ਸਰਕਾਰ -ਏ-ਦਰਬਾਰ ਅਸਰ ਰਸੂਖ ਰੱਖਣ ਵਾਲਾ ਕਸ਼ਮੀਰ ਸਿੰਘ ਉਰਫ ਸੀ਼ਰਾ ਚਾਚਾ, ਮੈਰਿਜ ਪੇਲੈਸ ਵਿੱਚ ਕੁਰਸੀ ਉੱਤੇ ਬੈਠਾ ਮੁੱਛਾਂ ਨੂੰ ਤਾਅ ਚਾੜ ਰਿਹਾ ਸੀ | ਐਨੇ ਨੂੰ ਖਾਣ/ਪੀਣ ਦਾ ਸੌ਼ਕੀਨ ਅਵਤਾਰ ਸਿੰਘ ਉਰਫ ਤਾਰੀ ਵੀ ਆ ਗਿਆ ਅਤੇ ਸੀ਼ਰੇ ਚਾਚੇ ਕੋਲ ਬਹਿੰਦਿਆਂ ਸਾਰ ਹੀ ਪੁੱਛਣ ਲੱਗਾ, “ਚਾਚਾ ਜੀ,ਕੁੱਝ ਖਾਂਦੇ /ਪੀਂਦੇ ਨਹੀਂ ਜੇ,ਬਹਿਰੇ ਵੱਖੋ-ਵੱਖ ਖਾਣ /ਪੀਣ ਵਾਲਾ ਸਮਾਨ ਟਰੇਆਂ ਵਿੱਚ ਪਾਕੇ ਹਾਲ ਵਿੱਚ ਘੁੰਮ ਰਹੇ ਨੇ “
“ਓਇ ਭਤੀਜ,ਅਜੇ ਸਾਡਾ ਵਾਲਾ ਸਮਾਨ ਵਰਤਾਉਣਾ ਸ਼ੁਰੂ
ਨਹੀਂ ਕੀਤਾ ਕੰਮਬਖਤਾਂ ਨੇ…|“ ਚਾਚਾ ਸੀ਼ਰਾ ਬੁੱਲਾਂ ਉੱਤੇ ਜਬਾਨ ਫੇਰਦਿਆਂ ਬੋਲਿਆ |“
ਤਾਰੀ ਨੇ ਚਾਚੇ ਸੀ਼ਰੇ ਦਾ ਇਸਾ਼ਰਾ ਸਮਝਕੇ ਕਿਹਾ,“ਕੋਈ ਨਾ. ..ਜੰਝ ਢੁੱਕਣ ਹੀ ਵਾਲੀ ਏ. .ਨਾਸ਼ਤੇ ਤੋਂ ਬਾਦ, ਮੁੰਡੇ /ਕੁੜੀ ਨੂੰ ਗੁਰਦੁਆਰੇ ਵਿਖੇ ਫੇਰੇ ਕਰਾਉਣ ਲੈ ਜਾਣਾ ,ਮਗਰੋਂ ਚਿੱਕਨ ਅਤੇ ਵਿਸਕੀ ਸੁਰੂ ਹੋ ਜਾਣੀ ਏ..ਥੋੜਾ ਜਿਹਾ ਇੰਤਜਾਰ ਕਰ ਲਵੋ ਚਾਚਾ ਜੀ|“
ਚਾਚੇ ਸੀ਼ਰੇ ਨੇ ਆਪਣੀ ਲੱਤ ਉੱਤੇ ਰੱਖਦਿਆਂ ਕਿਹਾ,“ਏਡੀ ਵੀ ਕੋਈ ਗੱਲ ਨਹੀਂ ,..ਆਹ ਸਿਆਣੇ ਕਹਿੰਦੇ ਨੇ..ਘਰੋਂ ਜਾਈਏ ਖਾਕੇ ਅੱਗੋਂ ਮਿਲਣ ਪਕਾਕੇ. .ਸੋ ਭਤੀਜ ,ਆਪਾਂ ਨਾ ਰਾਤ ਵਾਲੀ ਬਚੀ ਵਿੱਚੋਂ
ਅੱਧੀਏ ( ਸ਼ਰਾਬ ) ਦਾ ਪੈੱਗ ਲਾਕੇ ਹੀ ਆਏ ਹਾਂ |…ਪਰ ਤੂੰ ਤਾਂ. ..ਅੱਗੇ
ਚਾਚਾ ਸੀ਼ਰਾ ਕੁੱਝ ਬੋਲਦਾ, ਤਾਰੀ ਨੇ ਵਿੱਚੋਂ ਹੀ ਕਿਹਾ, “ਚਾਚਾ ਜੀ ਆਪਾਂ ਤਾਂ ਸੁੱਧ ਵੈਸ਼ਨੋ ਹਾਂ. .ਆਹ ਟਿੱਕੀਆਂ,ਨਿਊਟਰੀ ਬਰੈੱਡ,ਜੂਸ,
ਗੋਲ ਗੱਪੇ ਅਤੇ ਫਰੂਟ ਚਾਟ…ਥੋੜਾ ਸਮਾਨ,..ਮੇਰੇ ਖਾਣ /ਪੀਣ ਵਾਸਤੇ |“
“ਆਹੋ ਭਤੀਜ,..ਤੇਰੇ ਖਾਣ /ਪੀਣ ਵਾਸਤੇ ਤਾਂ ਬਹੁਤ ਸਮਾਨ ਏ,..ਆਪਾਂ ਨੂੰ ਤਾਂ ਦੋ ਐਟਮਾਂ ( ਵਿੱਚੋਂ ਰੁੱਕ ਕੇ ) ਸੀ਼ਰਾ ਕਹਿਣ ਲੱਗਾ,
“ਸਮਝ ਗਿਆ ਨਾ..ਨਾਲ ਵਾਹ ਏ…ਮੈਂ ਤਾਂ ਇਨਾਂ ਦੋਵਾਂ ( ਸ਼ਰਾਬ /ਚਿੱਕਨ) ਨਾਲ ਢਿੱਡ ਭਰਦਾ ਹਾਂ |“ਫਿਰ ਤਾਰੀ ਨੂੰ ਪੁੱਛਣ ਲੱਗਾ, “ਓਇ ਭਤੀਜ, ਐਨਾ ਸਾਰਾ ਸਮਾਨ ਖਾਕੇ ਤੇਰਾ ਤਾਂ ਢਿੱਡ ਭਰ ਜਾਂਦਾ ਹੋਣਾ ਏ..ਫਿਰ..ਤੂੰ ਪ੍ਰੀਤੀ ਭੋਜਨ ਤਾਂ ਨਹੀਂ ਖਾਂਦਾ ਹੋਵੇਂਗਾ..|“
ਤਾਰੀ ਨੇ ਜੁਆਬ ਦਿੱਤਾ, “ ਪ੍ਰੀਤੀ ਭੋਜਨ ਖਾਈਦਾ …ਭਲਾ ਖਾਣਾ ਕਿਉਂ ਨਹੀਂ. .|“
ਚਾਚੇ ਸੀ਼ਰੇ ਨੇ ਮਜਾਕ ਕੀਤਾ, “ਤੇਰਾ ਢਿੱਡ ਕਿ ਟੋਇਆ,
ਜਿਹੜਾ ਭਰਦਾ ਨਹੀਂ. .|“
ਤਾਰੀ ਨੇ ਵੀ ਅੱਗੋ ਵਿਅੰਗ ਕੱਸਿਆ, “ਚਾਚਾ ਜੀ,
ਤੁਹਾਡਾ ਪਤਾ ਤਾਂ ਉਦੋਂ ਲੱਗਦਾ ਏ..ਜਦੋਂ ਰੱਜਕੇ ਕੁਰਸੀ ਉੱਤੇ ਹੀ ਮੂਧੇ ਹੋ
