ਲਹਿਰ ਜੋਰਾਂ ਤੇ ਸੀ..ਸਾਰਾ ਬੋਰਡਰ ਰੇਂਜ ਇੱਕ ਅਸੂਲਪ੍ਰਸਥ ਸਿੰਘ ਪਿੱਛੇ ਪਿਆ ਹੋਇਆ ਸੀ..ਪੱਕੀਆਂ ਹਿਦਾਇਤਾਂ ਸਨ ਬਾਕੀਆਂ ਨੂੰ ਛੱਡੋ ਇਹ ਬੰਦਾ ਪਹਿਲ ਦੇ ਅਧਾਰ ਤੇ ਮੁੱਕਣਾ ਚਾਹੀਦਾ ਏ..ਕਸੂਰ ਸਿਰਫ ਏਨਾ ਕੇ ਉਚੇ ਕਿਰਦਾਰ ਵਾਲਾ..ਕਦੇ ਕੋਈ ਬਲਾਤਕਾਰ ਬੇਪਤੀ ਨਹੀਂ..ਇਲਾਕੇ ਵਿਚੋਂ ਨਹੁੰ-ਮਾਸ ਵਾਲਿਆਂ ਦੀ ਵੀ ਕੋਈ ਹਿਜਰਤ ਨਹੀਂ..ਲੁੱਟਾਂ-ਖੋਹਾਂ ਪੂਰੀ ਤਰਾਂ ਬੰਦ..ਖਲਕਤ ਸੂਹਾਂ ਵੀ ਨਹੀਂ ਸੀ ਦਿੰਦੀ..ਹਰੇਕ ਦਿਲੋਂ ਪਿਆਰ ਕਰਦਾ..ਹਰ ਘਰ ਠਾਹਰ ਹੋਇਆ ਕਰਦੀ..!
ਹਰ ਪੁੱਠਾ ਕੰਮ ਕਰਨ ਵਾਲਿਆਂ ਦੀ ਗਲੇ ਦੀ ਹੱਡੀ ਬਣਿਆ ਇਹ ਸਿੰਘ ਅਖੀਰ 1990 ਦੇ ਸ਼ੁਰੂ ਵਿੱਚ ਮੁੱਕ ਗਿਆ ਅਤੇ ਸਰਕਾਰੀ ਪੁਸ਼ਤਪਨਾਹੀ ਹੇਠ ਵਿੱਚਰਦੇ ਗੰਦ ਨੂੰ ਅਖੀਰ ਤੀਕਰ ਤੱਤੀ ਵਾ ਨਾ ਲੱਗੀ..ਕੁਝ ਤਾਂ ਅਜੇ ਵੀ ਜਿਉਂਦੇ ਨੇ!
ਅੱਕ ਕੌੜੀ ਹਕੀਕਤ ਚਾਹੇ ਸਾਢੇ ਤਿੰਨ ਦਹਾਕੇ ਪਹਿਲੋਂ ਦੀ ਹੈ ਪਰ ਹਾਕਮ ਵਰਤਾਰੇ ਅੱਜ ਵੀ ਓਦਾਂ ਦੇ ਓਦਾਂ ਹੀ..ਪਹਿਲੋਂ ਪਰਵਾਸ ਸੁਨਾਮੀ..ਮਗਰ ਰਹਿ ਗਈ ਬਚੀ-ਖੁਚੀ ਪੀੜੀ ਗੰਧ ਮੰਦ ਖਾ ਬੇਸ਼ੱਕ ਰੂੜੀਆਂ ਚਕੇਰੀਆਂ ਢਾਹਿਆਂ ਤੇ ਪਈ ਮੁੱਕਦੀ ਜਾਵੇ..ਘੋਗਲ ਕੰਨਿਆਂ ਨੂੰ ਕੋਈ ਪ੍ਰਵਾਹ ਨਹੀਂ..ਹੋਮ ਡਿਲੀਵਰੀ ਹੜਾਂ ਦੌਰਾਨ ਵੀ ਨਿਰਵਿਘਨ ਜਾਰੀ..ਪਰ ਜੇ ਕੋਈ ਆਤਮਾਂ ਦੀ ਅਵਾਜ ਆਪਣੇ ਤੌਰ ਤੇ ਇਸ ਸਭ ਕੁਝ ਦੇ ਪਰਦਾਫਾਸ਼ ਲਈ ਕੁਝ ਹੀਲਾ ਵਸੀਲਾ ਕਰ ਲਵੇ ਤਾਂ ਪਹਿਲੋਂ ਦਬਕੇ ਧਮਕੀਆਂ ਬੇਇੱਜਤੀ..ਮਗਰੋਂ ਹਿਰਾਸਤ ਫੇਰ ਕੇਸ ਅਤੇ ਅਖੀਰ ਵਿੱਚ ਡਿਬ੍ਰੂਗੜ..!
ਅਖੀਰ ਗੱਲ ਓਥੇ ਹੀ ਮੁੱਕਦੀ ਕੇ..ਉੱਜੜ ਗਿਆਂ ਦਾ ਦੇਸ਼ ਨਾ ਕੋਈ..ਮਰਿਆਂ ਦੀ ਨਾ ਥਾਂ..ਨਾ ਵੇ ਰੱਬਾ ਨਾ..ਨਾ ਵੇ ਰੱਬਾ ਨਾ!
ਹਰਪ੍ਰੀਤ ਸਿੰਘ ਜਵੰਦਾ