ਬੱਸ ਕੁਕੜਾਂਵਾਲ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਪੂਰਾਣੇ ਜਿਹੇ ਬਟੂਏ ਤੇ ਜਾ ਪਈ..!
ਅੰਦਰ ਥੋੜਾ ਜਿਹਾ ਭਾਨ,ਇੱਕ ਪਰਚੀ ਤੇ ਦਰਬਾਰ ਸਾਬ ਦੀ ਫੋਟੋ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ..!
ਉੱਚੀ ਸਾਰੀ ਅਵਾਜ ਦਿੱਤੀ..!
ਬਈ ਕਿਸੇ ਦਾ ਡਿੱਗਾ ਹੋਇਆ ਬਟੂਆ ਲੱਭਾ ਏ ਨਿਸ਼ਾਨੀ ਦੱਸ ਕੇ ਲੈ ਜਾਵੋ!
ਡੰਡੇ ਦੇ ਆਸਰੇ ਤੁਰਦਾ ਹੋਇਆ ਇੱਕ ਬਾਪੂ ਜੀ ਅਗਾਂਹ ਨੂੰ ਆਇਆ ਤੇ ਆਖਣ ਲੱਗਾ ਪੁੱਤ ਇਹ ਮੇਰਾ ਹੀ ਏ..ਪੈਸੇ ਤੇ ਥੋੜੇ ਹੀ ਨੇ ਪਰ ਅੰਦਰ ਦੀ ਜੇਬ ਵਿਚ ਦਰਬਾਰ ਸਾਬ ਦੀ ਇੱਕ ਫੋਟੋ ਜਰੂਰ ਲੱਗੀ ਹੋਈ ਹੈ..ਪੈਸਿਆਂ ਨਾਲੋਂ ਉਹ ਫੋਟੋ ਮੇਰੇ ਲਈ ਕਿਤੇ ਜਿਆਦਾ ਕੀਮਤੀ ਏ!
ਆਖਣ ਲੱਗਾ ਬਾਬਾ ਫੇਰ ਤੇ ਸਾਬਿਤ ਕਰਨਾ ਪਊ ਕੇ ਇਹ ਤੇਰਾ ਈ ਹੈ..ਇੰਝ ਦੀਆਂ ਫੋਟੋਆਂ ਤੇ ਅੱਜ ਕੱਲ ਹਰੇਕ ਦੇ ਬਟੂਏ ਵਿੱਚ ਲ਼ੱਗੀਆਂ ਮਿਲ ਜਾਣੀਆਂ..!
ਬਾਬੇ ਹੁਰਾਂ ਲੰਮਾ ਸਾਰਾ ਸਾਹ ਲਿਆ ਉਸਨੂੰ ਕੋਲ ਬਿਠਾ ਆਖਣਾ ਸ਼ੁਰੂ ਕੀਤਾ..ਪੁੱਤਰ ਗੱਲ ਥੋੜੀ ਲੰਮੀ ਹੈ ਧਿਆਨ ਨਾਲ ਸੁਣੀ..ਨਿੱਕੇ ਹੁੰਦਿਆਂ ਇਹ ਬਟੂਆ ਇੱਕ ਵੇਰ ਮੇਰੇ ਬਾਪੂ ਜੀ ਨੇ ਮੱਸਿਆ ਦੇ ਮੇਲੇ ਵਿਚੋਂ ਲੈ ਕੇ ਦਿੱਤਾ ਸੀ..ਆਖਣ ਲੱਗੇ ਪੁੱਤ ਇਹ ਨਿਸ਼ਾਨੀ ਏ ਮੇਰੀ..ਇਸਨੂੰ ਕਦੇ ਗਵਾਈਂ ਨਾ..ਉਹ ਰੋਜ ਰੋਜ ਪੈਸੇ ਦਿੰਦੇ ਸੀ ਖਰਚਣ ਜੋਗੇ..ਮੈਨੂੰ ਬੜਾ ਚੰਗਾ ਲੱਗਦਾ..ਇੱਕ ਦਿਨ ਮੈਂ ਮੰਗ ਕੇ ਓਹਨਾ ਦੀ ਫੋਟੋ ਇਸ ਬਟੂਏ ਵਿਚ ਲਾ ਲਈ!
ਫੇਰ ਜੁਆਨ ਹੋਇਆ..ਖੁੱਲੀ ਖੁਰਾਕ..ਲਾਲ ਸੂਹਾ ਰੰਗ..ਫੜਕਦੇ ਡੌਲੇ..ਜੁਆਨੀ ਵਾਲਾ ਜ਼ੋਰ..ਘੰਟਿਆਂ ਬੱਦੀ ਸ਼ੀਸ਼ੇ ਅੱਗੇ ਖੜ ਬੱਸ ਆਪਣੇ ਆਪ ਨੂੰ ਹੀ ਦੇਖਦਾ ਰਹਿੰਦਾ ਸੀ..ਭੁਲੇਖਾ ਜਿਹਾ ਪੈ ਗਿਆ ਸੀ ਕੇ ਦੁਨੀਆ ਦਾ ਸਭ ਤੋਂ ਖੂਬਸੂਰਤ ਤੇ ਤਾਕਤਵਰ ਇਨਸਾਨ ਸ਼ਾਇਦ ਮੈਂ ਹੀ ਸਾਂ..!