ਜਾਂਦੇ ਹੋ….ਮੈੰ ਭਾਵੇਂ ਜਿੰਨੀ ਵਾਰ ਵੀ ਬਹਿਰਾ ਕੋਈ ਸਮਾਨ ਲਿਆਵੇ. .ਬਖਸ਼ਦਾ ਨਹੀਂ ਖਾਈ ਜਾਂਦਾ ਹਾਂ..ਬੱਸ ਜਦੋਂ ਡਕਾਰ ਆ ਜਾਵੇ…..ਫਿਰ ਖਾਣਾ ਬੰਦ…|“
ਚਾਚੇ ਸੀ਼ਰੇ ਨੇ ਵਿਅੰਗ ਕੱਸਦਿਆਂ ਕਿਹਾ,“ਭਤੀਜ,
ਜਿੱਥੋਂ ਤੱਕ ਮੈਂ ਤੇਰੇ ਬਾਰੇ ਜਾਣਦਾ. ..ਤੂੰ ਲਿਫਾਫੇ ਵਿੱਚ ਸ਼ਗਨ ਸੌ ਰੁਪਏ
ਤੋਂ ਵੱਧ ਨਹੀਂ ਪਾਉਂਦਾ..ਪਰ ਤਿੰਨ ਸੌ ਰੁਪਏ ਤੋ ਵੱਧ ਦੇ….ਆਹ ਕੀ ਨਿੱਕ ਸੁੱਕ ਨੂੰ ਥੁੱਕ ਲਾ ਜਾਂਦਾ ਏ…ਫਿਰ ਪ੍ਰੀਤੀ ਭੋਜਨ ਖਾਕੇ ਤੇਰਾ ਡਕਾਰ ਵੱਜਦਾ ਹੋਵੇਗਾ |“
ਤਾਰੀ ਵੀ ਅੱਗੋਂ ਸੇਰ ਦਾ ਸਵਾ ਸੇਰ ਹੋ ਕੇ ਬੋਲਿਆ,“
ਚਾਚਾ,…ਕਿਲੋ ਤੋਂ ਘੱਟ ਚਿੱਕਨ. …ਤੂੰ ਨਹੀਂ ਖਾਂਦਾ. .ਪੂਰੀ ਬੋਤਲ ਸ਼ਰਾਬ ਦੀ ਪੀਕੇ, ..ਤੇਰਾ ਮਸਾਂ ਸਰਦਾ ਐ..ਹਜਾਰ ਰੁਪਏ ਦੇ ਮਾਲ ਨੂੰ
ਥੁੱਕ ਤੂੰ ਵੀ ਲਾ ਜਾਂਦਾ ਐ….ਤੇ ਸੌ ਰੁਪਏ ਤੋਂ ਵੱਧ ਸ਼ਗਨ ਤੂੰ ਵੀ ਲਿਫਾਫੇ
ਵਿੱਚ ਨਹੀਂ ਪਾਉਂਦਾ…ਹਜ਼ਾਰ ਰੁਪਏ ਦਾ ਸਮਾਨ ਛੱਕ ਕੇ ਵੀ. ..ਡਕਾਰ
ਤੇਰਾ ਫਿਰ ਵੀ ਨਹੀਂ ਵੱਜਦਾ. ….|“
ਅੱਧੀਏ ਕੁ ਦਾ ਹਾੜਾ ਲੱਗਾ ਹੋਣ ਕਰਕੇ ਚਾਚਾ ਸੀ਼ਰਾ ਲੱਗਾ ਸੱਚ ਉਗਲਣ,“ਭਤੀਜ ਸੱਚ ਕਿਹਾ ਈ…ਕਸ਼ਮੀਰ ਸਿੰਘ. …
ਕੋਈ ਮਾੜੀ/ਮੋਟੀ ਚੀਜ਼ ਨਹੀਊਂ. .ਕਿ ਹਜ਼ਾਰ ਰੁਪਏ ਦਾ ਮਾਲ ਖਾਕੇ
