ਆਪਣੇ ਸਕੂਲ ਵਾਲੇ ਮਾਸਟਰ ਸਾਧੂ ਸਿੰਘ ਨੂੰ ਪੂਰੇ ਹੋਇਆਂ ਕਈ ਦਿਨ ਹੋ ਗਏ ਸਨ। ਮੇਰੇ ਤੋਂ ਉਹਨਾਂ ਦੇ ਘਰ ਅਫ਼ਸੋਸ ਕਰਨ ਨਹੀਂ ਸੀ ਜਾ ਹੋਇਆ। ਇਸੇ ਲਈ ਅੱਜ ਛੁੱਟੀ ਦਾ ਲਾਹਾ ਲੈਂਦਿਆਂ ਮੈਂ ਉਹਨਾਂ ਦੇ ਘਰ ਵੇਲੇ ਸਿਰ ਹੀ ਜਾ ਪਹੁੰਚਿਆ ਸਾਂ। ਮੇਰੇ ਲਈ ਇਹ ਕੋਈ ਓਪਰੀ ਥਾਂ ਨਹੀਂ ਸੀ। ਮਾਸਟਰ ਜੀ ਜਦੋਂ ਦੇ ਪਿੰਡ ਛਡ ਕੇ ਸ਼ਹਿਰ ਆ ਗਏ ਸਨ ਮੈਂ ਅਕਸਰ ਉਹਨਾਂ ਨੂੰ ਮਿਲਣ ਆ ਜਾਇਆ ਕਰਦਾ ਸਾਂ।
ਮਾਸਟਰ ਜੀ ਦਾ ਆਰਕੀਟੈਕਟ ਲੜਕਾ ਬੜੇ ਅਦਬ ਨਾਲ ਮਿਲਿਆ ਸੀ ਅੱਗਿਉਂ ਤੇ ਮੈਨੂੰ ਸੋਫ਼ੇ ਤੇ ਬਿਠਾ ਕੇ ਆਪ ਕਿਸੇ ਕੰਮ ਲਈ ਅੰਦਰ ਗਿਆ ਸੀ। ਮਾਸਟਰ ਸਾਧੂ ਸਿੰਘ ਕੰਧ ਨਾਲ ਟੰਗੀ ਤਸਵੀਰ ਦੇ ਫਰੇਮ ਅੰਦਰ ਬੈਠੇ ਮੇਰੇ ਸਾਹਮਣੇ ਸਨ। ਖੁੱਲ੍ਹਾ ਦਰਸ਼ਨੀ ਦਾਹੜਾ, ਸਵਾਰ ਕੇ ਬੰਨੀ ਪੱਗ, ਸਾਦੇ ਜਿਹੇ ਫਰੇਮ ਦੀ ਮੋਟੇ ਸ਼ੀਸ਼ਿਆਂ ਵਾਲੀ ਐਨਕ।ਸਾਂਤ ਚਿਹਰਾ ਕਿਸੇ ਦਰਵੇਸ਼ ਪੁਰਸ਼ ਵਾਂਗ। ਇੰਜ ਹੀ ਉਹਨਾਂ ਨੂੰ ਜਮਾਤ ਵਿਚ ਕੁਰਸੀ ‘ਤੇ ਬੈਠਿਆਂ ਵੇਖਦੇ ਹੁੰਦੇ ਸਾਂ ।ਨਾਲ ਦੇ ਪਿੰਡ ਤੋਂ ਸਾਈਕਲ ਤੇ ਆਇਆ ਕਰਦੇ ਸਨ ਮਾਸਟਰ ਜੀ। ਮੈਂ ਕੱਚੀ ਪੱਕੀ ਤੋਂ ਲੈ ਕੇ ਪੰਜਵੀਂ ਜਮਾਤ ਤੀਕ ਇਹਨਾਂ ਤੋਂ ਹੀ ਪੜ੍ਹਿਆਂ ਸਾਂ। ਉਹਨਾਂ ਕੋਲ ਤਰੀਕਾ ਵੀ ਸੀ ਤੇ ਸਲੀਕਾ ਵੀ, ਆਪ ਦੀ ਗੱਲ ਅਗਲੇ ਨੂੰ ਸਮਝਾਉਣ ਦਾ। ਉਹ ਆਪਣੇ ਹੱਥੀਂ ਕਾਨੇ ਦੀਆਂ ਕਲਮਾਂ ਘੜ-ਘੜ ਕੇ ਦਿੰਦੇ। ਦੂਧੀਆ ਗਾਚਨੀ ਨਾਲ ਪੋਚੀ ਫੱਟੀ ਉੱਤੇ ਪੂਰਨੇ ਪਾਉਂਦੇ। ਊੜੇ ਨਾਲ ਊਠ ਅਤੇ ਐੜੇ ਨਾਲ ਅਨਾਰ ਕਹਿਣ ਅਤੇ ਸਮਝਣ ਦੀ ਜੁਗਤ ਮਾਸਟਰ ਜੀ ਨੇ ਹੀ ਛੋਟੇ ਹੁੰਦਿਆਂ ਨੂੰ ਸਮਝਾਈ ਸੀ। ਸਕੂਲ ਵਿਚ ਉਹ ਵੱਡੇ ਮਾਸਟਰ ਜੀ ਸਨ।ਭਾਵੇਂ ਉਹ ਜਮਾਤ ਵਿਚ ਬੈਠੇ ਪੜ੍ਹਾ ਰਹੇ ਹੁੰਦੇ ਜਾਂ ਫਿਰ ਸਕੂਲ ਦੀ ਗਰਾਊਂਡ ਵਿਚ ਬੱਚਿਆਂ ਨੂੰ ਨਿੱਕੀਆਂ-ਨਿੱਕੀਆਂ ਖੇਡਾਂ ਖਿਡਾ ਰਹੇ ਹੁੰਦੇ। ਉਹਨਾਂ ਦਾ ਸਾਰਾ ਦਿਨ ਬਚਿਆਂ ਦੇ ਅੰਗ ਸੰਗ ਹੀ ਗੁਜਰਦਾ। ਸਾਰੀ ਛੁੱਟੀ ਵੇਲੇ ਤਾਂ ਉਹ ਨਿਆਣਿਆਂ ਦੀ ਪਾਲ ਵਿਚ ਖਲੋ ਕੇ
“ਇਕ ਦੂਣੀ ਦੂਣੀ
ਦੋ ਦੂਣੀ ਚਾਰ ”
ਵਾਲੀ ਮੁਹਾਰਨੀ ਉੱਚੀ -ਉੱਚੀ ਬੋਲਦਿਆਂ ਨਿਆਣਿਆਂ ਦੇ ਹਾਣੀ ਲੱਗਿਆ ਕਰਦੇ ਸਨ।
ਮਾਸਟਰ ਜੀ ਦਾ ਲੜਕਾ ਮੇਰੇ ਸਾਹਮਣੇ ਆਣ ਬੈਠਾ ਸੀ। ਮੈਂ ਚਾਹੁੰਦਾ ਸਾਂ ਉਹ ਮਾਸਟਰ ਜੀ ਦੀਆਂ ਨਿੱਕੀਆਂ-ਨਿੱਕੀਆਂ ਗੱਲਾਂ ਕਰੇ, ਉਹਨਾਂ ਦੀ ਜੀਵਨ ਸ਼ੈਲੀ ਦੀਆਂ, ਉਹਨਾਂ ਦੇ ਕਾਰ ਵਿਹਾਰ ਦੀਆਂ ਅਤੇ ਪਰਿਵਾਰ ਨੂੰ ਬੁਲੰਦੀਆਂ ਤੇ ਪਹੁੰਚਾਉਣ ਦੀਆਂ।
‘ ਇਸੇ ਲਈ ਮੈਂ ਗੱਲ ਛੇੜਨ ਬਹਾਨੇ ਪੁਛਿਆ ਸੀ ਕਿ “ਵੀਰ ਜੀ, ਮਾਸਟਰ ਜੀ ਫਿਰ ਢਿੱਲੇ-ਮੱਠੇ ਹੋ ਗਏ ਸਨ?’
