ਕਹਾਣੀ (ਇਹ ਸੱਚੀ ਕਹਾਣੀ ਹੈ)
“ਸੱਚੀਂ ਤੂੰ ਤਾਂ ਕਮਲੀ ਰਹਿਣਾ, ਮੈਂ ਤੇਰਾ ਨਾਂ “ਕਮਲੋ’ ਰੱਖ ਦੇਣਾ”। ਸਾਡੀ ਮੁਹੱਬਤ ਕਿਸੇ ਖਾਸ ਦਿਨ ਖਾਸ ਫੁੱਲ ਦੀ ਮੁਹਤਾਜ਼ ਨਹੀਂ। ਮੈਂ ਤੈਨੂੰ ਦਿਲ ਦੀਆਂ ਡੂੰਘਾਈਆਂ ਤੋਂ ਮੁਹੱਬਤ ਕਰਦਾ ਹਾਂ। ਤੇ ਇਸ ਗੱਲ ਦਾ ਖਿਆਲ ਰੱਖਦਾ ਹੋਇਆ ਹੀ ਮਹੀਨਿਆਂ ਬੀਤ ਜਾਣ ਤੇ ਵੀ ਮਿਲਣ ਦੀ ਖ਼ਵਾਹਿਸ਼ ਨਹੀਂ ਕਰਦਾ। ਤੇਰੇ ਸਿਰ ਦੀ ਚੁੰਨੀ ਦੀ ਸਲਾਮਤੀ ਚਾਹੁੰਦਾ ਹਾਂ। ਜੋ ਤੇਰੇ ਪ੍ਰੀਵਾਰ ਨੇ ਤੇਰੇ ਸਿਰ ਤੇ ਜ਼ਿੰਮੇਵਾਰੀ ਵਾਂਗ ਦਿੱਤੀ ਹੈ। ਇਹ ਤਾਂ ਕਮਲੀਏ ਪਛਿਮ ਦੇ ਤਿਉਹਾਰ ਹਨ।ਸਾਨੂੰ ਇਹਨਾਂ ਨਾਲ ਕੀ”। ਸਰਤਾਜ ਉਸ ਨੂੰ ਪਿਆਰ ਨਾਲ ਕਹਿੰਦਾ l ਸੀਰਤ ਅੱਗੋਂ ਉਸਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖਦੀ ਕਹਿੰਦੀ ,”ਏਨੀ ਜ਼ਿੱਦ ਨਾ ਕਰਿਆ ਕਰ ਪਤਾ ਨਹੀਂ ਸਾਡੀ ਇਸ ਮੁਹੱਬਤ ਦਾ ਕੀ ਅੰਜਾਮ ਹੋਣਾ। ਤੂੰ ਮੈਨੂੰ ਰੋਕਿਆ ਨਾ ਕਰ।ਇਸ ਵਾਰ ਮੈ ਆਵਾਂਗੀ ਇਸ ਮੁਹੱਬਤੀ ਦਿਨ (14 ਫਰਵਰੀ) ਵਾਲੇ ਦਿਨ ਤੂੰ ਰੋਕ ਸਕੇ ਤਾਂ ਰੋਕ ਲਵੀਂ”। ਤੂੰ ਨਾ ਲਿਆਵੀਂ ਗੁਲਾਬ ਮੈਂ ਲਿਆਵੇਂਗੀ ਮੈਨੂੰ ਚੰਗਾ ਲਗੇਗਾ ।”
ਤਿੰਨਾ ਭਰਾਵਾਂ ਦੀ ਲਾਡਲੀ ਭੈਣ ਸੀ ਸੀਰਤ।ਪਰ ਵੱਡਾ ਵੀਰ ਕੁਝ ਜਿਆਦਾ ਹੀ ਕੌੜਾ ਸੀ।ਰਮਨ ਭਾਬੀ ਨਾਲ ਵੀ ਖੂਬ ਬਣਦੀ ਸੀ। ਸੂਟ ਲੈਣੇ ਹੋਣ ਜਾਂ ਕੋਈ ਹੋਰ ਖਰੀਦਾਰੀ ਕਰਨੀ ਹੋਵੇ। ਦੋਨੋਂ ਇੱਕਠੀਆਂ ਹੀ ਜਾਂਦੀਆਂ । ਨਨਾਣ ਭਰਜਾਈ ਘੱਟ ਤੇ ਸਹੇਲੀਆਂ ਵੱਧ ਸਨ।ਕਾਰੋਬਾਰ ਵੀ ਸੋਹਣਾ ਸੀ। ਖਾਂਦੇ ਪੀਂਦੇ ਘਰ ਦੀ ਧੀ ਸੀ।ਸਰਤਾਜ ਆਮ ਘਰ ਦਾ ਮੁੰਡਾ ਸੀ ।ਸੁਲਝਿਆ ਹੋਇਆ। ਸਾਊ ਤੇ ਸ਼ਰੀਫ਼। ਹਰ ਇੱਕ ਦੇ ਦੁੱਖ ਦਰਦ ਦਾ ਸਾਥੀ। ਮੁਸੀਬਤ ਵਿੱਚ ਦੌੜ ਕੇ ਪਹੁੰਚਣ ਵਾਲਾ।
