ਬਲੈਕ ਪ੍ਰਿੰਸ ਮੂਵੀ..ਅਕਸਰ ਹੀ ਵੇਖ ਲਿਆ ਕਰਦਾ ਹਾਂ..!
ਇੱਕ ਗੀਤ “ਮੈਨੂੰ ਦਰਦਾਂ ਵਾਲਾ ਦੇਸ਼ ਅਵਾਜਾਂ ਮਾਰਦਾ..ਹੁਣ ਨਹਿਰਾਂ ਵਾਲੇ ਪਾਣੀ ਅੰਮ੍ਰਿਤ ਲੱਗਦੇ ਨੇ..ਉਸ ਮੁਲਖ ਦੇ ਵੱਲੋਂ ਪੁਰੇ ਇਲਾਹੀ ਵੱਗਦੇ ਨੇ..ਹੁਣ ਕਬਜਾ ਮੇਰੇ ਉੱਤੇ ਅਸਲ ਹੱਕਦਾਰਦਾ..ਮੈਨੂੰ ਦਰਦਾਂ ਵਾਲਾ ਦੇਸ਼ ਅਵਾਜਾਂ ਮਾਰਦਾ..ਮੇਰੀ ਰੂਹ ਵਿਚ ਰਲ ਗਿਆ ਨੂਰ ਮੇਰੀ ਸਰਕਾਰ ਦਾ..”
ਮਹਾਰਾਜਾ ਦਲੀਪ ਸਿੰਘ ਨਸ਼ੇ ਦੇ ਲੋਰ ਵਿਚ ਝੂਮਦਾ ਹੋਇਆ ਅੰਦਰ ਅਉਂਦਾ..ਟੋਪੀ ਬੂਹੇ ਤੇ ਸਲੂਟ ਮਾਰਦੇ ਗੋਰੇ ਦਰਬਾਨ ਨੂੰ ਫੜਾ ਇੱਕ ਹਨੇਰੇ ਕਮਰੇ ਅੰਦਰ ਚਲਾ ਜਾਂਦਾ..ਅੰਦਰ ਦੀਵੇ ਦੀ ਮੱਧਮ ਰੋਸ਼ਨੀ ਵਿਚ ਇਕ ਬਿਸਤਰੇ ਤੇ ਜਿੰਦਾ ਲੇਟੀ ਹੁੰਦੀ ਏ..ਮਰੀ ਹੋਈ ਜਿੰਦਾ..!
ਅਕਸਰ ਸੋਚਦਾ ਜਿੰਦਾਂ ਨਾਮ ਵਾਲਾ ਇਨਸਾਨ ਭਲਾ ਮਰ ਕਿੱਦਾਂ ਸਕਦਾ..!
ਦੋਸਤੋ ਵਾਕਈ ਹੀ ਮਰ ਜਾਂਦਾ ਜਦੋਂ ਧੱਕੇ ਸ਼ਾਹੀਆਂ ਦੀ ਸੁਨਾਮੀ ਆਉਂਦੀ..ਜਦੋਂ ਪਿੱਠ ਪਿੱਛੇ ਖੰਜਰ ਖੁੱਬਦੇ..ਸ਼ਾਹੀ ਦਰਬਾਰ ਸ਼ਾਨੋ ਸ਼ੋਕਤ ਅਤੇ ਹੋਰ ਵੀ ਕਿੰਨਾ ਕੁਝ ਰੇਤ ਦੇ ਟਿੱਬੇ ਵਾਂਙ ਉੱਡ ਜਾਵੇ..ਜਿੰਦਾ ਨਾਮ ਵਾਲਾ ਜੇ ਖੁਦ-ਬੇਖ਼ੁਦ ਨਾ ਵੀ ਮੁੱਕੇ ਤਾਂ ਵੀ ਫਾਂਸੀ ਦੇ ਤਖ਼ਤ ਤੇ ਚੜ੍ਹ ਜੈਕਾਰੇ ਛੱਡਦਾ ਆਪਾਂ ਅੱਖੀਂ ਵੇਖਿਆ..ਅਜੇ ਕੁਝ ਦਹਾਕੇ ਪਹਿਲੋਂ ਹੀ..!