‘ਨਹੀਂ ,ਢਿੱਲ -ਮੱਠ ਤਾਂ ਖਾਸ ਕੋਈ ਨਹੀਂ, ਐਵੇਂ ਛੋਟੀ ਮੋਟੀ ਬੇਚੈਨੀ ਜਿਹੀ ਮਹਿਸੂਸ ਕਰਦੇ ਸਨ ਕਦੀ ਕਦੀ । ਬਸ ਦਿਨਾਂ ‘ਚ ਹੀ ਹੌਲੀ-ਹੌਲੀ ਕਮਜ਼ੋਰ ਹੋ ਗਏ। ਭਾ ਜੀ ਸੱਚੀ ਗੱਲ ਜੇ ਡਾਕਟਰਾਂ ਨੂੰ ਵੀ ਸਮਝ ਨਹੀਂ ਜੇ ਲੱਗੀ, ਉਹਨਾਂ ਅੰਦਰਲੀ ਅਹੁਰ ਦੀ।’ ਕਹਿੰਦਿਆਂ ਮੁੰਡਾ ਪੈਰਾਂ ਵੱਲ ਝਾਕਣ ਲੱਗਿਆ ਸੀ।
‘ਕਿੰਨੀ ਕੁ ਉਮਰ ਸੀ ਮਾਸਟਰ ਜੀ ਦੀ?’ ਮੇਰੇ ਪੁੱਛਣ ਤੇ ਮੁੰਡਾ ਧੌਣ ਉਪਰ ਚੁੱਕਦਿਆਂ ਸਾਹਮਣੇ ਕੰਧ ਨਾਲ ਟੰਗੀ ਮਾਸਟਰ ਜੀ ਦੀ ਤਸਵੀਰ ਹੇਠ ਲਿਖੇ ਜਨਮ ਤੇ ਮੌਤ ਦੇ ਸਾਲਾਂ ਨੂੰ ਵੇਖਣ ਲੱਗਿਆ। ਮਨ ਹੀ ਮਨ ਵਿਚ ਗਿਣਤੀਆਂ ਮਿਣਤੀਆਂ ਦਾ ਹਿਸਾਬ- ਕਿਤਾਬ ਜਿਹਾ ਲਾ ਕੇ ਕਿਸੇ ਨਤੀਜੇ ਤੇ ਪਹੁੰਚਦਿਆਂ ਉਸ ਦਸਿਆ ਕਿ ‘ਸੈਵਨਟੀ ਪਲੱਸ ਹੀ ਸਨ।’
ਮੈਂ ਕਿਹਾ, ‘ਬੜਾ ਆਸਰਾ ਸੀ ਤੁਹਾਨੂੰ ਉਹਨਾਂ ਦਾ।’ ਸਿਆਣਾ ਬੰਦਾ ਤਾਂ ਘਰ ‘ਚ ਬੈਠਾ ਹੀ ਹੋਵੇ ਤਾਂ ਘਰ ਦੀ ਚਿੰਤਾ ਮੁੱਕੀ ਰਹਿੰਦੀ ਹੈ ।
ਮੁੰਡਾ ਅੱਗਿਓਂ ਮਾਸਟਰ ਜੀ ਦੀਆਂ ਹੋਰ ਨਿੱਕੀਆਂ-ਨਿੱਕੀਆਂ ਗੱਲਾਂ ਦੱਸਣ ਲੱਗਿਆ। ਰਿਟਾਇਰਮੈਂਟ ਤੋਂ ਬਾਅਦ ਦੀਆਂ ਗੱਲਾਂ । ਪਿੰਡ ਤੋਂ ਸ਼ਹਿਰ ਆਉਣ ਦੀਆਂ ਗੱਲਾਂ। ਮੈਂ ਉਸ ਨੂੰ ਗਹੁ ਨਾਲ ਸੁਣ ਰਿਹਾ ਸਾਂ, ਬਗੈਰ ਕੋਈ ਹਿਲਜੁਲ ਕੀਤਿਆਂ। ਮੈਂ ਆਪ ਚਾਹੁੰਦਾ ਸਾਂ ਕਿ ਮੁੰਡਾ ਉਹਨਾਂ ਬਾਰੇ ਹੋਰ ਗੱਲਾਂ ਬਾਤਾਂ ਕਰੇ। ਗੱਲਾਂ ਦੱਸਦਿਆਂ-ਦੱਸਦਿਆਂ ਮੁੰਡਾ ਕਹਿੰਦਾ
