ਜਦੋਂ ਮੇਰਾ ਪਹਿਲਾ ਸਮੁੰਦਰੀ ਜਹਾਜ਼ ਡੁੱਬਣ ਦੀ ਤਾਦਾਦ ਤੇ ਸੀ ਤੇ ਕੈਪਟਨ ਅਤੇ ਚੀਫ਼ ਇੰਜੀਨੀਅਰ ਨੇ ਵੀ ਹੱਥ ਖੜੇ ਕਰ ਦਿੱਤੇ ਤਾਂ ਮੇਰੇ ਅੰਦਰੋਂ ਕਵਿਤਾ ਦੇ ਰੂਪ ਵਿੱਚ ਜੋ ਅਰਦਾਸ ਨਿੱਕਲੀ ਉਹ ਸੀ ‘ਪਾਰ ਲੰਘਾਂਦੇ ਡਾਢਿਆ, ਚੱਪੂ ਤੇਰੇ ਹੱਥ ਬੇੜੀ ਦੇ ‘ ।
ਬਾਰਵੀਂ ਜਮਾਤ ਤੋਂ ਬਾਅਦ ਮੈਂ ‘ਮਰਚੈਂਟ ਨੇਵੀ’ ਦਾ ਪੇਸ਼ਾ ਚੁਣਿਆ।ਸੰਨ 2009 ਵਿੱਚ ਮੈਂ ‘ਦੁਬਈ ਮੂਨ’ ਨਾਮ ਦੇ ਸਮੁੰਦਰੀ ਜਹਾਜ਼ ਨੂੰ ਜੁਆਇਨ ਕੀਤਾ। ਸ਼ਿੱਪ ਵਿੱਚ ਜ਼ਿਆਦਾਤਰ ਕਾਰਾਂ ਅਤੇ ਆਮ ਵਰਤੋਂ ਦਾ ਸਮਾਨ ਲੱਦ ਕੇ ਹੋਰ ਅਰਬ ਦੇਸ਼ਾਂ ਵਿੱਚ ਲਿਜਾਇਆ ਜਾਂਦਾ ਸੀ। ਸ਼ਿੱਪ ਉੱਪਰ ਕੰਮ ਕਰਨ ਵਾਲੇ ਅਸੀ ਛੇ ਪੰਜਾਬੀ ਅਤੇ ਬਾਕੀ ਹੋਰ ਰਾਜਾਂ ਤੋਂ ਮੁੰਡੇ ਸਨ। ਗੱਲ ਅਗਸਤ 2010 ਦੀ ਹੈ ਜਦੋਂ ਜਹਾਜ਼ ਕਿਸੇ ਤੂਫ਼ਾਨ ਦੀ ਲਪੇਟ ਵਿੱਚ ਆ ਗਿਆ। ਅਸੀ ਲਗਾਤਾਰ ਦੋ ਦਿਨ ਇਸ ਤੂਫ਼ਾਨ ਵਿੱਚ ਫਸੇ ਰਹੇ। ਡੇਢ ਸੌ ਮੀਟਰ ਲੰਬੇ ਜਹਾਜ਼ ਉੱਪਰ ਲੱਗਭਗ 400 ਕਾਰਾਂ ਲੋਡ ਸਨ ।ਜਿੰਨ੍ਹਾਂ ਵਿੱਚੋਂ 100ਕਾਰਾਂ ਉੱਪਰ ਵਾਲੇ ਡਿੱਕ ਤੇ ਸਨ, ਜੋ ਸਾਡੀਆਂ ਅੱਖਾਂ ਸਾਹਮਣੇ ਖਿਡੌਣਿਆਂ ਵਾਂਗੂ ਸਮੁੰਦਰ ਵਿੱਚ ਰੁੜ ਗਈਆਂ। ਪੰਜ ਤੋਂ ਅੱਠ ਮੀਟਰ ਲੰਬੀਆਂ ਸਮੁੰਦਰੀ ਲਹਿਰਾਂ ਸ਼ਿੱਪ ਨੂੰ ਕਿਤੇ ਸੱਜੇ ਤੋਂ ਖੱਬੇ, ਕਿਤੇ ਉੱਤੇ ਤੋਂ ਥੱਲੇ ਵਗ੍ਹਾ ਵਗ੍ਹਾ ਕੇ ਸੁੱਟਣ। ਸਭ ਦੀ ਹਾਲਤ ਖਰਾਬ ਹੋ ਗਈ ਸੀ ਕਿਸੇ ਨੂੰ ਉਲਟੀਆਂ, ਕਿਸੇ ਦਾ ਸਿਰ ਘੁੰਮ ਰਿਹਾ ਸੀ। ਕਈਆਂ ਨੂੰ ਡਿੱਗਣ ਕਾਰਨ ਸੱਟਾਂ ਵੀ ਲੱਗੀਆਂ ਸਨ। ਸਭਨੇ ਆਪੋ ਆਪਣੇ ਕਮਰੇ ਛੱਡ ਦਿੱਤੇ ਸਨ। ਕੁੱਝ ਇੰਜਣ ਰੂਮ ਵਿੱਚ ਸਨ ਤੇ ਕੁੱਝ ਸ਼ਿੱਪ ਦੇ ਉੱਪਰੀ ਹਿੱਸੇ Bridge ਵਿੱਚ ਦੋ ਦਿਨਾਂ ਤੋਂ ਭੁੱਖੇ ਪਿਆਸੇ ਬੈਠੇ ਇਸ ਭਿਆਨਕ ਮੰਜ਼ਰ ਨੂੰ ਦੇਖ ਰਹੇ ਸਨ। ਸ਼ਿੱਪ ਦਾ ਇੰਜਣ ਤਾਂ ਚੱਲ ਰਿਹਾ ਸੀ ਪਰ ਸਪੀਡ ਇੱਕ ਜਾਂ ਦੋ ਪ੍ਰਤੀ ਮੀਲ ਤੋਂ ਵੱਧ ਨਹੀਂ ਰਹੀ ਸੀ। ਦੂਸਰੇ ਦਿਨ ਸਾਨੂੰ ਪਤਾ ਚੱਲਾ ਕਿ ਸ਼ਿੱਪ ਦਾ ਥੱਲਾ (keel) ਟੁੱਟਣ ਨਾਲ ਸ਼ਿੱਪ ਵਿੱਚ ਪਾਣੀ ਭਰ ਰਿਹਾ ਹੈ। ਹੁਣ ਇੰਜਣ ਤੇ ਲੋਡ ਪੈਣ ਨਾਲ ਉਹ ਵੀ ਬੰਦ ਹੋ ਚੁੱਕਾ ਸੀ। ਜਦੋਂ ਇੰਜਣ ਰੂਮ ਵਿੱਚ ਪਾਣੀ ਆਉਣ ਲੱਗਾ ਤਾਂ ਚੀਫ ਇੰਜੀਨੀਅਰ ਨੇ ਸਾਨੂੰ ਇੰਜਣ ਰੂਮ ਛੱਡਣ ਲਈ ਕਿਹਾ। ਅਸੀਂ ਸਾਰੇ ਵੀ ਉੱਪਰ Bridge ਵਿੱਚ ਚਲੇ ਗਏ। ਉੱਤੇ ਜਾ ਕੇ ਦੇਖਿਆ ਕਿ ਵੀਹ ਜਾਣਿਆ ਚੋਂ 10 ਜਣੇ ਲੰਮੇ ਪਏ ਸਨ। ਪਰ ਜਿੱਥੇ ਐਨੇ ਜਾਣਿਆਂ ਦੀ ਹਾਲਤ ਖਰਾਬ ਸੀ ਉੱਥੇ ਸਾਡੇ ਤਿੰਨ ਪੰਜਾਬੀ ਮੁੰਡਿਆਂ ਨੇ ਸ਼ਿੱਪ ਦਾ ਸਟੇਰਿੰਗ ਸੰਭਾਲਿਆ ਹੋਇਆ ਸੀ ਲਗਾਤਾਰ ਦੋ ਦਿਨ ਤੋਂ।
