ਮੀਂਹ ਦੇ ਦਿਨ ਸਨ,ਹਰ ਕੋਈ ਪੁਲ ਦੇ ਉਪਰ ਦੀ ਲੰਘਣ ਦੀ ਕੋਸ਼ਿਸ਼ ਕਰ ਰਿਹਾ ਸੀ।ਮੈਂ ਤੇ ਮੇਰੀ ਛੋਟੀ ਬੱਚੀ ਪੁਲ ਤੇ ਭੀੜ ਜ਼ਿਆਦਾ ਹੋਣ ਕਰਕੇ, ਪੁਲ ਦੇ ਹੇਠਾਂ ਦੀ ਲੰਘਣ ਲਈ ਅੱਗੇ ਵਧੀਆ। ਪੁਲ ਦੇ ਹੇਠਾਂ ਪਾਣੀ ਹੀ ਪਾਣੀ ਸੀ, ਤੇ ਰੋਡ ਤੇ ਸਾਰੀਆਂ ਦੁਕਾਨਾਂ ਹੀ ਪਾਣੀ ਦੀ ਮਾਰ ਹੇਠਾਂ ਆ ਗਈਆ ਸਨ।ਨਾਲ ਹੀ ਵੱਗਦੇ ਗਟਰ ਦਾ ਪਾਣੀ ਵੀ ਆ ਰਲਿਆ।
ਕੁਝ ਕੁ ਹੌਂਸਲਾ ਕਰਕੇ ਮੈਂ ਕੰਧ ਦੇ ਨਾਲ ਨਾਲ ਤੁਰਨ ਲਈ ਮਨ ਬਣਾਇਆ। ਬੱਚੀ ਛੋਟੀ ਹੋਣ ਕਰਕੇ,ਉਸ ਨੂੰ ਮੈਂ ਗੋਦੀ ਚੁੱਕ ਲਿਆ ਤੇ ਕੱਪੜਿਆਂ ਵਾਲਾ ਬੈੱਗ ਤੇ ਪਰਸ ਮੋਢੇ ਤੇ ਜਰਾ ਪੱਕੇ ਰੂਪ ਵਿੱਚ ਲਟਕਾ ਲਏ। ਲੋਕ ਗੱਡੀਆਂ, ਬੱਸਾਂ, ਪਾਣੀ ਵਿੱਚੋਂ ਦੀ ਆਸ ਪਾਸ ਲੰਘ ਰਹੇ ਸਨ। ਸਾਰੇ ਸਮੇਂ ਦੀ ਚਾਲ ਨਾਲ ਚਲਦੇ ਅੱਗੇ ਵੱਧ ਰਹੇ ਸਨ,ਅਚਾਨਕ ਹੀ ਮੈਨੂੰ ਪੈਰ ਵਿੱਚੋਂ ਮੁਲਾਇਮ ਤੇ ਲੰਬੀ ਜਿਹੀ ਚੀਜ ਅੜਕਣ ਦਾ ਅਹਿਸਾਸ ਹੋਇਆ । ਜੇਕਰ ਹੱਥ ਲਾ ਕੇ ਦੇਖਦੀ ਤਾਂ ਡਿੱਗਣ ਦਾ ਖਤਰਾ ਸੀ, ਕਿਉਂਕਿ ਪਾਣੀ ਵਿੱਚੋਂ ਕੰਧ ਦੇ ਨਾਲ ਲੱਗ ਕੇ ਤੁਰੀ ਜਾ ਰਹੀ ਸਾਂ।ਬਸ ਰੱਬ ਨੂੰ ਧਿਆਉਂਦੀ ਨੇ ਆਖਿਰ ਪੁਲ ਦੀ ਕੰਧ ਪਾਰ ਕਰ ਲਈ। ਅਗਾਂਹ ਜਾਕੇ ਬੱਚੀ ਨੂੰ ਕੁਛਰ ਤੋਂ ਉਤਾਰਿਆ,ਤੇ ਸੁੱਖ ਦਾ ਸਾਹ ਲਿਆ।ਕਹਿੰਦੇ ਨੇ ਸੱਪ ਦਾ ਡਰਿਆ ਰੱਸੀ ਨੂੰ ਵੀ ਸੱਪ ਸਮਝਦੇ ਨੇ, ਤੇ ਵਿਸ਼ਵਾਸ ਦਾ ਭਰਿਆ ਸੱਪ ਨੂੰ ਵੀ ਰੱਸੀ ਸਮਝ ਕੇ ਪਾਰ ਲੰਘ ਜਾਂਦੇ ਨੇ। ਅਜੇ ਸੋਚ ਹੀ ਰਹੀ ਸਾਂ ,ਕਿ ਪਾਣੀ ਵਿੱਚ ਕੁਝ ਵੀ ਜ਼ਹਿਰੀਲੀ ਚੀਜ਼ ਹੋ ਸਕਦੀ ਸੀ,ਉਹ ਤਾਂ ਅਗਾਂਹ ਜਾਕੇ ਪਤਾ ਲਗਾ ਕੇ,ਉਹ ਸੱਚੀ ਹੀ ਸੱਪ ਸੀ,ਜੋ ਕਿਸੇ ਗੱਡੀ ਥੱਲੇ ਆ ਜਾਣ ਕਾਰਨ ਅੱਧ ਮੋਇਆ ਹੀ ਪਾਣੀ ਵਿੱਚ ਕਿਸੇ ਕੰਧ ਨਾਲ ਜਾ ਲਗਾ ਸੀ।
ਮੈਡਮ ਰਾਜਵਿੰਦਰ ਕੌਰ ਬਟਾਲਾ।
*********************
Nice Story