ਸੰਨ ਦੋ ਹਜਾਰ ਦੀ ਗੱਲ ਏ…
ਚੰਡੀਗੜ੍ਹ ਵਾਲੇ ਗਰੁੱਪ ਵਿਚ ਤਕਰੀਬਨ ਸਾਰੇ ਹੀ ਵੱਡੇ ਘਰਾਂ ਦੇ ਕਾਕੇ ਹੁੰਦੇ ਸਨ..ਕੋਈ ਪੀ ਸੀ ਐਸ ਦਾ ਭਾਣਜਾ ਤੇ ਕਿਸੇ ਦਾ ਡੈਡੀ ਬ੍ਰਿਗੇਡੀਅਰ..
ਦੁਨੀਆ ਦਾ ਕਿਹੜਾ ਐਬ ਸੀ ਜਿਹੜਾ ਅਸਾਂ ਨਾ ਕੀਤਾ ਹੋਵੇ..!
ਚੰਡੀ-ਮੰਦਿਰ ਤੋਂ ਇੱਕ ਕਰਨਲ ਦਾ ਮੁੰਡਾ ਪੜਿਆ ਕਰਦਾ ਸੀ..
ਇੱਕ ਕੁੜੀ ਨੇ ਉਸਦੇ ਪੈਸੇ ਦੇਣੇ ਸਨ..ਉਹ ਕਾਲ ਕਰਦਾ ਤਾਂ ਅਗਿਓਂ ਫੋਨ ਕੱਟ ਦਿਆ ਕਰਦੀ..!
ਇੱਕ ਦਿਨ ਭਿਣਕ ਲੱਗੀ..ਸੈਕਟਰ ਬਾਈ ਕਿਸੇ ਫਲੈਟ ਵਿਚ ਠਹਿਰੀ ਹੋਈ ਹੈ..
ਸਰਕਾਰੀ ਜਿਪਸੀ ਮੰਗਵਾ ਲਈ ਤੇ ਮੈਨੂੰ ਨਾਲ ਬਿਠਾ ਲਿਆ..ਗੰਨਮੈਨ ਨੂੰ ਆਖਣ ਲੱਗਾ ਕੇ ਜੇ ਪੈਸੇ ਦੇਵੇ ਵੀ ਤਾਂ ਵੀ ਨਹੀਂ ਲੈਣੇ..ਬੱਸ ਸਬਕ ਸਿਖਾਉਣਾ..ਜਿੰਦਗੀ ਭਰ ਯਾਦ ਰੱਖੇ!
ਫੇਰ ਘੁਸਮੁਸੇ ਜਿਹੇ ਨੂੰ ਕੁੜੀ ਨੂੰ ਜਬਰਦਸਤੀ ਚੁੱਕ ਗੱਡੀ ਕਾਲਕੇ ਵੱਲ ਨੂੰ ਪਾ ਲਈ..
ਹੌਲੀ ਉਮਰ ਦੀ ਚੰਗੇ ਘਰ ਦੀ ਲੱਗਦੀ ਸੀ..ਪਹਿਲਾਂ ਥੋੜਾ ਵਿਰੋਧ ਕੀਤਾ ਫੇਰ ਜਿੰਨੇ ਕੋਲ ਸਨ ਓਨੇ ਵੀ ਦੇਣੇ ਚਾਹੇ..ਮਿੰਨਤਾਂ ਮੁਆਫ਼ੀਆਂ ਵੀ ਮੰਗੀਆਂ ਪਰ ਕੋਈ ਅਸਰ ਨਹੀਂ ਹੋਇਆ..
ਫੇਰ ਉਸਨੂੰ ਕਾਲੇ ਸ਼ੀਸ਼ਿਆਂ ਵਾਲੀ ਜੀਪ ਵਿਚ ਹੀ ਪਹਿਲੋਂ ਤੋਂ ਮਿਥਿਆ ਹੋਇਆ ਸਬਕ ਸਿਖਾਇਆ ਗਿਆ..ਅਖੀਰ ਵਿਚ ਮੇਰੇ ਕੋਲ ਬਿਠਾਉਂਦਿਆਂ ਹੋਇਆ ਆਖਣ ਲੱਗਾ ਕੇ ਹੁਣ ਤੇਰੀ ਵਾਰੀ ਏ ਮਿੱਤਰਾ..!
