ਘੜੇ ਵਾਂਙ ਦਿਸਦੀ ਵੱਡੀ ਸਾਰੀ ਕਾੜਨੀ..ਕਿੰਨੇ ਸਾਰੇ ਸੁਰਾਖਾਂ ਵਾਲਾ ਢੱਕਣ..ਯਾਨੀ ਕੇ ਛਕਾਲਾ..ਰੋਜ ਸੁਵੇਰੇ ਬਿਨਾ ਟੀਕਿਆਂ ਤੋਂ ਚੋਏ ਕਿੰਨੇ ਸਾਰੇ ਅਸਲੀ ਦੁੱਧ ਨੂੰ ਪਾਥੀਆਂ ਦੀ ਮੱਠੀ-ਮੱਠੀ ਅੱਗ ਤੇ ਘੰਟਿਆਂ ਬੱਧੀ ਗਰਮ ਕੀਤਾ ਜਾਂਦਾ..!
ਵਿਚੋਂ ਨਿੱਕਲਦੀ ਭਾਫ ਸਾਰੇ ਪਿੰਡ ਦੇ ਮਾਹੌਲ ਨੂੰ ਇੱਕ ਅਜੀਬ ਜਿਹੇ ਸਰੂਰ ਨਾਲ ਸ਼ਰਸ਼ਾਰ ਕਰਦੀ ਰਹਿੰਦੀ..ਅਖੀਰ ਦੁੱਧ ਉੱਪਰ ਮਲਾਈ ਦੀ ਇੱਕ ਮੋਟੀ ਪਰਤ ਜੰਮ ਜਾਇਆ ਕਰਦੀ..ਬੀਜੀ ਉਸਨੂੰ ਰਿੜਕ ਲਿਆ ਕਰਦੀ ਫੇਰ ਹਲਕੇ ਖੱਟੇ ਰੰਗ ਦੀ ਮੱਖਣ ਦੀ ਟਿੱਕੀ ਅਤੇ ਮੁੜ ਸਾਉਣ ਭਾਦਰੋਂ ਦੇ ਚੁਮਾਸਿਆਂ ਵੇਲੇ ਕਾਲਜਾ ਠਾਰਦੀ ਕਿੰਨੀ ਸਾਰੀ ਖੱਟੀ ਮਿੱਠੀ ਸਵਾਦ ਲੱਸੀ..!
ਇੱਕ ਵੇਰ ਘਰੋਂ ਸਾਰੀਆਂ ਚਾਚੀਆਂ ਤਾਈਆਂ ਕੋਲ ਵਗਦੀ ਨਹਿਰ ਤੇ ਕੱਪੜੇ ਧੋਣ ਗਈਆਂ..ਅਸਾਂ ਨੂੰ ਕੰਧਾਂ ਕੌਲੇ ਟੱਪਦਿਆਂ ਭੁੱਖ ਲੱਗ ਗਈ..ਕੋਲ ਹੀ ਪਕੀ ਕਣਕ ਦੀਆਂ ਭਰੀਆਂ ਦੇ ਕਿੰਨੇ ਸਾਰੇ ਸਿੱਟੇ ਕੱਢ ਤਣਿਆਂ ਦੇ ਸਟਰਾਅ ਬਣਾ ਲਏ..ਫੇਰ ਢੱਕਣ ਦੇ ਸੁਰਾਖਾਂ ਥਣੀ ਅੰਦਰ ਘੱਲ ਬਿਨਾ ਮਿੱਠੇ ਦੇ ਖੋਏ ਵਾਂਙ ਸੁਆਦੀ ਬਣ ਗਏ ਕੜੇ ਹੋਏ ਸਾਰੇ ਦੁੱਧ ਨੂੰ ਡੀਕ ਲਾ ਕੇ ਪੀ ਹਰਨ ਹੋ ਗਏ..ਆਥਣੇ ਮੁੜੇ ਤਾਂ ਘਰੇ ਰੌਲਾ ਪਿਆ ਹੋਇਆ ਸੀ..ਬਿੱਲੀਆਂ ਦੁੱਧ ਪੀ ਗਈਆਂ..ਪਰ ਬਿਨਾ ਢੱਕਣ ਲਾਹੇ ਇਹ ਹੋ ਕਿੱਦਾਂ ਗਿਆ..ਇਹ ਸਮਝ ਤੋਂ ਪਰੇ ਸੀ..ਸਮਝ ਤਾਂ ਗਏ ਪਰ ਕਿਸੇ ਨੂੰ ਕੁੱਟ ਨਾ ਪਈ..!
ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਜਿੰਦਗੀ ਇਹ੍ਹਨਾਂ ਮਿੱਠੀਆਂ ਭਾਫਾਂ ਦੀ ਬੁੱਕਲ ਵਿੱਚ ਪ੍ਰਵਾਨ ਚੜਿਆ ਕਰਦੀ ਸੀ..ਜਿੱਧਰ ਗਈਆਂ ਬੇੜੀਆਂ..ਓਧਰ ਗਏ ਮਲਾਹ੍ਹ..ਆਪਹੁਦਰੀ ਦਾ ਦੌਰ ਹੈ..ਹੁਣ ਮੰਨੇ ਕੌਣ ਸਲਾਹ!
ਹਰਪ੍ਰੀਤ ਸਿੰਘ ਜਵੰਦਾ