ਨਿੱਕੀ ਧੀ ਸੁਵੇਰੇ ਉਠਦਿਆਂ ਹੀ ਦਵਾਲੇ ਘੁੰਮਣ ਲੱਗਦੀ..ਕਦੇ ਚਾਦਰ ਚੁੱਕਦੀ..ਕਦੇ ਬੁਲਾਉਂਦੀ..ਕਦੇ ਨਾਲ ਪੈ ਜਾਂਦੀ..ਫੇਰ ਉੱਠ ਜਾਂਦੀ..ਇਹ ਵਰਤਾਰਾ ਕਿੰਨੀ ਦੇਰ ਚੱਲਦਾ ਰਹਿੰਦਾ!
ਇੱਕ ਐਤਵਾਰ ਲੰਮੇ ਪਏ ਦੇ ਮੂਹੋਂ ਐਵੇਂ ਹੀ ਨਿੱਕਲ ਗਿਆ ਕੇ ਮੈਨੂੰ ਬੁਖਾਰ ਏ..!
ਉਹ ਭੱਜ ਕੇ ਗਈ..ਦਵਾਈਆਂ ਵਾਲਾ ਡੱਬਾ ਚੁੱਕ ਲਿਆਈ..ਅੰਦਰੋਂ ਕਿੰਨੀਆਂ ਗੋਲੀਆਂ ਕੱਢੀਆਂ..ਫੇਰ ਪਾਣੀ ਦਾ ਗਿਲਾਸ ਫੜਾਇਆ..ਥੱਲੇ ਗਈ..ਸਾਰਿਆਂ ਨੂੰ ਦੱਸ ਆਈ ਪਾਪਾ ਨੂੰ ਬੁਖਾਰ ਏ..ਮੁੜ ਪਰਤ ਆਈ..ਗੁੱਸੇ ਨਾਲ ਪੁੱਛਣ ਲੱਗੀ ਕੈਪਸੂਲ ਕਿਓਂ ਨਹੀਂ ਖਾਦਾ ਅਜੇ ਤੱਕ?
ਮੈਂ ਆਖਿਆ ਅਜੇ ਬੁਰਸ਼ ਨਹੀਂ ਕੀਤਾ..ਓਸੇ ਵੇਲੇ ਬੁਰਸ਼ ਲੈ ਆਈ..ਪੇਸਟ ਲਾਇਆ..ਆਖਣ ਲੱਗੀ ਹੁਣ ਕਰ ਲਵੋ..!
ਅੱਗੋਂ ਬਹਾਨਾ ਲਾਇਆ ਚਾਹ ਨੂੰ ਜੀ ਕਰਦਾ..ਉਚੇਚੀ ਬਣਵਾ ਕੇ ਲਿਆਈ..ਨਾਲ ਮਿੱਠੇ ਬਿਸਕੁਟ..ਨਮਕੀਨ..ਹੋਰ ਵੀ ਕਿੰਨਾ ਕੁਝ..ਫੇਰ ਗਰਮ ਪਾਣੀ ਦੀ ਨਿੱਕੇ ਨਿੱਕੇ ਹੱਥਾਂ ਦੀ ਹਲਕੀ ਹਲਕੀ ਟਕੋਰ ਸ਼ੁਰੂ ਕਰ ਦਿੱਤੀ..!
ਫੇਰ ਉਹ ਨਿੱਕੇ ਨਿੱਕੇ ਹੱਥ ਪੈਰ..ਨਿੱਕੀਆਂ ਉਲਾਂਹਗਾ ਕਦੋਂ ਵੱਡੀਆਂ ਹੋ ਗਈਆਂ ਪਤਾ ਹੀ ਨਹੀਂ ਲੱਗਾ..!
ਓਦੋਂ ਉਸਨੇ ਨਵਾਂ ਨਵਾਂ ਕਾਲਜ ਜਾਣਾ ਸ਼ੁਰੂ ਕੀਤਾ ਹੀ ਸੀ..ਨਹੁੰ ਪਾਲਸ਼ ਅਤੇ ਸੱਜਣ ਫੱਬਣ ਦਾ ਕਾਫੀ ਸ਼ੌਕ ਸੀ..ਮਾਂ ਕੋਲੋਂ ਝਿੜਕਾਂ ਵੀ ਖਾਂਦੀ!
ਇੱਕ ਦਿਨ ਆਥਣੇ ਘਰੇ ਵੜਿਆ..ਮਾਹੌਲ ਕਾਫੀ ਗਰਮ ਲੱਗਾ..ਨਾਲਦੀ ਉੱਚੀ ਉੱਚੀ ਬੋਲ ਰਹੀ ਸੀ..ਸ਼ਾਇਦ ਜੂਠੇ ਭਾਂਡਿਆਂ ਦਾ ਰੌਲਾ ਸੀ..ਧੀ ਆਪਣੇ ਕਮਰੇ ਵਿਚ ਸੀ..!
