ਕਲ ਸਵੇਰੇ ਜਦੋਂ ਮੇਰੀ ਜਾਗ ਖੁੱਲੀ ਤਾਂ ਮੈਂ ਮੂੰਹ ਹੱਥ ਧੋ ਕੇ ਫਰਿਜ਼ ਵਿੱਚ ਰੱਖੀ ਹੋਈ ਆਖਰੀ ਪਿਪੱਲ ਦੀ ਦਾਤਣ ਕੱਢ ਕੇ ਦਾਤਣ ਕਰਦਾ ਹੋਇਆ ਬਾਹਰ ਸੈਰ ਨੂੰ ਨਿਕਲ ਗਿਆ। ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਪਿਪੱਲ ਦੀ ਵੀ ਦਾਤਣ ਕੋਈ ਕਰਦਾ ਹੈ। ਪਿਪੱਲ ਵਿੱਚ ਬਹੁਤ ਗੁਣ ਹਨ ਸ਼ਾਇਦ ਇਸੇ ਕਰਕੇ ਬਹੁਤ ਪੁਰਾਣੇ ਜਮਾਨੇ ਤੋਂ ਲੋਕਾਂ ਨੂੰ ਇਸ ਦੀ ਪੂਜਾ ਵੱਲ ਲਾ ਦਿਤਾ ਗਿਆ ਤਾਂਕਿ ਲੋਕ ਇਸਨੂੰ ਨਾ ਵੱਢਣ। ਮੈਂ ਅਕਸਰ ਨਿਮ੍ਹ ਅਤੇ ਪਿਪੱਲ ਦੀ ਦਾਤਣ ਕਰਦਾ ਹਾਂ। ਘਰ ਦੇ ਸਾਹਮਣੇ ਵੱਡੀ ਸੜਕ ਦੇ ਪਾਰ ਵਾਲੇ ਪਾਸੇ ਦੇ ਨਿਮ੍ਹ ਦੇ ਦਰਖ਼ਤ ਹਨ। ਆਪਣੇ ਲੰਮੇ ਕਦ ਦਾ ਫਾਇਦਾ ਚੁੱਕਦਾ ਹੋਇਆ ਇਕ ਉੱਚੇ ਟਾਹਣ ਨੂੰ ਹੱਥ ਪਾ ਕੇ ਤੋੜਨ ਹੀ ਲਗਾ ਸੀ ਕਿ ਦੋ ਵਡੇਰੀ ਉਮਰ ਦੇ ਬੰਦਿਆਂ ਦੀ ਆਪਸ ਵਿੱਚ ਗੱਲ ਬਾਅਦ ਕੰਨੀ ਪਈ। ਮੈਂ ਆਪਣਾ ਧਿਆਨ ਤਾਂ ਉਹਨਾਂ ਦੀਆਂ ਗਲਾਂ ਵਿੱਚ ਰੱਖਿਆ, ਪਰ ਦਾਤੁਣ ਤੋੜਨ ਦੀ ਕਾਰਵਾਈ ਜਾਰੀ ਰਖੀ। ਉਹਨਾਂ ਦੀ ਗਲਬਲ ਸਾਨੂੰ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦੇਵੇਗੀ। ਉਹਨਾਂ ਦੀ ਗਲ ਜਿਵੇਂ ਮੈਂ ਸੁਣੀ ਤਿਵੇਂ ਹੀ ਹੇਠਾਂ ਲਿਖੀ ਹੈ ਜੀ:
” ਯਾਰ ਇਹ ਬੁਢਾਪਾ ਵੀ ਬਹੁਤ ਮੁਸ਼ਕਲ ਹੈ, ਜੇ ਦੋਹਾਂ ਜੀਆਂ ਵਿੱਚੋਂ ਇਕ ਵੀ ਚਲਾ ਜਾਵੇ ਤਾਂ ਦੂਜੇ ਲਈ ਮੁਸ਼ਕਲ, ਜੇ ਦੋਵੇਂ ਹੋਣ ਤਾਂ ਆਪਸ ਵਿੱਚ ਲੜਦੇ ਰਹਿੰਦੇ ਹਨ ਅਤੇ ਜੇ ਦੋਵੇਂ ਜੀਅ ਆਪਸ ਵਿਚ ਠੀਕ ਵੀ ਹੋਣ ਤਾਂ ਬੱਚਿਆਂ ਨਾਲ ਤਾਲਮੇਲ ਦੀ ਘਾਟ ਹੈ”
