ਗੱਡੀ ੨ ਮਿੰਟ ਲਈ ਹੀ ਰੁਕੀ ਸੀ..ਨਿੱਕਾ ਜੇਹਾ ਟੇਸ਼ਨ..ਇੱਕ ਖਾਣ ਪੀਣ ਦਾ ਸਟਾਲ ਅਤੇ ਇੱਕ ਕਿਤਾਬਾਂ ਰਸਾਲਿਆਂ ਦੀ ਰੇਹੜੀ..ਪੰਦਰਾਂ ਕੂ ਸਾਲ ਦਾ ਇੱਕ ਮੁੱਛ ਫੁੱਟ..ਕੱਲਾ ਹੀ ਸਮਾਨ ਵੇਚ ਰਿਹਾ ਸੀ..ਅਚਾਨਕ ਇੱਕ ਕਿਤਾਬ ਪਸੰਦ ਆ ਗਈ..ਪੰਜਾਹ ਰੁਪਈਆਂ ਦੀ ਸੀ..ਪੰਜ ਸੌ ਦਾ ਨੋਟ ਦਿੱਤਾ..ਆਖਣ ਲੱਗਾ ਜੀ ਹੁਣੇ ਬਕਾਇਆ ਲੈ ਕੇ ਆਇਆ..!
ਏਨੇ ਨੂੰ ਸਿਗਨਲ ਹੋ ਗਿਆ ਤੇ ਗੱਡੀ ਤੁਰ ਪਈ..ਪਰ ਉਹ ਕਿਧਰੇ ਵੀ ਨਾ ਦਿਸਿਆ..ਅਖੀਰ ਭੱਜਦੇ ਹੋਏ ਨੇ ਗੱਡੀ ਫੜੀ ਤੇ ਬੂਹੇ ਤੇ ਖਲੋ ਕਿੰਨੀ ਦੇਰ ਪਿੱਛੇ ਪਲੇਟਫਾਰਮ ਵੱਲ ਹੀ ਵੇਖਦਾ ਰਿਹਾ..!
ਅਖੀਰ ਆਪਣੀ ਸੀਟ ਤੇ ਪਰਤ ਆਇਆ..ਨਾਲਦੀ ਨਾਲ ਗੱਲ ਕੀਤੀ..ਆਖਣ ਲੱਗੀ ਚਲੋ ਹੱਕ ਦੇ ਹੋਣਗੇ ਤਾਂ ਮਿਲ ਜਾਣਗੇ..ਵੈਸੇ ਅੱਜ ਕੱਲ ਇੰਝ ਦਾ ਲੋਕ ਜਾਣ ਬੁਝ ਕੇ ਵੀ ਕਰਨ ਲੱਗ ਪਏ!
ਮੈਂ ਉਹ ਕਿਤਾਬ ਪੜਨੀ ਸ਼ੁਰੂ ਕਰ ਦਿੱਤੀ..ਘੜੀ ਕੂ ਮਗਰੋਂ ਹੀ ਅਚਾਨਕ ਕਿਸੇ ਹਲੂਣਾ ਜਿਹਾ ਦਿੱਤਾ..ਓਹੀ ਸੀ..ਮੁੜਕੋਂ-ਮੁੜਕੀ ਹੋਇਆ ਬਕਾਇਆ ਲੈ ਕੇ ਖਲੋਤਾ..ਆਖਣ ਲੱਗਾ ਜੀ ਬਾਹਰ ਜਾਣਾ ਪੈ ਗਿਆ ਤੇ ਮੁੜ ਮਸੀਂ ਹੀ ਸਭ ਤੋਂ ਪਿਛਲੇ ਡੱਬੇ ਵਿਚ ਚੜ ਹੋਇਆ..!
ਤੇ ਤੇਰੀ ਰੇਹੜੀ ਕਿਤਾਬਾਂ ਰਸਾਲੇ..ਕੌਣ ਧਿਆਨ ਰੱਖੂ ਸਭ ਦਾ ਤੇ ਹੁਣ ਵਾਪਿਸ ਕਿੱਦਾਂ ਮੁੜੇਗਾ”..?
ਆਖਣ ਲੱਗਾ ਜੀ ਧਿਆਨ ਰੱਖਣ ਵਾਲਾ ਉਹ ਉੱਪਰ ਵਾਲਾ ਜੋ ਹੈ ਤੇ ਰਹੀ ਗੱਲ ਵਾਪਿਸ ਮੁੜਨ ਦੀ..ਅਗਲੇ ਟੇਸ਼ਨ ਤੇ ਗੱਡੀਆਂ ਦਾ ਕਰਾਸ ਹੋਣਾ ਓਥੋਂ ਵਾਪਿਸ ਮੁੜ ਆਵਾਂਗਾ..ਹੁਣ ਤੀਕਰ ਮੈਂ ਬੜਿਆਂ ਦੇ ਬਕਾਏ ਇੰਝ ਹੀ ਮੋੜੇ ਆ..ਸਟਾਪ ਦੋ ਮਿੰਟ ਤੋਂ ਵਧਾਉਂਦੇ ਹੀ ਨਹੀਂ!
ਸੌ ਰੁਪਈਏ ਇਨਾਮ ਵਜੋਂ ਦੇਣੇ ਚਾਹੇ ਤਾਂ ਆਖਣ ਲੱਗਾ ਜੀ ਮੇਰੇ ਨਾ ਮੁੜਨ ਤੀਕਰ ਤੁਹਾਡੇ ਮਨ ਵਿਚ ਮੇਰੇ ਬਾਰੇ ਜੋ ਵੀ ਮੰਦੇ ਭੈੜੇ ਖਿਆਲ ਆਏ ਉਹ ਬੱਸ ਦਿਮਾਗ ਵਿੱਚੋਂ ਕੱਢ ਦੇਵੋ..ਮੇਰੇ ਲਈ ਵੱਡਾ ਇਨਾਮ ਬੱਸ ਓਹੀ ਹੋਵੇਗਾ..!
ਮੁੜ ਮੈਥੋਂ ਕਿਤਾਬ ਨਾ ਪੜ ਹੋਈ..ਬਾਹਰ ਨੂੰ ਵੇਖਦਾ ਬਸ ਇਹੀ ਗੱਲ ਸੋਚਦਾ ਆਇਆ ਕੇ ਕੁਝ ਲੋਕ ਨਿੱਕੇ ਹੁੰਦਿਆਂ ਤੋਂ ਹੀ ਪਰਾਏ ਹੱਕ ਮੋੜਨੇ ਪਤਾ ਨੀ ਕਿੱਦਾਂ ਸਿੱਖ ਜਾਂਦੇ..ਨਹੀਂ ਤਾਂ ਬਹੁਤਿਆਂ ਨੂੰ ਮੜੀ ਤੇ ਪਿਆਂ ਤੀਕਰ ਵੀ ਬੱਸ ਇਹੋ ਖਿਆਲ ਵੱਢ-ਵੱਢ ਖਾਈ ਜਾਂਦਾ ਕੇ ਲੱਖ ਪਾਪੜ ਵੇਲ ਇਕੱਠਾ ਕੀਤਾ ਜਾਂਦੀ ਵਾਰੀ ਕਿਧਰੇ ਘੱਟ ਹੀ ਨਾ ਹੋ ਜਾਵੇ!
ਹਰਪ੍ਰੀਤ ਸਿੰਘ ਜਵੰਦਾ
ਬਹੁਤ ਵਧੀਆ