ਪਿਛਲੇ ਸਾਲ 2022 ਦੇ ਜੂਨ ਮਹੀਨੇ ਵਿੱਚ ਸਵੇਰੇ ਸਮੇਂ ਮੈ ਆਪਣੇ ਕਿਸੇ ਜਾਣਕਾਰ ਨੂੰ ਫੋਨ ਕੀਤਾ, ਉਸਨੂੰ ਛੇ ਮਹੀਨੇ ਪਹਿਲਾਂ 35000ਰੁਪਏ ਉਧਾਰ ਦਿੱਤੇ ਸਨ , ਮੈਂ ਇਸ ਸੰਬੰਧੀ ਪੁੱਛਿਆ ਤਾਂ ਉਹਨੇ ਫੋਨ ਤੇ ਕਿਹਾ ਕਿ ਤਿੰਨ ਘੰਟੇ ਬਾਅਦ ਮੈਨੂੰ ਫੋਨ ਕਰ ਲਵੀਂ, ਜਦੋਂ ਮੈਂ ਉਸਨੂੰ ਤਿੰਨ ਘੰਟੇ ਬਾਅਦ ਫੋਨ ਕੀਤਾ ਤਾਂ ਉਸਨੇ ਉਧਾਰ ਦਿੱਤੇ ਰੁਪਏ ਲੈਣ ਲਈ ਮੈਨੂੰ ਆਪਣੇ ਕਿਸੇ ਦੋਸਤ ਦੇ ਘਰ ਪਹੁੰਚਣ ਲਈ ਕਿਹਾ, ਮੈਂ ਮਿਥੇ ਸਮੇਂ ਤੇ ਸਹੀ ਸਮੇਂ ਤੇ ਆਪਣੀ ਸਕੂਟਰੀ ਤੇ ਪਹੁੰਚ ਗਿਆ ਸੀ …………….
…… ਆਪਣੀ ਸਕੂਟਰੀ ਇੱਕ ਪਾਸੇ ਸਟੈਂਡ ਤੇ ਲਾ ਕੇ ਦਰਵਾਜ਼ਾ ਖੜਕਾਇਆ ਤਾਂ ਇੱਕ ਔਰਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਆਉਣ ਦਾ ਕਾਰਨ ਦੱਸਿਆ ਤਾਂ ਉਹਨਾਂ ਨੇ ਕਿਹਾ ਹਾਂ ਜੀ ਫੋਨ ਆਇਆ ਸੀ ਮੇਰੇ ਘਰਵਾਲੇ ਦੇ ਦੋਸਤ ਦਾ, ਮੇਰੇ ਮੁੰਡੇ ਨੇ ਫੋਨ ਸੁਣਿਆ ਸੀ ਪਰ ਹਾਲੇ ਸਾਨੂੰ ਉਹ ਰੁਪਏ ਨਹੀਂ ਦੇ ਕੇ ਗਿਆ, ਤਿੰਨ ਘੰਟੇ ਇਥੇ ਇਸ ਘਰ ਵਿੱਚ ਹੀ ਬਹਿ ਕੇ ਉਡੀਕ ਕਰਨ ਲਈ ਕਿਹਾ ਹੈ ਜੀ…..
….. ਮੈਂ ਘਰ ਅੰਦਰ ਵੜ ਗਿਆ ਸੀ ਤਾਂ ਉਸ ਔਰਤ ਨੇ ਆਪਣੇ ਮੁੰਡੇ ਨੂੰ ਮੇਰੇ ਕੋਲ ਭੇਜ ਦਿੱਤਾ ਤੇ ਮੈਨੂੰ ਵਰਾਂਡੇ ਵਿੱਚ ਪੱਖੇ ਹੇਠ ਬੈਠ ਕੇ ਉਡੀਕ ਕਰਨ ਲਈ ਕਿਹਾ ਗਿਆ………..
