾ ਕੋਈ ਕਸੂਰ ਨਹੀਂ
ਸਾਰਾ ਕਸੂਰ ਥੋਡੀ ਕੁੜੀ ਦੈ
ਇਹਨੂੰ ਮੁੱਗ ਜੱਟ ਨੂੰ ਢਾਹ ਲਓ
ਖੁਰੀਆਂ ਆਲੇ ਢਾਂਡੇ ਆਂਗੂੰ
ਦਿਉ ਏਹਨੂੰ ਡੋਲਾ
ਉਹ ਏਹ ਕਹਿੰਦਾ ਤੁਰ
ਗਿਆ
ਅੱਜ ਇਸ ਮੁੱਗ ਜੱਟ ਦੇ ਮੋਛੇ
ਪੈਂਦੇ ਦੇਖੀਂ ਫੇਰ
ਮੈਂ ਬੈਠਕ ਚ ਬੈਠਾ
ਗੁੱਝਾ ਹਾਸਾ ਹੱਸਦੇ ਦੀਆਂ ਮੇਰੀਆਂ ਵੱਖੀਂਆਂ ਦੁਖਣ ਲੱਗ ਪਈਆਂ
ਮਖਾਂ ਕਰਤੀ
ਮੱਦਦ ਜੀਤੇ ਦੀ
ਡੋਲਾ ਭਾਲਦਾ ਸੀ
ਤਲੈਂਬੜਾਂ ਨੂੰ ਥਾਂ ਕਰਾਤਾ ਸਾਲੇਹਾਰ ਨੇ
” ਪਾਲੀ ਚਹਿਲ “