ਐਨਕ ਸਾਫ ਕਰਦੇ ਹੋਏ ਨੇ ਨਾਲਦੀ ਨੂੰ ਪੁੱਛਿਆ..”ਸਾਡੇ ਵੇਲੇ ਮੁਬਾਇਲ ਨਹੀਂ ਸਨ ਹੁੰਦੇ ਤਾਂ ਵੀ ਪਤਾ ਨੀ ਕਿੱਦਾਂ ਹੋ ਜਾਂਦਾ ਸੀ ਇਹ ਸਾਰਾ ਕੁਝ “?
ਅੱਗੋਂ ਆਖਣ ਲੱਗੀ..”ਤੁਹਾਨੂੰ ਚੇਤਾ ਏ..ਠੀਕ ਪੰਜ ਵੱਜ ਕੇ ਪੰਜ ਮਿੰਟ ਤੇ ਪਾਣੀ ਦਾ ਗਿਲਾਸ ਫੜੀ ਅਜੇ ਬੂਹੇ ਕੋਲ ਪੁੱਜਦੀ ਹੀ ਹੁੰਦੀ ਸਾਂ ਕੇ ਥੋਡੇ ਸਾਈਕਲ ਦੀ ਘੰਟੀ ਵੱਜ ਉੱਠਦੀ..ਕੁੰਡਾ ਖੋਲ੍ਹਦੀ ਸਾਂ ਤੇ ਅੱਗੇ ਤੁਸੀਂ ਖਲੋਤੇ ਹੁੰਦੇ ਸੋ..”!
“ਹਾਂਜੀ ਯਾਦ ਏ..ਪਰ ਨਾ ਟਾਈਮ ਪੀਸ ਤੇ ਨਾ ਕੋਈ ਗੁੱਟ ਘੜੀ..ਤੀਹ ਸਾਲ ਤੱਕ ਸਮਝ ਹੀ ਨਹੀਂ ਪਈ ਕੇ ਤੂੰ ਪਾਣੀ ਦਾ ਗਿਲਾਸ ਲਿਆਉਂਦੀ ਸੈਂ ਤਾਂ ਮੈਂ ਆਇਆ ਕਰਦਾ ਕੇ ਮੇਰੇ ਆਉਣ ਤੇ ਤੂੰ ਗਿਲਾਸ ਭਰਨਾ ਸ਼ੁਰੂ ਕਰਿਆ ਕਰਦੀ?”
ਅਤੀਤ ਦੇ ਸਮੁੰਦਰ ਵਿਚ ਗੋਤਾ ਲੱਗਾ ਤੇ ਉਹ ਫੇਰ ਬੋਲ ਉੱਠੀ..
“ਤੁਹਾਨੂੰ ਯਾਦ ਏ ਰਿਟਾਇਰਮੈਂਟ ਤੋਂ ਪਹਿਲਾਂ ਜਦੋਂ ਤੁਹਾਨੂੰ ਸ਼ੂਗਰ ਵਾਲੀ ਕਸਰ ਨਹੀਂ ਸੀ ਹੁੰਦੀ ਇੱਕ ਦਿਨ ਦੁਪਹਿਰ ਦੀ ਰੋਟੀ ਤੋਂ ਮਗਰੋਂ ਤਾਜੇ ਦੁੱਧ ਦੀ ਖੀਰ ਦੇਖ ਤੁਸੀਂ ਆਖਿਆ ਸੀ ਕੇ ਮੈਂ ਅੱਜ ਸੁਵੇਰੇ ਦਾ ਸੋਚੀ ਜਾ ਰਿਹਾਂ ਸਾਂ ਕੇ ਕਿੰਨਾ ਚੰਗਾ ਹੋਵੇ ਜੇ ਕਿਤੇ ਅੱਜ ਰੋਟੀ ਮਗਰੋਂ ਖੀਰ ਮਿਲ ਜਾਵੇ..”!