ਡਕਾਰ ਮਾਰ ਜਾਊਗਾ. ….ਮੈਂ ਤਾਂ ਲੱਖੇ ਦਾ ਪੰਜਾਹ ਹਜ਼ਾਰ, ਬਿੱਲੂ ਦਾ
ਪਝੱਤਰ ਹਜ਼ਾਰ. …`ਤੇ ਨਿੰਮੇ ਦਾ ਡੇਢ ਲੱਖ ਰੁਪਏ ਖਾ ਕੇ…ਹਾਲੀ ਤੱਕ
ਡਕਾਰ ਨਹੀਂ ਮਾਰਿਆ |“
ਤਾਰੀ ਨੇ ਵਿਅੰਗ ਨਾਲ ਆਖਿਆ, “ਇਸ ਦਾ ਮਤਲੱਬ ਲੋਕਾਂ ਨਾਲ ਠੱਗੀ ਮਾਰਨ ਦਾ ਤੇਰਾ ਜ਼ੁਲਮ, ਤੇਰੇ ਡਕਾਰ ਵੱਜਣ `ਤੇ ਨਿਰਭਰ ਕਰਦਾ ਐ |“ਫਿਰ ਤਾਰੀ ਅਰਦਾਸ ਕਰਨ ਲੱਗਾ,
“ਹੇ ਰੱਬਾ! ਇਹਦਾ ਡਕਾਰ ਛੇਤੀ ਮਰਵਾ. ..ਤਾਂ ਕਿ ਲੋਕ ਇਸ ਠੱਗ ਤੋਂ
ਬੱਚ ਜਾਣ |“
ਚਾਚਾ ਸੀ਼ਰਾ ਢੀਠਤਾ ਵਾਲਾ ਹਾਸਾ ਹੱਸਦਿਆਂ ਬੋਲਿਆ,
“ਭਤੀਜ,…ਮੇਰੀ ਗੱਲ ਸੁਣ….ਤੂੰ ਆਪਣੇ ਮੁੰਡੇ ਨੂੰ ਨੌਂਕਰੀ `ਤੇ ਲਵਾਉਣ ਲਈ ਜਿਹੜੇ ਦੋ ਲੱਖ ਰੁਪਏ ਮੈਨੂੰ ਫੜਾਏ ਨੇ…ਇਹ ਸਾਰੇ
ਖਾ ਕੇ ਸਾ਼ਇਦ ਮੇਰਾ ਡਕਾਰ ਵੱਜ ਹੀ ਜਾਏ. …|“
ਇਹ ਗੱਲ ਸੁਣਕੇ ਤਾਰੀ ਦੀ ਫੂਕ ਨਿਕਲ ਗਈ | ਟਰੇਅ
ਵਿੱਚੋਂ ਫਲਾਂ ਵਾਲੀ ਪਲੇਟ ਫੜਦਿਆਂ ਉਸਦੇ ਹੱਥ ਰੁੱਕ ਗਏ. …ਤੇ ਝੂਠਾ
ਜਿਹਾ ਡਕਾਰ ਮਾਰਕੇ ਬਹਿਰੇ ਨੂੰ ਕਿਹਾ,“ਜਾਹ ਭਰਾਵਾਂ, ਮੇਰਾ ਢਿੱਡ ਭਰ ਗਿਆ |“
ਚਾਚਾ ਸੀ਼ਰਾ, ਤਾਰੀ ਦੇ ਹੋਸ਼ ਉੱਡੇ ਵੇਖਕੇ ਮੁਸਕਣੀਆਂ ਵਿੱਚ ਹੱਸ ਰਿਹਾ ਸੀ |
ਬਲਬੀਰ ਸਿੰਘ “ਬੇਲੀ`
ਤਰਨ ਤਾਰਨ |
ਫੋਨ. …6284122703