ਮੈਨੂੰ ਕਨੇਡਾ ਰਹਿੰਦਿਆਂ ਭਾਵੇਂ ਕਈ ਸਾਲ ਹੋ ਚੱਲੇ ਨੇ ਪਰ ਇਥੇ ਮੈਂ ਦੋਸਤ ਗਿਣਵੇਂ ਹੀ ਬਣਾਏ, ਤੇ ਇਨ੍ਹਾਂ ਵਿੱਚੋਂ ਮੈਂ ਇੰਦਰ ਨੂੰ ਸਭ ਤੋਂ ਉਪਰ ਗਿਣ ਸਕਦਾਂ । ਅਸੀਂ ਕਈ ਸਾਲ ਇਕੱਠੇ ਕੰਮ ਕੀਤਾ ਫਿਰ ਅੱਡੋ ਅੱਡ ਕੰਪਨੀਆਂ ਵਿੱਚ ਚਲੇ ਗਏ ਪਰ ਦੋਸਤੀ ਬਰਕਰਾਰ ਹੈ। ਪਿਛਲੇ ਹਫਤੇ ਇੰਦਰ ਦੇ ਵੱਡੇ ਪੁੱਤਰ ਪਾਰਸ ਦੀ ਕਨੇਡੀਅਨ ਪੁਲਿਸ ਵਿੱਚ ਨੌਕਰੀ ਲੱਗੀ ਹੈ, ਇੰਦਰ ਬਹੁਤ ਖੁਸ਼ ਹੈ ਅੱਜਕਲ…. ਫੁਲਿਆ ਨਹੀਂ ਸਮਾਉਂਦਾ। ਕੱਲ ਖੁਸ਼ੀ ਸਾਂਝੀ ਕਰਨ ਲਈ ਮੈਨੂੰ ਤੇ ਇਕ ਹੋਰ ਦੋਸਤ ਨੂੰ ਲੈਕੇ ਇੰਦਰ ਸਰੀ ਦੇ ਇਕ ਪੰਜਾਬੀ ਰੈਸਟੋਰੈਂਟ ਵਿੱਚ ਬੈਠਾ ਸੀ। ਗੱਲਾਬਾਤਾਂ ਕਰਦੇ ਇੰਦਰ ਭਾਵੁਕ ਹੋ ਗਿਆ, ਕਹਿੰਦਾ ਜਦੋਂ ਮੈ ਪਹਿਲੀ ਵਾਰ ਪਾਰਸ ਨੂੰ ਪੁਲਿਸ ਦੀ ਵਰਦੀ ਵਿੱਚ ਦੇਖਿਆ ਤਾਂ ਮੈ ਉਹਨੂੰ ਜੱਫੀ ਵਿੱਚ ਲੈਕੇ ਰੋ ਪਿਆ ਤੇ ਇਸ ਤਰਾਂ ਮੇਰੇ ਨਾਲ ਦੂਸਰੀ ਵਾਰ ਹੋਇਆ। ਮੈ ਪੁਛਿਆ ਪਹਿਲਾਂ ਕਦੋਂ ਹੋਇਆ ਸੀ ਤਾਂ ਕਹਿੰਦਾ ਉਦੋਂ ਪਾਰਸ ਪੰਜ ਕੁ ਸਾਲ ਦਾ ਸੀ, ਤੇ ਕੁਝ ਰਿਸ਼ਤੇਦਾਰਾਂ ਨੇ ਹੀ ਉਸਨੂੰ ਅਗਵਾ ਕਰ ਲਿਆ ਸੀ। ਉਸਤੋਂ ਬਾਅਦ ਜੋ ਕਹਾਣੀ ਇੰਦਰ ਨੇ ਸੁਣਾਈ ਉਹ ਇਸ ਤਰਾਂ ਹੈ-
” ਮੈ ਹਰਿਆਣੇ ਦੇ ਕਰਨਾਲ ਨੇੜੇ ਇੱਕ ਕਸਬੇ ਤੋਂ ਹਾਂ, ਜਦੋਂ ਮੈ ਕਾਲਜ ਦੇ ਆਖਰੀ ਸਾਲ ਵਿੱਚ ਹੀ ਸੀ ਤੇ ਵੱਡੇ ਭਰਾ ਮਹਿੰਦਰ ਦੇ ਵਿਆਹ ਨੂੰ ਸਾਲ ਕੁ ਹੋਇਆ ਸੀ ਤਾਂ ਬੇਬੇ ਬਾਪੂ ਦੋਨੋਂ ਇਕ ਸੜਕ ਹਾਦਸੇ ਵਿਚ ਚੱਲ ਵਸੇ। ਬਾਪੂ ਦੀ ਸਪੇਅਰ ਪਾਰਟਸ ਦੀ ਚੰਗੀ ਚਲਦੀ ਦੁਕਾਨ ਸੀ, ਉਸਦੀ ਸਾਰੀ ਜਿੰਮੇਵਾਰੀ ਮਹਿੰਦਰ ਦੇ ਸਿਰ ਆ ਪਈ। ਮੈ ਅੱਗੇ ਹੋਰ ਪੜ੍ਹਨਾ ਚਹੁੰਦਾ ਸੀ ਪਰ ਮਹਿੰਦਰ ਨੂੰ ਤੇ ਸੁਨੀਤਾ ਭਾਬੀ ਨੂੰ ਸਾਰਾ ਦਿਨ ਕੰਮ ਵਿੱਚ ਖਪਦਿਆਂ ਦੇਖ ਮੇਰਾ ਹੌਂਸਲਾ ਨਾ ਪਿਆ ਉਨ੍ਹਾਂ ਉਪਰ ਬੋਝ ਬਣਨ ਦਾ ਤੇ ਮੈ ਸਾਲ ਕੁ ਧੱਕੇ ਖਾਣ ਤੋਂ ਬਾਅਦ ਰੇਲਵੇ ਵਿੱਚ ਨੌਕਰੀ ਲੈ ਲਈ , ਉਦੋਂ ਹੀ ਮਹਿੰਦਰ ਦੇ ਵੱਡੇ ਮੁੰਡੇ ਦੀਪਕ ਦਾ ਜਨਮ ਹੋਇਆ । ਘਰ ਵਿੱਚ ਦੋ ਖੁਸ਼ੀਆਂ ਕੱਠੀਆਂ ਆਉਣ ਤੇ ਜਿਵੇਂ ਰੌਣਕ ਪਰਤ ਆਈ ।
ਇੱਕ ਦਿਨ ਮਹਿੰਦਰ ਦੇ ਸਹੁਰਿਆਂ ਵੱਲ ਇੱਕ ਵਿਆਹ ਤੇ ਗਏ ਦੀ ਮੇਰੀ ਮੁਲਾਕਾਤ ਰੂਬੀ ਨਾਲ ਹੋਈ, ਵਿਆਹ ਦੇ ਮਹੌਲ ਵਿੱਚ ਜਿਆਦਾ ਗੱਲ ਬਾਤ ਤਾਂ ਨਾ ਹੋਈ ਬਸ ਇਹੀ ਪਤਾ ਚੱਲਿਆ ਕਿ ਉਹ ਸੁਨੀਤਾ ਭਾਬੀ ਦੀ ਮਾਸੀ ਦੀ ਕੁੜੀ ਹੈ। ਕੁਝ ਦਿਨਾਂ ਬਾਅਦ ਸੁਨੀਤਾ ਭਾਬੀ ਦਾ ਭਰਾ ਰਾਣਾ ਮਿਲਣ ਆਇਆ ਤਾਂ ਰੂਬੀ ਵੀ ਉਸਦੇ ਨਾਲ ਸੀ। ਮੈਨੂੰ ਉਸ ਦਿਨ ਪਤਾ ਚੱਲਿਆ ਕਿ ਰੂਬੀ ਕਨੇਡਾ ਤੋਂ ਏ, ਜਦੋਂ ਉਸਦੀ ਉਮਰ ਸੱਤ ਕੁ ਸਾਲ ਸੀ ਤਾਂ ਉਸਦੀ ਮਾਂ ਕਿਸੇ ਬਿਮਾਰੀ ਕਾਰਨ ਚੱਲ ਵਸੀ। ਘਰ ਵਿੱਚ ਦੋ ਵੱਡੀਆਂ ਭੈਣਾਂ ਤੇ ਇਕ ਭਰਾ ਸੀ, ਚੌਥੀ ਰੂਬੀ ਸਭ ਤੋਂ ਛੋਟੀ ਸੀ। ਰੂਬੀ ਦੀ ਭੂਆ ਜੋ ਕਨੇਡਾ ਰਹਿੰਦੀ ਸੀ ਉਸਨੇ ਰੂਬੀ ਦੇ ਬਾਪੂ ਨਾਲ ਗੱਲ ਕਰਕੇ ਰੂਬੀ ਨੂੰ ਗੋਦ ਲੈ ਲਿਆ ਤੇ ਕਨੇਡਾ ਲੈ ਆਈ। ਮੈਨੂੰ ਇਕ ਗੱਲ ਤਾਂ ਸਮਝ ਆ ਗਈ ਸੀ ਕਿ ਅਸੀਂ ਦੋਵੇਂ ਇਕ ਦੂਜੇ ਨੂੰ ਪਸੰਦ ਕਰਨ ਲੱਗੇ ਸੀ। ਮੈ ਕੋਈ ਕਾਹਲ ਨੀ ਕਰਨੀ ਚਹੁੰਦਾ ਸੀ ਇਸ ਲਈ ਅਜਿਹੀ ਕੋਈ ਗੱਲ ਨਾ ਕੀਤੀ ਪਰ ਕਨੇਡਾ ਦੇ ਮਹੌਲ ਵਿੱਚ ਪਲ਼ੀ ਰੂਬੀ ਦੋ ਦਿਨ ਬਾਅਦ ਮੇਰੇ ਕੋਲ ਦਫਤਰ ਆ ਪਹੁੰਚੀ, ਅਸੀਂ ਨੇੜਲੇ ਰੈਸਟੋਰੈਂਟ ਵਿਚ ਜਾ ਬੈਠੇ ਤੇ ਲੰਬਾ ਸਮਾਂ ਇਸ ਤਰਾਂ ਗੱਲਾਂ ਕਰਦੇ ਰਹੇ ਜਿਵੇਂ ਕਈ ਸਾਲਾਂ ਦੇ ਵਾਕਿਫ ਹੋਈਏ । ਰੂਬੀ ਨੇ ਉਸ ਦਿਨ ਸ਼ਾਮ ਨੂੰ ਘਰ ਜਾਂਦਿਆਂ ਹੀ ਫੈਸਲਾ ਸੁਣਾ ਦਿੱਤਾ ਕਿ ਮੈ ਵਿਆਹ ਇੰਦਰ ਨਾਲ ਕਰਵਾਉਣਾ। ਰੂਬੀ ਦੇ ਭਰਾ ਨੇ ਇਹ ਗੱਲ ਮਹਿੰਦਰ ਨਾਲ ਕੀਤੀ ਪਰ ਮੈਂ ਮਹਿਸੂਸ ਕੀਤਾ ਕਿ ਸੁਨੀਤਾ ਭਾਬੀ ਇਸ ਰਿਸ਼ਤੇ ਤੋਂ ਖੁਸ਼ ਨਈਂ ਸੀ। ਇਕ ਦਿਨ ਮੈ ਅਪਣੇ ਦਫਤਰ ਬੈਠਾ ਸੀ ਤਾਂ ਰੂਬੀ ਅਚਾਨਕ ਆ ਪਹੁੰਚੀ ਤੇ ਬੋਲੀ ਮੈ ਕੋਈ ਜਰੂਰੀ ਗੱਲ ਕਰਨੀ ਏਂ , ਮੈ ਉਸਨੂੰ ਕੰਨਟੀਂਨ ਤੇ ਲੈ ਗਿਆ। ਉਸਨੇ ਸਿੱਧਾ ਸਵਾਲ ਕੀਤਾ ਕਿ ਤੂੰ ਨਸ਼ੇ ਕਰਦਾਂ ? ਤੇਰੇ ਕਿਸੇ ਜਨਾਨੀ ਨਾਲ ਸਬੰਧ ਵੀ ਨੇ ? ਮੈ ਕਿਹਾ ਅਜਿਹੀ ਕੋਈ ਗੱਲ ਨੀ ਪਰ ਹੋਇਆ ਕੀ ਏ ? ਤਾਂ ਉਸਨੇ ਦੱਸਿਆ ਕਿ ਕੱਲ ਸੁਨੀਤਾ ਸਾਡੇ ਘਰ ਆਈ ਸੀ ਤੇ ਤੇਰੇ ਬਾਰੇ ਅਜਿਹੀਆਂ ਗੱਲਾਂ ਕਰਦੀ ਸੀ। ਹੁਣ ਸਾਰਾ ਕੁੱਝ ਮੇਰੇ ਸਾਹਮਣੇ ਸਪਸ਼ਟ ਹੋਇਆ ਕਿ ਅਸਲ ਵਿੱਚ ਸੁਨੀਤਾ ਭਾਬੀ ਰੂਬੀ ਤੇ ਦਬਾਅ ਪਾ ਰਹੀ ਸੀ ਮੇਰੇ ਬਾਰੇ ਨਾਂਹ ਕਹਿਣ ਲਈ , ਕਾਰਨ ਇਹ ਸੀ ਕਿ ਉਹ ਕਿਸੇ ਤਰਾਂ ਵੱਟੇ ਸੱਟੇ ਦਾ ਵਿਆਹ ਕਰਕੇ ਅਪਣੇ ਭਰਾ ਰਾਣੇ ਨੂੰ ਕਨੇਡਾ ਭੇਜਣਾ ਚਹੁੰਦੀ ਸੀ। ਸਾਰੀ ਗੱਲ ਸਮਝਣ ਤੋਂ ਬਾਆਦ ਰੂਬੀ ਦਾ ਗੁੱਸੇ ਵਿੱਚ ਆਉਣਾ ਸੁਭਾਵਿਕ ਸੀ ਪਰ ਮੈਂ ਉਸਨੂੰ ਸਮਝਾ ਬੁਝਾ ਕੇ ਸ਼ਾਂਤ ਕੀਤਾ ਕਿਉਂਕਿ ਮੈਂ ਸਮਝਦਾ ਸੀ ਕਿ ਜੇ ਗੱਲ ਨੂੰ ਸਿਰੇ ਲਾਉਣਾ ਤਾਂ ਘਰੇਲੂ ਕਲੇਸ਼ ਤੋਂ ਬਚਣਾ ਜਰੂਰੀ ਏ। ਇਸ ਤਾਣੀ ਨੂੰ ਸੁਲਝਾਉਣ ਲਈ ਮੈਨੂੰ ਨਾਨਕ ਸਿੰਘ ਦਾ ਖਿਆਲ ਆਇਆ, ਉਹ ਮੇਰਾ ਜਮਾਤੀ ਤੇ ਗੂੜਾ ਮਿੱਤਰ ਏ ਤੇ ਸਾਡੇ ਦੋਵੇਂ ਪਰਿਵਾਰਾਂ ਦੀ ਸਾਂਝ ਵੀ ਪੁਰਾਣੀ ਏ। ਉਸ ਵੇਲੇ ਨਾਨਕ ਸਿੰਘ ਪੁਲਿਸ ਅਫਸਰ ਵਜੋਂ ਅੰਬਾਲੇ ਤਾਇਨਾਤ ਸੀ, ਮੈਂ ਉਸੇ ਦਿਨ ਸ਼ਾਮ ਨੂੰ ਅੰਬਾਲੇ ਪਹੁੰਚ ਗਿਆ। ਮੇਰੀ ਸਾਰੀ ਗੱਲਬਾਤ ਸੁਣਕੇ ਨਾਨਕ ਸਿੰਘ ਨੇ ਮਹਿੰਦਰ ਨੂੰ ਫੋਨ ਕਰਕੇ ਦੱਸਿਆ ਕਿ ਇੰਦਰ ਮੇਰੇ ਕੋਲ ਆਇਆ ਏ ਤੇ ਰਾਤ ਇਥੇ ਹੀ ਰੁਕੇਗਾ। ਅਗਲੇ ਦਿਨ ਸਵੇਰੇ ਉਹ ਮੇਰੇ ਨਾਲ ਹੀ ਆਇਆ ਮਹਿੰਦਰ ਤੇ ਸੁਨੀਤਾ ਭਾਬੀ ਨੂੰ ਬਿਠਾਕੇ ਗੱਲਬਾਤ ਕੀਤੀ , ਮਹਿੰਦਰ ਨੂੰ ਤਾਂ ਇਤਰਾਜ ਈ ਕੋਈ ਨਾਂ ਸੀ, ਸੁਨੀਤਾ ਭਾਬੀ ਨੇ ਵੀ ਹਾਮੀ ਭਰ ਦਿੱਤੀ ਤੇ ਇਸ ਤਰਾਂ ਸਾਡਾ ਵਿਆਹ ਸਿਰੇ ਚੜਿਆ।
ਵਿਆਹ ਤੋਂ ਬਾਅਦ ਰੂਬੀ ਨੇ ਮੇਰੇ ਕਹਿਣ ਤੇ ਕਨੇਡਾ ਵਾਪਸੀ ਦੀ ਟਿਕਿਟ ਰੱਦ ਕਰਵਾ ਦਿੱਤੀ, ਖੁਸ਼ੀ ਖੇੜੇ ਦੇ ਦਿਨਾਂ ਨੇ ਹਫਤਿਆਂ ਵਿੱਚ ਤੇ ਹਫਤਿਆਂ ਨੇ ਮਹੀਨਿਆ ਵਿੱਚ ਅੱਖ ਝਪਕਣ ਵਾਂਗੂੰ ਕਰਵਟ ਲੈ ਲਈ ।