ਭਾਵੇਂ ਉਹ ਇੱਕੋ ਕਾਲਿਜ ਵਿੱਚ ਪੜਦੇ ਸਨ। ਇਲਾਕੇ ਵੱਖੋ ਵਖਰੇ ਸਨ। ਇਸ ਮੁਹੱਬਤ ਨੂੰ ਦੋ ਸਾਲ ਹੋ ਗਏ ਸਨ।ਦੋਨੋਂ ਹੀ ਆਮ ਸ਼ਕਲੋ ਸੂਰਤ ਦੇ ਸਨ। ਪਰ ਜਦ ਉਸਨੇ ਪਹਿਲੀ ਵਾਰ ਉਸਨੂੰ ਸਲਾਨਾ ਇੱਕ ਡੀਬੇਟ ਵਿੱਚ ਭਾਗ ਲੈਂਦਿਆਂ ਵੇਖਿਆ ਸੀ ਤੇ ਉਹ ਕਾਇਲ ਹੋ ਗਈ ਸੀ ਉਸਦੀ ਏਨੇ ਵਧੀਆ ਵਿਚਾਰ ਸਨ। ਵਿਸ਼ਾ ਸੀ “ਅੱਜ ਦੀ ਔਰਤ ਦਾ ਸਮਾਜ ਵਿੱਚ ਸਿੱਖਿਆ ਖੇਤਰ, ਘਰ ਤੇ ਸਮਾਜ ਵਿੱਚ ਯੋਗਦਾਨ”।
ਉਸ ਦੇ ਲਫ਼ਜ਼ ਅੱਜ ਵੀ ਯਾਦ ਸਨ “ਕਿ ਜਦ ਮਰਦ ਨੇ ਔਰਤ ਦੀ ਇੱਜ਼ਤ ਕੀਤੀ ਹੈ।ਉਹ ਦੂਣ ਸਵਾਈ ਇਜ਼ੱਤ ਲੈ ਕੇ ਘਰ ਪਰਤਿਆ ਹੈ”।ਇਸ ਅਖੀਰਲੇ ਵਾਕ ਨੇ ਹਾਲ ਵਿਚ ਬੈਠਿਆਂ ਨੂੰ ਤਾੜੀਆਂ ਮਾਰਨ ਤੇ ਮਜਬੂਰ ਕਰ ਦਿੱਤਾ ਸੀ। ਉਸਦੇ ਆਮ ਜਿਹੇ ਨੈਣ ਨਕਸ਼ ,ਸਾਂਵਲੇ ਰੰਗ ਤੇ ਉਸ ਦੇ ਸਿਰ ਤੇ ਫੱਬਦੀ ਪੱਗ ਤੋਂ ਕੁਰਬਾਨ ਹੋ ਗਈ ਸੀ।
ਬੱਸ ਫਿਰ ਇਕ ਦੋ ਮੁਲਾਕਾਤਾਂ ਲਾਇਬ੍ਰੇਰੀ ਵਿੱਚ ਹੋਈਆਂ ਸਨ। ਅੱਖਾਂ ਨੇ ਅੱਖਾਂ ਦੀ ਰਮਜ਼ ਪਹਿਚਾਣ ਲਈ। ਕੰਟੀਨ ਤੇ ਚਾਹ ਪੀਂਦਿਆਂ ਫੋਨ ਨੰਬਰ ਵਟਾਏ। ਗੱਲ ਬਾਤ ਸ਼ੁਰੂ ਹੋਈ। ਮਾਂ ਤੋਂ ਇਹ ਗੱਲ ਲੁਕੀ ਨਾ ਰਹੀ ਜਲਦੀ ਹੀ ਸਭ ਦੱਸ ਦਿੱਤਾ। ਮਾਂ ਨੇ ਪੂਰੀ ਹਾਮੀ ਭਰੀ ਸੀ ਪਰ ਰੁਸਵਾਈ ਨਾ ਹੋਵੇ ਤਾੜਨਾ ਕੀਤੀ। ਪਹਿਲਾਂ ਪੜਾਈ ਖਤਮ ਕਰੋ ਫਿਰ ਸੋਚਾਂਗੇ।ਉਹ ਦੋਨੋਂ ਵੀ ਜੱਗ ਜ਼ਾਹਿਰ ਹੋਣ ਦੇ ਖਦਸ਼ੇ ਕਰਕੇ ਇਸ ਗੱਲ ਦਾ ਖਾਸ ਧਿਆਨ ਰੱਖਦੇ। ਪਰ ਇਸ ਵਾਰ ਸੀਰਤ ਜ਼ਿੱਦ ਕਰ ਬੈਠੀ ਸੀ।