‘ਭਾ ਜੀ, ਉਂਜ ਭਾਪਾ ਜੀ ਹੱਥੋਂ ਅਸੀਂ ਪਰੇਸ਼ਾਨ ਵੀ ਬੜੇ ਸਾਂ।’
ਮੈਂ ਹੈਰਾਨੀ ਜਿਹੀ ‘ਚ ਕਦੀ ਸਾਹਮਣੇ ਬੈਠੇ ਮੁੰਡੇ ਵੱਲ ਤੇ ਕਦੀ ਕੰਧ ਨਾਲ ਟੰਗੀ ਮਾਸਟਰ ਜੀ ਦੀ ਤਸਵੀਰ ਵੱਲ ਸਵਾਲੀਆ ਜਿਹੀ ਨਜ਼ਰੇ ਝਾਕਦਾਂ। ਮੇਰੇ ਅੰਦਰਲੀ ਦੁਬਿਧਾ ਨੂੰ ਭਾਂਪਦਿਆਂ ਮੁੰਡਾ ਕਹਿੰਦਾ “ਭਾ ਜੀ, ਅਸੀਂ ਭਾਪਾ ਜੀ ਦੀ ਸਿਹਤ ਦਾ ਆਪਣੇ ਵਲੋਂ ਹਰ ਤਰ੍ਹਾਂ ਦਾ ਖ਼ਿਆਲ ਰੱਖਦੇ ਸਾਂ। ਵਾਈਫ਼ ਮੇਰੀ ਰੁਟੀਨ ਨਾਲ ਦਹੀਂ, ਦਾਲ-ਸਬਜ਼ੀ, ਆਚਾਰ ਅਤੇ ਤਾਜ਼ਾ ਫੁਲਕਾ ਭਾਪਾ ਜੀ ਨੂੰ ਫੜਾ ਕੇ ਆਉਂਦੀ। ਭਾਪਾ ਜੀ ਪਹਿਲਾਂ ਥਾਲ਼ੀ ਵਿਚ ਪਈਆਂ ਕੌਲੀਆਂ ਵਿਚਲੀਆਂ ਸਬਜ਼ੀਆਂ ਨੂੰ ਚਮਚੇ ਨਾਲ ਖ਼ਤਮ ਕਰਦੇ, ਫਿਰ ਰੋਟੀ ਤੇ ਚੰਗੀ ਤਰ੍ਹਾਂ ਆਚਾਰ ਘਸਾ ਕੇ, ਉਹਦੀ ਪੂਣੀ ਜਿਹੀ ਬਣਾਉਂਦੇ ਤੇ ਫਿਰ ਨਿਆਣਿਆਂ ਵਾਂਗ ਚੱਕ ਮਾਰਦੇ ਮਾਰਦੇ ਬਾਹਰਲੇ ਗੇਟ ‘ਚ ਜਾ ਖਲੋਂਦੇ।ਕੋਈ ਦੁੱਧ ਵਾਲਾ ਅਖਬਾਰ ਵਾਲਾ, ਫ਼ੇਰੀ ਵਾਲਾ,ਪ੍ਰੈਸ ਵਾਲਾ ਜਿਹੜਾ ਵੀ ਨਜ਼ਰੀਂ ਪੈਂਦਾ, ਉਹਨੂੰ ਆਵਾਜ਼ ਮਾਰ ਕੇ ਗੱਲੀਂ ਜੁਟ ਜਾਂਦੇ। ਸਾਨੂੰ ਭਾ ਜੀ ਬੜੀ ਨਮੋਸ਼ੀ ਆਉਂਣੀ। ਸ਼ਹਿਰਦਾਰੀ ਐ। ਆਂਢ-ਗੁਆਂਢ ਕੀ ਸੋਚਦਾ ਹੋਊ, ਸਿਆਣੇ ਬੰਦੇ ਨੂੰ ਰੋਟੀ ਖਵਾਉਣ ਦਾ ਚੱਜ ਨਹੀਂ ਇਹਨਾਂ ਨੂੰ।’
