ਅੱਜ ਕਾਲੀ ਬਾਥਰੂਮ ਚ ਜਾ ਕੇ ਆਪਣੇ ਮੂੰਹ ਤੇ ਜੋਰ ਜੋਰ ਦੀ ਏਦਾਂ ਚਪੇੜਾਂ ਮਾਰ ਰਿਹਾ ਸੀ ਜਿਵੇਂ ਉਸਨੂੰ ਇਹ ਅਹਿਸਾਸ ਅੱਜ ਹੀ ਹੋਇਆ ਕਿ ਉਸਦੀ ਪਾਈ ਹੋਈ ਗੰਦਗੀ ਦਾ ਖਾਮਿਆਜ਼ਾ ਉਸਦੇ ਪੂਰੇ ਪਰਿਵਾਰ ਨੂੰ ਅੱਜ ਹੀ ਭੁਗਤਣਾ ਪੈ ਗਿਆ ਹੋਵੇ। ਜਦੋਂ ਉਹ ਆਪਣੇ ਦਿਮਾਗ ਚ ਗੰਦਗੀ ਲੈ ਕੇ ਚਲਿਆ ਸੀ ਉਸ ਵੇਲੇ ਉਹ ਇਹ ਭੁੱਲ ਗਿਆ ਸੀ ਕਿ ਰੱਬ ਸੱਟ ਸਿੱਧੇ ਨੀ ਮਾਰਦਾ ਤੇ ਜਦੋਂ ਮਾਰਦਾ ਫਿਰ ਉੱਠਣ ਦਾ ਮੌਕਾ ਵੀ ਨਈ ਦਿੰਦਾ।
ਅੱਜ ਰਿਟਾਇਰਡ ਹੋਏ ਕਾਲੀ ਨੂੰ ਘੱਟੋ-ਘੱਟ ਸਾਲ ਹੋ ਚਲਿਆ। ਘਰ ਚ ਸਭ ਤੋਂ ਵੱਧ ਦਬਕਾ ਉਸਦਾ ਹੀ ਸੀ । ਚਾਹੇ ਭਰਾ ਹੋਵੇ ਜਾਂ ਮਾਂ ਚਾਹੇ ਉਸਦਾ ਪੁੱਤਰ ਹੋਵੇ ਜਾਂ ਉਸਦੀ ਧੀ ਬਸ ਇੱਕੋ ਅਵਾਜ ਤੇ ਥੜ ਥੜ ਕੰਬਦੇ ਸੀ । ਪਿੰਡ ਵਾਲੇ ਤਾਂ ਵੈਸੇ ਵੀ ਪੰਗਾ ਨੀ ਲੈਂਦੇ ਪਰ ਰਿਸ਼ਤੇਦਾਰ ਵੀ ਹਿਸਾਬ ਕਿਤਾਬ ਦੀ ਹੀ ਗੱਲ ਕਰਦੇ । ਪਤਾ ਸੀ ਸਭ ਨੂੰ ਕਿ ਇਸ ਬੰਦੇ ਨੇ ਕਿਸੇ ਦੀ ਗੱਲ ਤਾਂ ਸੁਣਨੀ ਨੀ ਬਸ ਆਪਣੀਆਂ ਹੀ ਮਾਰਨੀਆਂ ਬਸ ਇਹ ਹੈ ਕਿ ਜਦੋਂ ਦੋ ਚਾਰ ਪੈੱਗ ਲਗ ਜਾਣ ਫਿਰ ਜਿੰਨੀਆਂ ਮਰਜ਼ੀ ਮਿੱਠੀਆਂ ਗੱਲਾਂ ਕਰਵਾ ਲਓ।
ਹਰ ਚੀਜ ਦਾ ਮਾਨ ਕਰਨਾ ਤੇ ਕਿਸੇ ਨੂੰ ਕੁਝ ਨਾ ਸਮਝਣਾ ਇਸ ਬੰਦੇ ਤੋਂ ਸਿੱਖੋ। ਪਰ ਕਹਿੰਦੇ ਨੇ ਕਿਸੇ ਵੀ ਚੀਜ ਦਾ ਜਿਆਦਾ ਮਾਨ ਚੰਗਾ ਨਈ ਅੰਤ ਇਹੀ ਮਾਨ ਬੰਦੇ ਦੀ ਬਰਬਾਦੀ ਦਾ ਕਾਰਨ ਬਣਦਾ। ਓਹੀ ਹਾਲ ਅੱਜ ਕਾਲੀ ਦਾ ਹੋਇਆ।