ਉਮਰ ਮਾਰਵੀ | umar maarvi

ਪਾਕਿਸਤਾਨ ਦੇ ਸੂਬਾ ਸਿੰਧ ਦਾ ਜ਼ਿਲ੍ਹਾ ਉਮਰਕੋਟ ਸੂਬਾਈ ਰਾਜਧਾਨੀ ਕਰਾਚੀ ਤੋਂ ਲਗਭਗ ਸਾਢੇ ਤਿੰਨ ਸੌ ਕਿਲੋਮੀਟਰ ਪੂਰਬ ਵੱਲ ਹੈ। ਉਮਰਕੋਟ ਜ਼ਿਲ੍ਹੇ ਦਾ ਥੋੜ੍ਹਾ ਜਿਹਾ ਹਿੱਸਾ ਭਾਰਤ ਦੇ ਸੂਬੇ ਰਾਜਸਥਾਨ ਵਿਚ ਭਾਰਤ-ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਵੀ ਲੱਗਦਾ ਹੈ। ਉਮਰਕੋਟ ਤੋਂ ਰਾਜਸਥਾਨ ਦਾ ਬਾੜਮੇਰ ਸ਼ਹਿਰ ਤਕਰੀਬਨ ਦੋ ਸੌ ਕਿਲੋਮੀਟਰ ਹੈ ਅਤੇ ਕੌਮਾਂਤਰੀ ਸਰਹੱਦ ਤੋਂ ਉਮਰਕੋਟ ਦੀ ਦੂਰੀ ਤਕਰੀਬਨ ਅੱਸੀ ਕਿਲੋਮੀਟਰ ਹੈ। ਉਮਰ ਮਾਰਵੀ ਸਿੰਧ ਦੇ ਉਮਰਕੋਟ ਅਤੇ ਇਸ ਨਾਲ ਲੱਗਦੇ ਥਾਰਪਰਕਰ ਅਤੇ ਮੀਠੀ ਦੇ ਇਲਾਕੇ ਵਿਚ, ਕਿਸੇ ਸਮੇਂ ਇੱਥੋਂ ਦੇ ਸ਼ਾਸਕ ਰਹੇ ਉਮਰ ਸੂਮਰੋ ਅਤੇ ਇਕ ਥਾਰੀ ਲੜਕੀ ਮਾਰਵੀ ਦੀ ਪ੍ਰਸਿੱਧ ਸਿੰਧੀ ਲੋਕ ਗਾਥਾ ਹੈ। ਸਿੰਧ ਦੇ ਪ੍ਰਸਿੱਧ ਸੂਫ਼ੀ ਸ਼ਾਇਰ ਸ਼ਾਹ ਅਬਦੁਲ ਲਤੀਫ਼ ਭਟਾਈ ਨੇ ਆਪਣੇ ਸ਼ਾਹਕਾਰ ਸਿੰਧੀ ਕਾਵਿ ਸੰਗ੍ਰਹਿ ‘ਸ਼ਾਹ ਜੋ ਰਸਾਲੋ’ ਵਿਚ ਮਾਰਵੀ ਦੀ ਵਫ਼ਾਦਾਰੀ ਅਤੇ ਜਤ-ਸਤ ਨੂੰ ਬੜੇ ਖ਼ੂਬਸੂਰਤ ਢੰਗ ਨਾਲ ਬਿਆਨ ਕੀਤਾ ਹੈ। ਉਸ ਨੇ ਦੱਸਿਆ ਹੈ ਕਿ ਮਾਰਵੀ ਨੇ ਉਮਰ ਸੂਮਰੋ ਵਲੋਂ ਦਿੱਤੇ ਗਏ ਲਾਲਚਾਂ ਨੂੰ ਠੁਕਰਾਉਂਦਿਆਂ ਆਪਣੇ ਮਾਪਿਆਂ, ਮੰਗੇਤਰ ਅਤੇ ਪਿੰਡ ਦੀ ਸਾਦੀ ਜ਼ਿੰਦਗੀ ਨੂੰ ਚੁਣਿਆ ਅਤੇ ਅਖੀਰ ਉਮਰ ਸੂਮਰੋ ਨੇ ਆਪਣੀ ਜ਼ਿੱਦ ਛੱਡ ਕੇ ਮਾਰਵੀ ਨੂੰ ਆਪਣੀ ਭੈਣ ਬਣਾਇਆ। ਕੁਝ ਹੋਰ ਸਿੰਧੀ ਕਵੀ, ਕਿੱਸਾਕਾਰ ਅਤੇ ਲੋਕ ਗਾਇਕ ਮਾਰਵੀ ਨੂੰ ਉਮਰ ਸੂਮਰੋ ਦੀ ਸਕੀ ਭੈਣ ਵੀ ਦੱਸਦੇ ਹਨ। ਸਿੰਧ ਵਿਚ ਮਾਰਵੀ ਨੂੰ ਹਿੰਮਤ, ਆਪਣੀ ਮਿੱਟੀ ਅਤੇ ਦੇਸ਼ ਪਿਆਰ ਦੀ ਪ੍ਰਤੀਕ ਮੰਨਿਆ ਜਾਂਦਾ ਹੈ।
