ਛੋਟੇ ਹੁੰਦਿਆਂ ਜਦ ਵੀ ਅਸਮਾਨ ਵਿਚ ਜਹਾਜ ਨੂੰ ਦੇਖਣਾ ਤਾਂ ਬਸ ਦੇਖੀ ਜਾਣਾ ,ਜਦੋਂ ਤਕ ਉਹ ਅੱਖੋਂ ਓਹਲੇ ਨੀ ਹੋ ਜਾਂਦਾ ਸੀ …ਬੜਾ ਚਾਅ ਸੀ ਇਹਦੇ ‘ਚ ਬੈਠਣ ਦਾ।
ਖੈਰ ਬਚਪਨ ਤਾਂ ਬਚਪਨ ਹੀ ਹੁੰਦਾ ,ਓਦੋਂ ਕਿਹੜਾ ਪਤਾ ਹੁੰਦਾ ਸੀ ਕਿ ਕਿ ਇਹ ਉਡਾ ਕੇ ਏਡੀ ਦੂਰ ਲੈ ਜਾਂਦਾ ,ਜਿਥੋਂ ਆਪਣਿਆਂ ਨੂੰ ਦੇਖਣ ਲਈ ਵੀ ਤਰਸ ਕੇ ਰਹਿ ਜਾਣਾ ਪੈਂਦਾ ਆ।
ਬਾਹਰਵੀਂ ਕਰ ਕੇ ਮੈਂ ਵੀ ਫਟਾਫਟ ਆਈਲੈਟਸ ਕੀਤੀ ਤੇ ਚੰਗੀ ਕਿਸਮਤ ਨਾਲ ਸੱਤ ਬੈਂਡ ਵੀ ਆ ਗਏ ਪਰ ਘਰ ਦੇ ਹਾਲਤ ਏਨਾ ਖਰਚਾ ਝੱਲਣ ਦੀ ਹਿੰਮਤ ਨਹੀਂ ਸੀ ਦਿੰਦੇ।
ਬਾਪੂ ਜੀ ਦੇ ਦੋਸਤ ਨੇ ਆਪਣੇ ਮੁੰਡੇ ਨੂੰ ਬਾਹਰ ਸੈੱਟ ਕਰਨ ਲਈ ਪੈਸੇ ਲਾ ਦਿਤੇ ਤੇ ਪੱਕਾ ਵਿਆਹ ਕਰ ਮੈ ਆਸਟ੍ਰੇਲੀਆ ਆ ਉਤਰੀ ਸਪਾੳੂਸ ਵੀਜਾ ਲੈ । ਸਭ ਕੁਛ ਠੀਕ ਸੀ ਸ਼ੁਰੂਆਤ ਵਿਚ ਪਰ ਹੋਲੀ ਹੋਲੀ ਰੰਗ ਦਿਖਣੇ ਸ਼ੁਰੂ ਹੋ ਗਏ।ਮੇਰਾ ਘਰਵਾਲਾ ਸਿਰੇ ਦਾ ਵਿਹਲੜ ਤੇ ਨਸ਼ੇੜੀ ਸੀ।ਮਰਜੀ ਹੁੰਦੀ ਤਾਂ ਕੰਮ ਕਰਦਾ।ਘਰੋਂ ਪੈਸੇ ਆਈ ਜਾ ਰਹੇ ਸੀ ।ਮੈਂ ਕੰਮ ਕਰਨ ਨੂੰ ਕਹਿੰਦੀ ਤਾਂ ਪੈਸਿਆਂ ਦੀ ਧੌਂਸ ਦਿੰਦਾ ਤੇ ਗਾਲੀ ਗਲੋਚ ਵੀ ਕਰਦਾ।ਮੈਂ ਕੁਛ ਨੀ ਸੀ ਕਹਿ ਸਕਦੀ ਕਿਉਂਕਿ ਫੀਸ ਜੋ ਉਸਨੇ ਭਰਨੀ ਸੀ ।ਕਲਾਸਾਂ ਮਗਰੋਂ ਕੰਮ ਤੇ ਫੇਰ ਰੋ ਰੋ ਅਸਾੲੀਨਮੈਂਟਾਂ ਪੂਰੀਆਂ ਕਰਨੀਆਂ,ਕੋਈ ਸਹਾਰਾ ਨੀ ਸੀ।ਜੀਵਨ ਸਾਥੀ ਵੀ ਨਾਮ ਦਾ ਹੀ ਸੀ,ਕੋਈ ਦਿਲ ਦੀ ਸਾਂਝ ਨੀ ਸੀ।
