ਮੰਮੀ ਬੀਮਾਰ ਨੇ…. ਹਸਪਤਾਲ ਵਿਚ ਦਾਖਲ ਨੇ…ਛੋਟੇ ਭਰਾ ਨੇ ਫੋਨ ਕਰਕੇ ਦੱਸਿਆ ਤਾਂ ਜਾਨ ਹੀ ਨਿਕਲ ਗਈ… ਕੀ ਹੋਇਆ? ਇੰਨਾ ਹੀ ਪੁੱਛ ਸਕੀ ਤਾਂ ਉਸਨੇ ਦੱਸਿਆ ਕਿ ਇਕ ਦੋ ਦਿਨਾਂ ਤੋਂ ਉਹਨਾਂ ਨੂੰ ਭੁੱਲਣਾ ਸ਼ੁਰੂ ਹੋ ਗਿਆ…… ਪਹਿਚਾਣਦੇ ਨਹੀਂ, ਕੁਝ ਖਾਂਦੇ ਪੀਂਦੇ ਵੀ ਨਹੀਂ…. ਕਹਿੰਦੇ ਮੈਨੂੰ ਭੁੱਖ ਨਹੀਂ… ਜ਼ਬਰਦਸਤੀ ਦਲੀਆ, ਖਿਚੜੀ ਖਵਾਉੰਦੇ ਹਾਂ…. ਤਾਂ ਸੁਣ ਕੇ ਮੇਰਾ ਰੋਣ ਹੀ ਨਿਕਲ ਗਿਆ ਤੇ ਨਾਲ ਹੀ ਪੁੱਛਿਆ ਕਿ ਤੁਸੀਂ ਮੈਨੂੰ ਦੱਸਿਆ ਕਿਉੰ ਨਹੀਂ… ਤਾਂ ਭਰਾ ਕਹਿੰਦਾ ਕਿ ਮੈਂ ਸੋਚਿਆ ਤੁਸੀਂ ਟੈਨਸ਼ਨ ਲਵੋਗੇ…. ਨਾਲ ਹੀ ਉਸਨੇ ਦੱਸਿਆ ਕਿ ਡਾਕਟਰ ਕਹਿ ਰਹੇ ਕਿ ਸੋਡੀਅਮ ਘਟਣ ਨਾਲ ਦਿਮਾਗ ਤੇ ਅਸਰ ਹੋਇਆ ਸੀ…. ਪਰ ਹੁਣ ਇਲਾਜ ਸ਼ੁਰੂ ਹੋਇਆ ਏ ਤੇ ਪਹਿਲਾਂ ਨਾਲੋਂ ਕੁਝ ਠੀਕ ਨੇ….
ਅਗਲੇ ਹੀ ਦਿਨ ਹਸਪਤਾਲ ਪਹੁੰਚ ਗਈ ਤੇ ਮੰਮੀ ਨੂੰ ਘੁੱਟ ਕੇ ਜੱਫੀ ਪਾ ਕੇ ਉਹਨਾਂ ਦਾ ਮੱਥਾ ਚੁੰਮ ਲਿਆ…. ਪਹਿਲਾਂ ਤਾਂ ਮੈਨੂੰ ਇੰਝ ਲੱਗਾ ਕਿ ਉਨ੍ਹਾਂ ਮੈਨੂੰ ਪਹਿਚਾਣਿਆ ਨਹੀਂ, ਕਿਉਂਕਿ ਉਹ ਬੜੀ ਨੀਝ ਲਾ ਕੇ ਮੇਰੇ ਵੱਲ ਦੇਖੀ ਜਾ ਰਹੇ ਸਨ, ਪਰ ਜਦੋਂ ਮੈਂ ਪੁੱਛਿਆ ਤਾਂ ਕਹਿੰਦੇ, ਧੀਆਂ ਨੂੰ ਵੇਖ ਕੇ ਤਾਂ ਮਾਵਾਂ ਵਿਚ ਜਾਨ ਆ ਜਾਂਦੀ ਐ… ਤਾਂ ਮੈਂ ਫਿਰ ਮੰਮੀ ਨੂੰ ਜੱਫੀ ਪਾ ਲਈ ਤੇ ਮੇਰੀਆਂ ਅੱਖਾਂ ਵਿੱਚੋਂ ਆਪ ਮੁਹਾਰੇ ਅੱਥਰੂ ਨਿਕਲ ਗਏ…. ਮੰਮੀ ਨੇ ਕਿਹਾ ਕਿ ਮੈਂ ਠੀਕ ਹਾਂ…