ਤੇਰ੍ਹਵੀਂ ਸਦੀ ਵਿਚ ਉਮਰਕੋਟ ਦੇ ਮਾਰੂਥਲੀ ਇਲਾਕੇ ਉੱਤੇ ਸੂਮਰੋ ਵੰਸ਼ ਦੇ ਰਾਜਾ ਉਮਰ ਸੂਮਰੋ ਦਾ ਰਾਜ ਸੀ। ਉਹ ਸੂਮਰੋ ਵੰਸ਼ ਦੇ ਪੱਚੀਵੇਂ ਰਾਜਾ ਹਮੀਰ ਸੂਮਰੋ ਦਾ ਪੁੱਤਰ ਸੀ। ਉਮਰ ਇਕ ਅੱਯਾਸ਼ ਰਾਜਾ ਸੀ। ਉਸ ਨੇ ਆਪਣੇ ਹਰਮ ਵਿਚ ਸਿੰਧ ਦੇ ਵੱਖ-ਵੱਖ ਇਲਾਕਿਆਂ ਦੀਆਂ ਖ਼ੂਬਸੂਰਤ ਔਰਤਾਂ ਨੂੰ ਰੱਖਿਆ ਹੋਇਆ ਸੀ ਜਿਨ੍ਹਾਂ ਵਿਚੋਂ ਕਈ ਔਰਤਾਂ ਜਬਰੀ ਉਸ ਵਲੋਂ ਅਗਵਾ ਕਰ ਕੇ ਲਿਆਂਦੀਆਂ ਗਈਆਂ ਸਨ। ‘ਮਾਰਵੀ’ ਉਸ ਦੀ ਰਿਆਸਤ ਵਿਚ ਨਾਗਰਪਰਕਰ ਦੇ ਨੇੜੇ ਛੋਟੇ ਜਿਹੇ ਪਿੰਡ ਭਾਲਵਾ (ਕੁਝ ਕਵੀਆਂ ਨੇ ਇਸ ਪਿੰਡ ਦਾ ਨਾਂਅ ਮਲੀਰ ਦੱਸਿਆ ਹੈ) ਦੇ ਮਾਰੂ ਕਬੀਲੇ ਦੇ ਪਾਲਿਨੀ ਨਾਂਅ ਦੇ ਚਰਵਾਹੇ ਦੀ ਧੀ ਸੀ। ਪਾਲਿਨੀ ਦੀ ਪਤਨੀ ਦਾ ਨਾਂਅ ਮਦੂਈ ਸੀ। ਮਾਰਵੀ ਦੇ ਪਿਓ ਪਾਲਿਨੀ ਦਾ ਨਾਂਅ ਕੁਝ ਕਵੀਆਂ ਨੇ ਲਾਖੋ ਵੀ ਲਿਖਿਆ ਹੈ। ਪਾਲਿਨੀ ਕੋਲ ਜ਼ਮੀਨ ਵੀ ਸੀ ਜਿਸ ਕਰਕੇ ਉਸ ਦੇ ਪਰਿਵਾਰ ਦਾ ਵਧੀਆ ਗੁਜ਼ਾਰਾ ਹੋ ਜਾਂਦਾ ਸੀ। ਪਾਲਿਨੀ ਤੇ ਉਸ ਦੀ ਪਤਨੀ ਨੇ ਫੋਗ ਨਾਂਅ ਦਾ ਇਕ ਯਤੀਮ ਮੁੰਡਾ ਵੀ ਪਾਲਿਆ ਸੀ। ਫੋਗ ਛੋਟਾ ਹੁੰਦਾ ਪਾਲਿਨੀ ਦੀਆਂ ਬੱਕਰੀਆਂ ਚਰਾਇਆ ਕਰਦਾ ਸੀ। ਇਸ ਤਰ੍ਹਾਂ ਫੋਗ ਤੇ ਮਾਰਵੀ ਪਾਲਿਨੀ ਦੇ ਘਰ ਇਕੱਠੇ ਜਵਾਨ ਹੋਏ। ਜਵਾਨ ਮਾਰਵੀ ਬੇਹੱਦ ਖ਼ੂਬਸੂਰਤ ਲੜਕੀ ਸੀ। ਆਸੇ-ਪਾਸੇ ਦੇ ਕਈ ਪਿੰਡਾਂ ਵਿਚ ਵੀ ਉਸ ਵਰਗੀ ਸੋਹਣੀ-ਸੁਨੱਖੀ ਕੋਈ ਕੁੜੀ ਨਹੀਂ ਸੀ। ਫੋਗ ਮਾਰਵੀ ਨੂੰ ਦਿਲੋਂ ਚਾਹੁਣ ਲੱਗਾ ਪਰ ਮਾਰਵੀ ਦੇ ਦਿਲ ਵਿਚ ਫੋਗ ਪ੍ਰਤੀ ਅਜਿਹਾ ਕੁਝ ਵੀ ਨਹੀਂ ਸੀ। ਇਕ ਦਿਨ ਫੋਗ ਨੇ ਮਾਰਵੀ ਦੇ ਮਾਂ-ਬਾਪ ਕੋਲ ਮਾਰਵੀ ਨਾਲ ਆਪਣੇ ਵਿਆਹ ਦੀ ਗੱਲ ਕੀਤੀ। ਪਾਲਿਨੀ ਨੇ ਗੁੱਸੇ ਵਿਚ ਆ ਕੇ ਉਸ ਦੀ ਪੇਸ਼ਕਸ਼ ਠੁਕਰਾ ਦਿੱਤੀ ਅਤੇ ਫੋਗ ਨੂੰ ਆਪਣੇ ਘਰੋਂ ਕੱਢ ਦਿੱਤਾ। ਪਾਲਿਨੀ ਨੇ ਮਾਰਵੀ ਦੀ ਮੰਗਣੀ ਖੇਤਸੈਨ ਨਾਂਅ ਦੇ ਲੜਕੇ ਨਾਲ ਕਰ ਦਿੱਤੀ। ਫੋਗ ਨੇ ਇਸ ਨੂੰ ਆਪਣੀ ਬੇਇੱਜ਼ਤੀ ਸਮਝਿਆ ਅਤੇ ਇਸ ਦਾ ਬਦਲਾ ਲੈਣ ਦੀ ਠਾਣ ਲਈ। ਉਹ ਪਿੰਡ ਛੱਡ ਕੇ ਚਲਾ ਗਿਆ। ਪਿੰਡ ਛੱਡਣ ਤੋਂ ਬਾਅਦ ਫੋਗ ਉਮਰਕੋਟ ਆ ਗਿਆ ਅਤੇ ਰਾਜੇ ਉਮਰ ਦਾ ਮੁਲਾਜ਼ਮ ਲੱਗ ਗਿਆ। ਉਹ ਥੋੜ੍ਹੇ ਹੀ ਸਮੇਂ ਵਿਚ ਰਾਜੇ ਉਮਰ ਦਾ ਵਿਸ਼ਵਾਸਪਾਤਰ ਬਣ ਗਿਆ। ਹੁਣ ਉਮਰ, ਉਸ ਨੂੰ ਆਪਣੇ ਨਾਲ ਹਰਮ ਵਿਚ ਵੀ ਲੈ ਜਾਂਦਾ। ਉਮਰ ਨੇ ਫੋਗ ਨੂੰ ਦੱਸਿਆ ਕਿ ਉਸ ਦੇ ਹਰਮ ਵਿਚ ਦੁਨੀਆ ਦੀਆਂ ਸਭ ਤੋਂ ਖ਼ੂਬਸੂਰਤ ਔਰਤਾਂ ਹਨ। ਇਹ ਸੁਣ ਕੇ ਫੋਗ ਨੂੰ ਪਾਲਿਨੀ ਤੋਂ ਬਦਲਾ ਲੈਣ ਦੀ ਤਰਕੀਬ ਸੁੱਝੀ। ਉਸ ਨੇ ਉਮਰ ਨੂੰ ਕਿਹਾ ਕਿ ਮਾਰਵੀ ਤੋਂ ਸੋਹਣੀ ਕੋਈ ਵੀ ਹੋਰ ਔਰਤ ਨਹੀਂ ਹੋ ਸਕਦੀ। ਫੋਗ ਨੇ ਉਮਰ ਕੋਲ ਮਾਰਵੀ ਦੇ ਹੁਸਨ ਦੀ ਇਸ ਕਦਰ ਚਰਚਾ ਕੀਤੀ ਕਿ ਉਮਰ ਨੇ ਮਾਰਵੀ ਨੂੰ ਹਾਸਲ ਕਰਨ ਦਾ ਇਰਾਦਾ ਬਣਾ ਲਿਆ ਅਤੇ ਫ਼ੈਸਲਾ ਕਰ ਲਿਆ ਕਿ ਉਹ ਮਾਰਵੀ ਨੂੰ ਖ਼ੁਦ ਦੇਖਣ ਜਾਵੇਗਾ। ਫੋਗ ਨੇ ਦੱਸਿਆ ਕਿ ਮਾਰਵੀ ਦੀ ਮੰਗਣੀ ਹੋ ਚੁੱਕੀ ਹੈ ਤਾਂ ਉਮਰ ਨੇ ਕਿਹਾ ਕਿ ਉਹ ਉਸ ਨੂੰ ਅਗਵਾ ਕਰ ਲਵੇਗਾ। ਇਹ ਸੁਣ ਕੇ ਫੋਗ ਮਨ ਹੀ ਮਨ ਬੜਾ ਖ਼ੁਸ਼ ਹੋਇਆ।
ਅਗਲੇ ਦਿਨ ਦੋਵੇਂ ਜਣੇ ਭੇਸ ਬਦਲ ਕੇ ਊਠਾਂ ‘ਤੇ ਸਵਾਰ ਹੋ ਕੇ ਭਾਲਵਾ ਨੂੰ ਤੁਰ ਪਏ। ਉੱਥੇ ਪਹੁੰਚ ਕੇ ਫੋਗ ਨੇ ਉਮਰ ਨੂੰ ਮਾਰਵੀ ਦੇ ਦੀਦਾਰ ਕਰਾਏ। ਮਾਰਵੀ ਨੂੰ ਦੇਖਣ ਤੋਂ ਬਾਅਦ ਉਮਰ ਦਾ ਉਸ ਨੂੰ ਹਾਸਲ ਕਰਨ ਦਾ ਜਨੂੰਨ ਹੋਰ ਵਧ ਗਿਆ। ਕੁਝ ਦਿਨਾਂ ਤੱਕ ਫੋਗ ਤੇ ਉਮਰ ਪਿੰਡ ਵਿਚ ਗਸ਼ਤ ਕਰਦੇ ਰਹੇ ਅਤੇ ਮਾਰਵੀ ‘ਤੇ ਨਜ਼ਰ ਰੱਖੀ। ਇਕ ਦਿਨ ਮਾਰਵੀ ਆਪਣੀਆਂ ਸਹੇਲੀਆਂ ਨਾਲ ਪਿੰਡ ਤੋਂ ਬਾਹਰ ਖੂਹ ‘ਤੇ ਪਾਣੀ ਭਰਨ ਗਈ ਤਾਂ ਮੌਕਾ ਤਾੜ ਕੇ ਉਮਰ ਨੇ ਉਸ ਨੂੰ ਅਗਵਾ ਕਰ ਲਿਆ। ਦੂਜੀਆਂ ਕੁੜੀਆਂ ਡਰ ਕੇ ਦੌੜ ਗਈਆਂ ਅਤੇ ਪਿੰਡ ਜਾ ਕੇ ਇਸ ਦੀ ਖ਼ਬਰ ਪਾਲਿਨੀ ਤੇ ਮਦੂਈ ਨੂੰ ਦਿੱਤੀ। ਜਦੋਂ ਤੱਕ ਉਹ ਖੂਹ ‘ਤੇ ਪਹੁੰਚੇ, ਉਦੋਂ ਤੱਕ ਉਮਰ ਤੇ ਫੋਗ ਮਾਰਵੀ ਨੂੰ ਅਗਵਾ ਕਰ ਕੇ ਲੈ ਗਏ ਸਨ। ਰਾਹ ਵਿਚ ਮਾਰਵੀ ਬਹੁਤ ਰੋਈ ਕੁਰਲਾਈ। ਉਸ ਨੇ ਉਮਰ ਦੇ ਬਹੁਤ ਮਿੰਨਤਾਂ-ਤਰਲੇ ਕੀਤੇ ਕਿ ਉਸ ਨੂੰ ਛੱਡ ਦੇਵੇ ਪਰ ਉਮਰ ‘ਤੇ ਕੋਈ ਅਸਰ ਨਾ ਹੋਇਆ।