ਘਰਦਿਆਂ ਨੂੰ ਦੱਸਿਆ ਤਾਂ ਸਬਰ ਰੱਖਣ ਤੇ ਚੁਪਚਾਪ ਕੱਟੀ ਜਾਣ ਦੀ ਨਸੀਹਤ ਮਿਲੀ ਤੇ ਸਹੁਰਿਆਂ ਨੇ ਉਲਟੇ ਇਲਜਾਮ ਲਾਉਣੇ ਸ਼ੁਰੂ ਕਰ ਦਿਤੇ ਕਿ ਤੈਨੂੰ ਪਰ ਲਗ ਗਏ ਆ ਹੁਣ ।ਹਾਰ ਕੇ ਇੰਡੀਆ,ਸਹੁਰੇ ਘਰ ਫੋਨ ਕਰਨਾ ਹੀ ਬੰਦ ਕਰ ਦਿੱਤਾ।
ਔਖੀ ਸੌਖੀ ਡਿਗਰੀ ਪੂਰੀ ਹੋ ਚਲੀ ਸੀ ਪਰ ਹਾਲੇ ਵਰਕ ਪਰਮਿਟ ਲੈਣਾ ਸੀ ਤੇ ਫਿਰ ਪੀ ਆਰ,ਦਿਮਾਗ ਉਲਝਿਆ ਰਹਿੰਦਾ ਤਾਂ ਅਕਸਰ ਆਪਣੇ ਕਲਾਸ ਮੇਟ ਸੈਮੁਅਲ ਦੀ ਮਦਦ ਲੈ ਲੈਂਦੀ ਜੋ ਪਿੱਛੋਂ ਇਥੋਪੀਆ ਤੋਂ ਸੀ ਪਰ ਇਥੋਂ ਦਾ ਹੀ ਜੰਮਪਲ ਸੀ ।ਦੇਸ਼,ਧਰਮ ,ਸਮਾਜ ਸਭ ਕੁਛ ਵੱਖ ਸੀ ਸਾਡਾ ਪਰ ਉਸ ਦੀ ਕਾਬਲੀਅਤ ਤੇ ਹਸਮੁਖ ਸੁਭਾ ਕਰਕੇ ਅਸੀਂ ਜਲਦੀ ਬਹੁਤ ਚੰਗੇ ਦੋਸਤ ਬਣ ਗਏ ਪਰ ਮੈਨੂੰ ਫੇਰ ਵੀ ਆਪਣੀ ਮਰਿਆਦਾ ਦਾ ਪਤਾ ਸੀ।
ਪਰ ਇਹ ਵੀ ਸੱਚ ਸੀ ਕਿ ਉਹ ਸੈਮੁਅਲ ਹੀ ਸੀ ਜਿਸ ਨੇ ਮੇਰੇ ਚੇਹਰੇ ‘ਤੇ ਖੇੜਾ ਵਾਪਸ ਲੈ ਆਉਂਦਾ ਸੀ।ਮੇਰੇ ਹਾਲਤਾਂ ਤੋਂ ਜਾਣੂ ਹੋਣ ਕਰਕੇ ਉਹ ਅਕਸਰ ਮੈਨੂੰ ਦਿਲਾਸਾ ਦਿੰਦਾ ਰਹਿੰਦਾ।ਅਸੀਂ ਅਕਸਰ ਬਹੁਤ ਗੱਲਾਂ ਕਰਦੇ।
ਪੜਾਈ ਖਤਮ ਹੋਣ ‘ਤੇ ਵਰਕ ਪਰਮਿਟ ਲੈਣ ਵਿਚ ਵੀ ਉਸ ਨੇ ਬਹੁਤ ਮਦਦ ਕੀਤੀ ਤੇ ਜਿੰਦਗੀ ਕੁਛ ਸੁਖਾਲੀ ਹੋ ਚਲੀ ਸੀ।ਸਾਡੀ ਦੋਸਤੀ ਓਦਾਂ ਹੀ ਕਾਇਮ ਰਹੀ ਤੇ ਓਸੇ ਤਰਾਂ ਕਾਇਮ ਰਹੀਆਂ ਮੇਰੇ ਘਰਵਾਲੇ ‘ਤੇ ਮੇਰੇ ਚ ਦੂਰੀਆਂ।ਇਕ ਬਸ ਨਾਮ ਦਾ ਹੀ ਰਿਸ਼ਤਾ ਸੀ