ਉਹ ਹੱਸ ਪਿਆ ਤੇ ਆਖਣ ਲੱਗਾ..”ਦਫਤਰੋਂ ਨਿੱਕਲ ਅਕਸਰ ਹੀ ਸਾਈਕਲ ਦੇ ਪੈਡਲ ਮਾਰਦਾ ਹੋਇਆ ਜੋ ਵੀ ਮਨ ਵਿਚ ਸੋਚਦਾ ਹੁੰਦਾ ਘਰੇ ਸਬੱਬ ਨਾਲ ਓਹੀ ਕੁਝ ਹੀ ਬਣਿਆ ਹੁੰਦਾ..ਪਤਾ ਨੀ ਕਿੱਦਾਂ ਹੋ ਜਾਂਦਾ ਸੀ ਇਹ ਸਭ ਕੁਝ”
ਅੱਗੋਂ ਪੱਲੇ ਦੀ ਨੁੱਕਰ ਨਾਲ ਅੱਖਾਂ ਸਾਫ ਕਰਦੀ ਬੋਲੀ..”ਤੁਹਾਨੂੰ ਪਤਾ ਗੁਰਮੁਖ ਦੇ ਟੈਮ ਜਦੋਂ ਪੇਕੇ ਗਈ ਸਾਂ ਤਾਂ ਅੱਧੀ ਰਾਤ ਪੀੜਾਂ ਲੱਗ ਗਈਆਂ..ਮੁੜਕੋ-ਮੁੜਕੀ ਹੋਈ ਸੋਚੀ ਜਾਵਾਂ ਕੇ ਜੇ ਕਿਤੇ ਤੁਸੀਂ ਨੇੜੇ-ਤੇੜੇ ਹੋਵੋ ਤਾਂ ਕਿੰਨਾ ਚੰਗਾ ਹੋਵੇ..ਪਤਾ ਨੀ ਫਿਰ ਕੁਦਰਤ ਦੀ ਕਿਹੜੀ ਕਰਾਮਾਤ ਹੋਈ..ਸੁਵੇਰੇ ਏਧਰ ਦਾਈ ਨੇ ਇਹਨੂੰ ਮੇਰੀ ਝੋਲੀ ਪਾਇਆ ਤੇ ਓਧਰ ਓਸੇ ਵੇਲੇ ਤੁਹਾਡੇ ਸਾਈਕਲ ਦੀ ਘੰਟੀ ਦੀ ਵਾਜ ਕੰਨਾਂ ਵਿਚ ਆਣ ਪਈ..ਤੇ ਅਗਲੇ ਪਲ ਹੀ ਸਾਮਣੇ ਤੁਸੀਂ ਖਲੋਤੇ ਸੋਂ..ਅੱਖਾਂ ਵਿਚ ਅਥਰੂ ਲਈ..ਸ਼ਾਇਦ ਮੇਰੇ ਵਜੂਦ ਤੇ ਵਰਤ ਗਈ ਪੀੜ ਦਾ ਦੁੱਖ ਤੁਹਾਨੂੰ ਵਧੇਰੇ ਸੀ”!
ਕੁਝ ਯਾਦ ਕਰਦਾ ਉਹ ਅੱਗੋਂ ਬੋਲ ਉਠਿਆ..”ਹਾਂ ਹਾਂ ਚੇਤੇ ਏ..ਓਸੇ ਦਿਨ ਪਤਾ ਨੀ ਕਿਓਂ ਦਫਤਰ ਵਿਚ ਜੀ ਜਿਹਾ ਨਾ ਲੱਗੇ..ਸਿੱਧਾ ਸਾਬ ਕੋਲ ਗਿਆ ਤੇ ਛੁੱਟੀ ਮੰਗ ਲਈ..ਤੇ ਫੇਰ ਸਾਈਕਲ ਸਿੱਧਾ ਤੇਰੇ ਪਿੰਡ ਨੂੰ ਜਾਂਦੇ ਨਹਿਰ ਵਾਲੇ ਰਾਹ ਤੇ ਪਾ ਲਿਆ..ਘੰਟੇ ਦੀ ਵਾਟ ਪਤਾ ਨੀ ਕਿੱਦਾਂ ਅੱਧੇ ਘੰਟੇ ਵਿਚ ਹੀ ਮੁੱਕ ਗਈ ਸੀ ਉਸ ਦਿਨ..ਰੱਬ ਹੀ ਜਾਣਦਾ”!
