ਗੱਲਾਂ ਵਿੱਚੋਂ ਹੀ ਗੱਲ ਨਿਕਲ ਆਉਂਦੀ ਹੈ | ਭੁਲਣ ਦੀ ਆਦਤ ਸਬੰਧੀ ਇਕ ਪੋਸਟ ਪੜੀ ਮੈਨੂੰ ਆਪਣੇ ਤਾਇਆ ਜੀ ਦੀ ਯਾਦ ਆ ਗਈ ਜੋ ਕਿ ਚੰਡੀਗੜ੍ਹ ਬਿਜਲੀ ਮਹਿਕਮੇ ਵਿੱਚ ਜੇ ਈ ਸਨ |ਇੱਕ ਵਾਰ ਤਾਇਆ ਜੀ ਅਤੇ ਤਾਈ ਜੀ ਚੰਡੀਗੜ੍ਹ ਤੋਂ ਪਿੰਡ ਲਈ ਸਕੂਟਰ ਤੇ ਗਏ | ਸਾਡੇ ਪਿੰਡ ਦੇ ਉੱਤੋਂ ਦੀ ਭਾਖੜਾ ਨਹਿਰ ਲੰਘਦੀ ਸੀ ਨਹਿਰ ਦਾ ਪੁਲ ਪਾਰ ਕਰਕੇ ਇੱਕ ਕੱਚੀ ਢਲਾਣ ਸੀ। ਤਾਇਆ ਜੀ ਨੇ ਪੁੱਲ ਪਾਰ ਕਰਕੇ ਤਾਈ ਜੀ ਨੂੰ ਸਕੂਟਰ ਤੋਂ ਉਤਰਨ ਲਈ ਕਿਹਾ ਤਾਂ ਜੋ ਕਿਧਰੇ ਕੱਚੇ ਉਭੜ ਖਾਬੜ ਰਸਤੇ ਵਿੱਚ ਤਾਈ ਜੀ ਅਤੇ ਗੋਦੀ ਚੁੱਕਿਆ ਬੱਚਾ ਡਿੱਗ ਨਾ ਜਾਵੇ। ਤਾਇਆ ਜੀ ਢਲਾਣ ਪਾਰ ਕਰਕੇ ਆਪ ਘਰ ਪਹੁੰਚ ਗਏ। ਵਿਚਾਰੇ ਤਾਈ ਜੀ ਗਰਮੀ ਰੁੱਤੇ ਭੁੱਬਲ ਭਰੇ ਰਸਤੇ ਵਿੱਚ ਲੰਮੀ ਵਾਟ ਤੁਰ ਕੇ ਪਸੀਨੋ ਪਸੀਨੀ ਹੋਏ ਘਰ ਪਹੁੰਚੇ ਤਾਂ ਤਾਇਆ ਜੀ ਵੱਡਾ ਸਾਰਾ ਪਿੱਤਲ ਦਾ ਲੱਸੀ ਵਾਲਾ ਗਿਲਾਸ ਮੂੰਹ ਨੂੰ ਲਾਈ ਬੈਠੇ ਸਨ ਅਤੇ ਠਹਾਕੇ ਮਾਰਕੇ ਹੱਸ ਰਹੇ ਸਨ |ਕੋਲ ਆਂਢ ਗੁਆਂਢ ਦੇ ਲੋਕ ਬੈਠੇ ਸਨ |ਤਾਈ ਜੀ ਨੂੰ ਵੇਖ ਕੇ ਤਾਇਆ ਜੀ ਕਹਿੰਦੇ, ” ਤੂੰ ਕਿੱਥੇ ਰਹਿ ਗਈ ਸੀ? “ਤਾਈ ਜੀ ਨੇ ਜਵਾਬ ਦਿੱਤਾ,”ਜਿੱਥੇ ਤੁਸੀਂ ਛੱਡ ਆਏ ਸੀ।” ਤਾਈ ਜੀ ਦੱਸਦੇ ਹੁੰਦੇ ਆ ਕਿ ਮੈਨੂੰ ਇੱਕ ਚੜੇ ਇੱਕ ਉਤਰੇ ਪਰ ਮੈਂ ਕਰ ਵੀ ਕੀ ਸਕਦੀ ਸੀ |
ਇੱਕ ਵਾਰ ਤਾਈ ਜੀ ਨੂੰ ਚੰਡੀਗੜ੍ਹ 17ਸੈਕਟਰ ਬਸ ਅੱਡੇ ਤੋਂ ਲੈਣ ਗਏ ਤਾਂ ਕੋਈ ਵਾਕਫ ਮਿਲ ਗਿਆ ਉਸ ਨਾਲ ਗੱਲਾਂ ਮਾਰ ਕੇ ਆਪ ਤੁਰ ਪਏ ਤੇ ਤਾਈ ਜੀ ਉੱਥੇ ਹੀ ਖੜੇ ਰਹਿ ਗਏ |
ਇੱਕ ਵਾਰ ਤਾਇਆ ਜੀ ਘਰ ਦੇ ਨੇੜੇ ਦਫ਼ਤਰ ਦਾ ਕੋਈ ਕੰਮ ਕਰਨ ਆਏ, ਘਰ ਆਕੇ ਤਾਈ ਜੀ ਨੂੰ ਚਾਹ ਲਈ ਹੁਕਮ ਦੇ ਦਿੱਤਾ |ਚਾਹ ਪੀਕੇ ਤੁਰਨ ਲੱਗੇ ਤਾਂ ਕਹਿੰਦੇ ਤੂੰ ਮੈਨੂੰ ਚਾਹ ਕਿਉਂ ਪਿਲਾਈ ਮੈਨੂੰ ਤਾਂ ਜ਼ੋਰ ਪਿਆ ਸੀ, ਮੈਂ ਤਾਂ ਹੋਲਾ ਹੋਣ ਆਇਆ ਸੀ |ਸਾਰੇ ਮੈਨੂੰ ਉਡੀਕਦੇ ਹੋਣਗੇ |ਕਹਿ ਕੇ ਤਾਇਆ ਜੀ ਟਾਇਲਟ ਵੜ ਗਏ |ਬਾਹਰ ਆਕੇ ਫਾਇਲਾਂ ਚੁੱਕ ਕੇ ਤੁਰ ਪਏ |ਮਗਰੋਂ ਤਾਈ ਜੀ ਕਹਿੰਦੇ,”ਨਾ ਹੁਣ ਕਛਹਿਰੇ ਵਿੱਚ ਦਫ਼ਤਰ ਜਾਉਗੇ|ਪੈਰੀਂ ਚਮੜੇ ਦੇ ਬੂਟ ਤੇ ਜੁਰਾਬਾਂ, ਕੱਛ ਵਿੱਚ ਫਾਇਲਾਂ ਤੇ ਤੇੜ ਕਛਹਿਰਾ ਵੇਖ ਕੇ ਅਸੀਂ ਹੱਸ ਹੱਸ ਦੁਹਰੇ ਹੋ ਗਏ ਤਾਇਆ ਜੀ ਕਹਿੰਦੇ,”ਓਹ ਹੋ….. ਪੈਂਟ ਤਾਂ ਪਿੱਛੇ ਹੀ ਰਹਿ ਗਈ ”
ਮਨਦੀਪ ਪਾਲ ਕੌਰ