ਹੁਣ ਸਾਡੇ ‘ਚ।
ਸੈਮੁਅਲ ਬਹੁਤ ਹੈਰਾਨ ਹੁੰਦਾ ਕਿ ਤੁਸੀਂ ਇੰਡੀਅਨ ਕੁੜੀਆਂ ਰਿਸ਼ਤਿਆਂ ਦਾ ਬੋਝ ਕਿਵੇਂ ਚੁੱਕੀ ਰੱਖਦੀਆਂ ਤੇ ਕਈ ਵਾਰ ਸਾਰੀ ਜਿੰਦਗੀ ਗੱਲ ਜਾਂਦੀ ਆ ਪਰ ਰਿਸ਼ਤਾ ਤੋੜਨ ਦੀ ਹਿੰਮਤ ਕਿਉਂ ਨੀ ਕਰਦੀਆਂ,ਮੈ ਚੁੱਪ ਕਰ ਜਾਂਦੀ।ਆਖਰ ਕਿੱਦਾਂ ਸਮਝਾਉਂਦੀ ਰਿਸ਼ਤਿਆਂ ‘ਚ ਹੁੰਦੀ ਸੌਦੇਬਾਜ਼ੀ ਬਾਰੇ।
ਖੈਰ ਇਕ ਦਿਨ ਘਰਵਾਲੇ ਨਾਲ ਗਰੋਸਰੀ ਤੇ ਰੇੈਂਟ ਕਾਰਨ ਹੋਇਆ ਝਗੜਾ ਬਹੁਤ ਵੱਧ ਗਿਆ ਤੇ ਨਸ਼ੇ ‘ਚ ਚੂਰ ਹੋਏ ਨੇ ਮੇਰੇ ਦੋ ਥੱਪੜ ਜੜ ਦਿਤੇ।ਪਤਾ ਨੀ ਕਿ ਹੋਇਆ ,ਕਿਥੋਂ ਮੇਰੇ ‘ਚ ਏਨੀ ਤਾਕਤ ਆਈ ਕਿ ਮੈ ਵੀ ਧੱਕਾ ਦੇ ਕੇ ਥੱਪੜਾਂ ਦੀ ਬਰਸਾਤ ਕਰ ਦਿਤੀ।ਉਹ ਬੌਂਦਲ ਜਿਹਾ ਗਿਆ ਤੇ ਘਰੋਂ ਨਿਕਲ ਗਿਆ।ਬਾਅਦ ‘ਚ ਪਤਾ ਲਗਾ ਕਿ ਆਪਣੀ ਗੋਰੀ ਦੋਸਤ ਨਾਲ ਲਿਵ ਇਨ ਚ ਰਹਿ ਰਿਹਾ ਸੀ।
ਇੰਡੀਆ ਮੇਰੇ ਸਹੁਰਿਆਂ ਨੇ ਵੀ ਬਹੁਤ ਘਟ ਵੱਧ ਕਿਹਾ ਪਰ ਹੁਣ ਪ੍ਰਵਾਹ ਨੀ ਸੀ।ਮੇਰੇ ਚਰਿਤਰ ਬਾਰੇ ਕਹਾਣੀਆਂ ਘੜ ਘੜ ਕੇ ਮੇਰੇ ਪੇਕੀਂ ਫੋਨ ਕੀਤੇ ਗਏ।ਮੇਰੇ ਬਾਪੂ ਨੇ ਸਾਲਾਂ ਦੀ ਯਾਰੀ ਦੋਸਤੀ ਟੁੱਟ ਜਾਣ ਕਰਕੇ ਬੜਾ ਹਿਰਖ ਕੀਤਾ ਤੇ ਮੇਰੇ ਤੋਂ ਰਿਸ਼ਤਾ ਤੋੜ ਦਿੱਤਾ।ਮੇਰੀ ਮਾਂ ਮੇਰੇ ਨਾਲ ਹੁੰਦੇ ਵਿਵਹਾਰ ਨੂੰ ਜਾਇਜ਼ ਠਹਿਰਾ ਰਹੀ ਸੀ ਕਿ ਬੰਦੇ ਏਦਾਂ ਦੇ ਹੀ ਹੁੰਦੇ ਆ।
ਪਰ ਉਸ ਦੇ ਘਰ ਤੋਂ ਜਾਣ ਮਗਰੋਂ ਹੀ ਜਿਵੇਂ ਪਹਿਲੀ ਵਾਰ ,ਜਿੰਦਗੀ ਖੁਸ਼ਨੁਮਾ ਜਾਪੀ ਸੀ।ਸੈਮੁਅਲ ਹਮੇਸ਼ਾ ਹੌਂਸਲਾ ਦਿੰਦਾ ਤੇ ਹੋਲੀ ਹੋਲੀ ਜਿੰਦਗੀ ਟਹਿਕਣ ਲਗੀ।ਮੈਨੂੰ ਲਗਣ ਲਗਾ ਕਿ ਆਪ ਦੋਸਤੀ ਤੋਂ ਵੀ ਵੱਧ ਕੇ ਕੁਛ ਹੋ ਸਕਦੇ ਆ।ਪਹਿਲ ਵੀ ਉਸ ਨੇ ਕੀਤੀ ਪਰ ਫੈਸਲਾ ਮੇਰੇ ‘ਤੇ ਛੱਡ ਦਿੱਤਾ।ਹੁਣ ਮੇਰੇ ‘ਤੇ ਸੀ ਕਿ ਆਪਣੇ ਘਰਵਾਲੇ ਦਾ ਇੰਤਜਾਰ ਕਰਾਂ ਕਿ ਉਹ ਕਦੋਂ ਵਾਪਸ ਮੁੜੇਗਾ,ਜਿਸ ਨੇ ਅੱਜ ਤਕ ਹਮਸਫਰ ਹੋਣ ਦਾ ਕੋਈ ਫਰਜ ਨਹੀਂ ਨਿਭਾੲਿਅਾ ਤੇ ਨਾ ਹੀ ਇੱਜਤ ਕੀਤੀ ਕਦੇ ਤੇ ਨਾ ਹੀ ਜਿਸ ਨਾਲ ਕੋਈ ਦਿਲ ਵਾਲੀ ਸਾਂਝ ਸੀ।ਮੇਰੀ ਮਾਂ ਦੀ ਸਲਾਹ ਸੀ ਕਿ ਇੰਤਜਾਰ ਕਰਾਂ ਪਰ ਦੂਜੇ ਪਾਸੇ ਉਹ ਰਿਸ਼ਤਾ ਸੀ,ਜਿਸ ਨਾਲ ਚਾਹੇ ਕੋਈ ਵੀ ਦੇਸ਼ ,ਧਰਮ ਜਾ ਸਭਿਆਚਾਰ ਵਾਲੀ ਸਾਂਝ ਨੀ ਸੀ ਪਰ ਉਸ ਦੀ ਪਾਕ ਪਵਿੱਤਰ ਦੋਸਤੀ ਨੇ ਮੈਨੂੰ ਜਿਉਂਦਿਆਂ ਵਿਚ ਕਰਤਾ ਸੀ।
ਆਖਰ ਮੈ ਤਲਾਕ ਲਈ ਅਰਜੀ ਪਾ ਦਿਤੀ ਤੇ ਛੇਤੀ ਹੀ ਇਸ ਰਿਸ਼ਤੇ ਤੋਂ ਅਜ਼ਾਦ ਹੋ ਗਈ ।ਪਿੱਛੇ ਘਰਦਿਆਂ ਬਹੁਤ ਬੁਰਾ ਮਨਾਇਆ ।ਮੇਰੇ ਅਵਾਰਾ ਹੋ ਜਾਣ ਤੇ ਕਿਧਰੇ ਹੋਰ ਨਾਲ ਰਿਸ਼ਤਾ ਜੋੜਨ ਦੀਆਂ ਝੂਠੀਆਂ ਕਹਾਣੀਆਂ ਵੀ ਮੇਰੇ ਪੇਕਿਆਂ ਤਕ ਪਹੁੰਚ ਗਈਆਂ।ਜਦ ਵੀ ਫੋਨ ਕਰਦੀ ਤਾਂ ਰੋਣ ਪਿੱਟਣ ਪੈ ਜਾਂਦਾ,ਫੋਕੀ ਇੱਜਤ ਦੀਆਂ ਦੁਹਾਈਆਂ ਦਿਤੀਆਂ ਜਾਂਦੀਆਂ।
