ਸਵਿਤਾ ਆਪਣੇ ਘਰ ਦਾ ਕੰਮ ਨਿਬੇੜ ਕੇ ਸਾਡੇ ਘਰ ਠੀਕ ਬਾਰਾਂ ਵਜੇ ਆ ਜਾਂਦੀ ਸੀ ਪਰ ਅੱਜ ਉਹ ਬਹੁਤ ਲੇਟ ਸੀ ਤਾਂ ਮੈਂ ਉਹਨੂੰ ਕਾਰਨ ਪੁੱਛਿਆ ਤਾਂ ਉਹਨੇ ਆਪਣੀ ਕਹਾਣੀ ਸੁਣਾਈ ਮੈਂ ਸੋਚਿਆ ਸਭ ਨਾਲ ਸਾਂਝੀ ਕੀਤੀ ਜਾਵੇ ਕਿਉਂਕਿ ਇਹ ਭਾਣਾ ਕਿਸੇ ਨਾਲ ਵੀ ਵਰਤ ਸਕਦੈ।
“ਸਬਜ਼ੀ ਵਾਲੇ ਤੋਂ ਵੱਡੀਆਂ ਵੱਡੀਆਂ ਚਾਰ ਸ਼ਿਮਲਾ ਮਿਰਚਾਂ ਤੇ ਛੇ ਟਮਾਟਰ ਲਏ। ਸਾਢੇ ਤਿੰਨ ਸ਼ਿਮਲਾ ਮਿਰਚ ਤੇ ਆਲੂ, ਪਿਆਜ਼ ਲਸਣ ਤੇ ਦੋ ਟਮਾਟਰ ਪਾਕੇ ਸਬਜ਼ੀ ਬਣਾ ਲਈ।ਅੱਧੀ ਸ਼ਿਮਲਾ ਮਿਰਚ ਇਸ ਲਈ ਰੱਖ ਲਈ ਕਿ ਕਿਸੇ ਦਿਨ ਨਮਕ ਪਾਕੇ ਚਾਵਲ ਬਣਾਵਾਂਗੇ ਤੇ ਟਮਾਟਰਾਂ ਨੂੰ ਵੀ ਅੱਧੀ ਸ਼ਿਮਲਾ ਦੇ ਨਾਲ ਫਰਿੱਜ ਵਿੱਚ ਸਾਂਭ ਦਿੱਤਾ ਇਹ ਸੋਚ ਕਿ ਇਹ ਬਹੁਤ ਮਹਿੰਗੇ ਨੇ ਕਿਸੇ ਖਾਸ ਸਬਜ਼ੀ ਵਿੱਚ ਵਰਤਾਂਗੇ।
ਦੋ ਕੁ ਦਿਨਾਂ ਬਾਅਦ ਇਕ ਟਮਾਟਰ ਕੱਢਿਆ ਤਾਂ ਉੱਥੇ ਟਮਾਟਰ ਦੋ ਹੀ ਰਹਿਗੇ। ਕਾਹਲੀ ਕਾਹਲੀ ਬਾਕੀ ਪਈਆਂ ਸਬਜ਼ੀਆਂ ਨੂੰ ਇਧਰ ਓਧਰ ਕੀਤਾ ਪਰ ਟਮਾਟਰ ਨਾ ਮਿਲਿਆ।
ਬੱਚਿਆਂ ਨੂੰ ਤੇ ਘਰਵਾਲੇ ਨੂੰ ਪੁੱਛਿਆ ਕਿ ਸੱਚ ਸੱਚ ਦੱਸੋ ਟਮਾਟਰ ਕੀਹਨੇ ਖਾਧਾ ਪਰ ਸਾਰੇ ਕਹਿਣ ਅਸੀਂ ਤਾਂ ਛੇੜਿਆ ਵੀ ਨੀ,ਸਭ ਨੂੰ ਗੁੱਸੇ ਵੀ ਹੋਈ ਥੋਨੂੰ ਪਤਾ ਕਿੰਨੇ ਮਹਿੰਗੇ ਨੇ ਥੋਡੇ ਵਾਸਤੇ ਈ ਸੀ, ਮੈਂ ਤਾਂ ਸਰਫਾ ਕਰ ਕਰ ਪਾਉਂਦੀ ਸੀ ਹੋਰ ਪਤਾ ਨੀ ਕੀ ਕੀ ਬੋਲ ਦਿੱਤਾ। ਖ਼ਫ਼ੀ ਹੋਈ ਨੇ ਸਾਰੀ ਫਰਿੱਜ ਦਾ ਸਮਾਨ ਬਾਹਰ ਖਿਲਾਰ ਲਿਆ। ਬੱਚੇ ਤੇ ਘਰਵਾਲਾ ਵੀ ਲੱਗ ਗਏ ਟਮਾਟਰ ਲਭਾਉਣ।
ਜਦ ਨਾ ਮਿਲਿਆ ਹਾਰ ਕੇ ਫਰਿੱਜ ਦਾ ਸਮਾਨ ਦੁਬਾਰਾ ਸਮੇਟਣਾ ਸ਼ੁਰੂ ਕਰਤਾ ਪਰ ਐਂ ਹੋਈ ਜਾਵੇ ਜਿਵੇਂ ਸੋਨਾ ਖੋ ਗਿਆ ਹੋਵੇ ਮੇਰਾ ਘਰਵਾਲਾ ਬਥੇਰਾ ਸਮਝਾਵੇ ਕਿ ਕੋਈ ਨਾ ਤੈਨੂੰ ਭੁਲੇਖਾ ਪੈਗਿਆ ਹੋਣਾ ਪਰ ਮੇਰਾ ਮਨ ਨਾ ਮੰਨੇ ।
ਰੋਟੀ ਨੂੰ ਵੀ ਕੁਵੇਲਾ ਹੋਗਿਆ ਤਾਂ ਸੋਚਿਆ ਚੌਲ ਬਣਾ ਦਿੰਦੀਆਂ ਇਕ ਪਿਆਜ਼,ਦੋਆਲੂ,ਤੇ ਸ਼ਿਮਲਾ ਮਿਰਚ ਕੱਢੀ ਤਾਂ ਅੱਧੀ ਕੱਟੀ ਸ਼ਿਮਲਾ ਮਿਰਚ ਦੇ ਵਿਚ ਟਮਾਟਰ ਵੜਿਆ ਪਿਆ ਮੇਰੀ ਤਾਂ ਜਾਨ ਚ ਜਾਨ ਆਈ ਤਾਂ ਕਰਕੇ ਮੈਂ ਲੇਟ ਹੋਗੀ”!😀
(ਡਾ.ਹਰਸ਼ਵਿੰਦਰ ਫਗਵਾੜਾ)