ਮੀੰਹ ਦਾ ਪਾਣੀ ਵਾਰ ਵਾਰ ਅੰਦਰ ਆ ਰਿਹਾ ਸੀ ਜਿਸ ਕਰਕੇ ਪੂਰਾ ਪਰਿਵਾਰ ਹੀ ਜਾਗ ਰਿਹਾ ਸੀ।ਮਾਂ ਕਦੇ ਕਿਸੇ ਨੂੰ ਝੱਲ ਮਾਰੇ ਤੇ ਕਦੇ ਕਿਸੇ ਨੂੰ।ਪਰ ਮੱਛਰ ਨੇ ਲੜ ਲੜ ਕੇ ਧੱਫੜ ਪਾ ਦਿੱਤੇ ਸੀ ।ਦਾਦਾ -ਦਾਦੀ ,ਨਿੱਕਾ ਕੰਵਲ ਤੇ ਮੰਮੀ ਪਾਪਾ ਵੀ ਜਾਗਦੇ ਹੀ ਰਹੇ ਸਾਰੀ ਰਾਤ।ਦਿਨ ਚੜ੍ਹਨੇ ਵਿੱਚ ਵੀ ਬਹੁਤ ਦੇਰ ਸੀ । ਕਿਸ ਉੱਤੇ ਗਿੱਲਾ ਕੀਤਾ ਜਾਵੇ ।ਰੱਬ ਤਾਂ ਸਾਹਮਣੇ ਦਿਖਾਈ ਹੀ ਨਹੀਂ ਦਿੰਦਾ। ਵਾਛੜ ਨਾਲ ਘਰ ਦਾ ਸਾਰਾ ਸਮਾਨ ਸਿੱਲ੍ਹਾ ਹੋ ਗਿਆ ਸੀ।ਸਵੇਰੇ ਰਸੋਈ ਦਾ ਕੰਮ ਕਰਨ ਲਈ ਅੱਗ ਬਾਲਣ ਦਾ ਸਮਾਨ ਵੀ ਗਿੱਲਾ ਹੋ ਗਿਆ ਸੀ।ਚਿੜੀਆਂ ਦੀ ਚੀਂ ਚੀਂ ਤੇ ਮੁਰਗੇ ਦੀ ਬਾਂਗ ਨੇ ਸਵੇਰ ਦਾ ਸਵਾਗਤ ਕੀਤਾ। ਮਾਂ ਨੇ ਅੱਧਸੁੱਤੀ ਹੀ ਉੱਠ ਕੇ ਪਹਿਲਾਂ ਦੀ ਤਰਾਂ ਕੰਮ ਲੱਗਣਾ ਸੀ।ਪਿਤਾ ਹਰਮਨ ਸਿੰਘ ਤਾਂ ਬੁਖਾਰ ਨਾਲ ਲੜਦਾ ਕਿੰਨੇ ਦਿਨਾਂ ਤੋਂ ਮੰਜੇ ਉੱਤੋਂ ਉਠਿਆ ਹੀ ਨਹੀਂ ਸੀ।ਬੈਠਕ ਵੀ ਡਿੱਗਣ ਵਾਲੀ ਸੀ ।ਸ਼ਤੀਰੀਆਂ ਬੋਦੀਆਂ ਹੋ ਗਈਆੰ ਸਨ ।ਘੁਣੇ ਦਾ ਅਕਸਰ ਬਰੀਕ ਕੀਤਾ ਹੋਇਆ ਗੁੱਦਾ ਉੱਪਰੋਂ ਡਿੱਗਦਾ ਰਹਿੰਦਾ ।ਦਾਦੀ ਸੀਬੋ ਅਕਸਰ ਕਹਿ ਦਿੰਦੀ “ਲਾਣੇਦਾਰ ਕੱਠੇ ਮਰਾਂਗੇ ਜੇ ਛੱਤ ਗਿਰ ਗੀ।”ਦਾਦੇ ਦਾ ਜਵਾਬ ਹੁੰਦਾ ,ਉਹ ਜਾਣੇ ਬਈ ਕਿਆ ਕਹਿ ਸਕਦੇ ਹਾਂ।” ਦਿਨ ਚੜਿਆ ਤਾਂ ਘਰ ਵਿੱਚ ਸੁੱਕਾ ਰਾਸ਼ਣ ਤਾਂ ਸੀ ਪਰ ਬਣਾਉਣ ਲਈ ਕੁਝ ਸੁੱਕਾ ਬਾਲਣ ਨਹੀਂ ਸੀ ਤੇ ਕਿੱਥੋਂ ਮਿਲੇ?ਗੋਡੇ ਗੋਡੇ ਪਾਣੀ ਪੂਰੇ ਘਰ ਵਿੱਚ ਘੁੰਮ ਰਿਹਾ ਸੀ ।ਕੁਝਸਮਾਨ ਪੜਛੱਤੀ ਤੇ ਧਰਿਆ ਕੇ ਕੁਝ ਮੀੰਹ ਦੇ ਪਾਣੀ ਨਾਲ ਪੂਰਾ ਭਿੱਜ ਗਿਆ ।ਨਿੱਕਾ ਕੰਵਲ ਦਾਦੀ ਤੋ ਪੁੱਛ ਰਿਹਾ ਸੀ ਕਿ ਸਾਡੇ ਘਰ ਵਿੱਚ ਹੀ ਪਾਣੀ ਕਿਉ ਆਉਦਾ ?ਹੋਰ ਤਾਂ ਕਿਸੇ ਦੇ ਘਰ ਨਹੀਂ ਵੜਦਾ ?ਦਾਦੀ ਨੇ ਕਿਹਾ ਆਪਣਾ ਘਰ ਨੀਵਾਂ ਤੇ ਪੂਰੀ ਗਲ਼ੀ ਦਾ ਪਾਣੀ ਵੀ ਇਸੇ ਪਾਸੇ ਹੋ ਕੇ ਲੰਘਦਾ ।ਵੱਧ ਮੀੰਹ ਕਰਕੇ ਪਾਣੀ ਵੱਧ ਜਾਂਦਾ ਤੇ ਆਪਣੇ ਘਰ ਵੀ ਵੜ ਜਾਂਦਾ।ਪਰ ਮੇਰਾ ਬਸਤਾ ਵੀ ਭਿੱਜ ਗਿਆ ਤੇ ਛੁੱਟੀਆੰ ਦੇ ਕੰਮ ਵਾਲੀਆੰ ਕਾਪੀਆੰ ਵੀ।ਚੱਲ ਕੋਈ ਨਾ ਹੋਰ ਉੱਤੇ ਦੁਬਾਰਾ ਕਰ ਲਈ ।ਤੇਰੀ ਮੈਡਮ ਨੂੰ ਵੀ ਮੈੰ ਕਹਿ ਦਿਉੰ ।ਤੂੰ ਹੌਸਲਾ ਰੱਖ।ਪਰ ਕਾਪੀਆੰ ਤਾਂ ਬਹਾਨਾ ਸੀ ।ਕੰਵਲ ਨੂੰ ਘਰ ਵਿੱਚ ਪਾਣੀ ਦੇਖ ਰੋਣ ਆ ਰਿਹਾ ਸੀ ਤੇ ਉਸਦੀ ਮੰਮੀ ਤੇ ਪਾਪਾ ਵੀ ਉਦਾਸ ਬੈਠੇ ਸਨ।ਜਿਵੇੰ ਹੀ ਕੰਵਲ ਨੇ ਕਿਹਾ ,”ਮੰਮੀ ਪਾਣੀ ਨਾਲ ਆਪਣਾ ਘਰ ਤੇ ਸਮਾਨ ਹੀ ਕਿਉ ਭਿੱਜਦਾ ਕਹਿ ਰੋਣਾ ਹੋਰ ਉੱਚੀ ਕਰ ਦਿੱਤਾ ਤਾਂ ਸਾਰੇ ਜੀਅ ਵੀ ਰੋਣ ਲੱਗ ਪਏ।