ਕੁੜੀਆਂ ਜਦੋਂ ਪੰਜ ਕੁ ਸਾਲ ਦੀਆਂ ਹੋ ਜਾਂਦੀਆਂ ਤਾਂ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਸਨ ਅਤੇ ਨੱਚਣ ਟੱਪਣ ਕਰਦੀਆਂ ਸਨ। ਪਹਿਲੀ ਬੋਲੀ ਇਹ ਹੁੰਦੀ ਸੀ।
ਮਾਮਾ ਖੱਟੀ ਚੁੰਨੀ ਲਿਆਦੇ ਤੀਆਂ ਜ਼ੋਰ ਲੱਗੀਆਂ।
ਤੀਆਂ ਦਾ ਚਾਅ ਵਿਆਹ ਤੋਂ ਵਧਕੇ ਹੁੰਦਾ ਸੀ।
ਏਹਨਾਂ ਦਿਨਾਂ ਵਿੱਚ ਹੀ ਗੁੱਡੀ ਫੂਕਣੀ ਜਾਂ ਮੀਂਹ ਪਵਾਉਣ ਵਾਸਤੇ ਕੁੱਤਿਆਂ ਨੂੰ ਰੋਟੀਆਂ ਪਾਉਣੀਆਂ ਵਰਗੇ ਕੰਮ ਕੀਤੇ ਜਾਂਦੇ ਸਨ।
ਤੀਆਂ ਕੇਵਲ ਨੱਚਣ ਟੱਪਣ ਲਈ ਹੀ ਨਹੀਂ ਹੁੰਦੀਆਂ ਸਨ। ਸਗੋਂ ਹਰ ਕੁਆਰੀ ਵਿਆਹੀ ਕੁੜੀ ਏਥੇ ਆਪਣੇ ਮਨ ਦੇ ਵਲਵਲੇ ਜ਼ਾਹਰ ਕਰਦੀ ਸੀ।
ਕੋਈ ਸੱਸ ਤੋਂ ਦੁਖੀ ਕੋਈ ਛੜੇ ਜੇਠ ਤੋਂ ਘੁੰਢ ਕੱਢਣ ਦੇ ਝੰਜਟ ਤੋਂ ਦੁਖੀ ਆਪਣੇ ਮਨ ਦੀ ਗੱਲ ਕਰਦੀ ਸੀ।
ਭੈਣ ਭਰਾਵਾਂ ਦਾ ਪਿਆਰ
ਮਾਂ ਧੀ ਦਾ ਪਿਆਰ
ਚਰਖਾ ਤ੍ਰਿੰਝਣ ਬੋਤਾ ਦਿਉਰ ਜੇਠ ਸੱਸ ਵਰਗੇ ਦਰਜਨਾਂ ਵਿਸ਼ੇ ਛੋਹੇ ਜਾਂਦੇ ਸਨ।
ਤਾਹਨੇ ਵੀ ਚਲਦੇ ਸਨ।
ਤੈਨੂੰ ਤੀਆਂ ਨੂੰ ਲੈਣ ਨਾ ਆਏ ਬਹੁਤਿਆਂ ਭਰਾਵਾਂ ਵਾਲੀਏ।
ਇਸ ਤੋਂ ਬਿਨਾਂ ਖੇਤੀ ਮੌਸਮ ਖਾਣ-ਪੀਣ ਪਹਿਨਣ ਸਬੰਧੀ ਆਪੋ ਆਪਣੀ ਗੱਲ ਬੋਲੀਆਂ ਰਾਹੀਂ ਰੱਖਦੀਆਂ ਸਨ।
ਕੋਈ ਫੌਜੀ ਢੋਲ ਦੀ ਛੁੱਟੀ ਆਉਣ ਦੀ ਗੱਲ ਕਰਦੀ ਸੀ।
ਇਸ ਸਭ ਕੁੱਝ ਦੇ ਬਾਵਜੂਦ ਮਰਯਾਦਾ ਦਾ ਪੂਰਾ ਖਿਆਲ ਰੱਖਿਆ ਜਾਂਦਾ ਸੀ।ਜੇਕਰ ਕੋਈ ਆਦਮੀ ਨੇੜਿਉਂ ਲੰਘਦੇ ਜਾਂ ਅਵਾਜ਼ ਓਹਨਾਂ ਤੱਕ ਪਹੁੰਚ ਰਹੀ ਹੁੰਦੀ ਤਾਂ ਕੋਈ ਸਿਆਣੀ ਝੱਟ ਬੋਲੀ ਪਾ ਕੇ ਸੁਚੇਤ ਕਰ ਦਿੰਦੀ।
ਵੀਰ ਸੁਣਦੇ ਦਾਹੜੀਆਂ ਵਾਲੇ
ਚੰਗੇ ਚੰਗੇ ਬਚਨ ਕਰੋ।
ਸਮੇਂ ਦੇ ਗੇੜ ਨਾਲ ਜਿੱਥੇ ਚਰਖ਼ੇ ਬੋਤੇ ਪੀਂਘਾਂ ਗੁੱਡੀਆਂ ਪਟੋਲੇ ਖ਼ਤਮ ਕੀਤੇ ਓਥੇ ਤੀਆਂ ਦਾ ਵੀ ਭੋਗ ਪਾ ਦਿੱਤਾ।
ਅੱਜ ਦੀਆਂ ਤੀਆਂ ਬਰੋਟਿਆਂ ਹੇਠ ਨਹੀਂ ਕਿਸੇ ਕਾਲਜ਼ ਜਾਂ ਪੈਲਸ ਦੀ ਸਟੇਜ ਤੇ ਲੱਗਦੀਆਂ ਹਨ ਜਿਸ ਦੀ ਰਿਕਾਰਡਿੰਗ ਵੀ ਕੀਤੀ ਜਾਂਦੀ ਹੈ।
ਇਹਨਾਂ ਤੀਆਂ ਵਿੱਚ ਧੀਆਂ ਧਿਆਣੀਆਂ ਨਹੀਂ ਹੁੰਦੀਆਂ ਬਿਊਟੀ ਪਾਰਲਰ ਚੋਂ ਤਿਆਰ ਹੋ ਕੇ ਆਈਆਂ ਬੀਬੀਆਂ ਹੁੰਦੀਆਂ ਹਨ।
ਸਾਡਾ ਵਿਕਾਸ ਜਿੱਥੇ ਸਾਨੂੰ ਕਾਫੀ ਸਹੂਲਤਾਂ ਉਪਲਬਧ ਕਰਵਾ ਗਿਆ ਓਥੇ ਸਾਡਾ ਸਭਿਆਚਾਰ ਵੀ ਤਬਾਹ ਕਰਨ ਚ ਕੋਈ ਕਸਰ ਨਹੀਂ ਛੱਡੀ।
ਚਲੋ ਸਮੇਂ ਦੇ ਨਾਲ-ਨਾਲ ਚੱਲੀਏ।
ਵਰ੍ਹੇ ਦਿਨਾਂ ਨੂੰ ਫੇਰ ਤੀਆਂ ਤੀਜ ਦੀਆਂ।
ਨਰ ਸਿੰਘ ਫਾਜ਼ਿਲਕਾ
10-7-2023