ਏਨੀ ਗੱਲ ਸੁਣ ਉਹ ਮੇਰੇ ਵੱਲ ਏਦਾਂ ਝਾਕਣ ਲੱਗੀ ਜਿੱਦਾਂ ਜਿਬਾ ਹੋਣ ਤੋਂ ਪਹਿਲਾਂ ਬੱਕਰੀ ਕਸਾਈ ਵੱਲ ਦੇਖ ਰਹੀ ਹੋਵੇ..
ਅਕਸਰ ਹੀ ਇਸ ਕਿਸਮ ਦੇ ਮਾਮਲਿਆਂ ਵਿਚ ਸਭ ਤੋਂ ਮੂਹਰੇ ਰਹਿਣ ਵਾਲਾ ਮੈਂ ਉਸ ਦਿਨ ਪਤਾ ਨਹੀਂ ਕਿੱਦਾਂ ਪੱਥਰ ਜਿਹਾ ਹੋ ਗਿਆ..
ਹੱਡਾਂ ਵਿਚ ਪਾਣੀ ਪੈ ਗਿਆ ਮਹਿਸੂਸ ਹੋ ਗਿਆ ਜਾਪਿਆ ਤੇ ਮੈਂ ਆਪਣਾ ਮੂੰਹ ਦੂਜੇ ਪਾਸੇ ਕਰੀ ਆਪਣੇ ਜਗਾ ਬੈਠਾ ਰਿਹਾ..
ਤੇਜੀ ਨਾਲ ਭੱਜੀ ਜਾਂਦੀ ਜਿਪਸੀ ਵਿਚ ਜਦੋਂ ਵੀ ਚੋਰੀ ਅੱਖੇ ਉਸ ਵੱਲ ਦੇਖਦਾ ਤਾਂ ਉਹ ਕੱਪੜੇ ਠੀਕ ਕਰਦੀ ਹੋਈ ਮੇਰੇ ਵੱਲ ਤੱਕ ਰਹੀ ਹੁੰਦੀ..!
ਉਸ ਦਿਨ ਮਗਰੋਂ ਮੇਰੇ ਇਸ ਵਿਵਹਾਰ ਤੇ ਮੇਰਾ ਬੜਾ ਮਜਾਕ ਵੀ ਉਡਿਆ ਤੇ ਕਈ ਤਰਾਂ ਦੇ ਚੁਟਕੁਲੇ ਤੱਕ ਵੀ ਸੁਣਾਏ ਜਾਣ ਲੱਗੇ!
ਫੇਰ ਇੱਕ ਦਿਨ ਸੈਕਟਰ ਸਤਾਰਾਂ ਦੀ ਮਾਰਕੀਟ ਵਿਚ ਮੈਨੂੰ ਤੁਰਦੇ ਫਿਰਦੇ ਨੂੰ ਦੇਖ ਉਹ ਮੇਰੇ ਸਾਮਣੇ ਆ ਗਈ..ਮੂਹੋਂ ਕੁਝ ਨਾ ਬੋਲੀ..ਪਰ ਮੈਨੂੰ ਉਸਦੀਆਂ ਅੱਖਾਂ ਵਿਚ ਸ਼ੁਕਰਾਨੇ ਵਾਲੀ ਇੱਕ ਅਜੀਬ ਜਿਹੀ ਝਲਕ ਜਿਹੀ ਦਿੱਸੀ..!
ਫੇਰ ਕੁਝ ਵਰ੍ਹਿਆਂ ਮਗਰੋਂ…
ਮੈਂ ਅਮਰੀਕਾ ਦੀ ਧਰਤੀ ਤੇ ਆਣ ਉਤਰਿਆ..
ਨਵਾਂ ਮੁਲਖ ਨਵਾਂ ਮਾਹੌਲ..ਪੈਰ ਪੈਰ ਤੇ ਠੋਕਰਾਂ ਧਕੇ ਅਤੇ ਨਿੱਤ ਦੇ ਇਮਤਿਹਾਨਾਂ ਨੇ ਮੇਰੇ ਨਜਰੀਏ ਅਤੇ ਰਹਿਣ ਸਹਿਣ ਵਿਚ ਭਾਰੀ ਬਦਲਾਓ ਲੈ ਆਂਦਾ ਤੇ ਮੈਂ ਉਦਾਸ ਰਹਿਣ ਲੱਗਾ!
ਤੇ ਫੇਰ ਇੱਕ ਦਿਨ ਗੁਰੂ ਦੀ ਮੇਹਰ ਹੋਈ ਅਤੇ ਮੈਂ ਖੰਡੇ ਬਾਟੇ ਦੀ ਪਾਹੁਲ ਲੈ ਸਿੰਘ ਸੱਜ ਗਿਆ..ਮਨ ਵਿਚ ਠਹਿਰਾਓ ਅਤੇ ਵਿਵਹਾਰ ਵਿਚ ਖਾਲਸਾਈ ਜਾਬਤਾ ਜਿਹਾ ਆ ਗਿਆ!
ਦਿਨ ਭਰ ਦੀ ਹੱਡ-ਭੰਨਵੀਂ ਮੇਹਨਤ ਮਗਰੋਂ ਜਦੋਂ ਰਾਤੀ ਗੂੜੀ ਨੀਂਦਰ ਸੁੱਤਾ ਹੋਇਆ ਹੁੰਦਾ ਤਾਂ ਅਕਸਰ ਹੀ ਇੱਕ ਅਜੀਬ ਜਿਹਾ ਸੁਫਨਾ ਵੇਖਿਆ ਕਰਦਾ..ਅਬਦਾਲੀ ਵੇਲੇ ਦੇ ਸਮਿਆਂ ਵਾਲਾ ਇੱਕ ਅਜੀਬ ਜਿਹਾ ਮਾਹੌਲ..
ਕੁਝ ਘੋੜ ਸਵਾਰ ਇੱਕ ਨੌਜੁਆਨ ਕੁੜੀ ਨੂੰ ਜਬਰਦਸਤੀ ਆਪਣੇ ਨਾਲ ਲਈ ਜਾ ਰਹੇ ਨੇ..ਕੁੜੀ ਮੇਰੇ ਵੱਲ ਤੱਕ ਤੱਕਦੀ ਹੋਈ ਸਹਾਇਤਾ ਲਈ ਵਾਸਤੇ ਪਾ ਰਹੀ ਹੁੰਦੀ..ਮੈਂ ਕੁਝ ਚਿਰ ਚੁੱਪਚਾਪ ਖਲੋਤਾ ਵੇਖਦਾ ਰਹਿੰਦਾ ਤੇ ਫੇਰ ਅਚਾਨਕ ਬਿਜਲੀ ਦੀ ਫੁਰਤੀ ਨਾਲ ਝਪਟਾ ਮਾਰ ਕੁੜੀ ਨੂੰ ਛੁਡਾ ਲੈਂਦਾ ਤੇ ਇਸਤੋਂ ਪਹਿਲਾਂ ਕੇ ਮੈਂ ਕੁੜੀ ਦਾ ਚੇਹਰਾ ਦੇਖ ਸਕਦਾ ਮੇਰੀ ਜਾਗ ਖੁੱਲ ਜਾਇਆ ਕਰਦੀ ਤੇ ਮੁੜਕੇ ਕਿੰਨਾ ਕਿੰਨਾ ਚਿਰ ਨੀਂਦ ਨਾ ਪਿਆ ਕਰਦੀ!