ਬਗੈਰ ਮੇਰਾ ਹੁੰਗਾਰਾ ਉਡੀਕੇ ਮੁੰਡੇ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, ‘ਭਾ ਜੀ ਹੋਰ ਸੁਣੋ!’ ਉਹ ਅੰਦਰੋਂ ਨੱਕੋ-ਨੱਕ ਭਰਿਆ ਲਗਦਾ ਸੀ। ਉਹ ਸਿੱਧਾ ਮੇਰੀਆਂ ਅੱਖਾਂ ‘ਚ ਝਾਕ ਰਿਹਾ ਸੀ ਤੇ ਛੋਹੀ ਲੜੀ ਟੁੱਟਣ ਨਹੀਂ ਸੀ ਦੇ ਰਿਹਾ ।
ਕਹਿੰਦਾ ‘ਭਾ ਜੀ, ਸਫ਼ਾਈ ਵਾਲੀ ਬੀਬੀ ਆਉਂਦੀ ਆ ਘਰੇ। ਪਿੱਛੋਂ ਕਿਤੇ ਯੂ.ਪੀ. ਬਿਹਾਰ ਦੀ ਐ। ਉਹਦੇ ਕੋਲ ਸਾਲ ਕੁ ਦਾ ਉਹਦਾ ਬੱਚਾ ਹੁੰਦਾ ਜਿਸ ਨੂੰ ਉਹ ਪੋਰਚ ਵਿਚ ਬਿਠਾ ਕੇ ਆਪ ਕੰਮ- ਕਾਜ ਕਰਦੀ ਐ। ਭਾਪਾ ਜੀ ਅੱਖ ਬਚਾ ਕੇ ਬੱਚੇ ਨੂੰ ਚੁੱਕ ਲੈਂਦੇ, ਉਹਦਾ ਮੂੰਹ ਸਿਰ ਚੁੰਮਦੇ। ਕਦੀ ਆਹ ਸੋਫ਼ੇ ‘ਤੇ ਲੇਟ ਕੇ ਬੱਚੇ ਨੂੰ ਪਿੰਨੀਆਂ ‘ਤੇ ਲਿਟਾ ਕੇ ਝੂਟੇ-ਮਾਟੇ ਕਰਨ ਲਗਦੇ। ਨਿਆਣਿਆਂ ਵਾਂਗ ਕੰਨਾਂ ਮੁੰਨਾ ਕੁਰਰਰਰ….ਕਰਦਿਆਂ ਭਾ ਜੀ, ਬੱਚੇ ਦੇ ਨਾਲ ਹੀ ਖਿੜ -ਖਿੜ ਹੱਸਣ ਲੱਗ ਜਾਂਦੇ।
ਮੈਂ ਉਹਦੀਆਂ ਗੱਲਾਂ ਦੀ ਲੜੀ ਤੋੜਨੀ ਚਾਹੁੰਦਾ ਸਾਂ। ਇਸੇ ਲਈ ਮੈਂ ਵਿਚਾਲਿਓਂ ਟੋਕਦਿਆਂ ਪੁੱਛਿਆ ਸੀ, ‘ਵੀਰ ਜੀ, ਜਦੋਂ ਮਾਸਟਰ ਜੀ ਉਸ ਯੂ. ਪੀ.ਬਿਹਾਰ ਵਾਲੀ ਬੀਬੀ ਦੇ ਬੱਚੇ ਨਾਲ ਖੇਡਦੇ ਹੁੰਦੇ ਸੀ, ਉਦੋਂ ਤੁਹਾਡੇ ਬੱਚੇ ਕਿੱਥੇ ਹੁੰਦੇ ਸੀ?’
