“ਤੇਰੇ ਦਿਮਾਗ ਚ ਤੂੜੀ ਭਰੀ ਹੋਈ।ਤੈਨੂੰ ਕੁੱਝ ਸਮਝ ਨਹੀਂ ਲਗਦੀ।ਕਿੰਨੀ ਵਾਰ ਮੱਥਾ ਖਪਾਵਾਂ ਤੇਰੇ ਨਾਲ।
ਤੈਨੂੰ ਸਮਝਾਉਂਦੇ ਸਮਝਾਉਂਦੇ ਮੈਨੂੰ ਵੀ ਭੁੱਲ ਜਾਣਾ ਜੋ ਕੁੱਝ ਮੈਨੂੰ ਆਉਂਦਾ।”ਕਾਪੀ ਨੂੰ ਮੇਜ ਤੇ ਪਟਕਦੇ ਮਾਸਟਰ ਬੋਲਿਆ।
“ਮਾਸਟਰ ਜੀ … ਮੈ……”ਦੀਨਾ ਬੋਲਿਆ।
“ਸਾਰੇ ਨਲਾਇਕ ਮੇਰੀ ਜਮਾਤ ਵਿੱਚ ਹੀ ਭਰਤੀ ਹੋਏ ਹਨ।ਕਿਹੜੇ ਢੱਠੇ ਖੂਹ ਵਿੱਚ ਜਾਵਾਂ ? ਦੱਸ ਦੇ ਮੈਨੂੰ।
“ਮਾਸਟਰ ਜੀ..ਮੇਰੀ ਬੇਬੇ ਨੇ….
“ਕੀ ਬੇਬੇ ਬੇਬੇ ਲਗਾਈ?ਪਤਾ ਨਹੀਂ ਕੀ ਖਾ ਕੇ ਜੰਮਿਆ ਤੇਰੀ ਬੇਬੇ ਨੇ ਤੈਨੂੰ,ਜੋ ਤੂੰ ਹੁਣ ਮੇਰੀ ਜਾਨ ਖਾ ਰਿਹਾ ।ਚਲ ਦਫਾ ਹੋ ਜਾ ਇੱਥੋ।
ਮਾਸਟਰ ਜੀ ਨੂੰ ਦੀਨਾ ਅੱਗ ਵਰਗਾ ਲੱਗ ਰਿਹਾ ਸੀ।ਜਿਸ ਦੇ ਨੇੜੇ ਆਉਣ ਤੇ ਗਰਮੀ ਮਹਿਸੂਸ ਹੁੰਦੀ ਹੈ ਤੇ ਜਦੋਂ ਗਰਮੀ ਦਿਮਾਗ ਨੂੰ ਚੜ੍ਹ ਜਾਂਦੀ ਹੈ ਤਾਂ ਗੁੱਸਾ ਆਉਂਦਾ ਹੈ ਤੇ ਸਿਰਦਰਦ ਕਰਦਾ ਹੈ।”
“ਜ਼ਰਾ ਪਰਾ ਹੋ ਕੇ ਖੜਾ ਹੋ,ਕਿੰਨੀ ਮੁਸ਼ਕ ਆ ਰਹੀ ਤੇਰੇ ਤੋਂ।ਪਤਾ ਨਹੀਂ ਕਿੰਨੇ ਦਿਨਾਂ ਤੋਂ ਨਹਾਤਾ ਵੀ ਨਹੀਂ ।”ਨੱਕ ਸਿਕੋੜਦੇ ਹੋਏ ਮਾਸਟਰ ਬੋਲਿਆ ।
ਅੱਧੀ ਛੁੱਟੀ ਦੀ ਘੰਟੀ ਵੱਜ ਗਈ ਤੇ ਮਾਸਟਰ ਜਮਾਤ ਵਿੱਚੋਂ ਬਾਹਰ ਆ ਗਿਆ।
