ਇਸ ਤਸਵੀਰ ਤੇ ਸਿਰਜੇ ਗਏ ਅਨੇਕਾਂ ਬਿਰਤਾਂਤ..ਹਰੇਕ ਬਿਰਤਾਂਤ ਸਿਰ ਮੱਥੇ..ਅਣਗਿਣਤ ਸਿਜਦੇ ਅਤੇ ਡੰਡਾਓਤਾਂ ਵੱਖਰੀਆਂ..ਜਿਸ ਹਿਰਦੇ ਅੰਦਰ ਬਿਰਹੋਂ ਨਹੀਂ ਉਪਜਦਾ ਉਹ ਮਸਾਣ ਦਾ ਰੂਪ ਹੋ ਜਾਂਦਾ..ਇਹ ਕੋਈ ਇਨਸਾਨ ਨਹੀਂ ਸਗੋਂ ਧੁਰ ਕੀ ਬਾਣੀ ਆਖਦੀ ਏ!
ਤਸਵੀਰ ਵਿਚਲਾ ਵਿਸਥਾਰ ਅੱਜ ਬੇਸ਼ੱਕ ਨਵਾਂ-ਨਵਾਂ ਲੱਗਦਾ ਪਰ ਅਸਲ ਵਿਚ ਦਹਾਕਿਆਂ ਪੁਰਾਣਾ..ਕਿੰਨੀ ਵੇਰ ਪਹਿਲੋਂ ਵੀ ਅੱਖੀਂ ਵੇਖਿਆ ਪੜਿਆਂ ਤੇ ਕਈਆਂ ਮੂਹੋਂ ਸੁਣਿਆ ਵੀ..ਉਸ ਵੇਲੇ ਦੀਆਂ ਮਾਵਾਂ ਭੈਣਾਂ ਦੇ ਹਜਾਰਾਂ ਵਲਵਲੇ..ਸਰੀਰਕ ਅਤੇ ਮਾਨਸਿਕ ਤਸ਼ੱਦਤ..ਅਗਲਾ ਵੇਖ ਕੇ ਟੁੱਟ ਜਾਵੇ..ਪੈਰੀ ਪੈ ਜਾਵੇ ਤੇ ਫੇਰ ਜਾਨ ਦੀ ਖੈਰ ਮੰਗੇ..ਰੋਣੇ ਹੌਕੇ ਸਿਸਕੀਆਂ ਅਤੇ ਇੱਜਤ ਆਬਰੂਆਂ ਦੀ ਬੇਸ਼ਰਮ ਨੁਮਾਇਸ਼ ਤੇ ਫੇਰ ਟੁੱਟ ਗਿਆਂ ਨਾਲ ਸੌਦੇਬਾਜੀ..ਜਾਨ ਬਖਸ਼ੀ ਫੇਰ ਵੀ ਨਹੀਂ..ਜੰਗ ਦੇ ਵੀ ਅਸੂਲ ਹੁੰਦੇ ਪਰ ਬਿੱਪਰਵਾਦੀ ਕਨੂੰਨ ਵਿਚ ਸ਼ਾਮ ਦਾਮ ਢੰਡ ਭੇਦ ਤੋਂ ਇਲਾਵਾ ਬਗਲਗੀਰੀ ਵੇਲੇ ਪਿੱਠ ਪਿੱਛੇ ਖੋਭੀ ਛੁਰੀ..ਸਭ ਕੁਜ ਹੀ ਜਾਇਜ!
ਡੇਰੇ ਬਾਬਾ ਨਾਨਕ ਲਾਗੇ..ਤਸ਼ੱਦਤ ਭੰਨਿਆ ਇੱਕ ਸਿੰਘ..ਆਖਰੀ ਮੌਕੇ ਜਿਪਸੀ ਅੰਦਰ ਬਿਠਾਉਣ ਲੱਗੇ ਤਾਂ ਆਖਣ ਲੱਗਾ ਭਾਊ ਕੰਮ ਓਥੇ ਕੂ ਖੜ ਕੇ ਕਰਿਓ ਜਿਥੇ ਮੇਰੀ ਮਾਂ ਨੂੰ ਲੱਭਣ ਵਿਚ ਖੱਜਲ ਖਰਾਬੀ ਨਾ ਹੋਵੇ..ਉਹ ਤੇ ਮੈਥੋਂ ਬਗੈਰ ਕੱਲੀ ਕਦੇ ਟਾਂਗੇ ਤੇ ਵੀ ਨਹੀਂ ਚੜੀ..!
ਕੁਝ ਚੁੱਪ ਕਰ ਗਏ ਤੇ ਕੁਝ ਮੁਸਕੁਰਾ ਪਏ..ਚੁੱਪ ਕਰ ਗਏ ਸ਼ਾਇਦ ਮਜਬੂਰ ਸਨ ਪਰ ਦੰਦ ਕੱਢਣ ਵਾਲਿਆਂ ਨੂੰ ਇਨਾਮ ਪ੍ਰੋਮੋਸ਼ਨਾਂ ਦੀ ਝਾਕ..!
ਇੱਕ ਹੋਰ ਮਾਂ ਉਚੇਚੀ ਬੀਕੋ ਟੋਰਚਰ ਸੈਂਟਰ ਆਪਣੇ ਅੰਦਰ ਡੱਕੇ ਹੋਏ ਲਈ ਰੋਟੀ ਲਿਆਇਆ ਕਰਦੀ..ਇੱਕ ਦਿਨ ਕਿਸੇ ਜਾਗਦੀ ਜਮੀਰ ਵਾਲੇ ਨੇ ਅੰਦਰੋਂ ਲਿਆ ਪੁੱਤ ਦੇ ਕੱਪੜੇ ਕੰਘਾ ਤੇ ਹੋਰ ਨਿੱਕ ਸੁੱਕ ਫੜਾ ਦਿੱਤਾ ਤੇ ਆਖਣ ਲੱਗਾ..ਮਾਤਾ ਕੱਲ ਤੋਂ ਨਾ ਆਵੀਂ..ਉਹ ਤੇ ਹਫਤਾ ਪਹਿਲੋਂ ਹੀ ਮੁਕਾ ਦਿੱਤਾ ਸੀ..!
ਕਮਲੀ ਅੱਗੋਂ ਰੋਈ ਨਹੀਂ..ਨਾ ਹੀ ਕਿਸੇ ਨੂੰ ਮੰਦਾ ਚੰਗਾ ਹੀ ਆਖਿਆ..ਬੱਸ ਇੱਕ ਹੌਕਾ ਲਿਆ ਤੇ ਏਨਾ ਹੀ ਬੋਲੀ ਓਏ ਕਮਲਿਓ ਪਹਿਲੋਂ ਦੱਸ ਦਿੰਦੇ..ਮੈਂ ਤੇ ਉਧਾਰ ਦੇ ਘਿਓਂ ਨਾਲ ਚੂਰੀ ਕੁੱਟ ਲਿਆਉਂਦੀ ਰਹੀ..ਚੂਰੀ ਵੀ ਖਾ ਗਏ ਓ ਤੇ ਪੁੱਤ ਵੀ ਨੀ ਛੱਡਿਆ..!
ਪਤਾ ਨੀ ਇਹ ਦੋ ਚਾਰ ਹਰਫ਼ ਅੰਦਰੋਂ ਕਿੱਦਾਂ ਨਿੱਕਲੇ ਹੋਣੇ..ਰੱਬ ਨਾਲ ਸ਼ਿਕਵੇ ਸ਼ਿਕਾਇਤਾਂ..ਕਈ ਵੇਰ ਤੇ ਲੱਗਦਾ ਰੱਬ ਵੀ ਤਕੜੀ ਧਿਰ ਨਾਲ ਜਾ ਖਲੋਂਦਾ!
ਧਾਰੀਵਾਲ ਲਾਗੇ ਰਾਏ-ਚੱਕ..ਮੱਖਣ ਸਿੰਘ ਦੇ ਛਾਪੇ..ਇੱਕ ਮਾਂ ਦਾ ਐਮ.ਏ ਪੜਦਾ ਭਗੌੜਾ ਹੋ ਗਿਆ..ਇੱਕ ਸੁਵੇਰ ਓਹਲੇ ਜਿਹੇ ਮਾਂ ਕੋਲੋਂ ਰੋਟੀ ਖਾਣ ਆਇਆ ਫੜ ਲਿਆ..ਸਾਮਣੇ ਵੇਹੜੇ ਵਿਚ ਹੀ ਲੰਮਾ ਪਾ ਲਿਆ..ਪਹਿਲੋਂ ਛੱਲੀਆਂ ਵਾਂਙ ਕੁੱਟਿਆ ਤੇ ਫੇਰ ਜਿਪਸੀ ਵਿਚ ਸੁੱਟ ਲੈ ਤੁਰੇ..ਉਹ ਮਗਰ ਨੱਸੀ..ਪਰ ਕਿਥੇ ਜਿਪਸੀ ਤੇ ਕਿਥੇ ਬਜ਼ੁਰਗ ਔਰਤ..ਅਖੀਰ ਓਹੀ ਹੋਇਆ ਜੋ ਓਹਨਾ ਵੇਲਿਆਂ ਵੇਲੇ ਹਜਾਰਾਂ ਹੋਰਾਂ ਨਾਲ ਹੋਇਆ ਸੀ..ਸੁੱਚਾ ਸਿੰਘ ਛੋਟੇਪੁਰ ਨੇ ਲੋਥ ਦਵਾ ਦਿੱਤੀ..ਕਮਲੀ ਸਸਕਾਰ ਤੋਂ ਪਹਿਲੋਂ ਨੁੱਚੜਦਾ ਹੋਇਆ ਲਹੂ ਹੀ ਚੱਟੀ ਜਾਵੇ..ਲੋਕਾਂ ਮੋੜਿਆ ਤਾਂ ਆਖਣ ਲੱਗੀ ਇਹ ਵੀ ਤੇ ਮੇਰੇ ਪੁੱਤ ਦਾ ਹੀ ਹੈ..!
ਹੋਰ ਵੀ ਅਨੇਕਾਂ ਕਿੱਸੇ ਕਹਾਣੀਆਂ..ਸ਼ਾਇਦ ਕਿਤਾਬ ਲਿਖੀ ਜਾ ਸਕਦੀ..ਸੰਤਾਲੀ ਵੇਲੇ ਅਜਾਦੀ ਨਹੀਂ ਸੱਤਾ ਪਰਿਵਰਤਨ ਹੀ ਹੋਇਆ ਸੀ..ਗੋਰੇ ਕਾਲਿਆਂ ਵਿਚਾਲੇ..ਲੈਣ ਦੇਣ ਅਜੇ ਤੀਕਰ ਵੀ ਬਦਸਤੂਰ ਜਾਰੀ ਏ!
ਅਫ਼੍ਰੀਕੀ ਦੇਸ਼ ਨਾਇਜੀਰਿਆ ਤੋਂ ਇੱਕ ਨੇ ਗੱਲ ਸੁਣਾਈ..ਸਤਾਈ ਸਾਲ ਪਹਿਲੋਂ ਜਦੋਂ ਪਹਿਲੀ ਵੇਰ ਇਥੇ ਆਇਆ ਸੀ ਤਾਂ ਨਿੱਕੇ ਨਿੱਕੇ ਜਵਾਕ “ਆਈਬੋ-ਆਇਬੋ” ਆਖ ਦੂਰ ਭੱਜ ਜਾਇਆ ਕਰਨ..!
ਮਗਰੋਂ ਪਤਾ ਲੱਗਾ ਕੇ ਇਹਨਾਂ ਭਾਣੇ ਹਰੇਕ ਗੋਰੇ ਬੰਦੇ ਦੀ ਕਾਲ਼ੀ ਚਮੜੀ ਲਾਹੀ ਹੁੰਦੀ ਤੇ ਉਹ ਬਗੈਰ ਚਮੜੀ ਤੋਂ ਹੀ ਤੁਰਿਆ ਫਿਰਦਾ..ਸੋ “ਆਇਬੋ” ਦਾ ਮਤਲਬ ਬਗੈਰ ਚਮੜੀ ਤੋਂ ਇਨਸਾਨ!
ਕਾਸ਼ “ਆਇਬੋ” ਵਾਂਙ ਸਾਡੇ ਵੀ ਕੁਝ ਐਸਾ ਹੁੰਦਾ ਜਿਸ ਰਾਂਹੀ ਇੱਕ ਬੇਜ਼ਮੀਰੇ ਅਕਿਰਤਘਣ ਨੂੰ ਬਗੈਰ ਮਿਲਿਆ ਹੀ ਦੂਰੋਂ ਕੁਝ ਏਦਾਂ ਦਾ ਹੀ ਆਖ ਸੰਬੋਦਨ ਹੋਇਆ ਜਾ ਸਕਦਾ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