ਉਮਰਕੋਟ ਪਹੁੰਚ ਕੇ ਉਮਰ ਨੇ ਮਾਰਵੀ ਨੂੰ ਆਪਣੀ ਰਾਣੀ ਬਣਾਉਣ ਦੀ ਪੇਸ਼ਕਸ਼ ਕੀਤੀ ਪਰ ਮਾਰਵੀ ਨੇ ਇਹ ਕਹਿ ਕੇ ਮਨ੍ਹਾਂ ਕਰ ਦਿੱਤਾ ਕਿ ਉਹ ਇਕ ਚਰਵਾਹੇ ਦੀ ਧੀ ਹੈ ਤੇ ਰਾਣੀਆਂ ਵਾਲਾ ਐਸ਼ੋ-ਆਰਾਮ ਨਹੀਂ ਚਾਹੁੰਦੀ। ਉਮਰ ਨੇ ਉਸ ਨੂੰ ਹਰ ਤਰੀਕੇ ਨਾਲ ਭਰਮਾਉਣ ਦਾ ਯਤਨ ਕੀਤਾ। ਉਸ ਨੇ ਵਾਅਦਾ ਕੀਤਾ ਕਿ ਉਹ ਉਸ ਦੇ ਮਾਪਿਆਂ ਨੂੰ ਧਨ ਦੌਲਤ ਨਾਲ ਮਾਲੋਮਾਲ ਕਰ ਦੇਵੇਗਾ ਪਰ ਮਾਰਵੀ ਨੇ ਉਸ ਦੀ ਹਰ ਪੇਸ਼ਕਸ਼ ਨੂੰ ਠੁਕਰਾਉਂਦਿਆਂ ਕਿਹਾ ਕਿ ‘ਮੇਰੀ ਮੰਗਣੀ ਖੇਤਸੈਨ ਨਾਲ ਹੋ ਚੁੱਕੀ ਹੈ ਤੇ ਵਿਆਹ ਉਸ ਨਾਲ ਹੀ ਹੋਵੇਗਾ। ਮੈਨੂੰ ਮੇਰੇ ਮਾਪਿਆਂ ਦੀ ਇੱਜ਼ਤ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਪਿਆਰੀ ਨਹੀਂ। ਮੈਂ ਪਿੰਡ ਦੀ ਸਾਦੀ ਜ਼ਿੰਦਗੀ ਤੋਂ ਖ਼ੁਸ਼ ਹਾਂ ਤੇ ਤੇਰੇ ਮਹਿਲਾਂ ਵਿਚ ਮੈਨੂੰ ਕਦੇ ਸਕੂਨ ਨਹੀਂ ਮਿਲੇਗਾ’। ਗੱਲ ਨਾ ਬਣਦੀ ਦੇਖ ਉਮਰ ਨੇ ਮਾਰਵੀ ਨੂੰ ਕਿਲ੍ਹੇ ਵਿਚ ਕੈਦ ਕਰਵਾ ਦਿੱਤਾ। ਕੈਦ ਵਿਚ ਮਾਰਵੀ ਨੇ ਆਪਣੇ ਸਾਦੇ ਲਿਬਾਸ ਨੂੰ ਵੱਖ ਨਹੀਂ ਕੀਤਾ ਜਿਸ ਵਿਚ ਉਮਰ ਉਸ ਨੂੰ ਅਗਵਾ ਕਰ ਕੇ ਲਿਆਇਆ ਸੀ, ਨਾ ਹੀ ਉਸ ਨੇ ਵਾਲ ਵਾਹੇ। ਆਪਣੇ ਖ਼ੂਬਸੂਰਤ ਚਿਹਰੇ ਨੂੰ ਮਿੱਟੀ ਘੱਟਾ ਲਾ ਲਿਆ। ਕਹਿੰਦੇ ਹਨ ਕਿ ਇਕ ਸਾਲ ਤੱਕ ਕੈਦ ਵਿਚ ਰਹੀ ਮਾਰਵੀ ਨੇ ਚੱਜ ਨਾਲ ਨਾ ਕੁਝ ਖਾਧਾ ਨਾ ਪੀਤਾ। ਦਿਨੋਂ ਦਿਨ ਕਮਜ਼ੋਰ ਹੁੰਦੀ ਗਈ ਅਤੇ ਸਖ਼ਤ ਬਿਮਾਰ ਪੈ ਗਈ। ਉਮਰ ਨੂੰ ਇਸ ਬਾਰੇ ਪਤਾ ਲੱਗਾ। ਉਸ ਨੇ ਪੁੱਛਿਆ ਕਿ ਮਰਨ ਤੋਂ ਪਹਿਲਾਂ ਜੇ ਉਸ ਦੀ ਕੋਈ ਇੱਛਾ ਹੈ ਤਾਂ ਦੱਸ ਦੇਵੇ। ਮਾਰਵੀ ਨੇ ਕਿਹਾ ਕਿ ਬਸ ਉਸ ਦੀ ਦੇਹ ਨੂੰ ਪਿੰਡ ਮਾਪਿਆਂ ਕੋਲ ਪਹੁੰਚਦੀ ਕਰ ਦੇਵੇ ਕਿਉਂਕਿ ਉਸ ਨੂੰ ਆਪਣੇ ਮਾਪਿਆਂ, ਪਿੰਡ ਦੀ ਮਿੱਟੀ ਤੇ ਪਿੰਡ ਦੇ ਲੋਕਾਂ ਨਾਲ ਹੀ ਪਿਆਰ ਹੈ। ਮਾਰਵੀ ਦੇ ਆਪਣੀ ਸਾਦੀ ਜ਼ਿੰਦਗੀ, ਮਾਂ ਪਿਓ, ਮੰਗੇਤਰ ਤੇ ਪਿੰਡ ਦੀ ਮਿੱਟੀ ਨਾਲ ਇੰਨੇ ਪਿਆਰ ਅੱਗੇ ਆਖ਼ਰਕਾਰ ਉਮਰ ਨੂੰ ਹਾਰ ਮੰਨਣੀ ਪਈ। ਉਸ ਨੂੰ ਪੂਰੀ ਇੱਜ਼ਤ ਤੇ ਮਾਣ-ਸਨਮਾਨ ਨਾਲ ਉਸ ਦੇ ਪਿੰਡ ਵਾਪਸ ਭੇਜ ਦਿੱਤਾ।