ਪੁੱਤ ਤੇਰੇ ਪਿਓ ਦੀ ਬਿਮਾਰੀ ਤੇ ਸਭ ਕੁਝ ਹੀ ਲੱਗ ਗਿਆ ।ਜੇ ਤੇਰੇ ਪਿਤਾ ਜੀ ਠੀਕ ਹੁੰਦੇ ਤੇ ਕੰਮ ਕਰਦੇ ।ਤਾਂ ਆਪਾਂ ਵੀ ਨਵਾਂ ਤੇ ਉੱਚਾ ਕਰਕੇ ਮਕਾਨ ਬਣਾ ਲੈਂਦੇ ਤੇ ਚਾਰ ਪੈਸੇ ਵੀ ਆਉੰਦੇ ਤੇ ਘਰ ਦਾ ਸਮਾਨ ਵੀ ਕੋਲ ਹੁੰਦਾ ਪਰ ਹੁਣ ਤਾਂ ਸਭ ਪਾਸਿਆੰ ਤੋਂ ਖਾਲੀ ਹੋ ਕੇ ਬਹਿ ਗਏ।ਤੂੰ ਪਾਠ ਕਰਨਾ ਸਿੱਖ ਤੇ ਅਰਦਾਸ ਵੀ ।ਸਭ ਠੀਕ ਹੋ ਜਾਵੇਗਾ ।ਪਰ ਮੰਮੀ ਕੀ ਤੁਸੀ ਨਹੀ ਕਰਦੇ ?ਬਾਬਾ ਜੀ ਤੁਹਾਡੀ ਗੱਲ ਨਹੀ ਮੰਨਦੇ?ਨਹੀਂ ਨਹੀਂ ਪੁੱਤ ,ਉਹਦੇ ਘਰ ਦੇਰ ਹੈ ,ਅੰਧੇਰ ਨਹੀਂ।ਸਾਡੀ ਵੀ ਸੁਣੇਗਾ ਤੇ ਤੇਰੀ ਵੀ।ਦਾਦੀ ਨੇ ਟਾਲ ਤੋੰ ਸੁੱਕਾ ਬਾਲਣ ਲੈਣ ਲਈ ਆਪਣੀ ਨੂੰਹ ਹਰਦੀਪ ਨੂੰ ਪੈਸੇ ਦੇਣ ਲਈ ਕਿਹਾ ਤਾਂ ਜਦੋੰ ਹੀ ਦੇਖਿਆ ਤਾਂ ਪਾਣੀ ਤਾਂ ਹੋਰ ਵੱਧਣ ਲੱਗਾ।ਦੇਖਦੇ ਹੀ ਦੇਖਦੇ ਪਾਣੀ ਸਾਰੇ ਮੰਜਿਆ ਤੇ ਬੈੱਡਾਂ ਨੁੰ ਲੁਕੋਣ ਲੱਗਾ ਤਾਂ ਸਾਰੇ ਕੁਝ ਜਰੂਰੀ ਸਮਾਨ ਚੁੱਕ ਕੇ ਬਾਹਰ ਆ ਗਏ ।ਗੁਆੰਢੀ ਵੀ ਕਹਿਣ ਲੱਗੇ ਕਿ ਘਬਰਾਓ ਨਾ ਭਾਈ ,ਜਿੰਨੇ ਜੋਗੇ ਹਾਂ ਜਰੂਰ ਮੱਦਦ ਕਰਾਂਗੇ।ਪਰ ਮੀੰਹ ਹੁਣ ਹੋਰ ਤੇਜ ਹੋ ਰਿਹਾ ਸੀ ।ਸਾਰਿਆੰ ਦੀਆੰ ਅੱਖਾਂ ਵਿੱਚ ਪਾਣੀ ਸੀ ਕਿ ਕਿਤੇ ਹੋਰ ਦੇਰ ਕੀਤੀ ਤਾਂ ਅਣਹੋਣੀ ਨਾ ਹੋ ਜਾਵੇ।