ਜੁਆਨੀ ਦੇ ਲੋਰ ਵਿਚ ਇੱਕ ਦਿਨ ਬਾਪੂ ਜੀ ਦੀ ਫੋਟੋ ਕੱਢੀ ਤੇ ਆਪਣੇ ਆਪ ਦੀ ਲਾ ਲਈ..!
ਘਰਦਿਆਂ ਵਿਆਹ ਕਰ ਦਿੱਤਾ..ਚੰਨ ਵਾਂਙ ਸੋਹਣੀ ਵਹੁਟੀ ਵੇਖ ਸਰੂਰ ਜਿਹਾ ਚੜਿਆ ਰਿਹਾ ਕਰੇ..ਇੱਕ ਦਿਨ ਆਪਣੀ ਫੋਟੋ ਕੱਢੀ ਤੇ ਉਸਦੀ ਲਾ ਲਈ..!
ਫੇਰ ਸੋਹਣੇ ਪੁੱਤ ਦਾ ਜਨਮ ਹੋਇਆ..ਗਿੱਠ ਗਿੱਠ ਭੋਇੰ ਤੋਂ ਉਚਾ ਹੋ ਹੋ ਤੁਰਨ ਲੱਗਿਆ..ਜੁਆਨ ਹੁੰਦਾ ਪੁੱਤ ਦੇਖ ਇੱਕ ਦਿਨ ਵਹੁਟੀ ਦੀ ਫੋਟੋ ਵੀ ਕੱਢ ਦਿੱਤੀ ਤੇ ਪੁੱਤ ਦੀ ਲਾ ਲਈ..!
ਫੇਰ ਸਮੇ ਦਾ ਚੱਕਰ ਚਲਿਆ..ਜੁਆਨੀ ਵਾਲਾ ਜ਼ੋਰ ਜਾਂਦਾ ਰਿਹਾ..ਬਾਪੂ-ਬੇਬੇ ਵੀ ਤੁਰ ਗਏ..ਵਹੁਟੀ ਵੀ ਇੱਕ ਨਾਮੁਰਾਦ ਬਿਮਾਰੀ ਕਰਕੇ ਸਦਾ ਲਈ ਫਤਹਿ ਬੁਲਾ ਗਈ..!
ਫੇਰ ਹਾਲਾਤ ਨੇ ਮੋੜਾ ਕੱਟਿਆ..ਜਿਹੜੇ ਪੁੱਤ ਤੇ ਇਨਾਂ ਮਾਣ ਸੀ ਇੱਕ ਦਿਨ ਸਾਰਾ ਕੁਝ ਆਪਣੇ ਨਾਮ ਲਵਾ ਮੈਨੂੰ ਕੱਲਾ ਛੱਡ ਟੱਬਰ ਲੈ ਕੇ ਦੂਰ ਦੂਜੇ ਸ਼ਹਿਰ ਚਲਿਆ ਗਿਆ..ਜਾਂਦਿਆਂ ਆਖ ਗਿਆ ਮਗਰੇ ਨਾ ਆਵੀਂ..ਘਰੇ ਕਲੇਸ਼ ਪੈਂਦਾ!
ਇਕ ਦਿਨ ਸਾਰਾ ਕੁਝ ਗੁਆ ਕੇ ਜਥੇ ਨਾਲ ਦਰਬਾਰ ਸਾਬ ਆ ਗਿਆ..ਆਸਰਾ ਮਿਲ ਗਿਆ..ਦਿਨੇ ਮੰਜੀ ਸਾਬ ਤੀਰ ਵਾਲੇ ਦਾ ਭਾਸ਼ਣ ਸੁਣਦਾ..ਬਾਕੀ ਟਾਈਮ ਸੇਵਾ ਕਰਦਾ ਰਹਿੰਦਾ ਤੇ ਸ਼ਾਮੀ ਇਥੇ ਹੀ ਕਿਧਰੇ ਲੰਮਾ ਪੈ ਜਾਇਆ ਕਰਦਾ..!
ਗੁਰੂ ਰਾਮਦਾਸ ਦੇ ਘਰ ਗਵਾਚਿਆ ਹੋਇਆ ਸਕੂਨ ਮਿਲ ਗਿਆ..ਇੱਕ ਦਿਨ ਬਟੂਆ ਖਾਲੀ ਕਰ ਸਭ ਕੁਝ ਕੂੜੇਦਾਨ ਵਿੱਚ ਸੁੱਟ ਅੰਦਰ ਦਰਬਾਰ ਸਾਬ ਦੀ ਇਹੋ ਫੋਟੋ ਅੰਦਰ ਲਾ ਲਈ..!
