ਲਓ ਨਬੇੜਾ ਹੋ ਗਿਆ ਮੇਰੇ ਪੁੱਤ ਦਾ ਇਸ ਕਮਜਾਤ ਤੋਂ, ਲਓ ਸਰਦਾਰ ਜੀ ਇਹ ਪੈਸੇ ਮਾਰੋ ਇਹਨਾਂ ਦੇ ਮੂੰਹ ਤੇ, ਮੈਂ ਤਾਂ ਆਪਣੇ ਪੁੱਤ ਲਈ ਹੁਣ ਕੋਈ ਪਰੀ ਲੱਭਣੀ ਹੈ। ਕਿੱਥੇ ਇਹ ਤੇ ਕਿੱਥੇ ਮੇਰਾ ਪੁੱਤ।” ਸਿਮਰੌ ਨੇ ਇਹ ਸ਼ਬਦ ਕੋਰਟ ਚੋਂ ਬਾਹਰ ਆਉਂਦਿਆਂ ਕਹੇ।
“ਹਾਏ ਨਜ਼ਰ ਨਾ ਲੱਗੇ ਇਹ ਤਾਂ ਬਹੁਤ ਹੀ ਸੋਹਣੀ ਆ, ਇਹਦੀ ਜੋੜੀ ਤਾਂ ਮੇਰੇ ਪੁੱਤ ਨਾਲ ਇੰਝ ਲੱਗੂਗੀ ਜਿਵੇਂ ਟਿੱਚ ਬਟਨਾਂ ਦੀ ਜੋੜੀ ਹੋਵੇ, ਪੜਾਈ ਲਿਖਾਈ ਵੀ ਬਹੁਤ ਕੀਤੀ ਹੋਈ ਆ। ਸਭ ਕੁਝ ਬਹੁਤ ਵਧੀਆ ਹੈ। ਨਿੰਮੋ ਤੇ ਮੇਰੇ ਪੁੱਤ ਦੀ ਜੋੜੀ ਸੁਪਰ ਹੈ। ”
ਅਤੀਤ ਚ ਗੁਆਚੀ ਨਿੰਮੋ ਨੂੰ ਓਹਦੇ ਦੁੱਖੀ ਪਿਓ ਨੇ ਹਲੂਣਾ ਦਿੱਤਾ ।
“ਪਾਪਾ ਮੈ ਵੀ ਕਦੇ ਇਹਨਾਂ ਲਈ ਪਰੀ ਸੀ ਹੁਣ ਮੈਂ ਕਰੂਪ ਕਿਵੇਂ ਬਣ ਗਈ। ਕਿੱਥੇ ਗਿਆ ਇਹਨਾਂ ਦਾ ਪਿਆਰ।” ਨਿੰਮੋ ਨੇ ਝੰਝੋੜ ਕੇ ਆਪਣੇ ਪਿਤਾ ਨੂੰ ਪੁੱਛਿਆ।
“ਪੁੱਤ ਅਸੀਂ ਜਿਸ ਸਮਾਜ ਵਿੱਚ ਰਹਿਦੇ ਆਂ ਓਸ ਸਮਾਜ ਵਿੱਚ ਕੁੜੀ ਦਾ ਵਿਆਹ ਨਹੀ ਸਗੋ ਗੱਡੀਆਂ ਕਾਰਾਂ, ਮਹਿੰਗੇ ਤੋਹਫਿਆਂ, ਸੋਨੇ ਚਾਂਦੀ ਦਾ ਵਿਆਹ ਰਿਵਾਜ਼ ਤੇ ਰੀਤਾਂ ਦੇ ਨਾਮ ਤੇ ਕੀਤਾ ਜਾਂਦਾ ਹੈ। ਇਕ ਪਿਓ ਦੀ ਸਾਰੀ ਕਮਾਈ ਓਸ ਦੀ ਧੀ ਦੇ ਵਿਆਹ ਤੇ ਬਰਾਤੀਆਂ ਦੀ ਸੇਵਾ ਕਰਦੇ ਨਿਕਲ ਜਾਂਦੀ ਹੈ। ਅੱਜ ਰਿਸ਼ਤਿਆਂ ਨਾਲੋ ਚੀਜਾਂ ਅਹਿਮ ਸਥਾਨ ਲੈ ਰਹੀਆਂ ਹਨ।
ਸਾਡਾ ਤੁਹਾਡਾ ਹੋ ਗਿਆ ਨਬੇੜਾ। ਆਹ ਲਓ ਗਿਣ ਲਓ ਹੁਣ ਸਾਡੇ ਵੱਲੋਂ ਦਿੱਤਾ ਪੈਸਾ।ਨਾਲੇ ਅਗਲੇ ਵਿਆਹ ਵਿੱਚ ਦਾਜ ਲਈ ਕੰਮ ਆਉ। ਸਿਮਰੌ ਨੇ ਗੁੱਸੇ ਵਿੱਚ ਪੈਸਿਆਂ ਵਾਲਾ ਬੈਗ ਦਰਸ਼ਨ ਸਿੰਘ ਨੂੰ ਫੜਾਉਂਦਿਆਂ ਕਿਹਾ।
ਦਰਸ਼ਨ ਸਿਘ ਨੇ ਜਿਵੇਂ ਹੀ ਪੈਸਿਆਂ ਵਾਲਾ ਬੈਗ ਆਪਣੇ ਹੱਥ ਚ ਫੜਿਆ ਤੇ ਓਹ ਬਾਵਰਿਆਂ ਵਾਗੂੰ ਨਿੰਮੋ ਦਾ ਹੱਥ ਫੜ ਕੇ ਮੂੰਹ ਚ ਬੁੜਬੁੜਾਉਂਦਾ ਇਹ ਕਹਿਣ ਲੱਗਾ “ਅੱਛਾ ਨਬੇੜਾ ਹੋ ਗਿਆ, ਅੱਛਾ ਨਬੇੜਾ ਹੋ ਗਿਆ। ਇਹ ਕਹਿੰਦਾ ਹੋਇਆ ਓਹ ਪਾਗਲਾਂ ਵਾਂਗੂ ਤੇਜੀ ਨਾਲ ਆਪਣੀ ਧੀ ਨਾਲ ਕਚਹਿਰੀਓਂ ਬਾਹਰ ਹੋ ਗਿਆ।
ਮਿੰਨੀ ਕਹਾਣੀ (ਨਬੇੜਾ)
ਸੁਖਵਿੰਦਰ ਸਿੰਘ ਅਨਹਦ