ਸੰਗਤ | sangat

ਨਿੱਕੇ ਹੁੰਦਿਆਂ ਇੱਕ ਵੇਰ ਹੱਟੀਓਂ ਸੌਦਾ ਲੈਣ ਗਈ..ਕਿੰਨੀ ਸਾਰੀ ਭੀੜ ਸੀ..ਨਿੱਕਾ ਜਿਹਾ ਮੁੰਡਾ ਝੋਲਾ ਫੜ ਪਾਸੇ ਜਿਹੇ ਖਲੋਤਾ ਸੀ..ਓਹੀ ਜੋ ਸਭ ਤੋਂ ਵੱਧ ਸ਼ਰਾਰਤਾਂ ਕਰਿਆ ਕਰਦਾ..ਹੈਰਾਨ ਸਾਂ ਕੇ ਅੱਜ ਚੁੱਪ ਚਾਪ ਖਲੋਤਾ ਸੀ..ਉਸਦੇ ਝੋਲੇ ਵਿੱਚ ਵੀ ਕੁਝ ਹੈ ਸੀ..ਜੇ ਝੋਲੇ ਵਿੱਚ ਪਹਿਲੋਂ ਹੀ ਕੁਝ ਹੈ ਤਾਂ ਫੇਰ ਲੈਣ ਕੀ ਆਇਆ..ਕੋਲ ਗਈ ਤਾਂ ਝੋਲਾ ਲੁਕੋ ਲਿਆ..ਪੁੱਛਿਆ ਅੰਦਰ ਕੀ ਹੈ ਤਾਂ ਬਿਨਾ ਜੁਆਬ ਦਿਤੇ ਦੂਰ ਜਾ ਖਲੋਤਾ..!
ਭੀੜ ਘੱਟ ਹੋਈ ਮੈਂ ਸੌਦਾ ਤੁਲਵਾ ਲਿਆ ਤੇ ਤੁਰਨ ਲੱਗੀ..ਉਹ ਛੇਤੀ ਨਾਲ ਬਾਬਾ ਜੀ ਕੋਲ ਆ ਗਿਆ..ਮੈਂ ਇੱਕ ਵੇਰ ਫੇਰ ਖਲੋ ਗਈ ਭਲਾ ਕੀ ਕਰਦਾ..ਉਹ ਮੈਨੂੰ ਖਲੋਤੀ ਨੂੰ ਵੇਖ ਫੇਰ ਝਿਜਕ ਗਿਆ ਤੇ ਆਖਣ ਲਗਾ ਤੂੰ ਇਥੋਂ ਜਾਂਦੀ ਕਿਓਂ ਨਹੀਂ?
ਮੈਂ ਆਖਿਆ ਮੇਰੀ ਮਰਜੀ..ਉਹ ਚਿੜ ਗਿਆ ਤੇ ਮੂੰਹ ਵਿੱਚ ਕੁਝ ਮੰਦਾ ਬੋਲਿਆ..ਫੇਰ ਬਾਬਾ ਜੇ ਕੋਲ ਜਾ ਕੰਨ ਵਿੱਚ ਕੁਝ ਆਖਣ ਲੱਗਾ..ਮੈਂ ਹੋਰ ਕੋਲ ਆ ਗਈ..ਆਖ ਰਿਹਾ ਸੀ ਆਹ ਸ਼ੱਕਰ ਵੱਧ ਚਲੀ ਗਈ ਸੀ ਮਾਂ ਨੇ ਆਖਿਆ ਹੁਣੇ ਮੋੜ ਕੇ ਆ ਤੇ ਨਾਲੇ ਬਾਬੇ ਜੀ ਕੋਲੋਂ ਮੁਆਫੀ ਵੀ ਮੰਗੀ..ਨਾਲੇ ਡੁਸਕਣ ਵੀ ਲੱਗਾ..ਅਖ਼ੇ ਜਦੋਂ ਤੁਹਾਡਾ ਧਿਆਨ ਓਧਰ ਹੋਇਆ ਤਾਂ ਮੈਂ ਕਿੱਲੋ ਦੇ ਵੱਟੇ ਥੱਲੇ ਦੋ ਸੌ ਗਰਾਮ ਵਾਲਾ ਵੀ ਰੱਖ ਦਿੱਤਾ..ਭੀੜ ਕਰਕੇ ਤੁਹਾਨੂੰ ਪਤਾ ਨਹੀਂ ਲੱਗਾ..ਘਰੇ ਗਿਆ ਤਾਂ ਮਾਂ ਨੇ ਕਿੱਲੋ ਵਾਲੇ ਡੱਬੇ ਵਿੱਚ ਪਾਈ..ਸ਼ੱਕਰ ਵੱਧ ਗਈ ਫੇਰ ਮੈਨੂੰ ਕੁੱਟ ਦਿੱਤਾ..ਅਖ਼ੇ ਮੈਨੂੰ ਪਤਾ ਤੂੰ ਕੀ ਕੀਤਾ ਹੋਣਾ..!
ਬਾਬਾ ਜੀ ਦਾ ਹਾਸਾ ਨਾ ਬੰਦ ਹੋਵੇ ਤੇ ਉਹ ਮੈਨੂੰ ਕੋਲ ਖਲੋਤੀ ਵੱਲ ਵੇਖ ਕਚੀਚੀਆਂ ਵੱਟੀ ਜਾਵੇ..!
ਅੱਜ ਕੱਲ ਫੌਜ ਵਿੱਚ ਵੱਡਾ ਅਫਸਰ ਏ..ਜਦੋਂ ਵੀ ਵਰਦੀ ਪਾਈ ਪਿੰਡ ਆਉਂਦਾ ਤਾਂ ਸੋਚਦੀ ਹਾਂ ਕੇ ਜੇ ਉਸ ਦਿਨ ਮਾਂ ਨੇ ਕੁੱਟਣ ਦੀ ਥਾਂ ਹੱਲਾ ਸ਼ੇਰੀ ਦਿੱਤੀ ਹੁੰਦੀ ਤਾਂ ਅੱਜ ਪੱਕਾ ਚੋਰ ਡਾਕੂ ਰਿਸ਼ਵਤ ਖੋਰ ਤੇ ਜਾਂ ਫੇਰ ਨੇਤਾ ਹੁੰਦਾ!
ਮਾਂ ਅਕਸਰ ਆਖਦੀ ਹੁੰਦੀ ਸੀ ਕੇ ਜੇ ਇੱਕ ਮੱਖੀ ਖਲ ਵਾਲੀ ਬੋਰੀ ਤੇ ਬੈਠ ਜਾਵੇ ਤਾਂ ਤੋਲ ਵਿੱਚ ਕੋਈ ਫਰਕ ਨਹੀਂ ਪਵੇਗਾ ਪਰ ਜੇ ਓਹੀ ਮੱਖੀ ਸੋਨਾ ਤੋਲਦੇ ਸੁਨਿਆਰੇ ਦੀ ਤੱਕੜੀ ਤੇ ਬੈਠ ਜਾਵੇ ਤਾਂ ਹਜਾਰਾਂ ਦਾ ਫਰਕ ਪਾ ਦੇਵੇਗੀ..ਹੁਣ ਇਹ ਇਨਸਾਨ ਤੇ ਨਿਰਭਰ ਏ ਕੇ ਕਿਸਦੀ ਸੰਗਤ ਕਰਨੀ ਹੈ ਤੇ ਕਿਸਦੀ ਨਹੀਂ!
ਹਰਪ੍ਰੀਤ ਸਿੰਘ ਜਵੰਦਾ

3 comments

Leave a Reply

Your email address will not be published. Required fields are marked *