ਉਸ ਦਿਨ ਮਗਰੋਂ ਮੈਂ ਤੇ ਮੇਰਾ ਦਰਬਾਰ ਸਾਬ..ਜਿੰਦਗੀ ਦੀ ਗੱਡੀ ਬੱਸ ਇੰਝ ਹੀ ਤੁਰੀ ਜਾਂਦੀ ਏ..ਹੁਣ ਇਹੋ ਮੇਰੀ ਵਸੀਹਤ ਏ..ਅੰਦਰ ਇੱਕ ਪਰਚੀ ਵੀ ਲਿਖ ਕੇ ਪਾਈ ਕੇ ਜਿਸ ਦਿਨ ਪੰਜ ਭੂਤਕ ਅਗਨ ਭੇਂਟ ਕਰਨ ਦਾ ਵੇਲਾ ਆਵੇ ਤਾਂ ਇਹ ਬਟੂਆ ਵੀ ਸਣੇ ਫੋਟੋ ਮੇਰੇ ਨਾਲ ਹੀ ਅਗਨ ਭੇਂਟ ਕੀਤਾ ਜਾਵੇ..ਕਈ ਵਾਰੀ ਪਿੰਡ ਗੇੜਾ ਮਾਰ ਜਾਈਦਾ..ਅਤੀਤ ਅਤੇ ਯਾਰਾਂ ਦੋਸਤਾਂ ਨਾਲ ਦਿਲ ਹੌਲਾ ਕਰ ਲਈਦਾ..ਕਈ ਵੇਰ ਦੂਰ ਨੇੜੇ ਗਏ ਦਾ ਜੀ ਕਰੇ ਤਾਂ ਇਹ ਫੋਟੋ ਕੱਢ ਦਰਸ਼ਨ ਕਰ ਲਈਦੇ ਨੇ..!
ਬੁੱਤ ਬਣੇ ਕੰਡਕਟਰ ਨੇ ਸਾਰੀ ਵਿਥਿਆ ਸੁਣ ਬਟੂਆ ਮੋੜ ਦਿੱਤਾ..!
ਬਾਪੂ ਹੁਰਾਂ ਨੂੰ ਕਲਾਵੇ ਵਿੱਚ ਲੈ ਕੇ ਚੋਰੀ ਚੋਰੀ ਆਪਣੇ ਹੰਜੂ ਪੂੰਝੇ ਤੇ ਫਤਹਿ ਬੁਲਾ ਦਿੱਤੀ..ਦੁਆਵਾਂ ਦਿੰਦੇ ਬਾਪੂ ਹੂਰੀ ਆਪਣੇ ਪਿੰਡ ਵਾਲੇ ਰਾਹ ਨੂੰ ਹੋ ਤੁਰੇ!
ਥੋੜੀ ਦੇਰ ਬਾਅਦ ਡਰਾਈਵਰ ਦੀ ਨਜਰ ਜਦੋਂ ਕਲੰਡਰਾਂ ਕਾਪੀਆਂ ਦੀ ਰੇਹੜੀ ਤੇ ਪਈ ਤਾਂ ਭਰਿਆ ਭੀਤਾ ਕੋਲ ਖਲੋਤੇ ਕੰਡਕਟਰ ਦੇ ਗੱਲ ਪੈ ਗਿਆ..ਆਖਣ ਲੱਗਾ ਭਾਉ ਭਰੀ ਬੱਸ ਦੀਆਂ ਸਵਾਰੀਆਂ ਕਦੇ ਦੀਆਂ ਉਡੀਕੀ ਜਾਂਦੀਆਂ ਤੇ ਤੂੰ ਇਥੇ ਪਤਾ ਨੀ ਕਿਹੜੀ ਗਵਾਚੀ ਸ਼ੈ ਲੱਭੀ ਜਾਂਦਾਂ ਏਂ..!
ਉਸਦੀ ਗੱਲ ਨੂੰ ਨਜਰਅੰਦਾਜ ਕਰਦਾ ਹੋਇਆ ਕੰਡਕਟਰ ਅਜੇ ਵੀ ਓਥੇ ਖਲੋਤਾ ਏਨੀ ਗੱਲ ਆਖੀ ਜਾ ਰਿਹਾ ਸੀ..ਭਾਊ ਧਿਆਨ ਨਾਲ ਲੱਭ..ਦਰਬਾਰ ਸਾਬ ਦੀ ਕੋਈ ਇੱਕ ਫੋਟੋ ਤੇ ਹੋਣੀ ਹੀ ਏ ਤੇਰੇ ਕੋਲ..ਵੀਰ ਬਣਕੇ ਮੈਨੂੰ ਦੇ ਦੇ..ਪਤਾ ਨੀ ਕਿਓਂ..ਹੁਣ ਮੈਨੂੰ ਖਾਲੀ ਬਟੂਏ ਤੋਂ ਡਰ ਜਿਹਾ ਆਉਣ ਲੱਗ ਪਿਆ ਏ”
ਜੋਬਨ ਪੁਆਰ