ਉਹੀ ਗੱਲ ਹੋਈ ਭਾਬੀ ਨੂੰ ਨਾਲ ਲੈ ਕੇ ਉਹ ਸ਼ਹਿਰ ਦੇ ਵੱਡੇ ਸ਼ਾਪਿੰਗ ਮਾਲ ਵਿੱਚ ਆਈ। ਘਰੋਂ ਤੁਰਨ ਲੱਗੀ ਫੋਨ kita’, ਸਰਤਾਜ ਤੁਸੀ ਨਾ ਪਹੁੰਚੇ ਇਸ ਜਗ੍ਹਾ ਤੇ ਮੈਂ ਕਦੀ ਗੱਲ ਨਹੀਂ ਕਰਾਂਗੀ।” ਮਹਿਬੂਬ ਵੱਲੋਂ ਮਾਰੀ ਪਿਆਰ ਦੀ ਮਿੱਠੀ ਝਿੜਕ ਅੰਦਰੋਂ ਹੀ ਅੰਦਰੋਂ ਰੁਮਾਂਟਿਕ ਕਰ ਜਾਂਦੀ ਹੈ।
ਜਦ ਉਹ ਦੱਸੀ ਥਾਂ ਤੇ ਪਹੁੰਚਿਆ ਤਾਂ ਸੀਰਤ ਫਿਰੋਜ਼ੀ ਸੂਟ ਵਿੱਚ ਅਰਸ਼ੋਂ ਉੱਤਰੀ ਪਰੀ ਵਾਂਗ ਲੱਗ ਰਹੀ ਸੀ। ਕੋਲਡ ਕਾਫੀ with ਆਈਸਕ੍ਰੀਮ ਦਾ ਆਰਡਰ ਪਹਿਲਾਂ ਹੋ ਚੁੱਕਿਆ ਸੀ। ਰਮਨ ਭਾਬੀ ਕਾਫੀ ਲੈਣ ਗਈ ਤਾਂ ਉਸਨੇ ਇੱਕ ਵਧੀਆ ਰੈਪ ਕੀਤਾ ਇੱਕ ਪੈਕਟ ਉਸ ਨੂੰ ਫੜਾ ਦਿੱਤਾ।ਜਿਸਤੇ ਲਿਖਿਆ ਸੀ “Happy Valentine’s day” । ਤੇ ਉਸ ਨੇ ਵੀ ਇੱਕ ਗਿਫ਼ਟ ਉਸ ਵੱਲ ਵਧਾਇਆ ਸੀ।”will you be my valentine forever”। ਇੱਕ ਦੂਜੇ ਵੱਲ ਵੇਖਿਆ ਦੋਨਾਂ ਦੀ ਨਜ਼ਰ ਮਿਲੀ । ਸੀਰਤ ਨੇ ਪੜ ਕੇ ਹਾਂ ਵਿੱਚ ਸਿਰ ਹਿਲਾਇਆ। ਸ਼ਬਦ ਨਹੀ ਸਨ ਮਿਲ ਰਹੇ। ਬੱਸ ਚਾਹ ਸੀ ਇੱਕ ਦੂਜੇ ਨੂੰ ਇੰਝ ਹੀ ਦੇਖਦੇ ਰਹੀਏ।
ਏਨੇ ਨੂੰ ਭਾਬੀ ਨੇ ਆ ਹਾਜ਼ਿਰੀ ਲੁਆਈ ਤੇ ਉਹਨਾਂ ਦੀ ਖਾਮੋਸ਼ੀ ਦੀ ਤੰਦਰਾ ਟੁੱਟੀ। ਇੱਕ ਸੱਚੀ ਖ਼ਵਾਹਿਸ਼ ਨੇ ਸੁੱਚੀ ਖ਼ਵਾਹਿਸ਼ ਦੀ ਗਵਾਹੀ ਭਰੀ। ਕਾਫੀ ਖਤਮ ਕਰ ਘਰਾਂ ਨੂੰ ਵਾਪਿਸ ਆਏ। ਹੁਣ ਇੱਕ ਅਹਿਦ ਸੀ ਮੁਹੱਬਤ ਨੂੰ ਨਿਭਾ ਜਾਣ ਦਾ।
ਬਾਕੀ ਕੱਲ ਨੂੰ।
ਸੀਮਾ ਸੰਧੂ