ਸੱਚੀਆਂ ਰੂਹਾਂ ਦਾ ਜੇ ਮੇਲ ਹੋ ਜਾਵੇ ਤਾਂ ਰਿਸ਼ਤੇ ਵੀ ਅਜ਼ਲਾਂ ਤੀਕ ਨਿਭ ਜਾਂਦੇ ਹਨ,ਤੇ ਜੇ ਕਿਧਰੇ ਸੋਚ ਦੇ ਫ਼ਾਸਲੇ ਰਹਿ ਜਾਣ ਫੇਰ ਵਿਆਹ ਦੇ ਬੰਧਨ ਵਿੱਚ ਬੱਝ ਕੇ ਵੀ ਦਿਲ ਦੂਰ ਹੀ ਰਹਿ ਜਾਂਦੇ ਹਨ |ਰੂਹਾਂ ਦੇ ਮੇਲ,ਇਹ ਨਹੀਂ ਕਿ ਸਿਰਫ ਪਤੀ ਪਤਨੀ ਹੀ ਹੰਢਾਉਂਦੇ ਹਨ,ਸਗੋਂ ਹਰ ਇੱਕ ਰਿਸ਼ਤਾ,ਜਿੱਥੇ ਤੁਸੀ ਇੱਕ ਦੂਜੇ ਨੂੰ ਬਾ- ਖੂਬੀ ਜਾਣਦੇ ਹੋ,ਸਮਝਦੇ ਹੋ ਅਤੇ ਹਮ -ਖਿਆਲ ਹੁੰਦੇ ਹੋ,ਜਿੱਥੇ ਜਿੱਥੇ ਵੀ ਇੱਕ ਦੂਜੇ ਤੇ ਰੱਬ ਵਰਗਾ ਵਿਸ਼ਵਾਸ ਹੋਵੇ,ਇਹ ਯਕੀਨ ਹੋਵੇ ਕਿ ਭਾਵੇਂ ਸਾਰੀ ਦੁਨੀਆਂ ਮੇਰੇ ਖ਼ਿਲਾਫ਼ ਹੋ ਜਾਵੇ ਪਰ ਮੇਰਾ ਇਹ ਸਾਥੀ ਕਦੇ ਵੀ ਮੇਰੇ ਤੇ ਬੇ -ਭਰੋਸਗੀ ਨਹੀਂ ਕਰੇਗਾ ;ਯਕੀਨਨ ਹੀ ਅਜਿਹੇ ਦੋ ਇਨਸਾਨ ਸੱਚਮੁੱਚ ਰੂਹਾਂ ਦੇ ਹਾਣੀ ਹੀ ਹੋਣਗੇ |ਰਿਸ਼ਤਾ ਕੋਈ ਵੀ ਹੋਵੇ,ਪਤੀ -ਪਤਨੀ ਦਾ,ਮਾਪੇ -ਔਲਾਦ ਦਾ,ਭੈਣ -ਭਰਾ ਜਾਂ ਫਿਰ ਦੋਸਤੀ ਦਾ,ਸੱਚ ਜਾਣਿਓ ਜੇ ਇੱਕ ਦੂਜੇ ਪ੍ਰਤੀ ਆਪਾ ਨਿਛਾਵਰ ਕਰਨ ਦੀ ਭਾਵਨਾ ਦੋਹਾਂ ਪਾਸਿਓਂ ਬਰਾਬਰ ਹੈ ਤਾਂ ਅਜਿਹਾ ਰਿਸ਼ਤਾ ਸੱਚਮੁੱਚ ਹੀ ਇੱਕ ਦੂਜੇ ਦੀ ਰੂਹ ਦੇ ਮੇਚ ਦਾ ਹੈ,ਐਸਾ ਰਿਸ਼ਤਾ ਹੀ ਰੂਹਾਂ ਦਾ ਹਾਣੀ ਬਣ ਸਾਰੀ ਉਮਰ ਸਾਥ ਨਿਭਾ ਜਾਂਦਾ ਹੈ |ਅਸੀਂ ਆਪਣੇ ਆਲੇ ਦੁਆਲੇ ਕਈ ਦੋਸਤਾਂ ਦੀ ਬਚਪਨ ਦੀ ਯਾਰੀ ਬੁਢਾਪੇ ਤੱਕ ਨਿਭਦੀ ਦੇਖਦੇ ਹਾਂ,ਨਿਰਸੰਦੇਹ ਇਹ ਦੋਸਤ ਸੱਚੇ ਰੂਹਾਂ ਦੇ ਹਾਣੀ ਬਣ ਨਿੱਬੜਦੇ ਹਨ |