ਬਹੁਤ ਖੁਸ਼ ਸੀ ਕਿ ਬੇਟਾ ਵਿਦੇਸ਼ ਜਾ ਰਿਹਾ ਤੇ ਬੇਟੀ ਬੇਨਤੀ ਦਾ ਵਿਆਹ ਵੀ ਬਹੁਤ ਹੀ ਚੰਗੇ ਘਰ ਹੋ ਗਿਆ। ਪਤਨੀ ਬੇਅੰਤ ਕੌਰ ਤਾਂ ਰੱਬ ਦਾ ਭਾਣਾ ਮੰਨਣ ਵਾਲੀ ਸੀ ਉਸਨੂੰ ਜਿਸ ਹਾਲ ਚ ਵੀ ਰਖਿਆ ਗਿਆ ਉਸਨੇ ਰਹਿ ਲਿਆ। ਉਸ ਵਿਚਾਰੀ ਦੀ ਤਾਂ ਘਰ ਦਾ ਤੇ ਪਸ਼ੂਆ ਦਾ ਕੰਮ ਕਰਵਾ ਕਰਵਾ ਕੇ ਹੀ ਮਤ ਮਾਰ ਤੀ। ਉਹ ਤਾਂ ਬਸ ਸਭ ਗੱਲਾਂ ਦਿਲ ਚ ਲਕੋ ਕੇ ਹੱਸਦੀ ਰਹਿੰਦੀ ਤੇ ਆਪਣੇ ਸਹੁਰੇ ਤੇ ਪੇਕੇ ਘਰ ਦਾ ਮਾਨ ਵਧਾਉਣ ਚ ਲੱਗੀ ਰਹੀ। ਬੇਅੰਤ ਨੂੰ ਪਤਾ ਸੀ ਕਿ ਉਸਦੇ ਘਰ ਵਾਲੇ ਦੀ ਗੰਦਗੀ ਉਸਦਾ ਘਰ ਸੁਆਹ ਕਰ ਦਏਗੀ ਪਰ ਉਹ ਕਰ ਕੁਝ ਨਈ ਸੀ ਸਕਦੀ ਕਿਉਂਕਿ ਉਹ ਕਾਲੀ ਨੂੰ ਸਮਝਾ ਸਮਝਾ ਕੇ ਪਿੱਛੇ ਹਟ ਚੁੱਕੀ ਸੀ।
ਖੈਰ ਅੱਜ ਓਹੀ ਦਿਨ ਸੀ ਜਦੋਂ ਕਾਲੀ ਦੀ ਆਪਣੀ ਅੰਦਰ ਦੀ ਗੰਦਗੀ ਦਾ ਖਿਲਾਰਾ ਉਸਦੀ ਆਪਣੀ ਧੀ ਦੀ ਜਿ਼ੰਦਗੀ ਨਾਲ ਖਿਲਵਾੜ ਕਰ ਗਿਆ। ਵਿਆਹ ਤੋਂ ਲਗਭਗ 2 ਸਾਲ ਬਾਅਦ ਅੱਜ ਬੇਟੀ ਘਰ ਆ ਰਹੀ ਸੀ। ਪੂਰੇ ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਕਾਲੀ ਵੀ ਆਪਣੀ ਬੇਟੀ ਦੇ ਆਉਣ ਦੀ ਖੁਸ਼ੀ ਚ ਚਾ ਚਾ ਨਾਲ ਉਸਦੇ ਆਉਣ ਦੀਆਂ ਤਿਆਰੀਆਂ ਚ ਲੱਗਾ ਸੀ। ਜਿੱਦਾਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਸਾਰਾ ਟੱਬਰ ਦਰਵਾਜ਼ੇ ਕੋਲ ਜਾ ਖੜ੍ਹਾ ਹੋ ਗਿਆ। ਮਾਂ ਨੇ ਹੋਕਾ ਜਿਹਾ ਭਰ ਕੇ ਜਿੱਦਾਂ ਹੀ ਦਰਵਾਜ਼ਾ ਖੋਲ੍ਹਿਆ ਉਸਦਾ ਖੁਸ਼ੀ ਭਰਿਆ ਚਿਹਰਾ ਕੁਝ ਹੀ ਪਲਾਂ ਚ ਮੁਰਝਾ ਗਿਆ ਜਿੰਵੇ ਧੀ ਨੂੰ ਦੇਖ ਕੇ ਮਾਂ ਸਭ ਜਾਣ ਗਈ ਹੋਵੇ ਕਿ ਉਸਦੀ ਧੀ ਕੋਈ ਵੱਡਾ ਦਰਦ ਲੁਕਾ ਕੇ ਲਿਆਈ ਹੋਵੇ। ਉਸਨੂੰ ਡਰ ਲੱਗਣ ਲੱਗ ਪਿਆ ਕਿ ਕਿਤੇ ਉਸਦੀ ਧੀ ਵੀ ਕਿਸੇ ਹਨੇਰੀ ਦੁਨੀਆ ਦਾ ਸ਼ਿਕਾਰ ਨਾ ਹੋ ਗਈ ਹੋਵੇ। ਤਰ੍ਹਾਂ ਤਰ੍ਹਾਂ ਦੇ ਡਰ ਨਾਲ ਉਹ ਚੁੱਪਚਾਪ ਧੀ ਨੂੰ ਨਿਹਾਰ ਰਹੀ ਸੀ ਕਿ ਕਾਲੀ ਨੇ ਦੱਬਕਾ ਜਿਹਾ ਮਾਰ ਕੇ ਧੀ ਨੂੰ ਅੰਦਰ ਲਿਆਉਣ ਲਈ ਕਿਹਾ। ਸਭ ਉਸਨੂੰ ਮਿਲਣ ਲੱਗ ਪਏ ਪਰ ਮਾਂ ਨੂੰ ਸਮਝ ਹੀ ਨਹੀਂ ਸੀ ਆ ਰਹੀ ਕਿ ਉਹ ਖੁਸ਼ ਕਿਵੇਂ ਹੋਵੇ। ਬੇਟੀ ਸਭ ਨਾਲ ਗਲਬਾਤ ਕਰ ਰਹੀ ਸੀ ਪਰ ਅੰਦਰੋਂ ਜਿਵੇਂ ਬਹੁਤ ਹਲਚਲ ਚੱਲ ਰਹੀ ਹੋਵੇ। ਹੁਣ ਦਿਨ ਤਾਂ ਨਿਕਲ ਗਿਆ ਪਰ ਰਾਤ ਮਾਂ ਲਈ ਓਨੀ ਹੀ ਔਖੀ ਸੀ ਕਿਉਂਕਿ ਉਹ ਮੁਰਝਾਏ ਚਿਹਰੇ ਦੀ ਉਦਾਸੀ ਪੜ੍ਹਣਾ ਚਾਹੁੰਦੀ ਸੀ। ਬਿਸਤਰ ਤੇ ਜਾਂਦਿਆਂ ਹੀ ਪਹਿਲਾਂ ਤਾਂ ਧੀ ਨੂੰ ਕਿੰਨਾ ਚਿਰ ਸਹਲਾਉਂਦੀ ਰਹੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹੀ। ਜਿਵੇਂ ਹੀ ਪ੍ਰਾਹੁਣੇ ਦੀ ਗੱਲ ਚਲੀ ਧੀ ਸੋਣ ਦਾ ਨਾਟਕ ਜਿਹਾ ਕਰਨ ਲੱਗ ਪਈ। ਮਾਂ ਸਮਝ ਗਈ ਕਿ ਉਸਦੀ ਵਿਆਕੁਲਤਾ ਸਹੀ ਹੈ ਫਿਰ ਉਸਨੇ ਬੇਨਤੀ ਨੂੰ ਗੱਲ ਨਾਲ ਲਾ ਲਿਆ ਤੇ ਕਹਿਣ ਲੱਗੀ ਧੀਏ ਮੈਂ ਤਾਂ ਜਦੋਂ ਦੀ ਇਸ ਘਰੇ ਆਈ ਹਾਂ ਹਰ ਗੁਬਾਰ ਦਿਲ ਚ ਹੀ ਦਫਨਾ ਲਿਆ ਪਰ ਧੀਏ ਤੈਨੂੰ ਵਾਸਤਾ ਹੈ ਤੂੰ ਆਪਣੀ ਮਾਂ ਤੋਂ ਕੁਝ ਨਾ ਲੁਕਾਈ ਇੰਨਾ ਬੋਲਦਿਆਂ ਹੀ ਅੱਖਾਂ ਚੋਂ ਨੀਰ ਚੋ ਪਿਆ। ਬੇਨਤੀ ਵੀ ਮਾਂ ਦੇ ਹੋਕੇ ਸੁਣ ਕੇ ਰਹਿ ਨਾ ਸਕੀ ਤੇ ਦੇ ਗਲੇ ਲੱਗ ਕੇ ਜਿਵੇਂ ਚੀਖ ਚੀਖ ਕਹਿ ਰਹੀ ਹੋਵੇ ਕਿ ਮਾਂ ਸਾਡੀ ਦੋਹਾਂ ਦੀ ਕਿਸਮਤ ਰੱਬ ਨੇ ਇੱਕੋ ਜਿਹੀ ਲਿਖ ਦਿੱਤੀ। ਫਿਰ ਕੀ ਸੀ ਜਿੱਦਾਂ ਜਿੱਦਾਂ ਰਾਤ ਬੀਤ ਰਹੀ ਸੀ ਉਵੇਂ ਉਵੇਂ ਧੀ ਦੇ ਅੰਦਰੂਨੀ ਜਖਮ ਮਾਂ ਦੇ ਸਾਹਮਣੇ ਆਉਣ ਲੱਗ ਪਏ ਤੇ ਮਾਂ ਸਹਿਮੀ ਹੋਈ ਰੱਬ ਦੀ ਸੋਟੀ ਨੂੰ ਮਹਿਸੂਸ ਕਰ ਰਹੀ ਸੀ ਜੋ ਵੱਜ ਤਾਂ ਕਾਲੀ ਦੇ ਰਹੀ ਸੀ ਪਰ ਛਾਲੇ ਪੂਰੇ ਪਰਿਵਾਰ ਦੇ ਪੈ ਰਹੇ ਸੀ। ਉਸਦਾ ਦਿਲ ਕਰ ਰਿਹਾ ਸੀ ਕਿ ਹੁਣੇ ਜਾ ਕੇ ਕਾਲੀ ਨੂੰ ਉਸਦੇ ਕਾਲੇ ਚਿੱਠੇ ਦਾ ਨਤੀਜਾ ਦਿਖਾਏ। ਦੋਹਾਂ ਮਾਂ ਧੀ ਨੇ ਰਾਤ ਰੋਂਦੇ ਬਿਲਖਦੇ ਲੰਘਾ ਲਈ ਤੇ ਮਾਂ ਸੋਚ ਰਹੀ ਸੀ ਕਿ ਉਹ ਹੁਣ ਧਰਤੀ ਚ ਸਮਾ ਜਾਏ ਤਾਂ ਕਿ ਆਪਣੀ ਧੀ ਦਾ ਦੁੱਖ ਨਹੀਂ ਸੀ ਦੇਖਣਾ ਚਾਹੁੰਦੀ ਪਰ ਇਕ ਵਾਰ ਕਾਲੀ ਦੀ ਬੇਸ਼ਰਮੀ ਦਾ ਕਾਲਾ ਨਾਚ ਜਰੂਰ ਦੇਖਣਾ ਚਾਹੁੰਦੀ ਸੀ। ਤੇ ਪੁੱਛਣਾ ਚਾਹੁੰਦੀ ਸੀ ਕਿ ਹੁਣ ਧੀ ਜਵਾਈ ਨੂੰ ਵੀ ਆਪਣੇ ਵਰਗੀ ਜਿੰਦਗੀ ਜਿਉਣ ਦੀ ਇਜਾਜ਼ਤ ਦੇ ਸਕੇਗਾ।
ਜਿਵੇਂ ਤਿਵੇਂ ਸਵੇਰ ਹੋ ਗਈ। ਕਾਲੀ ਉਠਦੇ ਸਾਰ ਹੀ ਬੇਨਤੀ ਕੋਲ ਆ ਗਿਆ ਪਰ ਧੀ ਦੀਆਂ ਅੱਖਾਂ ਸੁੱਜੀਆਂ ਦੇਖ ਕੇ ਗੁੱਸੇ ਚ ਕਹਿਣ ਲੱਗਾ ਕਿ ਰਾਤ ਗੱਲਾਂ ਹੀ ਕਰਦੀਆਂ ਰਹੀਆਂ ਮਾਵਾਂ ਧੀਆਂ ਲਗਦਾ ਪਰ ਤੂੰ ਆਰਾਮ ਕਰ ਲੈਂਦੀ। ਏਨੇ ਨੂੰ ਮਾਂ ਵੀ ਆ ਗਈ ਤੇ ਕਹਿਣ ਲੱਗੀ ਕਿ ਜਿਹਨਾਂ ਦੀ ਜਿੰਦਗੀ ਵਿੱਚ ਹਰਾਮਖੋਰ ਹੋਣ ਉਹਨਾਂ ਦੀ ਜਿੰਦਗੀ ਚ ਆਰਾਮ ਕਿੱਥੇ।? ਕਹਿ ਕੇ ਚਲੀ ਗਈ। ਕਾਲੀ ਨੂੰ ਗੁੱਸੇ ਵਿੱਚ ਕੁੱਝ ਸੁੱਝਿਆ ਨਾ ਉਹ ਵੀ ਮਗਰ ਮਗਰ ਤੁਰ ਪਿਆ ਬਿਅੰਤ ਦੇ। ਅੰਦਰ ਜਾ ਕੇ ਉਸਨੂੰ ਮੋਢੇ ਤੋਂ ਫੜ ਕੇ ਗੁੱਸੇ ਵਿੱਚ ਝਿੜਕਦੇ ਹੋਏ ਬੋਲਿਆ ਕਿ ਤੂੰ ਕੀ ਬਕਵਾਸ ਕਰਕੇ ਆਈ ਹੈਂ ਬੇਨਤੀ ਕੋਲ। ਬਿਅੰਤ ਦਾ ਜਿੰਦਾਂ ਖੂਨ ਖੌਲ ਗਿਆ ਹੋਵੇ , ਉਸ ਨੇ ਉਦਾ ਹੀ ਗੁੱਸੇ ਚ ਕਾਲੀ ਦਾ ਹੱਥ ਪਿੱਛੇ ਹਟਾਇਆ ਤੇ ਬੋਲੀ, “ਕਾਲੀ ਤੂੰ ਕਹਿੰਦਾ ਸੀ ਨਾ ਕਿ ਮੇਰਾ ਕੌਣ ਤੇ ਕੋਈ ਕੀ ਵਿਗਾੜ ਲਏਗਾ ਮੈਂ ਮਰਦ ਹਾਂ ਤੇ ਮਰਦਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ” ਲੈ ਫਿਰ ਤੇਰੇ ਵਰਗਾ ਇਕ ਹੋਰ ਮਰਦ ਜੰਮ ਪਿਆ ਉਹ ਵੀ ਤੇਰੇ ਘਰ ਦਾ ਜਵਾਈ। ਹੁਣ ਬੁਲਾ ਲੈ ਉਸਨੂੰ ਵੀ ਆਪਣੇ ਕੋਲ ਤੇ ਜੇ ਉਸਤੋਂ ਕੋਈ ਕਸਰ ਰਹਿ ਗਈ ਹੋਵੇ ਤਾਂ ਤੂੰ ਸਿਖਾ ਦਈ। ਜਿੱਦਾ ਤੂੰ ਮੇਰੀ ਹਿੱਕ ਤੇ ਦੂਜੀ ਔਰਤ ਰੱਖੀ ਫਿਰਦਾ ਬਿਲਕੁਲ ਓਵੇਂ ਹੀ ਤੇਰਾ ਜਵਾਈ ਵੀ ਰੱਖੀ ਫਿਰਦਾ। ਹੁਣ ਕਰ ਲੈ ਰੱਬ ਨੂੰ ਸਵਾਲ ਤੇ ਅੱਖਾਂ ਦਿਖਾ ਲੈ ਘੂਰ ਘੂਰ ਕੇ।ਜਿੱਦਾਂ ਵੀਹ ਸਾਲਾਂ ਤੋਂ ਦਿਖਾਉਂਦਾ ਆ ਰਿਹਾਂ। ਬੇਅੰਤ ਤਾਂ ਭੁੱਬਾਂ ਮਾਰ ਕੇ ਰੋ ਰਹੀ ਸੀ ਪਰ ਕਾਲੀ ਚੁਪਚਾਪ ਸੁੰਨ ਹੋਇਆ ਰੱਬ ਵੱਲ ਹੀ ਤੱਕੀ ਜਾ ਰਿਹਾ ਸੀ ਜਿਵੇਂ ਉਸ ਕੋਲ ਨਾ ਕੋਈ ਸਵਾਲ ਸੀ ਤੇ ਨਾ ਕੋਈ ਜਵਾਬ ਦੀ ਉਮੀਦ।।
ਰਮਨੀ (ਪਠਾਨਕੋਟ)
ਪੰਜਾਬ
(8360297028)