‘ਲਓ ਭਾ ਜੀ, ਤੁਹਾਨੂੰ ਤਾਂ ਆਪ ਪਤੈ ਸ਼ਹਿਰ ਦੀਆਂ ਪੜ੍ਹਾਈਆਂ ਲਿਖਾਈਆਂ ਦਾ। ਸਕੂਲ ਦੀ ਵੈਨ ਸਵੇਰੇ ਛੇ ਵਜੇ ਆਣ ਹਾਰਨ ਮਾਰਦੀ ਐ। ਫਿਰ ਘਰ ਆ ਕੇ ਵੀ ਬੱਚਿਆਂ ਟਿਊਸ਼ਨ ‘ਤੇ ਜਾਣਾ ਹੁੰਦਾ। ਹੋਮ ਵਰਕ ਹੀ ਏਨਾ ਹੁੰਦਾ ਕਿ ਪੁੱਛੋ ਹੀ ਨਾ। ਹੁਣ ਬੱਚਿਆਂ ਕੋਲ ਟਾਈਮ ਈ ਕਿਥੇ ਹੁੰਦਾ ਇਹੋ ਜਿਹੇ ਕੰਮਾਂ ਲਈ ।’
ਮੈਂ ਡੁਬ -ਡਬਾਉਂਦੀਆਂ ਅੱਖਾਂ ਨਾਲ ਮਾਸਟਰ ਜੀ ਦੀ ਫ਼ੋਟੋ ਨੂੰ ਮੁੜ ਨਿਹਾਰਦਾਂ। ਸ਼ਾਂਤ ਚਿੱਤ ਬੈਠੇ ਐ, ਰਿਸ਼ੀਆਂ ਵਾਂਗ। ਕੋਈ ਗਿਲਾ ਨਹੀਂ, ਕੋਈ ਸ਼ਿਕਵਾ ਨਹੀਂ। ਮੈਨੂੰ ਲਗਦੈ ਜਿਵੇਂ ਘਰ ਅਤੇ ਸਕੂਲ ਦੇ ਸਾਰੇ ਹੀ ਬੱਚੇ ਕਿਤੇ ਲੰਮੀਆਂ ਛੁੱਟੀਆਂ ਤੇ ਚਲੇ ਗਏ ਹੋਣ ਤੇ ਮਾਸਟਰ ਜੀ ਕੰਧ ਨਾਲ ਟੰਗੀ ਫੋਟੋ ਦੇ ਫਰੇਮ ਅੰਦਰ ਬੈਠਿਆਂ ਵੀ ਅਖਾਂ ਵਿਛਾਈ ਉਹਨਾਂ ਰੌਣਕਾਂ ਦੇ ਪਰਤ ਆਉਣ ਦੀ ਉਡੀਕ ‘ਚ ਹੋਣ।
ਦੀਪ ਦੇਵਿੰਦਰ ਸਿੰਘ
9872165707