ਜਰੂਰੀ ਸਮਾਨ ਬੰਨ ਕੇ ਕੋਠੇ ਤੇ ਰੱਖਣਾ ਸ਼ੁਰੂ ਕਰ ਦਿੱਤਾ ।ਖਾਣ ਲਈ ਕੁਝ ਕੁ ਸਮਾਨ ਸੀ ਤੇ ਗੁਆੰਢਣ ਜੀਤੋ ਨੇ ਫਟਾਫਟ ਜੋ ਮੋਟੀਆੰ ਮੋਟੀਆਂ ਰੋਟੀਆਂ ਪਕਾਈਆੰ ਤੇ ਅਚਾਰ ਦੇ ਡੱਬੇ ਵੀ ਕੋਠੇ ਤੇ ਪਹੁੰਚਾ ਦਿੱਤੇ।ਆਟੇ ਵਾਲੀ ਢੋਲੀ ਤੇ ਕੁਝ ਰੋਹ ਸਮਾਨ ਵੀ ਹਰਦੀਪ ਨੇ ਇਕੱਠਾ ਕੀਤਾ ਸੀ ਸਭ ਕੋਠੇ ਦੀ ਛੱਤ ਤੇ ਭੇਜ ਦਿੱਤਾ ਤੇ ਬੱਚਿਆੰ ਦੇ ਹੱਥਾਂ ਵਿੱਚ ਅਚਾਰ ਲਾ ਕੇ ਰੋਟੀ ਤੇ ਚਾਹ ਫੜਾਈ ਤਾਂ ਕੰਵਲ ਨੇ ਦਾਦੀ ਦੇ ਮੂੰਹ ਵੱਲ ਕਰਕੇ ਕਿਹਾ ,”ਲਉ ਦਾਦੀ ਖਾਓ?ਦਾਦੀ ਨੇ ਥੋੜ੍ਹੀ ਜਿਹੀ ਤੋੜ ਕੇ ਫਿਰ ਕੰਵਲ ਵੱਲ ਕਰ ਦਿੱਤੀ ਤੇ ਹੰਝੂ ਸਾਫ਼ ਕਰਦੀ ਬੋਲੀ ,ਮਾੜੇ ਟੈਮ ਦਾ ਕੋਈ ਪਤਾ ਨਹੀ ਪੁੱਤ ,ਅਸੀੰ ਤਾਂ ਫਾਕੇ ਕੱਟਦੇ ਹੀ ਮਰ ਗਏ।ਪਹਿਲਾਂ ਹੱਲਿਆੰ ਨੂੰ ਰੁਲਦੇ ਰਹੇ।ਫਿਰ ਚੁਰਾਸੀ ਵਿੱਚ ਰੁਲੇ ।ਫਿਰ ਜਦ ਵੀ ਮੀੰਹ ਪਿਆ ,ਇਹ ਰੁਲ਼ਣਾ ਹੀ ਰਿਹਾ ਕਰਮਾ ਵਿੱਚ।ਕਦ ਖਹਿੜਾ ਛੁੱਟਣਾ ਇਹਤੋਂ।ਹੁਣ ਤਾਂ ਮਨ ਭਰ ਗਿਆ।ਆਹ ਕੁਸ਼ ਦੇਖ ਦੇਖ ਕੇ।ਚੌਥੀ ਵਿੱਚ ਪੜ੍ਹਦਾ ਕੰਵਲ ਤੇ ਗੁਆੰਢੀਆੰ ਦੀ ਰਮਨ ਸਭ ਸੁਣ ਰਹੇ ਸੀ ਤੇ ਉਹਨਾਂ ਦੇ ਨਾਲ ਰਮਨ ਦੀ ਮੰਮੀ ਰਾਣੋਂ ਤੇ ਦਾਦੀ ਜੀਤੋ ਵੀ ।ਚੱਲੋ ਹੁਣ ਵਾਹਿਗੁਰੂ ਵਾਹਿਗੁਰੂ ਕਰੋ।ਜੀਤੋ ਨੇ ਸਭ ਨੂੰ ਕਿਹਾ।ਜੇ ਢੇਰੀ ਢਾਹ ਕੇ ਬੈਠ ਗਏ ਤਾਂ ਹੋਰ ਕੁਸ਼ ਨਾ ਕਰਾ ਲਿਓ ।ਜਿਉੰਦੀ ਜਿੰਦਗੀ ਸਭ ਕੁਝ ਬਣ ਜੁ।ਇੱਕ ਡੰਗ ਖਾ ਲਾਂਗੇ।ਜੁਆਕ ਰਾਜੀ ਰਹਿਣ।ਪਾਣੀ ਰੋਹ ਆ ਰਿਹਾ ਸੀ ਦਰਵਾਜੇ ਨੂੰ ਲੱਗਣ ਲੱਗ।ਪਾਣੀ ਨੂੰ ਚੜ੍ਹਦਾ ਦੇਖ ਸਾਰੇ ਘਬਰਾ ਰਹੇ ਸਨ।ਲੱਤਾਂ ਵਿੱਚੋਂ ਜਾਨ ਖਤਮ ਹੋ ਰਹੀ ਸੀ।ਕਈ ਥਾਂ ਫੋਨ ਕਰਕੇ ਖਬਰਾਂ ਲਈਆਂ ਤਾਂ ਸਭ ਪਾਸੇ ਪਾਣੀ ਹੀ ਪਾਣੀ ਸੀ।ਜਿੱਥੇ ਬੈਠੇ ਹੋ ਬੈਠੇ ਰਹੋ ,ਕੋਈ ਨਾ ਕੋਈ ਮੱਦਦ ਜਰੂਰ ਮਿਲੂਗੀ। ਫੋਨ ਤੋੰ ਪਤਾ ਲੱਗਿਆ।ਤਰਪਾਲ ਹੇਠ ਬੈਠ ਕੇ ਥੋੜ੍ਹੀ-ਥੋੜ੍ਹੀ ਰੋਟੀ ਖਾ ਕੇ ਹੱਥ ਜੋੜਨ ਲੱਗੇ ।ਸਮਾਂ ਸੂਰਜ ਢੱਲਣ ਵਾਲਾ ਸੀ ।ਭਾਰੀ ਮੀੰਹ ਤੇ ਅੱਗੋੰ ਰਾਤ ਦਾ ਆਉਣਾ ।ਚਿੰਤਾ ਨੂੰ ਵਧਾ ਰਿਹਾ ਸੀ।ਫਿਰ ਪਿੰਡ ਦਾ ਸਰਪੰਚ ਕਿਸੇ ਨੂੰ ਨਾਲ ਲੈ ਕੇ ਵੱਡੇ ਕੜਾਹੇ ਵਿੱਚ ਬਿਠਾ ਕੇ ਕੱਢਣ ਲਈ ਆਇਆ ਤਾਂ ਸਭ ਤੋਂ ਪਹਿਲਾਂ ਕੰਵਲ ਤੇ ਰਮਨ ਨੂੰ ਹੇਠਾਂ ਉਤਾਰਿਆਂ ਤੇ ਫਿਰ ਬਿਮਾਰ ਹਰਮਨ ਸਿੰਘ ਤੇ ਬਾਕੀ ਔਰਤਾਂ ਨੂੰ।ਦੂਜੀ ਵਾਰ ਮੁੜ ਕੇ ਆਉਣ ਤੱਕ ਹਨੇਰਾ ਹੋਣ ਲੱਗਿਆ ਪਰ ਦਲੇਰੀ ਤੇ ਸਾਹਸ ਸਭ ਤੋਂ ਵੱਡੇ ਹੁੰਦੇ ਹਨ ।ਦੂਜਾ ਕੋਲ ਕੋਈ ਸਾਧਨ ਵਧੀਆ ਹੋਵੇ।