“ਅੱਛਾ ਹੋਰ ਇਕ ਗੱਲ..ਤੁਹਾਨੂੰ ਪਤਾ ਜਦੋਂ ਤੁਸੀਂ ਭਰੀ ਸਭਾ ਵਿਚ ਓਹਲੇ ਜਿਹੇ ਨਾਲ ਮੇਰੀਆਂ ਅੱਖਾਂ ਵਿਚ ਅੱਖਾਂ ਪਾ ਆਪਣੀ ਤਾਜੀ ਲਿਖੀ ਕਵਿਤਾ ਦੀਆਂ ਦੋ ਲਾਈਨਾਂ ਪੜਦੇ ਸੀ ਤੇ ਮੈਂ ਸੰਗਦੀ ਹੋਈ ਆਪਣਾ ਮੂੰਹ ਚੁੰਨੀ ਵਿਚ ਲਕੋ ਲਿਆ ਕਰਦੀ..ਤੇ ਤੁਹਾਨੂੰ ਓਸੇ ਵੇਲੇ ਪਤਾ ਲੱਗ ਜਾਂਦਾਂ ਕੇ ਕਵਿਤਾ ਦਰਗਾਹੇ ਪ੍ਰਵਾਨ ਹੋ ਗਈ..”!
ਥੋੜੇ ਵਕਫ਼ੇ ਬਾਅਦ ਫੇਰ ਬੋਲੀ..”ਤੁਹਾਨੂੰ ਯਾਦ ਹੋਣਾ ਜਦੋਂ ਇੱਕ ਵਾਰ ਤਵੇ ਦੀ ਨੁੱਕਰ ਨਾਲ ਲੱਗ ਮੇਰੀ ਬਾਂਹ ਸੜ ਗਈ ਸੀ ਤੇ ਤੁਸੀਂ ਓਸੇ ਵੇਲੇ ਜੇਬ ਚੋਂ “ਬਰਨੌਲ” ਕੱਢੀ ਤੇ ਆਪਣੇ ਹੱਥਾਂ ਨਾਲ ਮੇਰੀ ਬਾਂਹ ਮਲਦੇ ਹੋਏ ਆਖਣ ਲੱਗੇ ਕੇ ਇਹ ਲੈ ਬਾਕੀ ਦੀ ਰੱਖ ਲਵੀਂ ਸੰਦੂਖ ਵਿਚ..”
“ਹਾਂ ਤੇਰੀ ਬਾਂਹ ਸੜਨ ਤੋਂ ਇੱਕ ਦਿਨ ਪਹਿਲਾਂ ਹੀ ਵੱਡੇ ਬਜਾਰ ਤੁਰੇ ਜਾਂਦੇ ਨੂੰ ਅਚਾਨਕ ਹੀ ਖਿਆਲ ਜਿਹਾ ਆਇਆ ਕੇ ਘਰੇ “ਬਰਨੌਲ” ਮੁੱਕੀ ਹੈ..ਲੈਂਦਾ ਜਾਵਾਂ..ਪਤਾ ਨੀ ਕਦੋਂ ਲੋੜ ਪੈ ਜਾਵੇ !”
“ਸਬਜ਼ੀ ਤੇ ਸੌਦੇ ਵਾਲੇ ਭਰੇ ਝੋਲੇ ਕੱਲੀ ਚੁੱਕੀ ਤੁਰੀ ਜਾਂਦੀ ਦੇ ਮਗਰ ਅਚਾਨਕ ਸਾਈਕਲ ਦੀ ਘੰਟੀ ਕਿਓਂ ਵਜਾ ਦਿਆ ਕਰਦੇ ਸੋ..ਤੁਹਾਨੂੰ ਪਤਾ ਮੇਰਾ ਤ੍ਰਾਹ ਨਿੱਕਲ ਜਾਇਆ ਕਰਦਾ ਸੀ..ਪਰ ਓਦੋਂ ਬੜਾ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਝੋਲੇ ਹੈਂਡਲ ਤੇ ਟੰਗ ਮੈਨੂੰ ਪਿੱਛੇ ਬਿਠਾ ਲਿਆ ਕਰਦੇ ਤੇ ਅਸੀਂ ਮਿੰਟਾਂ ਵਿਚ ਹੀ ਘਰੇ ਅੱਪੜ ਜਾਇਆ ਕਰਦੇ..ਮੋਬਾਈਲ ਤੇ ਹੁੰਦੇ ਨਹੀਂ ਸਨ..ਫੇਰ ਵੀ ਏਨਾ ਸਾਰਾ ਕੁਝ ਪਤਾ ਨਹੀਂ ਕਿੱਦਾਂ ਹੋ ਜਾਇਆ ਕਰਦਾ ਸੀ..?”
