ਅਜੋਕੇ ਮਾਹੌਲ ਵਿਚ ਬਾਹਰੀ ਤੌਰ ਤੇ ਸਿੱਖ ਬਣਨਾ ਬਹੁਤ ਸੌਖਾ..ਦੋ ਤਿੰਨ ਦਿਨ ਖੁਦ ਨੂੰ ਜਿਉਂ ਦਾ ਤਿਓਂ ਰੱਖ ਇੱਕ ਦਸਤਾਰ ਅਤੇ ਇੱਕ ਬੰਨਣ ਵਾਲੇ ਦਾ ਬੰਦੋਬਸਤ..ਬੱਸ ਸੱਜ ਗਿਆ ਖਾਲਸਾ..ਉਹ ਖਾਲਸਾ ਜਿਹੜਾ ਫ਼ਿਲਮੀ ਪਰਦੇ ਤੇ ਸਾਰਾਗੜੀ ਦੀ ਜੰਗ ਲੜਦਾ..ਘੋੜ ਸਵਾਰੀ ਕਰਦਾ ਫੇਰ ਸਵਾ ਲੱਖ ਨੂੰ ਵੰਗਾਰਦਾ ਵੀ..ਫੇਰ ਵੱਡੇ ਵੱਡੇ ਸੰਵਾਦ..ਕਿਰਪਾਨ ਬਾਜੀ..ਜੈਕਾਰੇ ਅਤੇ ਵਰਦੀ ਪਾ ਕੇ ਸਰਹੱਦ ਤੇ ਹੁੰਦੀ ਜੰਗ..ਕਦੇ ਹੱਥੋਂ ਹੱਥ ਲੜਾਈ ਵਿਚ ਚੀਨੀਆਂ ਨੂੰ ਵੀ ਪਛੜਦਾ..ਅਤੇ ਅਖੀਰ ਵਿਚ ਭਾਰਤ ਮਾਤਾ ਦੀ ਜੈ ਆਖ ਏਕਤਾ ਅਖੰਡਤਾ ਵਾਲੇ ਬੂਟੇ ਨੂੰ ਵੀ ਸਿੰਜਦਾ..!
ਅਖੀਰ ਲਾਗੀ ਲਾਗ ਲੈ ਲਾਂਭੇ ਹੁੰਦਾ ਅਤੇ ਵਕਤੀ ਤੌਰ ਤੇ ਉਭਰ ਆਈ ਸ਼ਰਧਾ ਵਿਸ਼ਵਾਸ਼ ਸਿਨੇਮੇ ਹਾਲ ਤੋਂ ਬਾਹਰ ਆਉਂਦਿਆਂ ਹੀ ਖੰਬ ਲਾ ਕੇ ਕਿਧਰੇ ਦੂਰ ਉੱਡ ਜਾਂਦੀ..!
ਕੁੰਭ-ਕਰਨੀ ਨੀਂਦਰ ਸੁੱਤੀਆਂ ਸਾਡੀਆਂ ਜੁੰਮੇਵਾਰ ਸੰਸਥਾਵਾਂ..ਹਰ ਵੇਰ ਹਲੂਣਾ ਦੇ ਕੇ ਜਗਾਉਣਾ ਪੈਂਦਾ..ਬਾਲੀਵੁੱਡ ਦੇ ਵੱਡੇ ਨਾਮ..ਵੱਡੇ ਫਲਸਫੇ..ਵੱਡੀਆਂ ਤਕਰੀਰਾਂ..ਸਿਧੇ ਅਸਿਧੇ ਅਮੀਰੀ ਕਾਮਯਾਬੀ ਦੀ ਨੁਮਾਇਸ਼..!
ਪਰ ਜਿਥੇ ਟਾਂਡਿਆਂ ਵਾਲੀ ਤੇ ਭਾਂਡਿਆਂ ਵਾਲੀ ਵਿਚੋਂ ਇੱਕ ਨੂੰ ਚੁਣਨ ਦਾ ਸਵਾਲ ਖੜਾ ਹੋ ਗਿਆ ਓਥੇ ਲੰਮੀਆਂ ਚੁੱਪੀਆਂ ਧਾਰ ਲੈਣੀਆਂ..!
ਮਨੀਪੁਰ ਏਡਾ ਵੱਡਾ ਕਹਿਰ ਹੋ ਗਿਆ..ਕੁਝ ਇੱਕ ਨੂੰ ਛੱਡ ਬਾਕੀ ਸਾਰੇ ਚੁੱਪ..ਸਥਾਪਿਤ ਦੁਕਾਨਾਂ ਕਿਧਰੇ ਬੰਦ ਹੀ ਨਾ ਹੋ ਜਾਵਣ..!
ਮਗਰੋਂ ਅਸੀਂ ਇਸ ਸਭ ਨੂੰ ਪੱਲਿਓਂ ਪੈਸੇ ਖਰਚ ਵੇਖਣ ਜਾਂਦੇ..ਫੇਰ ਸਾਡੀਆਂ ਜੁੱਤੀਆਂ ਸਾਡੇ ਹੀ ਸਿਰ..!
ਇੱਕ ਵੱਡਾ ਸਵਾਲ ਹੁਣ ਕੀਤਾ ਕੀ ਜਾਵੇ..?
ਸਭ ਤੋਂ ਵੱਡੀ ਲੋੜ..ਇਸ ਨੂੰ ਸਿਰ ਤੇ ਸਜਾ ਕੇ ਇਖਲਾਖੀ ਮਨੋਵਿਗਿਆਨਿਕ ਦੁਨਿਆਵੀ ਅਤੇ ਫਰਜੀ ਤੌਰ ਤੇ ਪੈ ਜਾਂਦੀ ਵੱਡੀ ਜੁੰਮੇਵਾਰੀ ਤੋਂ ਹਰੇਕ ਨੂੰ ਜਾਣੂੰ ਕਰਵਾਉਣਾ..!
ਕਈ ਵਰੇ ਪਹਿਲੋਂ ਨਵੇਂ-ਨਵੇਂ ਕਨੇਡਾ ਆਏ ਨੇ ਇੱਕ ਗੋਰੇ ਨੂੰ ਸਿਰ ਤੇ ਦਸਤਾਰ ਸਜਾ ਦਿੱਤੀ..ਫੇਰ ਪੁੱਛਿਆ ਕਿੱਦਾਂ ਮਹਿਸੂਸ ਕਰਦਾ ਏਂ?
ਆਖਣ ਲੱਗਾ ਇੰਝ ਲੱਗਦਾ ਮਹਾਰਾਜੇ ਬਣ ਸਾਰੀ ਦੁਨੀਆਂ ਜਿੱਤ ਲਈ ਹੋਵੇ ਤੇ ਜਿੱਤ ਕੇ ਤੁਰੇ ਜਾਂਦੇ ਨੂੰ ਸਾਰੇ ਇੱਕਟਕ ਵੇਖੀ ਜਾ ਰਹੇ ਨੇ ਕੇ ਇਹ ਕਥਨੀ ਅਤੇ ਕਰਨੀ ਤੇ ਕਿੰਨਾ ਕੂ ਪੂਰਾ ਉੱਤਰਦਾ ਏ!
ਹਰਪ੍ਰੀਤ ਸਿੰਘ ਜਵੰਦਾ