ਜਿੰਦਗੀ ਹੁਣ ਪੂਰੀ ਤਰਾਂ ਲੀਹ ‘ਤੇ ਪੈ ਗਈ ਸੀ।ਸੈਮੁਅਲ ਨੇ ਮੈਨੂੰ ਪੂਰਾ ਵਕ਼ਤ ਦਿੱਤਾ ਇਸ ਸਭ ਤੋਂ ਬਾਹਰ ਆਉਣ ਲਈ ।ਖੈਰ ਇਕ ਦਿਨ ਅਸੀਂ ਵਿਆਹ ਕਰਵਾ ਲਿਆ ।ਘਰੇ ਬਹੁਤ ਪਿਟ ਸਿਆਪਾ ਹੋਇਆ ਪਰ ਮੇਰੇ ‘ਤੇ ਕੋਈ ਅਸਰ ਨੀ ਸੀ ਹੋਇਆ।
ਕਈ ਸਾਲ ਬੀਤ ਚੁੱਕੇ ਹਨ ,ਅਸੀਂ ਬਹੁਤ ਖੁਸ਼ ਹਾਂ ਤੇ ਦੋ ਬੱਚਿਆਂ ਦੇ ਮਾਂ ਬਾਪ ਵੀ ਬਣ ਚੁਕੇ ਆ ਪਰ ਪਿਆਰ ਉਦਾਂ ਹੀ ਕਾਇਮ ਹੈ।ਹਮਸਫਰ ਘੱਟ ਤੇ ਦੋਸਤ ਜਿਆਦਾ ਹਾਂ।ਹੁਣ ਕੋਈ ਸ਼ਿਕਾਇਤ ਨਹੀਂ ਹੈ ਜਿੰਦਗੀ ਤੋਂ ।
ਘਰੇ ਫੋਨ ਕਰਦੀ ਆ ਕਦੇ ਕਦੇ,ਮਾਂ,ਭੈਣ ਭਰਾਵਾਂ ਨਾਲ ਗੱਲ ਹੋ ਜਾਂਦੀ ਪਰ ਬਾਪੂ ਨੂੰ ਹਜੇ ਵੀ ਫੋਕੀ ਅਣਖ ਤੇ ਇੱਜ਼ਤ ਜਿਆਦਾ ਪਿਆਰੀ ਆ ,ਹਜੇ ਤਕ ਗੱਲ ਨੀ ਕੀਤੀ।ਸਾਰਾ ਕੁਛ ਸਹੀ ਹੋਣਾ ਸੀ,ਸਭ ਨੇ ਬਹੁਤ ਖੁਸ਼ ਹੋਣਾ ਸੀ ਜੇ ਉਸੇ ਨਰਕ ਭਰੀ ਜਿੰਦਗੀ ਵਿਚ ਸੜਦੀ ਰਹਿੰਦੀ,ਜਿਸ ਵਿੱਚ ਪਤਾ ਨੀ ਕਿੰਨੀਆ ਕੁ ਪੰਜਾਬੀ ਕੁੜੀਆਂ ਹੁਣ ਤਕ ਸੜਦਿਆਂ ਆਈਆਂ ਹਨ।
ਮਾਂ ਬਾਪ ਲਈ ਪਿਆਰ ਹਾਲੇ ਵੀ ਬਹੁਤ ਆ ਦਿਲ ‘ਚ ਪਰ ਮਾਫੀ ਚਾਹੁੰਦੀ ਆਂ ਕਿ ਆਪਣੀ ਜਿੰਦਗੀ ਨੂੰ ਆਪਣੇ ਢੰਗ ਨਾਲ ਜਿਉਣ ਤੇ ਥੋੜੀਆਂ ਜਿਹੀਆਂ ਖੁਸ਼ੀਆਂ ਆਪਣੇ ਲਈ ਸਮੇਟਣ ਦਾ ਹਕ਼ ਮੈਨੂੰ ਵੀ ਆ।ਜਿੰਦਗੀ ਮੈਨੂੰ ਵੀ ਇਕ ਵਾਰ ਹੀ ਮਿਲਣੀ ਆ।
************
ਗੁਲਜਿੰਦਰ ਕੌਰ