ਚੌਥੀ ਜਾਂ ਪੰਜਵੀ ਜਮਾਤ ਵਿਚ ਪੜ੍ਹੀ ਸੀ ਅੰਗ੍ਰੇਜੀ ਦੀ ਕਹਾਣੀ “ਦ ਲੌਸਟ ਚਾਇਲਡ” ਜਿਸ ਵਿੱਚ ਇੱਕ ਨਿੱਕਾ ਗਰੀਬ ਬੱਚਾ ਆਪਣੇ ਮਾਪਿਆਂ ਨਾਲ ਮੇਲਾ ਵੇਖਣ ਗਿਆ ਗਵਾਚ ਜਾਂਦਾ।
ਬੱਚਾ ਜਦੋਂ ਮਾਪਿਆਂ ਨਾਲ ਪੈਦਲ ਮੇਲਾ ਵੇਖਣ ਜਾ ਰਿਹਾ ਹੁੰਦਾ ਤਾਂ ਵੇਖਦਾ ਲੋਕ ਗੱਡਿਆਂ, ਮੋਟਰਾਂ ਤੇ ਜਾ ਰਹੇ ਹੁੰਦੇ ਮੇਲੇ ਵੱਲ। ਉਸ ਦਾ ਦਿਲ ਵੀ ਕਰਦਾ ਮੋਟਰ ਗੱਡਿਆਂ ਤੇ ਬੈਠਣ ਨੂੰ ਪਰ ਉਹਨਾਂ ਕੋਲ ਕਿਰਾਏ ਜੋਗੇ ਪੈਸੇ ਨਹੀਂ ਹੁੰਦੇ। ਬਾਪ ਬੱਚੇ ਨੂੰ ਮੋਢੇ ਤੇ ਬਿਠਾ ਲੈਂਦਾ ਪਰ ਬੱਚੇ ਦਾ ਧਿਆਨ ਫਿਰ ਵੀ ਮੋਟਰ ਗੱਡੀ ਦੀ ਸਵਾਰੀ ਵੱਲ ਹੁੰਦਾ। ਬੱਚਾ ਮੇਲੇ ਵਿੱਚ ਲੱਗੀਆ ਮਠਿਆਈ ਤੇ ਖਡੌਣਿਆ ਦੀਆਂ ਦੁਕਾਨਾਂ ਵੱਲ ਵੇਖ-ਵੇਖ ਲਲਚਾਉਂਦਾ ਪਰ ਮਾਪਿਆਂ ਕੋਲ ਪੈਸੇ ਨਹੀਂ ਹੁੰਦੇ ਲੈ ਕੇ ਦੇਣ ਨੂੰ।
ਬਾਪ ਦਾ ਹੱਥ ਫੜੵ ਮੇਲੇ ਵਿਚ ਫਿਰਦਾ ਪਰ ਲਲਚਾਈਆਂ ਤੇ ਬੇਬੱਸ ਨਜ਼ਰਾ ਨਾਲ ਦੁਕਾਨਾਂ ਵੱਲ ਵੇਖੀ ਜਾਂਦਾ।
ਅੱਗੇ ਜਾ ਕੇ ਮਦਾਰੀ ਦਾ ਤਮਾਸ਼ਾ ਵੇਖਣ ਰੁੱਕ ਜਾਂਦਾ ਤੇ ਜਦੋਂ ਇੱਕਦਮ ਆਸੇ ਪਾਸੇ ਨਜ਼ਰ ਮਾਰਦਾ ਤਾਂ ਮਾਪੇ ਨਹੀਂ ਦਿੱਸਦੇ, ਵਿੱਛੜ ਚੁੱਕਾ ਹੁੰਦਾ ਤੇ ਸਾਰੀ ਰੌਣਕ ਇੱਕਦਮ ਫਿੱਕੀ ਪੈ ਜਾਂਦੀ। ਰੋਂਦਾ ਕੁਰਲਾਉਂਦਾ ਮਾਪੇ ਲੱਭਦਾ ਇੱਧਰ ਉੱਧਰ ਭੱਜਦਾ, ਲੱਭਦਾ ਫਿਰਦਾ। ਕੋਈ ਅਜਨਬੀ ਰੋਂਦੇ ਨੂੰ ਚੁੱਕ ਲੈਂਦਾ ਤੇ ਮਾਪੇ ਲੱਭਣ ਦੀ ਕੋਸ਼ਿਸ਼ ਕਰਦਾ ਪਰ ਉਹ ਨਹੀਂ ਲੱਭਦੇ ਫਿਰ ਰੋਂਦੇ ਨੂੰ ਵਰਾਉਣ ਲਈ ਮਠਿਆਈ, ਖਡੌਣਿਆਂ ਦੀਆਂ ਦੁਕਾਨਾਂ ਤੇ ਝੂਲਿਆਂ ਤੇ ਲੈ ਜਾਂਦਾ ਪਰ ਰੋਂਦਾ ਕੁਰਲਾਉਂਦਾ ਇੱਕੋ ਗੱਲ ਆਖੀ ਜਾਂਦਾ ‘ਮਾਂ, ਪਿੳ’ ਚਾਹੀਦਾ। ਹੁਣ ਬੱਚੇ ਨੂੰ ਕੁੱਝ ਚੰਗਾ ਨਹੀਂ ਲਗਦਾ ਬਸ ਤੜਫ ਰਿਹਾ ਮਾਂ- ਪਿੳ ਲਈ।
ਕਹਾਣੀ ਦਾ ਸਾਰ ਸੀ ਕਿ ਮਾਂ- ਪਿੳ ਤੇ ਆਪਣਿਆਂ ਨਾਲ ਹੀ ਸਭ ਕੁੱਝ ਚੰਗਾ ਲੱਗਦਾ ਤੇ ਆਪਣਿਆ ਤੋਂ ਵਿੱਛੜ ਕੇ ਸੱਭ ਬੇਮਾਨੇ ਹੋ ਜਾਂਦਾ।
ਪਤਾ ਨਹੀਂ ਕਿਉੰ ਇਹ ਕਹਾਣੀ ਮੇਰੇ ਚੇਤੇ ਵਿੱਚੋਂ ਕਦੀ ਵਿਸਰੀ ਹੀ ਨਹੀਂ।
ਮੈਨੂੰ ਸਾਰੇ ਪ੍ਰਦੇਸੀ “ਦ ਲੌਸਟ ਚਾਇਲਡ” ਕਹਾਣੀ ਦੇ ਪਾਤਰ ਬੱਚੇ ਵਰਗੇ ਲੱਗਦੇ ਨੇ। ਜਦੋਂ ਜੰਮਣ ਭੋਂਇ ਦੇ ਮੋਢਿਆਂ ਤੇ ਬੈਠੇ ਹੁੰਦੇ ਨੇ ਉਦੋਂ ਆਸਮਾਨੀ ਉੱਡਦੇ ਜਹਾਜ ਤੇ ਵਿਦੇਸ਼ ਦੀ ਚਮਕ- ਦਮਕ ਵੱਲ ਖਿੱਚੇ ਜਾਂਦੇ ਨੇ। ਰੰਗਾਂ ਦੀ ਦੁਨੀਆਂ, ਘਰ, ਗੱਡੀਆਂ ਵਿੱਚ ਉਸੇ ਤਰਾਂ ਲੀਨ ਹੋ ਜਾਂਦੇ ਨੇ ਜਿਵੇਂ ਮਦਾਰੀ ਦੇ ਤਮਾਸ਼ੇ ਵਿੱਚ ਉਹ ਬੱਚਾ। ਜਦੋਂ ਇੱਕਦਮ ਖਿਆਲ ਆਉਂਦਾ ਤਾਂ ਆਸੇ ਪਾਸੇ ਵੇਖਦੇ ਤਾਂ ਅਹਿਸਾਸ ਹੁੰਦਾ ਕਿ ਜੰਮਣ ਭੋਂਇ ਤੋਂ ਵਿੱਛੜ ਚੁੱਕੇ ਤੇ ਸਾਲਾਂ ਦਾ ਸਫਰ ਤੈਅ ਕਰਕੇ ਕੋਹਾਂ ਦੂਰ ਆ ਚੁੱਕੇ ਨੇ। ਇੱਧਰ-ਓਧਰ ਭੱਜਦੇ ਨੇ ਤੇ ਵਿਦੇਸ਼ ਉਸ ਅਜਨਬੀ ਵਾਂਗ ਗੋਦੀ ਚੁੱਕ ਰੰਗ, ਵੱਡੇ ਘਰ, ਗੱਡੀਆਂ ਵੱਲ ਲੈ ਕੇ ਜਾਂਦਾ ਪਰ ਮਨ ਬੱਚੇ ਵਾਂਗ ਕੁਰਲਾ ਕੁਰਲਾ ਕੇ ਕਹਿ ਰਿਹਾ ਹੁੰਦਾ ‘ਮੇਰੀ ਮਾਂ -ਮੇਰੀ ਜੰਮਣ ਭੋਂਇ, ਮੇਰੀ ਮਾਂ -ਮੇਰੀ ਜੰਮਣ ਭੋਂਇ”
✍️ ਜੈਸਮੀਨ ਕੌਰ ਪਨੂੰ