ਫੇਰ ਵਗਦੇ ਪਾਣੀਆਂ ਵਿੱਚ ਮਾਂ ਦੇ ਫੁਲ ਪਾਉਣ ਜਾਂਦਾ..”ਐ ਕੁਦਰਤ ਮੈਨੂੰ ਗੋਦ ਦੇ ਵਿੱਚ ਲੂਕਾ ਲੈ ਨੀ..ਇਥੇ ਕੋਈ ਨਾ ਮੇਰਾ..ਗਲ਼ ਨਾਲ ਮੈਨੂੰ ਲਾ ਲੈ ਨੀ..ਮੈਨੂੰ ਮਿਲਿਆ ਨੀ ਕੋਈ ਸ਼ਕਸ਼ ਮੇਰੇ ਇਤਬਾਰ ਦਾ..ਮੈਨੂੰ ਦਰਦਾਂ ਵਾਲਾ ਦੇਸ਼ ਅਵਾਜਾਂ ਮਾਰਦਾ..”
ਸੁਰਤ ਅਠਾਰਾਂ ਸੌ ਉਂਣੀਨਜਾ ਦੇ ਲਾਹੌਰ ਦਰਬਾਰ ਅੱਪੜ ਗਈ..ਸ਼ੇਰ-ਏ-ਪੰਜਾਬ ਨੂੰ ਗਿਆਂ ਮਸੀਂ ਦਸ ਸਾਲ ਵੀ ਨਹੀਂ ਸਨ ਹੋਏ..!
ਪੈਰ ਪੈਰ ਤੇ ਮਚਿਆ ਘਮਸਾਨ..ਹਨੇਗਰਦੀ..ਆਪੋਧਾਪ..ਆਪ-ਹੁਦਰਾਪਣ..ਕਤਲੋਗਾਰਦ..ਸਾਜਿਸ਼ਾਂ..ਤਰਕੀਬਾਂ..ਲੁੱਟ-ਖਸੁੱਟ..ਵੱਢ-ਟੁੱਕ..ਮਾਰ ਧਾੜ..ਅਤੇ ਦਰਬਾਰ ਦੇ ਅੰਦਰ ਕਿਸੇ ਗੁੰਮਨਾਮ ਅਲਮਾਰੀ ਵਿੱਚ ਪਿਆ “ਕੋਹੇਨੂਰ”..ਪਾਸੇ ਬੈਠ ਮੌਕੇ ਦਾ ਇੰਤਜਾਰ ਕਰਦਾ ਸਭ ਕੁਝ ਵੇਖਦਾ ਹੋਇਆ ਲਾਰਡ ਡਲਹੌਜੀ..ਓਹੀ ਡਲਹੌਜੀ ਜਿਸਦੇ ਨਾਮ ਤੇ ਹੁਣ ਇੱਕ ਸ਼ਹਿਰ ਵੱਸਿਆ..ਪਠਾਕਕੋਟ ਤੋਂ ਥੋੜਾ ਹਟਵਾਂ..ਹਿਮਾਚਲ ਵਿੱਚ..ਗਰਮੀਂ ਤੋਂ ਬਚਣ ਲਈ ਓਥੇ ਗਏ ਸ਼ਾਇਦ ਹੀ ਕਦੇ ਸੋਚਦੇ ਹੋਣੇ ਕੀ ਕਹਿਰ ਵਰਤਾਇਆ ਸੀ ਇਸਨੇ..!