…….ਉਸ ਔਰਤ ਦਾ ਪੁੱਤ ਮੇਰੇ ਨੇੜੇ ਹੀ ਸੋਫੇ ਤੇ ਬੈਠ ਗਿਆ ਸੀ ਉਹ ਆਪਣਾ ਮੋਬਾਇਲ ਚਲਾ ਰਿਹਾ ਸੀ ਤੇ ਮੈਂ ਆਪਣਾ ਮੋਬਾਇਲ ਚਲਾ ਰਿਹਾ ਸੀ…….ਔਰਤ ਘਰ ਦੀ ਰਸੋਈ ਵਿੱਚ ਵੜ ਗਈ ਸੀ……. ਅਚਾਨਕ ਹੀ ਮੇਰੀ ਨਿਗਾ ਘਰ ਦੇ ਸਟੋਰ ਵਿੱਚੋਂ ਬਾਹਰ ਨਿਕਲ ਕੇ ਘਰ ਦੇ ਵਿਹੜੇ ਵਿੱਚ ਆਏ ਇੱਕ ਬੁਜ਼ਰਗ ਤੇ ਪੈ ਗਈ ਸੀ, ਉਸਨੂੰ ਦਿਸ ਨਹੀਂ ਰਿਹਾ ਸੀ ਪਰ ਉਹ ਸਟੋਰ ਦੇ ਬਾਹਰ ਲੱਗੇ ਨਲਕੇ ਤੋਂ ਪਾਣੀ ਲੈਣ ਲਈ ਤੁਰ ਪਿਆ ਸੀ ਤਾਂ ਮੈਂ ਉਸਦੀ ਮਦਦ ਕਰਨ ਲਈ ਉਠਿਆ ਤਾਂ ਉਸ ਔਰਤ ਨੇ ਮੈਨੂੰ ਰੋਕ ਦਿੱਤਾ ਤੇ ਕਿਹਾ ਕਿ ਬੁੜੇ ਨੂੰ ਗਰਮੀ ਲੱਗ ਰਹੀ ਹੈ ਅਤੇ ਉਹ ਇਹਦਾ ਰੋਜ ਦਾ ਕੰਮ ਹੈ ,ਇਹ ਆਪੇ ਨਲਕੇ ਤੋਂ ਭਰ ਲਵੇਗਾ, ਮੈਂ ਉਦਾਸ ਹੋ ਕੇ ਬੈਠ ਗਿਆ ਸੀ,ਉਹ ਬੁਜ਼ਰਗ ਬਾਲਟੀ ਹੱਥਾਂ ਵਿੱਚ ਫੜ ਕੇ ਨਲਕੇ ਤੋਂ ਭਰ ਕੇ ਸਟੋਰ ਦੇ ਬਾਹਰ ਪਾਣੀ ਦਾ ਛਿੜਕਾਅ ਕਰਨ ਲੱਗ ਪਿਆ ਸੀ,ਇਹ ਦੇਖਕੇ ਮੈਥੋਂ ਚੁੱਪ ਨਹੀਂ ਰਹਿ ਹੋਇਆ ਤਾਂ ਮੈਂ ਉਸ ਔਰਤ ਤੇ ਉਸਦੇ ਪੁੱਤਰ ਨੂੰ ਕਿਹਾ ਕਿ ਇਹਨਾਂ ਨੂੰ ਬੁਜ਼ਰਗ ਨੂੰ ਸਵੇਰੇ ਨਿਰਣੇ ਕਾਲਜੇ ਇੱਕ ਗਲਾਸ ਕੱਚੀ ਲੱਸੀ ਬਣਾ ਕੇ ਦਿਆ ਕਰੋ ਜੀ ਤੇ ਦਿਨ ਦੇ ਸਮੇਂ ਦੋ ਵਾਰ ਦਹੀਂ ਦੀ ਕੌਲੀ ਭਰਕੇ ਦਿਆ ਕਰੋ ਫਿਰ ਗਰਮੀ ਘੱਟ ਮਹਿਸੂਸ ਹੋਵੇਗੀ ਪਰ ਉਹ ਔਰਤ ਹੱਸਦੀ ਹੋਈ ਚੁੱਪ ਕਰ ਕੇ ਰਸੋਈ ਵਿੱਚ ਵੜ ਗਈ , ਮੈਂ ਉਠਿਆ ਤੇ ਉਸ ਬੁਜ਼ਰਗ ਨੂੰ ਮਿਲਣ ਲਈ ਸਟੋਰ ਦੇ ਅੰਦਰ ਚਲਾ ਗਿਆ ਤਾਂ ਉਥੇ ਦੇਖਿਆ ਉਹ ਬੁਜ਼ਰਗ ਸਟੋਰ ਬਾਹਰ ਪਾਣੀ ਛਿੜਕ ਕੇ ਸਟੋਰ ਅੰਦਰ ਜਾ ਕੇ ਮੰਜੇ ਤੇ ਪੈ ਗਿਆ ਸੀ ਤੇ ਉਸਦੀ ਪਤਨੀ ਸਟੋਰ ਅੰਦਰ ਹੀ ਰੋਟੀ ਪਕਾ ਰਹੀ ਸੀ,ਛੱਤ ਤੇ ਪੱਖਾ ਬਹੁਤ ਉੱਚਾ ਸੀ…………………………
…….. ਅਚਾਨਕ ਹੀ ਮੇਰਾ ਜਾਣਕਾਰ ਉਥੇ ਘਰ ਪਹੁੰਚ ਗਿਆ , ਮੇਰੇ ਕੋਲ ਆ ਗਿਆ ਤੇ ਉਸਨੇ ਮੈਨੂੰ ਮੇਰੇ ਸਾਰੇ ਉਧਾਰ ਦਿੱਤੇ ਰੁਪਏ ਦੇ ਦਿੱਤੇ, ਅਸੀਂ ਦੋਵੇਂ ਉਸ ਘਰ ਤੋਂ ਬਾਹਰ ਆ ਗਏ ਤੇ ਮੈਂ ਸਕੂਟਰੀ ਸਟਾਰਟ ਕਰ ਲਈ ਤਾਂ ਉਸ ਮੁੰਡੇ ਨੂੰ ਮੈ ਉਸ ਘਰ ਦੇ ਹਲਾਤਾਂ ਸੰਬੰਧੀ ਪੰਜ ਮਿੰਟਾਂ ਲਈ ਗੱਲ ਕੀਤੀ ਤਾਂ ਉਸਨੇ ਦੱਸਿਆ ਕਿ ਇਸ ਘਰ ਵਿੱਚ ਹੀ ਦੋ ਘਰ ਹਨ, ਘਰ ਦੇ ਸਟੋਰ ਅੰਦਰ ਉਸ ਔਰਤ ਦੇ ਸੱਸ ਸਹੁਰਾ ਰਹਿੰਦੇ ਹਨ ਅਤੇ ਸਟੋਰ ਤੋਂ ਬਾਹਰ ਘਰ ਵਿੱਚ ਉਸ ਘਰ ਦੀ ਨੂੰਹ ਆਪਣੇ ਪੁੱਤਰ ਨਾਲ ਰਹਿੰਦੀ ਹੈ…….ਇਸ ਔਰਤ ਦਾ ਘਰਵਾਲਾ ਰੋਜ਼ਾਨਾ ਨਸ਼ਿਆਂ ਦਾ ਸੇਵਨ ਕਰਦਾ ਹੈ ਇਹ ਸਭ ਸੁਣਕੇ ਮੈਨੂੰ ਧੱਕਾ ਲੱਗਿਆ ਤੇ ਮੈਂ ਨਿਰਾਸ਼ ਹੋ ਗਿਆ ਸੀ, ਉਸ ਨੌਜਵਾਨ ਨਾਲ ਹੱਥ ਮਿਲਾਇਆ ਤੇ ਆਪਣੀ ਸਕੂਟਰੀ ਸਟਾਰਟ ਕਰ ਲਈ ਤੇ ਆਪਣੇ ਘਰ ਦੇ ਵੱਲ ਨੂੰ ਤੁਰ ਪਿਆ ਸੀ……
——- — ਰੁਪਿੰਦਰ ਸਿੰਘ ਝੱਜ