ਪਰ ਕੜਾਹਾ ਵੱਡਾ ਤਾਂ ਸੀ ਚੱਪੂ ਵਾੰਗੂ ਚਲਾਉਣ ਵਿੱਚ ਮੁਸ਼ਕਿਲ ਬਹੁਤ ਸੀ।ਪਰ ਜਿਉਦੀ ਜਾਨ ਸੌ ਕਾਢਾਂ ਕੱਢ ਕੇ ਸਾਹ ਲੈਣ ਲਈ ਜੱਦੋ ਜਹਿਦ ਕਰੇ ਤਾਂ ਸੌ ਸੁੱਖ ਮਾਨਣ ਜੋਗੀ ਹੋ ਜਾਂਦੀ ਹੈ।#ਜੀਤ ਜਦ ਹੀ ਕੰਵਲ ਤੇ ਰਮਨ ਨੇ ਆਪਣੇ ਆਪਣੇ ਪਾਪਾ ਤੇ ਦਾਦਾ ਨੂੰ ਦੇਖਿਆ ਤਾਂ ਆਪ ਮੁਹਾਰੇ ਹੀ ਬੋਲ ਪਏ ,ਦਾਦੂ ਜੇ ਹੁਣ ਘਰ ਢਹਿ ਵੀ ਗਏ ਤਾਂ ਆਪਾਂ ਇੱਥੇ ਇਕੱਠੇ ਹੀ ਰਹਾਂਗੇ ।ਗੁਰੂਦੁਆਰਾ ਵੀ ਵੱਡਾ ਤੇ ਉੱਚਾ।ਨਾਲੇ ਪਾਠ ਤੇ ਸੇਵਾ ਦੋਵੇਂ ਕਰਕੇ।ਭਾਈ ਸਾਬ ਹੱਸ ਕੇ ਬੋਲੇ,”ਇਹ ਗੁਰੂ ਘਰ ਸੰਗਤਾਂ ਦੇ ਤੇ ਸੰਗਤ ਗੁਰੂ ਜੀ।ਨਾਮ ਜਪੋ ਤੇ ਵੰਡ ਛਕੋ ।ਗੁਰੂ ਸਭ ਦਾ ਸਾਂਝਾ ਏ।ਰਾਤ ਦੇ ਹਨੇਰੇ ਵਿੱਚ ਗੁਰੂ ਘਰ ਦੀਆੰ ਲਾਈਟਾਂ ਪਾਣੀ ਦੀ ਚਮਕ ਵਿੱਚ ਹੋਰ ਵੀ ਸੋਹਣੀਆੰ ਲੱਗੀਆਂ ।ਕਿੰਨੇ ਲੋਕੀ ਇਕੇ ਬੈਠੇ ਸਨ।ਸਭ ਗਿਲੇ ਸ਼ਿਕਵੇ ਤੇ ਉਚ-ਨੀਚ ਛੱਡ ਇੱਕ ਦੂਜੇ ਦੀ ਮੱਦਦ ਕਰ ਰਹੇ ਸਨ।ਰਮਨ ਦਾ ਦਾਦ ਸਭ।ਨੂੰ ਇਸ ਤਰਾਂ ਇਕੱਠੇ ਬੈਠਾ ਦੇਖ ਜੀਤੋ ਨੂੰ ਕਹਿ ਰਿਹਾ ਸੀ ,”ਕਿ ਜੇ ਦੁੱਖ ਵਿੱਚ ਲੜਨਾ ਭੁੱਲ ਜਾਂਦਾ ਤੇ ਮੇਰ ਤੇਰ ਮੁੱਕ ਜਾਂਦੀ ਹੈ,
ਕਾਸ਼ !ਸਾਰੀ ਦੁਨੀਆੰ ਐਨਾ ਪਿਆਰ ਬਿਨਾਂ ਮੁਸੀਬਤ ਤੋੰ ਕਰਨਾ ਸਿੱਖ ਜਾਵੇ ,ਧਰਤੀ ਹੀ ਸਵਰਗ ਬਣ ਜਾਵੇਗੀ।”
ਮਨਜੀਤ ਕੌਰ ਜੀਤ