ਪਤੀ ਪਤਨੀ ਦਾ ਰਿਸ਼ਤਾ ਮਰਦ ਅਤੇ ਔਰਤ ਦੇ ਸਾਰੇ ਰਿਸ਼ਤਿਆਂ ਵਿੱਚੋਂ ਸਭ ਤੋਂ ਲੰਮੀ ਉਮਰ ਹੰਢਾਉਂਦਾ ਹੈ,ਜੇ ਇਸ ਰਿਸ਼ਤੇ ਵਿੱਚ ਦੋਵੇਂ ਆਪਸੀ ਸਮਝ ਤੇ ਵਿਸ਼ਵਾਸ ਤੋਂ ਸੱਖਣੇ ਰਹਿ ਜਾਣ,ਜੇ ਕਿਤੇ ਪਤੀ ਪਤਨੀ ਦੀ ਸੋਚ ਅੱਡ ਅੱਡ ਰਹਿ ਜਾਵੇ ਤਾਂ ਪਤੀ ਪਤਨੀ ਦੋਵਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਤੇ ਅੱਜਕਲ੍ਹ ਵਿਆਹ ਉਪਰੰਤ ਤਲਾਕ ਦੇ ਵਧਦੇ ਕੇਸ ਇਸੇ ਸੋਚ ਦੇ ਵਖਰੇਵੇਂ ਤੋਂ ਹੀ ਪੈਦਾ ਹੁੰਦੇ ਹਨ |ਪਰ ਦੂਜੇ ਪਾਸੇ ਜਦੋਂ ਪਤੀ ਪਤਨੀ ਦੇ ਆਪਸੀ ਰਿਸ਼ਤੇ ਵਿੱਚ ਆਪਸੀ ਪਿਆਰ ,ਸਹਿਚਾਰ,ਇੱਕ ਦੂਜੇ ਦੀ ਕਦਰ,ਦੁੱਖ ਸੁੱਖ ਵਿੱਚ ਸਾਥ ਅਤੇ ਇੱਕ ਦੂਜੇ ਪ੍ਰਤੀ ਸਮਰਪਣ ਦੀ ਭਾਵਨਾ ਦੋਵੇਂ ਪਾਸੇ ਇੱਕੋ ਜਿਹੀ ਹੋਵੇ,ਤਾਹਨੇ ਮਿਹਣਿਆਂ ਦੀ ਥਾਂ ਇੱਕ ਦੂਜੇ ਦੀ ਮਜਬੂਰੀ ਸਮਝਣ ਦੀ ਤਾਂਘ ਹੋਵੇ ਤਾਂ ਉਸ ਜੋੜੇ ਅੰਦਰ ਇੱਕ ਦੂਜੇ ਪ੍ਰਤੀ ਸਦੀਵੀ ਪਿਆਰ ਬੁਢਾਪੇ ਤੱਕ ਬਣਿਆ ਰਹੇਗਾ,ਇੱਕ ਦੂਜੇ ਤੋਂ ਦੂਰ ਹੋਣਾ ਦੋਵਾਂ ਲਈ ਨਾ-ਮੁਮਕਿਨ ਹੋਵੇਗਾ,ਦੋਵੇਂ ਇੱਕ ਜਿੰਦ -ਇੱਕ ਜਾਨ ਹੋਣਗੇ ਤੇ ਫੇਰ ਅਜਿਹੇ ਪਤੀ ਪਤਨੀ ਸੱਚੇ ਰੂਹਾਂ ਦੇ ਹਾਣੀ ਬਣ ਕੇ ਜ਼ਿੰਦਗੀ ਵਿੱਚ ਆਉਂਦੀਆਂ ਸਾਰੀਆਂ ਦੁੱਖ ਤਕਲੀਫ਼ਾਂ ਨੂੰ ਰਲ ਮਿਲ ਕੇ ਸਹਿ ਵੀ ਲੈਣਗੇ ਤੇ ਜ਼ਿੰਦਗੀ ਨੂੰ ਮੁੜ ਖੁਸ਼ੀਆਂ ਦੇ ਰਸਤੇ ਵੀ ਪਾ ਲੈਣਗੇ |
ਬੀਨਾ ਬਾਵਾ,ਲੁਧਿਆਣਾ |