“ਸਤਿ ਸ੍ਰੀ ਆਕਾਲ ਮਾਸਟਰ ਜੀ। ਮੈ ਦੀਨੇ ਦੀ ਬੇਬੇ ਹਾਂ।”ਇੱਕ ਬਜੁਰਗ ਔਰਤ ਬੋਲੀ।
“ਰੋਟੀ ਵੀ ਨਹੀਂ ਚੈਨ ਨਾਲ ਖਾਣ ਦੇਣੀ”ਮਾਸਟਰ ਬੁੜਬੁੜਾਇਆ।
“ਅੱਧੀ ਛੁੱਟੀ ਤੋਂ ਬਾਦ ਗੱਲ ਕਰਨਾ”ਮਾਸਟਰ ਫਟਾਫਟ ਤੁਰ ਪਿਆ
“ਮਾਸਟਰ ਜੀ ਦੀਨੇ ਨੂੰ ਤੁਹਾਡੇ ਕੋਲ ਟਿਊਸ਼ਨ ਪੜ੍ਹਨ ਲਗਾਨਾ ਸੀ।ਜਿੰਨੀ ਫੀਸ ਕਹੁਗੇ ਮੈ ਦੇ ਦਵਾਂਗੀ।ਮੇਰੇ ਪੁੱਤ ਨੂੰ ਪੜਾ ਦੇਣਾ।”ਹੱਥ ਜੋੜਦੇ ਹੋਏ ਦੀਨੇ ਦੀ ਬੇਬੇ ਬੋਲੀ।
“ਟਿਊਸ਼ਨ ਲਫਜ਼ ਕੰਨਾਂ ਵਿੱਚ ਪੈਂਦੇ ਹੀ ਮਾਸਟਰ ਫਟਾਫਟ ਰੁੱਕ ਗਿਆ।”
“ਆ ਜਾਓ।ਬੈਠ ਕੇ ਗੱਲ ਕਰਦੇ। 500 ਰੁਪਏ ਫੀਸ ਦੇਣ ਦਾ ਇਕਰਾਰ ਹੋਇਆ ।”
ਸ਼ਾਮ ਨੂੰ ਦੀਨੇ ਦੀ ਬੇਬੇ ਤੇ ਦੀਨਾ ਮਾਸਟਰ ਦੇ ਘਰ ਗਏ। ਦੀਨਾ ਡਰਦਾ ਹੋਇਆ ਦਰਵਾਜ਼ੇ ਵਿੱਚ ਹੀ ਖੜ ਗਿਆ।
“ਆ ਜਾ ਪੁੱਤ ,ਅੰਦਰ ਲੰਘ ਆ।ਤੂੰ ਤਾਂ ਬਹੁਤ ਹੋਸ਼ਿਆਰ ਬੱਚਾ ਹੈ।ਜੇ ਕੁੱਝ ਨਾ ਸਮਝ ਆਇਆ ਤਾਂ ਜਿੰਨੀ ਵਾਰ ਮਰਜ਼ੀ ਪੁੱਛ ਲਈ।ਸਾਡਾ ਕੰਮ ਹੀ ਬੱਚਿਆਂ ਨੂੰ ਕੰਮ ਸਮਝਾਉਣਾ ਹੈ।
ਮਾਸਟਰ ਨੂੰ ਹੁਣ ਦੀਨਾ ਠੰਡੇ ਪਾਣੀ ਵਰਗਾ ਜਾਪ ਰਿਹਾ ਸੀ ਜਿਸ ਨੂੰ ਪੀਣ ਨਾਲ ਗਰਮੀ ਚ ਸੀਨੇ ਵਿੱਚ ਠੰਡ ਪੈਂਦੀ ਹੈ ਤੇ ਰਾਹਤ ਮਹਿਸੂਸ ਹੁੰਦੀ ਹੈ ।
ਅਭੋਲ ਦੀਨਾ ਮਾਸਟਰ ਜੀ ਦੇ ਸੁਭਾਵ ਵਿੱਚ ਅਚਾਨਕ ਆਈ ਇਸ ਤਬਦੀਲੀ ਨੂੰ ਸਮਝਣ ਵਿੱਚ ਅਸਮਰੱਥ ਸੀ।