ਵਾਪਸੀ ਤੇ ਗਹਿਰੀ ਸੋਚ ਵਿਚ ਸੀ ਸਾਡੇ ਪਾਰਕ ਦੇ ਚੌਗਿਰਦੇ 50 ਘਰ ਹਨ ਅਤੇ ਵਸੋਂ 41 ਘਰਾਂ ਵਿਚ ਹੈ, 21 ਘਰਾਂ ਵਿੱਚੋਂ ਬੱਚੇ ਵਿਦੇਸਾਂ ਵਿਚ ਹਨ, ਜਿਹਦੇ ਵਿੱਚ ਮੇਰਾ ਘਰ ਵੀ ਸ਼ਾਮਿਲ ਹੈ। ਇਕ ਵੀਰ ਜਿਸਦੀਆਂ ਤਿੰਨ ਲੜਕੀਆਂ ਵਿੱਚੋਂ ਦੋ ਵਿਦੇਸ਼ਾਂ ਵਿੱਚ ਹਣਾਤੇ ਇਕ ਲੁਧਿਆਣੇ ਤੋਂ ਬਾਹਰ ਵਿਆਹੀ ਹੈ। ਉਸ ਵੀਰ ਦੀ ਘਰਵਾਲੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਜ ਮਹਿਸੂਸ ਹੋਇਆ ਕਿ ਉਸ ਦੀ ਜ਼ਿੰਦਗੀ ਕਿੰਨੀ ਔਖੀ ਹੋਵੇਗੀ। ਜਦੋਂ ਕਿਸੇ ਦਾ ਜੀਵਨ ਸਾਥੀ ਚਲਿਆ ਜਾਂਦਾ ਹੈ ਦੂਜੇ ਦਾ ਸਹਾਰਾ ਬੱਚੇ ਹੀ ਬਣਦੇ ਹਨ। ਵੱਡੇ ਹੋਣ ਦਾ ਫਰਜ ਨਿਭਾਉਂਦੇ ਹੋਏ ਅਤੇ ਇਹ ਸਮਝਦੇ ਹੋਏ ਕਿ ਨਵੀਂ ਪੀੜ੍ਹੀ ਦੀ ਸੋਚ ਅਤੇ ਜਰੂਰਤਾਂ ਸਾਡੇ ਨਾਲੋਂ ਵਖਰੀਆਂ ਹਨ ਅਤੇ ਜੇਕਰ ਸਹਿਜ ਨਾਲ ਵਿਹਾਰ ਕਰਣਗੇ, ਤਾਂ ਬਹੁਤੀਆਂ ਮੁਸ਼ਕਲਾਂ ਨਹੀਂ ਆਉਂਦੀਆਂ।
ਹੁਣ ਗਲ ਰਹਿ ਗਈ ਜਿੱਥੇ ਦੋਵੇਂ ਜੀਅ ਹਨ ਪਰ ਲੜਦੇ ਰਹਿੰਦੇ ਹਨ। ਸਾਡੀ ਵੀ ਆਪਸ ਵਿੱਚ ਲੜਾਈ ਹੁੰਦੀ ਹੈ, ਪਰ ਮੁੱਦੇ ਬਹੁਤ ਛੋਟੇ ਹੁੰਦੇ ਹਨ ਅਤੇ ਸੁਲਾਹ ਸਫਾਈ ਵੀ 15-20 ਮਿੰਟਾਂ ਵਿੱਚ ਹੋ ਜਾਂਦੀ ਹੈ। ਕਿਸੇ ਵੀ ਨੋਕ ਝੋਕ ਨੂੰ ਬਹੁਤ ਲੰਮਾ ਨਹੀਂ ਖਿੱਚਣਾ ਚਾਹੀਦਾ ਅਤੇ ਨਾਂ ਹੀ ਨੱਕ ਦਾ ਸਵਾਲ ਬਣਾਉਣਾ ਚਾਹੀਦਾ ਹੈ। ਇਹੀ ਜਿਉਣ ਦਾ ਮੰਤਰ ਹੈ ਦੋਸਤੋ।
ਵੀਰੇਂਦਰ ਜਿਤ ਸਿੰਘ ਬੀਰ