ਉਹ ਅੱਗੋਂ ਅੱਖਾਂ ਪੂੰਝਦਾ ਆਖਣ ਲੱਗਾ..”ਸੱਚੀਂ ਪੁੱਛੇ ਸ੍ਰ੍ਦਾਰਨੀਏ..ਅੱਜ ਕੱਲ ਨਿਆਣਿਆਂ ਸਿਆਣਿਆਂ ਨੂੰ ਘੰਟਿਆਂ ਬੱਦੀ ਫੋਨ ਸਕਰੀਨਾਂ ਤੇ ਨਜਰਾਂ ਗੱਡੀ ਹੱਸਦੇ-ਰੋਂਦੇ ਦੇਖਦਾ ਹਾਂ ਤਾਂ ਕਾਲਜਾ ਮੂੰਹ ਨੂੰ ਆਉਂਦਾ..ਕੋਈ ਗੱਲ ਕਰਕੇ ਰਾਜੀ ਹੀ ਨਹੀਂ ਇੱਕ ਦੂਜੇ ਨਾਲ..ਪਤਾ ਨਹੀਂ ਕਿਹੜੀ ਚੰਦਰੀ ਵਾ ਵਗ ਤੁਰੀ ਏ..ਅਜੀਬ ਸੰਨਾਟਾ ਹੁੰਦਾ ਏ ਹਰੇ ਭਰੇ ਘਰ ਵਿਚ..?”
ਅੱਗੋਂ ਮੌਕਾ ਸੰਭਾਲਦੀ ਤੇ ਹੱਸਦੀ ਹੋਈ ਆਖਣ ਲੱਗੀ..”ਛੱਡੋ ਪਰਾਂ ਜੀ ਇਹਨਾਂ ਫਜੂਲ ਦੀਆਂ ਗੱਲਾਂ ਨੂੰ..ਕਾਹਨੂੰ ਦਿਲ ਹੌਲਾ ਕਰਦੇ ਓ..ਪੰਜਾਂ ਮਿੰਟਾਂ ਵਿਚ ਲਾਚੀਆਂ ਤੇ ਅਦਰਕ ਵਾਲੀ ਚਾਹ ਬਣਾ ਕੇ ਲਿਆਈ..ਫੇਰ ਕੱਠੇ ਬਹਿ ਕੇ ਪੀਂਦੇ ਹਾਂ”
ਅੱਗੋਂ ਹੈਰਾਨ ਹੁੰਦਾ ਆਖਣ ਲੱਗਾ..”ਮੈਂ ਵੀ ਬਸ ਆਖਣ ਹੀ ਲੱਗਾ ਸਾਂ ਕੇ ਲਾਚੀ ਅਧਰਕ ਵਾਲੀ ਚਾਹ ਧਰ ਲੈ..ਪਰ ਇੱਕ ਗੱਲ ਤਾਂ ਦੱਸ..ਤੈਨੂੰ ਕਿੱਦਾਂ ਪਤਾ ਲੱਗਾ ਕੇ ਅੱਜ ਮੇਰਾ ਗਲਾ ਖਰਾਬ ਏ?
(ਦੋਸਤੋ ਆਹ ਵਾਰਤਕ ਮੈਂ ਹਰ ਸਾਲ ਸਾਂਝੀ ਕਰਦਾ ਹਾਂ..ਠੰਡ ਪੈ ਜਾਂਦੀ ਏ..ਮੁਫ਼ਤ ਵਿਚ ਅਤੀਤ ਦੇ ਸੁਨਹਿਰੀ ਬਾਗ ਦੀ ਸੈਰ ਵੀ ਹੋ ਜਾਂਦੀ)
ਹਰਪ੍ਰੀਤ ਸਿੰਘ ਜਵੰਦਾ