ਇਸ ਗਾਥਾ ਬਾਰੇ ਕੁਝ ਸਿੰਧੀ ਕਵੀਆਂ ਤੇ ਕਿੱਸਾਕਾਰਾਂ ਨੇ ਇਕ ਕਹਾਣੀ ਇੰਜ ਵੀ ਦੱਸੀ ਹੈ ਕਿ ਹਮੀਰ ਸੂਮਰੋ ਦੀ ਪਹਿਲੀ ਔਲਾਦ ਪੁੱਤਰ ਸੀ ਉਮਰ ਸੂਮਰੋ ਅਤੇ ਦੂਜੀ ਔਲਾਦ ਪੁੱਤਰੀ ਮਾਰਵੀ ਸੀ। ਉਨ੍ਹਾਂ ਦਿਨਾਂ ਵਿਚ ਬਹੁਤੇ ਰਾਜ ਘਰਾਣੇ ਪੁੱਤਰ ਮੋਹ ਰੱਖਦੇ ਸਨ ਅਤੇ ਕੁੜੀ ਨੂੰ ਜਨਮ ਤੋਂ ਬਾਅਦ ਮਾਰ ਦਿੱਤਾ ਜਾਂਦਾ ਸੀ। ਮਹਿਲ ਵਿਚ ਚੁੱਪ-ਚਾਪ ਨਵਜੰਮੀ ਕੁੜੀ ਨੂੰ ਮਾਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ, ਇਹ ਕੰਮ ਦਾਈ ਨੂੰ ਸੌਂਪਿਆ ਗਿਆ। ਉਮਰਕੋਟ ਵਿਚ ਇਕ ਬੇਔਲਾਦ ਚਰਵਾਹਾ ‘ਪਾਲਿਨੀ’ ਰਹਿੰਦਾ ਸੀ। ਦਾਈ ਪਾਲਿਨੀ ਨੂੰ ਜਾਣਦੀ ਸੀ। ਦਾਈ ਨੇ ਸੋਚਿਆ ਕਿ ਇਸ ਲੜਕੀ ਨੂੰ ਮਾਰਨ ਦੀ ਬਜਾਏ ਪਾਲਿਨੀ ਨੂੰ ਦੇ ਦਿਆਂਗੀ। ਦਾਈ ਨੇ ਸਾਰੀ ਗੱਲ ਪਾਲਿਨੀ ਨੂੰ ਸਮਝਾਈ ਅਤੇ ਲੜਕੀ ਉਸ ਨੂੰ ਦੇ ਦਿੱਤੀ ਅਤੇ ਉਮਰਕੋਟ ਛੱਡਣ ਲਈ ਕਿਹਾ। ਮਹਿਲ ਵਿਚ ਉਸ ਨੇ ਇਹ ਕਿਹਾ ਕਿ ਉਸ ਨੇ ਲੜਕੀ ਨੂੰ ਮਾਰ ਦਿੱਤਾ ਹੈ। ਉਧਰ ਪਾਲਿਨੀ ਤੇ ਉਸ ਦੀ ਪਤਨੀ ਇਸ ਬੱਚੀ ਨੂੰ ਲੈ ਕੇ ਭਾਲਵਾ ਚਲੇ ਗਏ। ਉਸ ਕੁੜੀ ਦਾ ਨਾਂਅ ਉਨ੍ਹਾਂ ਨੇ ਮਾਰਵੀ ਰੱਖਿਆ। ਇਸ ਤਰ੍ਹਾਂ ਉਹ ਭਾਲਵਾ ਪਿੰਡ ਵਿਚ ਪਲੀ। ਇਕ ਦਿਨ ਮਾਰਵੀ ਆਪਣੀਆਂ ਸਹੇਲੀਆਂ ਨਾਲ ਬਾਹਰ ਖੇਡ ਰਹੀ ਸੀ ਤੇ ਕੁਝ ਰਾਹਗੀਰ ਉੱਥੋਂ ਲੰਘੇ। ਉਨ੍ਹਾਂ ਰਾਹਗੀਰਾਂ ਵਿਚ ਇਕ ਵਿਅਕਤੀ ਸੀ ਜੋ ਬਹੁਤ ਗਿਆਨਵਾਨ ਸੀ। ਮਾਰਵੀ ਨੂੰ ਵੇਖ ਕੇ ਉਸ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਏਨੀ ਸੋਹਣੀ ਇਹ ਕੁੜੀ ਇੱਥੇ ਇਕ ਆਮ ਜਿਹੇ ਪਿੰਡ ਵਿਚ ਕਿਵੇਂ? ਕਿਉਂਕਿ ਉਮਰ ਕਿਸੇ ਵੀ ਸੁਨੱਖੀ ਲੜਕੀ ਦਾ ਪਤਾ ਲੱਗਣ ‘ਤੇ ਉਸ ਨੂੰ ਆਪਣੇ ਹਰਮ ਵਿਚ ਲੈ ਜਾਂਦਾ ਸੀ। ਉਸ ਨੇ ਮਾਰਵੀ ਨੂੰ ਪੁੱਛਿਆ ਕਿ ਉਹ ਕਿਸ ਦੀ ਧੀ ਹੈ? ਮਾਰਵੀ ਨੇ ਦੱਸਿਆ ਕਿ ਉਹ ਪਾਲਿਨੀ ਦੀ ਧੀ ਹੈ ਤੇ ਸਾਹਮਣੇ ਉਸ ਦਾ ਘਰ ਹੈ। ਉਹ ਰਾਹਗੀਰ ਮਾਰਵੀ ਨਾਲ ਉਸ ਦੇ ਘਰ ਗਏ। ਉਨ੍ਹਾਂ ਨੇ ਮਾਰਵੀ ਦੀ ਮਾਂ ਨਾਲ ਮੁਲਾਕਾਤ ਕੀਤੀ ਤੇ ਉਸ ਨੂੰ ਪੱਛਿਆ, ‘ਸਾਨੂੰ ਇਹ ਕੁੜੀ ਵੇਖ ਕੇ ਅਜੀਬ ਲੱਗਿਆ, ਰੰਗ ਰੂਪ ਤੋਂ ਇਹ ਤੁਹਾਡੀ ਧੀ ਨਹੀਂ ਲੱਗਦੀ! ਜੇ ਇਸ ਵਿਚ ਕੋਈ ਰਾਜ਼ ਹੈ ਤਾਂ ਦੱਸੋ?’ ਮਾਰਵੀ ਦੀ ਮਾਂ ਨੇ ਉਨ੍ਹਾਂ ਨੂੰ ਅਸਲੀਅਤ ਦੱਸ ਦਿੱਤੀ ਕਿ ਅਸਲ ਵਿਚ ਇਹ ਰਾਜਾ ਹਮੀਰ ਸੂਮਰੋ ਦੀ ਧੀ ਅਤੇ ਰਾਜਾ ਉਮਰ ਦੀ ਭੈਣ ਹੈ ਜੋ ਉਮਰਕੋਟ ਦਾ ਰਾਜਾ ਹੈ। ਉਮਰ ਉਦੋਂ ਤੱਕ ਰਾਜਾ ਬਣ ਗਿਆ ਸੀ। ਮਾਰਵੀ ਆਪਣੀ ਮਾਂ ਦੀ ਸਾਰੀ ਗੱਲ ਸੁਣ ਰਹੀ ਸੀ। ਉਸ ਨੂੰ ਚੰਗਾ ਲੱਗਾ ਕਿ ਰਾਜਾ ਉਮਰ ਉਸ ਦਾ ਭਰਾ ਹੈ।
ਜਦੋਂ ਫੋਗ ਦੇ ਉਕਸਾਉਣ ‘ਤੇ ਉਮਰ ਉਸ ਨੂੰ ਅਗਵਾ ਕਰ ਕੇ ਲਿਜਾ ਰਿਹਾ ਸੀ ਤਾਂ ਮਾਰਵੀ ਨੇ ਉਮਰ ਨੂੰ ਕਿਹਾ ਕਿ ਉਹ ਉਮਰਕੋਟ ਦੇ ਰਾਜੇ ਉਮਰ ਦੀ ਭੈਣ ਹੈ। ਜੇ ਉਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਤੇਰੇ ਟੁਕੜੇ-ਟੁਕੜੇ ਕਰ ਦੇਵੇਗਾ। ਉਮਰ ਨੇ ਕਿਹਾ ਕਿ ਮੈਂ ਹੀ ਰਾਜਾ ਉਮਰ ਹਾਂ ਤੇ ਮੇਰੀ ਕੋਈ ਭੈਣ ਨਹੀਂ। ਉਸ ਨੇ ਮਾਰਵੀ ਨੂੰ ਕਿਲ੍ਹੇ ਵਿਚ ਬੰਦ ਕਰ ਦਿੱਤਾ। ਜਦੋਂ ਉਸ ਨੇ ਮਾਰਵੀ ਨੂੰ ਵਿਆਹ ਲਈ ਕਿਹਾ ਤਾਂ ਮਾਰਵੀ ਨੇ ਕਿਹਾ ਕਿ ਇਕ ਭੈਣ ਆਪਣੇ ਸਕੇ ਭਰਾ ਨਾਲ ਵਿਆਹ ਕਿਵੇਂ ਕਰਵਾ ਸਕਦੀ ਹੈ? ਪਰ ਉਮਰ ਨੂੰ ਉਸ ਦੀ ਕਿਸੇ ਗੱਲ ‘ਤੇ ਯਕੀਨ ਨਹੀਂ ਸੀ। ਉਹ ਜਦੋਂ ਵੀ ਉਸ ਕੋਲ ਵਿਆਹ ਦੀ ਪੇਸ਼ਕਸ਼ ਲਿਜਾਂਦਾ, ਮਾਰਵੀ ਉਸ ਨੂੰ ਲਾਹਨਤਾਂ ਪਾਉਂਦੀ। ਉਮਰ ਨੇ ਮਾਰਵੀ ਨੂੰ ਸ਼ਾਹੀ ਜ਼ਿੰਦਗੀ ਤੇ ਐਸ਼ੋ-ਆਰਾਮ ਦੇ ਲਾਲਚ ਦਿੱਤੇ ਪਰ ਮਾਰਵੀ ਨੇ ਉਸ ਦੀ ਇਕ ਨਾ ਸੁਣੀ। ਉਮਰ ਦੇ ਸਾਰੇ ਯਤਨ ਨਾਕਾਮ ਹੋ ਗਏ। ਮਾਰਵੀ ਇਸ ਕਾਰਨ ਦਿਨ ਰਾਤ ਦੁਖੀ ਰਹਿਣ ਲੱਗੀ ਅਤੇ ਬਿਮਾਰ ਹੋ ਗਈ। ਜਦੋਂ ਮਰਨ ਕਿਨਾਰੇ ਪਈ ਮਾਰਵੀ ਕੋਲ ਉਮਰ ਨੇ ਇਕ ਵਾਰ ਫਿਰ ਉਹੀ ਗੱਲ ਦੁਹਰਾਈ ਤਾਂ ਮਾਰਵੀ ਨੇ ਕਿਹਾ ਕਿ ਸਕੇ ਭੈਣ ਭਰਾ ਦਾ ਵਿਆਹ ਨਹੀਂ ਹੋ ਸਕਦਾ। ਉਮਰ ਨੇ ਕਿਹਾ, ‘ਮੈਂ ਤੇਰੀ ਗੱਲ ਉੱਪਰ ਕਿਵੇਂ ਯਕੀਨ ਕਰਾਂ?’ ਮਾਰਵੀ ਨੇ ਜਵਾਬ ਦਿੱਤਾ, ‘ਉਸ ਦਾਈ ਨੂੰ ਪੁੱਛ ਜਿਸ ਨੇ ਮੈਨੂੰ ਤੇਰੇ ਪਰਿਵਾਰ ਕੋਲ ਮੈਨੂੰ ਮਾਰ ਦਿੱਤੇ ਜਾਣ ਦਾ ਝੂਠ ਬੋਲ ਕੇ ਮੇਰੇ ਪਾਲਣਹਾਰ ਮਾਪਿਆਂ ਨੂੰ ਸੌਂਪ ਦਿੱਤਾ ਸੀ। ਉਮਰ ਨੇ ਤੁਰੰਤ ਉਸ ਦਾਈ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ। ਦਾਈ ਹਾਜ਼ਰ ਹੋਈ ਤੇ ਸਾਰਾ ਕਿੱਸਾ ਉਮਰ ਨੂੰ ਸੁਣਾ ਦਿੱਤਾ। ਜਦੋਂ ਉਮਰ ਨੂੰ ਇਹ ਪਤਾ ਲੱਗਾ ਕਿ ਮਾਰਵੀ ਉਸ ਦੀ ਭੈਣ ਹੈ ਤੇ ਉਸ ਨੇ ਉਸ ਨੂੰ ਵਿਆਹ ਕਰਾਉਣ ਲਈ ਅਗਵਾ ਕੀਤਾ ਸੀ ਤਾਂ ਉਸ ਨੂੰ ਖ਼ੁਦ ਨਾਲ ਨਫ਼ਰਤ ਹੋ ਗਈ। ਉਸ ਨੇ ਤੁਰੰਤ ਮਾਰਵੀ ਨੂੰ ਕੈਦ ਵਿਚੋਂ ਕੱਢ ਕੇ ਮਹਿਲ ਵਿਚ ਲਿਆਂਦਾ ਅਤੇ ਹਕੀਮਾਂ ਕੋਲੋਂ ਉਸ ਦਾ ਇਲਾਜ ਕਰਵਾਇਆ। ਮਾਰਵੀ ਕੁਝ ਤੰਦਰੁਸਤ ਹੋਈ ਤਾਂ ਉਮਰ ਨੇ ਕਈ ਤਰ੍ਹਾਂ ਦੇ ਤੋਹਫ਼ੇ ਦੇ ਕੇ ਉਸ ਨੂੰ ਉਸ ਦੇ ਪਿੰਡ ਭੇਜ ਦਿੱਤਾ।
ਪਿੰਡ ਵਾਪਸ ਆਉਣ ‘ਤੇ ਅਗਲੀ ਮੁਸੀਬਤ ਮਾਰਵੀ ਸਿਰ ਉਦੋਂ ਆਣ ਪਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੇ ਅਗਵਾ ਹੋਣ ਦੀ ਖ਼ਬਰ ਸੁਣ ਕੇ ਉਸ ਦੇ ਮੰਗੇਤਰ ਤੇ ਸਹੁਰਿਆਂ ਨੇ ਰਿਸ਼ਤਾ ਤੋੜ ਦਿੱਤਾ। ਪਾਲਿਨੀ ਤੇ ਮਦੂਈ ਨੇ ਵੀ ਉਸ ਨੂੰ ਅਪਨਾਉਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਉੱਥੋਂ ਚਲੀ ਜਾਣ ਲਈ ਕਿਹਾ। ਪਿੰਡ ਵਾਲਿਆਂ ਨੇ ਵੀ ਮਾਰਵੀ ਦੀ ਪਵਿੱਤਰਤਾ ‘ਤੇ ਸ਼ੰਕਾ ਜ਼ਾਹਰ ਕੀਤਾ ਤੇ ਉਸ ਨੂੰ ਪਿੰਡੋਂ ਬਾਹਰ ਕੱਢ ਦਿੱਤਾ। ਉਮਰ ਨੂੰ ਪਤਾ ਲੱਗਿਆ ਤਾਂ ਉਸ ਨੇ ਭਾਲਵਾ ਜਾ ਕੇ ਮਾਰਵੀ ਬਾਰੇ ਸਾਰੇ ਸ਼ੰਕੇ ਦੂਰ ਕਰਨ ਦਾ ਫ਼ੈਸਲਾ ਕੀਤਾ। ਉਹ ਫ਼ੌਜ ਸਮੇਤ ਭਾਲਵਾ ਪਹੁੰਚਿਆ। ਲੋਕਾਂ ਨੇ ਸੋਚਿਆ ਕਿ ਉਮਰ ਪਿੰਡ ‘ਤੇ ਹਮਲਾ ਕਰਨ ਆਇਆ ਹੈ। ਮਾਰਵੀ ਨੇ ਉਮਰ ਨੂੰ ਕਿਹਾ ਕਿ ਪਹਿਲਾਂ ਹੀ ਉਸ ਨੇ ਇਕ ਗ਼ਲਤੀ ਕੀਤੀ ਅਤੇ ਹੁਣ ਉਹ ਫ਼ੌਜ ਲੈ ਕੇ ਪਿੰਡ ‘ਤੇ ਹਮਲਾ ਕਰਨ ਆ ਗਿਆ। ਉਮਰ ਨੇ ਉਸ ਨੂੰ ਆਉਣ ਦਾ ਕਾਰਨ ਦੱਸਿਆ ਅਤੇ ਪਿੰਡ ਵਾਲਿਆਂ ਦੇ ਸਾਹਮਣੇ ਉਸ ਨੇ ਲਾਲ ਗਰਮ ਲੋਹੇ ਦਾ ਡੰਡਾ ਮੰਗਵਾਇਆ ਤੇ ਉਸ ਨੂੰ ਫੜਦਿਆਂ ਕਿਹਾ ਕਿ ਉਸ ਦਾ ਨੁਕਸਾਨ ਰਹਿਤ ਹੱਥ ਮਾਰਵੀ ਦੀ ਪਵਿੱਤਰਤਾ ਤੇ ਸਤ ਦਾ ਸਬੂਤ ਹੋਵੇਗਾ। ਮਾਰਵੀ ਨੇ ਕਿਹਾ ਕਿ ਸ਼ੱਕ ਦੇ ਘੇਰੇ ਵਿਚ ਉਹ ਹੈ ਇਸ ਲਈ ਉਹ ਇਸ ਇਮਤਿਹਾਨ ਦਾ ਸਾਹਮਣਾ ਕਰੇਗੀ। ਮਾਰਵੀ ਨੇ ਲੋਹੇ ਦੇ ਉਸ ਗਰਮ ਡੰਡੇ ਨੂੰ ਫੜਿਆ ਤਾਂ ਉਸ ਦੇ ਹੱਥ ਨੂੰ ਕੋਈ ਨੁਕਸਾਨ ਨਾ ਹੋਇਆ। ਇਸ ਤਰ੍ਹਾਂ ਮਾਰਵੀ ਇਸ ਇਮਤਿਹਾਨ ਵਿਚ ਕਾਮਯਾਬ ਰਹੀ। ਸਭ ਦੇ ਸ਼ੰਕੇ ਦੂਰ ਹੋ ਗਏ। ਮਾਰਵੀ ਨੂੰ ਉਸ ਦੇ ਮਾਪਿਆਂ ਤੇ ਸਹੁਰਿਆਂ ਨੇ ਅਪਣਾ ਲਿਆ। ਕੁਝ ਸਮੇਂ ਬਾਅਦ ਮਾਰਵੀ ਤੇ ਖੇਤਸੈਨ ਦਾ ਵਿਆਹ ਹੋ ਗਿਆ।
ਸਿੰਧ ਦੇ ਉਮਰਕੋਟ ਕਿਲ੍ਹੇ ਵਿਚ ਆਉਣ ਵਾਲੇ ਲੋਕਾਂ ਨੂੰ ਇੱਥੋਂ ਦੇ ਸਿੰਧੀ ਲੋਕ ਗਾਇਕ ਅੱਜ ਵੀ ਇਹ ਗਾਥਾ ਰਵਾਇਤੀ ਸਾਜ਼ਾਂ ਨਾਲ ਗਾ ਕੇ ਸੁਣਾਉਂਦੇ ਹਨ। ਭਾਲਵਾ ਪਿੰਡ ਵਿਚ ਉਹ ਖੂਹ ਵੀ ਹਾਲੇ ਮੌਜੂਦ ਹੈ ਜਿਸ ਉੱਪਰ ਪਾਣੀ ਭਰਨ ਆਈ ਮਾਰਵੀ ਨੂੰ ਉਮਰ ਅਗਵਾ ਕਰ ਕੇ ਲੈ ਗਿਆ ਸੀ। ਇਸ ਲੋਕ ਗਾਥਾ ਦੀ ਕਹਾਣੀ ‘ਤੇ ਅਧਾਰਿਤ 12 ਮਾਰਚ, 1956 ਨੂੰ ਪਾਕਿਸਤਾਨ ਵਿਚ ‘ਉਮਰ ਮਾਰਵੀ’ ਫ਼ਿਲਮ ਵੀ ਰਿਲੀਜ਼ ਹੋਈ ਸੀ ਜੋ ਕਿ ਨਵੇਂ ਬਣੇ ਪਾਕਿਸਤਾਨ ਵਿਚ ਪਹਿਲੀ ਸਿੰਧੀ ਬੋਲੀ ਦੀ ਫ਼ਿਲਮ ਸੀ। ਇਸ ਕਹਾਣੀ ਬਾਰੇ ਸਿੰਧੀ ਮੂਲ ਦੇ ਭਾਰਤੀ ਲੇਖਕ ਰਾਮ ਪਾਂਜਵਾਨੀ ਨੇ ‘ਉਮਰ ਮਾਰੂਈ’ ਸਿਰਲੇਖ ਹੇਠ ਸਿੰਧੀ ਬੋਲੀ ਵਿਚ ਇਕ ਨਾਟਕ ਵੀ ਲਿਖਿਆ ਹੋਇਆ ਹੈ।
ਤਸਵੀਰ(ਸ੍ਰੋਤ-ਇੰਟਰਨੈੱਟ):-ਪਿੰਡ ਭਾਲਵਾ (ਸਿੰਧ,ਪਾਕਿਸਤਾਨ) ਵਿੱਚ ਉਹ ਖੂਹ ਜਿੱਥੋਂ ਉਮਰ ਪਾਣੀ ਭਰਨ ਆਈ ਮਾਰਵੀ ਨੂੰ ਅਗਵਾ ਕਰਕੇ ਲੈ ਗਿਆ ਸੀ, ਇਹ ਖੂਹ ਹੁਣ ਵੀ ‘ਮਾਰਵੀ ਦੇ ਖੂਹ’ ਵਜੋਂ ਜਾਣਿਆਂ ਜਾਂਦਾ ਹੈ।
ਲਖਵਿੰਦਰ ਜੌਹਲ ‘ਧੱਲੇਕੇ’
+9198159-59476
johallakwinder@gmail.com

Leave a Reply

Your email address will not be published. Required fields are marked *