ਪਰ ਕੁਦਰਤ ਦੇ ਕਹਿਰ ਤੋਂ ਬਚਣਾ ਅਸੰਭਵ ਜਿਹਾ ਲੱਗ ਰਿਹਾ ਸੀ। ਸ਼ਿੱਪ ਦਾ ਕੈਪਟਨ ਲਗਾਤਾਰ port authorities ਜਾਂ ਨੇੜੇ ਦੇ ਕਿਸੇ ਸ਼ਿੱਪ ਨਾਲ ਸਬੰਧ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੋਈ ਜਵਾਬ ਨਹੀਂ ਸੀ ਆ ਰਿਹਾ। ਸੋ ਹੁਣ ਸ਼ਿੱਪ ਹੌਲੀ ਹੌਲੀ ਪਾਣੀ ਅੰਦਰ ਡੁੱਬ ਰਿਹਾ ਸੀ। ਜਿੱਥੇ ਮੈਂ ਬੈਠਾ ਸੀ ਮੇਰੇ ਕੋਲ ਅਲਮਾਰੀ ਵਿੱਚੋਂ ਪਿੰਨ ਡਿੱਗਾ। ਮੈਂ ਪਿੰਨ ਨੂੰ ਚੁੱਕਿਆ ਤੇ ਕੋਲ ਪਏ ਰਜਿਸਟਰ ਉੱਪਰ ਆਪਣੇ ਢੰਗ ਨਾਲ ਪਰਮਾਤਮਾ ਅੱਗੇ ਅਰਦਾਸ ਕੀਤੀ ਕਵਿਤਾ ਦੇ ਰੂਪ ਵਿੱਚ ਤੇ ਬਾਕੀ ਸਭ ਵੀ ਆਪੋ ਆਪਣੇ ਰੱਬ ਨੂੰ ਪੁਕਾਰ ਰਹੇ ਸਨ।।ਲੱਗਭਗ ਘੰਟੇ ਕੁ ਤੱਕ ਵਾਇਰਲੈਸ ਫੋਨ ਤੋਂ ਕਾਲ ਆਈ ਕਿ ਇੱਕ ਹੈਲੀਕਾਪਟਰ ਆ ਰਿਹਾ ਹੈ ਸ਼ਿੱਪ ਸਟਾਫ ਨੂੰ ਚੁੱਕਣ ਲਈ। ਸਾਰਿਆਂ ਨੂੰ ਇੰਝ ਲੱਗਾ ਜਿਵੇਂ ਨਵਾਂ ਜਨਮ ਮਿਲਣ ਜਾ ਰਿਹਾ ਹੋਵੇ। ਸਾਨੂੰ ਹੈਲੀਕਾਪਟਰ ਰਾਹੀਂ ਓਮਾਨ ਦੇਸ਼ ਵਿੱਚ ਲਿਆਂਦਾ ਗਿਆ ਤੇ ਉੱਥੇ ਸਾਡੀ ਕੰਪਨੀ ਨੇ ਹੋਟਲ ਦਾ ਪ੍ਰਬੰਧ ਤੇ ਮੈਡੀਕਲ ਸਹੂਲਤ ਮੁਹੱਈਆ ਕਰਵਾਈ।ਸੋ ਮੁੱਕਦੀ ਗੱਲ ਹਫ਼ਤੇ ਦੇ ਅੰਦਰ ਅੰਦਰ ਅਸੀਂ ਸਾਰੇ ਸਹੀ ਸਲਾਮਤ ਆਪੋ ਆਪਣੇ ਘਰ ਪਹੁੰਚੇ ਤੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।
ਪ੍ਰਿਤਪਾਲ ਸਿੰਘ ਲੋਹਗੜ੍ਹ