ਦਿੱਲੀ ਦੀ ਔਰੰਗਜੇਬ ਰੋਡ ਦਾ ਨਾਮ ਬਦਲ ਸਕਦੇ ਫੇਰ ਇਸ ਦਾ ਕਿਓਂ ਨਹੀਂ..ਧੋਖੇ ਫਰੇਬ ਸਾਜਿਸ਼ਾਂ ਦਾ ਮੁਜੱਸਮਾਂ..ਦੱਸਦੇ ਦਰਬਾਰ-ਏ-ਖਾਲਸਾ ਦੀ ਆਖਰੀ ਟੁਕੜੀ ਜਦੋਂ ਹਥਿਆਰ ਸੁੱਟਣ ਲੱਗੀ ਤਾਂ ਖੁਦ ਆਪ ਹਾਜਿਰ ਸੀ..ਚੇਹਰਿਆਂ ਜਮੀਰਾਂ ਤੋਂ ਹਾਰ ਦੇ ਅਹਿਸਾਸ ਵੇਖਣ ਲਈ..ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ..ਫੌਜਾਂ ਜਿੱਤ ਕੇ ਅੰਤ ਨੂੰ ਹਰੀਆਂ ਨੇ..ਹਰ ਜਾਣ ਅਤੇ ਹਰ ਮੰਨ ਲੈਣ ਵਿਚ ਜਮੀਨ ਆਸਮਾਨ ਦਾ ਫਰਕ!
ਕਦੀ ਕੇ.ਪੀ ਗਿੱਲ ਵੀ ਇੰਝ ਈ ਕਰਿਆ ਕਰਦਾ ਸੀ..ਪੈਰੀਂ ਪੈ ਕੇ ਜਾਨ ਬਕਸ਼ੀ ਦੀ ਚਾਰਾਜੋਈ ਅਤੇ ਲਿਲਕੜੀਆਂ ਕੱਢਦੇ ਵੱਲ ਵੇਖਦਾ ਤਾਂ ਮੁੱਛਾਂ ਨੂੰ ਮਰੋੜੀ ਚੜ ਜਾਂਦੀ..!
ਕੁਝ ਨੇ ਲਿਲਕੜੀਆਂ ਕੱਢੀਆਂ ਵੀ ਪਰ ਕੁਝ ਇਹ ਸੋਚ ਆਕੜ ਗਏ ਕੇ ਇਥੇ ਕਿਹੜਾ ਸਦੀਵੀਂ ਪਟਾ ਕਰਾਇਆ..ਹੁਣ ਨਹੀਂ ਤੇ ਕੁਝ ਵਰੇ ਬਾਅਦ ਵੀ ਤੇ ਮਰ ਹੀ ਜਾਣਾ..ਫੇਰ ਕਿਓਂ ਨਾ ਤੁਰੀਏ ਭਾਵੇਂ ਦੋ ਕਦਮ ਈ ਪਰ ਤੁਰੀਏ ਮਟਕ ਦੇ ਨਾਲ..!
ਓਹਨਾ ਵੇਲਿਆਂ ਦਾ ਭਾਈ ਅਵਤਾਰ ਸਿੰਘ ਦਾਊਂ ਮਾਜਰਾ..ਹਿਰਾਸਤ ਵਿਚ ਭਾਰੀ ਤਸ਼ੱਦਤ..ਬਾਪ ਮਗਰੋਂ ਪੰਜਾਬ ਦੇ ਬਣੇ ਮੁਖ ਮੰਤਰੀ ਬੇਅੰਤ ਸਿੰਘ ਦਾ ਨੇੜੇ ਦਾ ਵਾਕਿਫ਼ਕਾਰ..ਦਊਮਾਜਰਾ ਪਿੰਡ ਹੈ ਵੀ ਕੋਟਲੀ ਦੇ ਐਨ ਨੇੜੇ!
ਪੁੱਤ ਖਾਤਿਰ ਚੰਡੀਗੜ੍ਹ ਅੱਪੜ ਗਿਆ..ਅੱਗਿਓਂ ਆਖਣ ਲੱਗਾ..ਅਵਤਾਰ ਨੂੰ ਆਖ ਆਪਣੇ ਨਾਲ ਦਾ ਕੋਈ ਵੱਡਾ ਨਾਮੀਂ ਸਿੰਘ ਫੜਾ ਦੇਵੇ..ਪੱਕੀ ਖਲਾਸੀ ਹੋ ਜੂ..ਜਦੋਂ ਤਸ਼ੱਦਤ ਦੇ ਝੰਬੇ ਨਾਲ ਗੱਲ ਕੀਤੀ ਤਾਂ ਆਖਣ ਲੱਗਾ ਬਾਪੂ ਦਸਮ ਪਿਤਾ ਦੇ ਦਰਬਾਰ ਵਿਚ ਝੂਠੇ ਥੋੜਾ ਪੈਣਾ..ਵੇਖੀ ਜਾਊ ਜੋ ਹੋਊ..ਆਪਣਿਆਂ ਨਾਲ ਦਗਾ ਨਹੀਂ..ਫੇਰ ਅਣਪਛਾਤਾ ਦਰਸਾ ਫੂਕ ਦਿੱਤਾ..!
“ਬੀਤ ਜਾਣੀਆਂ ਰੁੱਤਾਂ ਹਾਣੀਆਂ..ਜੇ ਨਾ ਮਾਣੀਆਂ..ਟੋਲਦਾ ਰਵੀਂ..ਚੱਲੇ ਜਾਵਾਂਗੇ..ਨਾ ਮੁੜ ਆਵਾਂਗੇ..ਵਾਰੋ ਵਾਰੀ ਦਰ ਭਾਵੇਂ ਖੋਲ੍ਹਦਾ ਰਵੀਂ”!
“ਸਾਰੀ ਰਾਤ ਤੇਰਾ ਤੱਕਦੀ ਆਂ ਰਾਹ..ਤਾਰਿਆ ਤੋਂ ਪੁੱਛ ਚੰਨ ਵੇ..ਮੈਂ ਤਾਂ ਤੇਰੇ ਪਿੱਛੇ ਹੋਈ ਆਂ ਤਬਾਹ..ਲਾਏ ਲਾਰਿਆਂ ਤੋਂ ਪੁੱਛ ਚੰਨ ਵੇ..ਪਹਿਲੋਂ ਨਾਲਦਾ ਮੁੱਕ ਗਿਆ ਹੁਣ ਪੁੱਤਰ..ਕਯਾ ਕੈਫੀਅਤ ਕਯਾ ਮਨੋਅਵਸ਼ਤਾ ਏ ਇੱਕ ਮਾਂ ਦੀ..ਸ਼ਬਦਾਂ ਅੱਖਰਾਂ ਤੋਂ ਕੋਹਾਂ ਦੂਰ..!
ਕਹਾਣੀਆਂ ਲੰਮੀਆਂ ਪਰ ਅਖੀਰ ਵਿਚ..”ਇਸ ਕਿਸਮਤ ਡਾਢਦੀ ਹੱਥੋਂ ਬੜੇ ਖਵਾਰ ਹੋਏ..ਅਸੀਂ ਮਿੱਟੀ,ਮੁਲਖ ਤੇ ਮਾਂ ਤੋਂ ਵੀ ਬੇਜ਼ਾਰ ਹੋਏ..ਹੁਣ ਕੀਕਣ ਕਰੀਏ ਸਬਰ ਸਮੁੰਦਰੋਂ ਪਾਰ ਦਾ..ਮੈਨੂੰ ਦਰਦਾਂ ਵਾਲਾ ਦੇਸ਼ ਅਵਾਜਾਂ ਮਾਰਦਾ”
ਵਾਕਿਆ ਹੀ ਬੜਾ ਔਖਾ ਹੁੰਦਾ ਓਦੋਂ ਸਬਰ ਕਰਨਾ ਜਦੋਂ ਆਖਰੀ ਵੇਰ ਆਪਣੀ ਮਿੱਟੀ ਅਤੇ ਆਪਣੀ ਮਾਂ ਦੀ ਬੁੱਕਲ ਵੀ ਨਸੀਬ ਨਾ ਹੋਵੇ!
ਹਰਪ੍ਰੀਤ ਸਿੰਘ ਜਵੰਦਾ