“ਨਵੀਂ ਕੰਮ ਵਾਲੀ ਲੱਭ ਰਹੀ ਏਂ…।” ਮਿਸਿਜ਼ ਬੱਤਰਾ ਨੇ ਕਿਹਾ, “…. ਮਾਇਆ ਤਾਂ ਸਫਾਈ, ਭਾਂਡੇ, ਕਪੜੇ ਸਭ ਕਰਦੀ ਹੈ…… ਨਵੀ ਕਿਸ ਲਈ ਚਾਹੀਦੀ ਹੈ …….ਓ ਅੱਛਾ ਖਾਣਾ ਬਣਾਉਣ ਲਈ ……”
“ਨਹੀਂ ਜੀ, ਸਫ਼ਾਈ, ਭਾਂਡੇ, ਕਪੜਿਆਂ ਲਈ ਹੀ ਚਾਹੀਦੀ ਹੈ। ਬੱਸ ਕੋਈ ਹੋਵੇ ਤਾਂ ਮੈਨੂੰ ਦੱਸ ਦੇਣਾ।” ਕੀਰਤੀ ਨੇ ਕਿਹਾ
ਸ਼ਾਮ ਨੂੰ ਕੀਰਤੀ ਦੀ ਸੱਸ ਆਸ਼ਾ ਨੇ ਕੀਰਤੀ ਨੂੰ ਪੁੱਛਿਆ, “ਕੀਰਤੀ, ਤੂੰ ਮਿਸਿਜ਼ ਬੱਤਰਾ ਨੂੰ ਨਵੀਂ ਕੰਮ ਵਾਲੀ ਲਈ ਕਿਉਂ ਕਿਹਾ ? ਮਾਇਆ ਇੰਨੇ ਸਾਲਾਂ ਤੋਂ ਸਾਡੇ ਘਰ ਕੰਮ ਕਰ ਰਹੀ ਹੈ। ਹੁਣ ਤੂੰ ਅਜਿਹੇ ਮੌਕੇ ਉਸਨੂੰ ਜਵਾਬ ਦੇਵੇਂਗੀ ਤਾਂ ਠੀਕ ਨਹੀਂ।”
“ਮੰਮੀ ਉਸ ਦੇ ਬੱਚਾ ਹੋਣ ਵਾਲਾ ਹੈ, ਅਗੇ ਜਾ ਕੇ ਆਪਾਂ ਨੂੰ ਮੁਸ਼ਕਲ ਹੋ ਜਾਣੀ ਆਂ।” ਕੀਰਤੀ ਬੋਲੀ
“ਹਾਂ ਮੁਸ਼ਕਲ ਤਾਂ ਹੋ ਜਾਣੀ ਆਂ, ਤੂੰ ਵੀ ਕੰਮ ਤੇ ਜਾਣਾ ਹੁੰਦਾ। ਆਪਣਾ ਵੰਸ਼ ਵੀ ਛੋਟਾ ਅਜੇ। ਮੇਰੇ ਕੋਲੋਂ ਵੀ ਜ਼ਿਆਦਾ ਕੰਮ ਨਹੀਂ ਹੁੰਦਾ ਹੁਣ।” ਆਸ਼ਾ ਨੇ ਆਪਣੀ ਮਜਬੂਰੀ ਦੱਸੀ
“ਇਸੇ ਕਰਕੇ ਨਵੀਂ ਕੰਮ ਵਾਲੀ ਲੱਭ ਰਹੀ ਆਂ।”
“ਪਰ ਮਾਇਆ ਨੇ ਆਪਣੇ ਦੁੱਖ ਸੁੱਖ ਵਿੱਚ ਘਰ ਦੇ ਜੀਅ ਵਾਂਗੂੰ ਸਾਥ ਦਿੱਤਾ। ਵੰਸ਼ ਹੋਣ ਤੋਂ ਪਹਿਲਾਂ ਤੇ ਬਾਅਦ ਵਿੱਚ ਕਿਵੇਂ ਤੇਰਾ ਖਿਆਲ ਰੱਖਿਆ। ਹੁਣ ਉਸ ਦੇ ਬੱਚਾ ਹੋਵੇਗਾ ਤਾਂ ਉਸ ਨੂੰ ਵੀ ਪੈਸੇ ਧੇਲੇ ਦੀ ਲੋੜ ਹੋਵੇਗੀ ਤੇ ਆਪਾਂ ਕੰਮ ਤੋਂ ਜਵਾਬ ਦੇ ਕੇ ਉਸ ਨਾਲ ਧੱਕਾ ਤਾਂ ਨਹੀਂ ……” ਆਸ਼ਾ ਬੋਲਦੀ ਬੋਲਦੀ ਰੁੱਕ ਗਈ।
“ਮੰਮੀ ਜੀ ਮੈਨੂੰ ਸਭ ਯਾਦ ਹੈ। ਇਸੇ ਕਰਕੇ ਮੈਂ ਉਸ ਨੂੰ ਕੰਮ ਤੋਂ ਜਵਾਬ ਨਹੀਂ ਦੇ ਰਹੀ ਸਗੋਂ ਕੰਮ ਤੋਂ ਛੁੱਟੀਆਂ ਦੇ ਰਹੀ ਆਂ ਕੁਝ ਮਹੀਨਿਆਂ ਲਈ। ਤਾਂ ਕਿ ਉਹ ਆਪਣਾ ਤੇ ਆਪਣੇ ਬੱਚੇ ਦਾ ਧਿਆਨ ਰੱਖ ਸਕੇ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਦਫਤਰ ਤੋਂ ਛੁੱਟੀਆਂ ਮਿਲੀਆਂ ਸਨ।” ਕੀਰਤੀ ਨੇ ਕਿਹਾ
“ਮਤਲਬ ਤਨਖਾਹ ਸਮੇਤ ਕੰਮ ਵਾਲੀ ਦੀਆਂ ਛੁੱਟੀਆਂ ?” ਆਸ਼ਾ ਨੇ ਕਿਹਾ
“ਹਾਂ ਜੀ, ਮੈਂਨੂੰ ਬੱਚੇ ਦੇ ਜਨਮ ਲਈ ਛੁੱਟੀਆਂ ਮਿਲ ਸਕਦੀਆਂ ਤਨਖਾਹ ਸਮੇਤ ਤਾਂ ਉਸ ਦਾ ਵੀ ਹੱਕ ਹੈ ਨਾ ……। ਉਹ ਵੀ ਤਾਂ ਮੇਰੇ ਵਾਂਗ ਹੀ ਹੈ।” ਕੀਰਤੀ ਨੇ ਕਿਹਾ
“ਹਾਂ, ਇਹ ਤੂੰ ਬਿਲਕੁਲ ਠੀਕ ਕਿਹਾ। ਇਹ ਹਰ ਗਰਭਵਤੀ ਤੇ ਨਵੀਂ ਬਣੀ ਮਾਂ ਦਾ ਹੱਕ ਹੈ । ਇਹ ਹੱਕ ਤਾਂ ਹਰ ਮਾਂ ਨੂੰ ਮਿਲਣਾ ਚਾਹੀਦਾ ।”
ਪਰਵੀਨ ਕੌਰ, ਲੁਧਿਆਣਾ