ਇੰਨੇ ਨੂੰ ਨਰਸ ਗੁਲੂਕੋਜ਼ ਲਗਾਉਣ ਆ ਗਈ…. ਮੰਮੀ ਦੇ ਹੱਥ ਦੇ ਅੰਗੂਠੇ ਦੀ ਨਾੜ ਵਿਚ ਗੁਲੂਕੋਜ਼ ਲੱਗਣ ਕਾਰਨ ਹੱਥ ਸੁੱਜ ਗਿਆ ਸੀ ਤਾਂ ਨਰਸ ਨੇ ਕਿਹਾ ਕਿ ਹੁਣ ਹੋਰ ਕਿਤੇ ਗੁਲੂਕੋਜ਼ ਲਗਾਉਣਾ ਪਵੇਗਾ…. ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਉਸ ਨੂੰ ਨਾੜ ਨਹੀਂ ਲੱਭ ਰਹੀ ਸੀ, ਉਹ ਕਦੀ ਬਾਂਹ ਵਿੱਚਲੀ ਨਾੜ ਤੇ ਸੂਈ ਲਗਾਉੰਦੀ ਕਦੇ ਹੱਥ ਵਿਚ… ਮੰਮੀ ਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਏ ਤੇ ਬੀਮਾਰੀ ਨਾਲ ਨਾੜਾਂ ਕਮਜ਼ੋਰ ਹੋ ਗਈਆਂ ਨੇ। ਅਖੀਰ ਉਸਨੇ ਮੰਮੀ ਦੇ ਪੈਰ ਵਿੱਚ ਗੁਲੂਕੋਜ਼ ਲਗਾਉਣ ਲਈ ਨਾੜ ਲੱਭਣੀ ਸ਼ੁਰੂ ਕੀਤੀ ਤਾਂ ਮੈਨੂੰ ਕਹਿੰਦੀ ਕਿ ਤੁਸੀਂ ਪੈਰ ਘੁੱਟ ਕੇ ਰੱਖੋ… ਮੈਂ ਪੈਰ ਨੂੰ ਘੁੱਟ ਕੇ ਫੜ ਲਿਆ ਅਤੇ ਮੂੰਹ ਦੂਜੇ ਪਾਸੇ ਕਰ ਲਿਆ… ਕਿਉਂਕਿ ਮੈਂ ਮੰਮੀ ਦੇ ਸੂਈ ਲੱਗਦੀ ਨਹੀਂ ਦੇਖ ਸਕਦੀ ਸੀ ਤੇ ਨਾਲ ਹੀ ਨਰਸ ਨੂੰ ਕਿਹਾ ਕਿ ਪਲੀਜ਼, ਹੌਲੀ ਜਿਹੀ ਸੂਈ ਲਗਾਇਓ, ਦਰਦ ਨਾ ਕਰਿਓ… ਤਾਂ ਨਰਸ ਸੁਣ ਕੇ ਹਲਕਾ ਜਿਹਾ ਹੱਸ ਪਈ…… ਨਰਸ ਜਦੋਂ ਗੁਲੂਕੋਜ਼ ਲਗਾ ਕੇ ਚਲੀ ਗਈ ਤਾਂ ਮੰਮੀ ਮੇਰੇ ਵਲ ਵੇਖ ਕੇ ਹਲਕਾ ਜਿਹਾ ਮੁਸਕਰਾ ਪਏ… ਉਹਨਾਂ ਦੀ ਮੁਸਕਰਾਹਟ ਵੇਖ ਇੰਝ ਲੱਗਾ ਜਿਵੇਂ ਕਹਿ ਰਹੇ ਹੋਣ…. ਮੇਰੀ ਧੀ ਬਿਲਕੁਲ ਮੇਰੇ ਵਰਗੀ ਏ…
ਮੈਨੂੰ ਯਾਦ ਏ ਕਿ ਮੈਂ ਜਦੋਂ ਵੀ ਬਿਮਾਰ ਹੁੰਦੀ ਸੀ, ਤੇ ਜਦੋਂ ਮੈਨੂੰ ਟੀਕਾ ਲੱਗਣਾ ਤਾਂ ਮੰਮੀ ਨੇ ਮੂੰਹ ਦੂਜੇ ਪਾਸੇ ਕਰ ਲੈਣਾ… ਤੇ ਨਾਲ ਹੀ ਡਾਕਟਰ ਨੂੰ ਕਹਿ ਦੇਣਾ ਕਿ, ਮੇਰੀ ਧੀ ਨੂੰ ਪੀੜ ਨਾ ਕਰਿਓ…..