ਅਖੀਰ ਇੱਕ ਦਿਨ ਗੁਰੂਘਰ ਬਾਬਾ ਜੀ ਨਾਲ ਇਸ ਸੁਫ਼ਨੇ ਬਾਰੇ ਗੱਲਬਾਤ ਕੀਤੀ ਅਤੇ ਨਾਲ ਹੀ ਕਈ ਵਰੇ ਪਹਿਲਾਂ ਚੰਡੀਗੜ ਜਿਪਸੀ ਵਿਚ ਵਾਪਰੀ ਉਸ ਘਟਨਾ ਦਾ ਵੀ ਜਿਕਰ ਕਰ ਦਿੱਤਾ !
ਓਹਨਾ ਕੁਝ ਸੋਚਿਆ ਤੇ ਮਗਰੋਂ ਹੱਸ ਪਏ..
ਆਖਣ ਲੱਗੇ ਕੇ ਭੋਲਿਆ ਜਿਸ ਦੇ ਖੰਡੇ ਬਾਟੇ ਦੀ ਪਾਹੁਲ ਲਈ ਆ ਉਹ ਖੁਦ ਆਪ ਆ ਤੈਨੂੰ ਯਾਦ ਦਵਾਉਂਦਾ ਏ ਕੇ ਜੇ ਉਸ ਦਿਨ ਸਿੰਘ ਸਜਿਆ ਹੁੰਦਾ ਤਾਂ ਕੀ ਮਜਾਲ ਸੀ ਕੇ ਕੋਈ ਉਸ ਦੀ ਵਾਅ ਵੱਲ ਵੀ ਤੱਕ ਜਾਂਦਾ..ਪਰ ਅਜੇ ਵੀ ਡੁਲਿਆਂ ਬੇਰਾਂ ਦਾ ਕੁਝ ਨੀ ਵਿਗੜਿਆ..ਜੇ ਮੁੜ ਕਦੀ ਓਸੇ ਤਰਾਂ ਦੇ ਇਮਤਿਹਾਨ ਵਿਚ ਪੈ ਜਾਵੇਂ ਤਾਂ ਖਾਲਸਾਈ ਰਿਵਾਇਤਾਂ ਮੁਤਾਬਿਕ ਹੀ ਫੈਸਲਾ ਲੈਣਾ ਹੋਵੇਗਾ..ਦਸਮ ਪਿਤਾ ਅੰਗ ਸੰਗ ਸਹਾਈ ਹੋਣਗੇ!
ਜੁਆਬ ਸੁਣ ਇੱਕ ਵੱਡੀ ਤੇ ਗੁੰਝਲਦਾਰ ਸੱਮਸਿਆ ਹੱਲ ਹੋ ਗਈ ਜਾਪੀ ਤੇ ਫੇਰ ਉਸ ਦਿਨ ਮਗਰੋਂ ਮੈਨੂੰ ਉਹ ਸੁਫਨਾ ਫੇਰ ਕਦੀ ਵੀ ਨੀਂ ਆਇਆ..!
(ਭਾਈ ਬਲਦੀਪ ਸਿੰਘ ਯੂ.ਐੱਸ.ਏ ਵੱਲੋਂ ਦੱਸੀ ਹੱਡ ਬੀਤੀ ਦਾ ਬਿਰਤਾਂਤ..ਫੋਟੋ ਸਿਰਫ ਬਿਰਤਾਂਤ ਦਾ ਭਾਅ ਦਰਸਾਉਣ ਲਈ ਹੀ ਹੈ)
ਹਰਪ੍ਰੀਤ ਸਿੰਘ ਜਵੰਦਾਸੁਫਨਾ
🙏🙏
ਬਹੁਤ ਵਧੀਆ
v nice
bht vdya
ਬਹੁਤ ਵਧੀਆ ਬਾਈ ਜੀ, ਤੁਹਾਡੀਆਂ ਸਾਰੀਆਂ ਈ ਲਿਖਤਾਂ ਬਾਕਮਾਲ ਨੇ, ਬਾਕੀਆਂ ਨਾਲੋਂ ਬਹੁਤ ਵੱਖਰਾ 🙏🏻
ਬਹੁਤ ਵਧੀਆ ਜੀ 💗