ਮੈਂ ਸਿੱਧਾ ਉਸਦੇ ਕਮਰੇ ਵਿਚ ਗਿਆ..ਅੱਗੋਂ ਆਖਣ ਲੱਗੀ ਪਾਪਾ ਮੈਂ ਨਹੁੰ ਪਾਲਸ਼ ਲਾ ਰਹੀ ਹਾਂ..ਮਾਂ ਆਖ ਰਹੀ ਭਾਂਡੇ ਕਿਓਂ ਨਹੀਂ ਮਾਂਜੇ..ਇਸ ਹਾਲਤ ਵਿਚ ਭਲਾ ਏਨੇ ਸਾਰੇ ਭਾਂਡੇ ਮੈਂ ਕਿੱਦਾਂ ਮਾਂਜ ਸਕਦੀ ਹਾਂ..?
ਮੈਂ ਓਸੇ ਵੇਲੇ ਬਾਹਰ ਆਇਆ..ਨਾਲਦੀ ਨੂੰ ਤਸੱਲੀ ਦਿੱਤੀ..ਸਫਾਈ ਦਿੱਤੀ ਕੋਈ ਜਰੂਰੀ ਕੰਮ ਕਰਦੀ ਪਈ ਏ ਹੁਣੇ ਮਾਂਝ ਦਿੰਦੀ ਏ ਫਿਕਰ ਨਾ ਕਰ..ਉਹ ਮੇਰੀ ਇਸ ਤਸੱਲੀ ਮਗਰੋਂ ਬਜਾਰ ਚਲੀ ਗਈ!
ਘੰਟੇ ਬਾਅਦ ਵਾਪਿਸ ਪਰਤ ਆਈ..ਭਰਿਆ ਹੋਇਆ ਸਿੰਕ ਹੁਣ ਖਾਲੀ ਸੀ..ਸਾਫ ਸੁਥਰੇ ਭਾਂਡੇ ਆਪੋ ਆਪਣੀ ਥਾਂ ਪੜਛੱਤੀ ਤੇ ਲੱਗੇ ਪਏ ਲਿਸ਼ਕ ਰਹੇ ਸਨ..!
ਉਹ ਸਿੱਧੀ ਅੰਦਰ ਗਈ..ਧੀ ਹੁਣ ਉਂਗਲੀਆਂ ਖਲਾਰ ਆਪਣੇ ਗਿੱਲੇ ਨਹੁੰ ਸੁਕਾ ਰਹੀ ਸੀ..!
ਬਾਹਰ ਆਉਂਦੀ ਹੀ ਮੇਰੇ ਦਵਾਲੇ ਹੋ ਗਈ..ਇਹ ਤੁਹਾਡੀ ਹੀ ਵਿਗਾੜੀ ਹੋਈ ਏ..ਹੋਰ ਚੜਾਉ ਸਿਰੇ..ਕੱਲ ਨੂੰ ਸਹੁਰੇ ਵੀ ਇਸਦੇ ਨਾਲ ਹੀ ਚਲੇ ਜਾਇਓ..!
ਪਰ ਮੈਂ ਚੁੱਪ ਸਾਂ..ਮਨ ਵਿਚ ਸਾਂਭੀ ਇੱਕ ਦਲੀਲ ਆਸਰੇ..ਉਹ ਦਲੀਲ ਜਿਹੜੀ ਮੈਂ ਸਿਰਫ ਓਦੋਂ ਵਰਤਣੀ ਹੁੰਦੀ ਜਦੋਂ ਪਾਣੀ ਸਿਰੋਂ ਲੰਘ ਜਾਂਦਾ..ਭਲਾ ਨਿੱਕੀ ਹੁੰਦੀ ਜੇ ਬਿਮਾਰ ਪਿਓ ਦੀ ਏਨੀ ਟਹਿਲ ਸੇਵਾ ਕਰ ਸਕਦੀ ਏ ਤਾਂ ਵੱਡੀ ਹੋਈ ਤੇ ਇੱਕ ਪਿਓ ਉਸਦੀ ਖਾਤਿਰ ਥੋੜੇ ਜਿਹੇ ਭਾਂਡੇ ਵੀ ਨਹੀਂ ਮਾਂਜ ਸਕਦਾ..!
ਨਾਲੇ ਗਿੱਲੇ ਨਹੁੰਆਂ ਨਾਲ ਭਲਾ ਏਨੇ ਸਾਰੇ ਭਾਂਡੇ ਮਾਂਜੇ ਵੀ ਕਿੱਦਾਂ ਜਾ ਸਕਦੇ ਨੇ..ਉਹ ਵੀ ਓਦੋਂ ਜਦੋਂ ਰੱਬ ਵੱਲੋਂ ਘੱਲਿਆ ਇੱਕ ਸਦੀਵੀਂ ਨੌਕਰ ਆਲੇ ਦਵਾਲੇ ਵਿਹਲਾ ਘੁੰਮ ਫਿਰ ਰਿਹਾ ਹੋਵੇ!
ਹਰਪ੍ਰੀਤ ਸਿੰਘ ਜਵੰਦਾ