ਕੁਝ ਸਮੇ ਬਾਅਦ ਰੂਬੀ ਮਾਂ ਬਣਨ ਵਾਲੀ ਸੀ ਤੇ ਅਸੀਂ ਦੋਵੇਂ ਬਹੁਤ ਖੁਸ਼ । ਮੈਂ ਰੂਬੀ ਨੂੰ ਹਸਪਤਾਲ ਲਿਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਸੁਨੀਤਾ ਭਾਬੀ ਨੇ ਇਹ ਕਹਿਕੇ ਰੋਕ ਦਿਤਾ ਕਿ ਇਹ ਜਨਾਨੀਆਂ ਦੇ ਕੰਮ ਹੁੰਦੇ ਨੇ , ਅਸੀਂ ਦੋਵੇਂ ਚਲੀਆਂ ਜਾਵਾਂਗੀਆਂ ਤੂੰ ਅਪਣੇ ਕੰਮ ਤੇ ਜਾਹ । ਮੈਂ ਦਫਤਰ ਤਾਂ ਪਹੁੰਚ ਗਿਆ ਪਰ ਮੇਰੀ ਸੁਰਤ ਰੂਬੀ ਵੱਲ ਹੀ ਰਹੀ , ਥੋੜੀ ਦੇਰ ਪਿਛੋਂ ਮੈਨੂੰ ਅਜੀਬ ਜਿਹੀ ਬੇਚੈਨੀ ਹੋਣ ਲੱਗੀ ਤਾਂ ਮੈ ਸਿੱਧਾ ਉਸ ਹਸਪਤਾਲ ਪਹੁੰਚ ਗਿਆ ਜਿੱਥੇ ਉਨ੍ਹਾਂ ਨੇ ਜਾਣਾ ਸੀ । ਉਥੇ ਗਿਆ ਤਾਂ ਸੁਨੀਤਾ ਭਾਬੀ ਤੇ ਰੂਬੀ ਕਿਸੇ ਗੱਲੋਂ ਆਪਸ ਵਿੱਚ ਬਹਿਸ ਰਹੀਆਂ ਸੀ , ਪੁਛਿਆ ਤਾਂ ਪਤਾ ਚੱਲਿਆ ਕਿ ਸੁਨੀਤਾ ਭਾਬੀ ਨੇ ਰੂਬੀ ਤੋਂ ਚੋਰੀ ਡਾਕਟਰ ਨੂੰ ਕਹਿ ਦਿੱਤਾ ਕਿ ਬੱਚਾ ਰੱਖਣਾ ਨਹੀਂ , ਡਾਕਟਰ ਸਮਝਦਾਰ ਸੀ ਉਸਨੇ ਕੁੱਝ ਵੀ ਕਰਨ ਤੋਂ ਪਹਿਲਾਂ ਰੂਬੀ ਨਾਲ ਗੱਲ ਕਰਨੀ ਠੀਕ ਸਮਝੀ ਤੇ ਭੇਤ ਖੁਲ ਗਿਆ । ਜਦੋਂ ਮੈ ਸੁਨੀਤਾ ਭਾਬੀ ਤੋਂ ਪੁਛਿਆ ਕਿ ਤੂੰ ਇਸ ਤਰਾਂ ਕਿਉਂ ਕਿਹਾ ਤਾਂ ਉਹ ਝੂਠਾ ਜਿਹਾ ਮੂੰਹ ਬਣਾਕੇ ਬੋਲੀ ਕਿ ਮੈ ਸੋਚਿਆ ਸਾਰੇ ਪੰਜ ਮਹੀਨੇ ਤਾਂ ਵਿਆਹ ਨੂੰ ਹੋਏ ਨੇ ਐਨੀ ਛੇਤੀ ਬੱਚਾ ਕੀ ਕਰਨਾ । ਮੈ ਹਸਪਤਾਲ ਵਿਚ ਤਮਾਸ਼ਾ ਬਣਨ ਤੋਂ ਬਚਦਾ ਉਨ੍ਹਾਂ ਨੂੰ ਲੈਕੇ ਘਰ ਆ ਗਿਆ । ਅਜਿਹੇ ਹਾਲਾਤਾਂ ਵਿੱਚ ਮੈ ਨਾ ਚਹੁੰਦੇ ਹੋਏ ਵੀ ਮਜਬੂਰੀ ਵਿੱਚ ਰੂਬੀ ਨੂੰ ਕਨੇਡਾ ਭੇਜ ਦਿੱਤਾ, ਪਾਰਸ ਦਾ ਜਨਮ ਇੱਥੇ ਈ ਹੋਇਆ । ਸਾਲ ਕੁ ਪਿਛੋਂ ਮੈ ਵੀ ਇੱਥੇ ਆ ਗਿਆ, ਤੇ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਲਈ ।
ਬੇਟੀ ਕਿਰਨ ਦੇ ਜਨਮ ਤੋਂ ਬਾਅਦ ਕਰੀਬ ਛੇ ਸਾਲ ਪਿੱਛੋਂ ਅਸੀਂ ਇੰਡੀਆ ਗਏ, ਛੇ ਸਾਲਾਂ ਵਿੱਚ ਉਥੇ ਸਭ ਕੁਝ ਬਦਲ ਗਿਆ ਸੀ, ਸਾਦਾ ਜਿਹਾ ਘਰ ਆਲੀਸ਼ਾਨ ਕੋਠੀ ਵਿੱਚ ਬਦਲ ਗਿਆ, ਸਪੇਅਰ ਪਾਰਟਸ ਦੀ ਛੋਟੀ ਜਿਹੀ ਦੁਕਾਨ ਵੱਡੇ ਬਿਜਨੈਸ ਵਿੱਚ ਬਦਲ ਗਈ, ਮਹਿੰਦਰ ਦੇ ਘਰ ਇਕ ਹੋਰ ਪੁੱਤਰ ਰਾਜਨ ਸੀ ਜਿਸਦਾ ਜਨਮ ਮੇਰੇ ਕਨੇਡਾ ਜਾਣ ਤੋਂ ਸਾਲ ਕੁ ਪਿੱਛੋਂ ਹੋਇਆ, ਪਰ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਮਹਿੰਦਰ ਦਾ ਸਾਲ਼ਾ ਰਾਣਾ ਜਿਹੜਾ ਨਿਕੱਮਾਤੇ ਸ਼ਰਾਬੀ ਸੀ ਉਹ ਮਹਿੰਦਰ ਦੇ ਕੰਮ ਵਿੱਚ ਹਿਸੇਦਾਰ ਬਣ ਗਿਆ ਸੀ ਤੇ ਉਸਨੇ ਅਪਣਾ ਘਰ ਛੱਡਕੇ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ । ਇਹ ਮੈਨੂੰ ਅਜੀਬ ਤਾਂ ਬਹੁਤ ਲੱਗਿਆ ਪਰ ਮੈਂ ਅਪਣੇ ਗਿਣਵੇਂ ਦਿਨਾਂ ਦੀ ਛੁੱਟੀ ਵਿੱਚ ਕੋਈ ਝਮੇਲਾ ਖੜਾ ਨਹੀਂ ਕਰਨਾ ਚਹੁੰਦਾ ਸੀ ਇਸ ਲਈ ਦੜ ਵੱਟ ਗਿਆ । ਪਰ ਸਾਡਾ ਵਾਹ ਇਕ ਵੱਡੀ ਮੁਸੀਬਤ ਨਾਲ ਪੈ ਗਿਆ ਜੋ ਸਾਡੇ ਚਿਤ ਚੇਤੇ ਵੀ ਨਹੀਂ ਸੀ ।
ਬਾਕੀ ਦੂਜੇ ਭਾਗ ਵਿੱਚ
✍️ ਲੱਕੀ ਲਖਵੀਰ