ਇੱਕ ਵਾਰ ਮੈਨੂੰ ਟਾਈਫਾਈਡ ਬੁਖਾਰ ਹੋ ਗਿਆ… ਬਹੁਤ ਇਲਾਜ ਕਰਵਾਉਣ ਦੇ ਬਾਵਜੂਦ ਮੇਰਾ ਬੁਖਾਰ ਵਿਗੜ ਗਿਆ… ਮੈਨੂੰ ਹਸਪਤਾਲ ਦਾਖਲ਼ ਕਰਾਉਣਾ ਪਿਆ। ਓਧਰੋਂ ਮੇਰੇ ਗਿਆਰਵੀਂ ਦੇ ਪੇਪਰ ਸਨ, ਪੇਪਰ ਸ਼ਾਮ ਨੂੰ ਹੁੰਦਾ ਸੀ, ਪਹਿਲਾਂ ਸਵੇਰ ਤੋਂ ਮੈਨੂੰ ਗੁਲੂਕੋਜ਼ ਲੱਗਣਾ, ਸ਼ਾਮ ਨੂੰ ਮੈਨੂੰ ਪੇਪਰ ਦੁਆਉਣ ਜਾਣਾ, ਤੇ ਫਿਰ ਪੇਪਰ ਤੋਂ ਬਾਅਦ ਹਸਪਤਾਲ ਲੈ ਕੇ ਜਾਣਾ… ਘਰਦਿਆਂ ਨੂੰ ਇਹ ਸੀ ਕਿ ਮੇਰਾ ਪੜਾਈ ਦਾ ਸਾਲ ਵੀ ਖਰਾਬ ਨਾ ਹੋਵੇ… ਇਕ ਦਿਨ ਡਾਕਟਰ ਨੇ ਮੰਮੀ ਤੇ ਡੈਡ ਨੂੰ ਬੁਲਾ ਕੇ ਝਿੜਕਾਂ ਵੀ ਦਿੱਤੀਆ ਕਿ ਤੁਹਾਡੀ ਕੁੜੀ ਦੀ ਹਾਲਤ ਖਰਾਬ ਏ, ਉਹ ਮਰ ਭਾਂਵੇ ਜਾਵੇ, ਪਰ ਤੁਹਾਨੂੰ ਇਸਦੀ ਪੜ੍ਹਾਈ ਦੀ ਪਈ ਐ… ਤਾਂ ਮੰਮੀ ਸੁਣ ਕੇ ਰੋਣ ਲੱਗ ਪਏ… ਤੇ ਡੈਡ ਨੂੰ ਕਹਿਣ ਲੱਗੇ, ਮੈਂ ਇਸ ਕੁਲਹਿਣੇ ਡਾਕਟਰ ਕੋਲੋਂ ਆਪਣੀ ਧੀ ਦਾ ਇਲਾਜ ਨਹੀਂ ਕਰਵਾਉਣਾ…. ਪਰ ਡੈਡ ਨੇ ਸਮਝਾਇਆ ਕਿ ਵਿਚਾਲੇ ਇਲਾਜ਼ ਛੁਡਾ ਕੇ ਹੋਰ ਕਿਸੇ ਡਾਕਟਰ ਕੋਲ ਨਹੀਂ ਜਾ ਸਕਦੇ… ਪਰ ਮੰਮੀ ਦੇ ਮਨ ਵਿਚ ਡਰ ਬੈਠ ਗਿਆ… ਉਹ ਮੇਰੇ ਕੋਲ ਬੈਠ ਕੇ ਪਾਠ ਕਰਦੇ ਰਹਿੰਦੇ… ਤੇ ਪਤਾ ਨਹੀਂ ਕਿੱਥੇ ਕਿੱਥੇ ਮੇਰੀ ਸਿਹਤਯਾਬੀ ਲਈ ਸੁੱਖਣਾ ਸੁੱਖ ਛੱਡੀਆਂ…. ਜਦੋਂ ਮੈਂ ਠੀਕ ਹੋਈ ਤਾਂ ਉਨ੍ਹਾਂ ਸੁਖ ਦਾ ਸਾਹ ਲਿਆ…
ਜਦੋਂ ਮੇਰਾ ਬੇਟਾ ਹੋਇਆ ਤਾਂ ਮੰਮੀ ਮੇਰੇ ਕੋਲ ਸਨ… ਜਦੋਂ ਨਰਸ ਨੇ ਮੈਨੂੰ ਇੰਜੈਕਸ਼ਨ ਲਗਾਉਣ ਆਉਣਾ, ਮੰਮੀ ਨੇ ਰੋਜ ਨਰਸ ਨੂੰ ਇਹੀ ਕਹਿਣਾ ਕਿ ਮੇਰੀ ਨਿਆਣੀ ਜਿਹੀ ਧੀ ਨੂੰ ਦਰਦ ਨਾ ਕਰਿਓ…. ਇਕ ਦਿਨ ਨਰਸ ਮੰਮੀ ਦੀ ਗੱਲ ਸੁਣ ਕੇ ਖਿੱਝ ਗਈ ਤੇ ਮੰਮੀ ਨੂੰ ਬੋਲੀ ਕਿ ਆਂਟੀ, ਤੁਸੀਂ ਰੋਜ ਇਕੋ ਗੱਲ ਕਹਿੰਦੇ ਓ… ਹੁਣ ਤੁਹਾਡੀ ਧੀ ਨਿਆਣੀ ਨਹੀਂ… ਇਹ ਤਾਂ ਹੁਣ ਆਪ ਮਾਂ ਬਣ ਗਈ ਏ…. ਤਾਂ ਮੰਮੀ ਕਹਿੰਦੇ ਕਮਲੀਏ! ਧੀਆਂ ਜਿੰਨੀਆਂ ਮਰਜ਼ੀ ਵੱਡੀਆਂ ਹੋ ਜਾਣ… ਮਾਵਾਂ ਲਈ ਉਹ ਨਿਆਣੀਆਂ ਹੀ ਰਹਿੰਦੀਆਂ ਨੇ…..
ਜਦੋਂ ਮੈਂ ਗੱਲਾਂ ਸੋਚ ਰਹੀ ਸੀ ਤਾਂ.. ਮੈਂ ਹੈਰਾਨ ਵੀ ਸੀ ਕਿ ਮੰਮੀ ਵਾਲੇ ਗੁਣ ਮੇਰੇ ਵਿੱਚ ਆ ਗਏ…. ਇੱਕ ਦੋਸਤ ਨੇ ਕਿਹਾ ਕਿ ਮਾਂ ਹੁਣ ਬਜ਼ੁਰਗ ਹੋ ਗਈ ਏ, … ਤਾਂ ਮੈਨੂੰ ਸੁਣ ਕੇ ਚੰਗਾ ਨਾ ਲੱਗਾ…. ਮੈਂ ਉਸ ਨੂੰ ਟੋਕ ਕੇ ਕਿਹਾ ਕਿ ਨਹੀਂ, ਉਹ ਬਜ਼ੁਰਗ ਨਹੀਂ ਹੋਏ….. ਮੈਨੂੰ ਇੰਝ ਲੱਗਦਾ ਉਹਨਾਂ ਹੁਣ ਮੇਰੀ ਥਾਂ ਲੈ ਲਈ ਏ,
ਮੇਰੀ ਮਾਂ ਹੁਣ ਮੈਨੂੰ ਬੱਚਿਆਂ ਵਰਗੀ ਲੱਗਣ ਲੱਗ ਗਈ ਏ…. ਤੇ ਮੈਂ ਮਾਂ ਵਾਂਗ ਉਸ ਦੀ ਚਿੰਤਾ ਕਰਦੀ ਹਾਂ…. ਰੱਬ ਕਰੇ ਉਹ ਸਲਾਮਤ ਰਹੇ… ਹਮੇਸ਼ਾ ਸਾਡੇ ਨਾਲ ਰਹੇ…..ਉਸਦੀ ਨਿੱਘੀ ਗੋਦ ਦਾ ਨਿੱਘ ਮਾਣਦੀ ਰਹਾਂ…..
ਮੰਮੀ ਦਾ ਹੱਥ ਫੜ ਇਹ ਸਤਰਾਂ ਗੁਣਗੁਣਾਉਣ ਲੱਗੀ…
ਦੇ-ਦੇ ਮਾਏਂ ਇਕ ਲੋਰੀ ਨੀ
ਇਸ ਜੱਗ ਚੰਦਰੇ ਤੋਂ ਚੋਰੀ ਨੀ
ਤੇਰੀ ਸਭ ਤੋਂ ਨਿੱਘੀ ਗੋਦ ਏ
ਤੇਰੇ ਕਰਕੇ ਹੀ ਮੇਰੀ ਹੋਂਦ ਏ…
ਰਣਜੀਤ ਚਾਹਲ 🌿
Heart Touching story