ਪਹਿਲੀ ਵੇਰ ਕੰਪਾਈਨ ਆਈ ਤਾਂ ਪਿੰਡ ਅੱਧਿਓਂ ਵੱਧ ਕਣਕ ਵੱਢ ਗਈ..ਨਰਾਇਣ ਮਿਸਤਰੀ ਬਾਪੂ ਹੁਰਾਂ ਦੇ ਪੈਰੀਂ ਪੈ ਗਿਆ..ਸਰਦਾਰਾ ਅਸੀਂ ਤਾਂ ਹੁਣ ਭੁੱਖੇ ਮਰ ਜਾਣਾ..ਮੰਗ ਪਈ ਤੇ ਵਾਢੀ ਕਰ ਸਾਰੇ ਸਾਲ ਜੋਗੇ ਬਣ ਜਾਂਦੇ ਹੁਣ ਕਿੱਧਰ ਨੂੰ ਜਾਵਾਂਗੇ..ਬਾਪੂ ਹੁਰਾਂ ਭਰੀ ਟਰਾਲੀ ਵਿਚੋਂ ਧੜੀ ਦਾ ਤੋੜਾ ਚੁਕਾ ਦਿੱਤਾ..ਅਖ਼ੇ ਇਸ ਵੇਰ ਤਾਂ ਆਪਣਾ ਬੁੱਤਾ ਸਾਰ..ਅੱਗਿਓਂ ਗੁਰੂ ਭਲੀ ਕਰੇਗਾ..!
ਨਿੱਕੇ ਵੀਰ ਦੀ ਆਦਤ ਹੋਇਆ ਕਰਦੀ ਜਦੋਂ ਵੀ ਤੂੜੀ-ਤੰਦ ਸਾਂਭਦਿਆਂ ਕੰਡ ਲੜਨ ਲੱਗਦੀ ਤਾਂ ਸਿਰੋਂ ਪਰਨਾ ਲਾਹ ਆਪਣਾ ਆਲਾ ਦਵਾਲਾ ਝਾੜਣ ਲੱਗਣਾ..ਬਾਪੂ ਹੁਰਾਂ ਜੁੱਤੀ ਲਾਹ ਲੈਣੀ ਕੰਜਰਾਂ ਸਿਰ ਤੇ ਬੰਨਿਆਂ ਘੱਟਾ ਝਾੜਨ ਜੋਗਾ ਥੋੜੀ..ਵੱਖਰਾ ਲੀੜਾ ਰੱਖਿਆ ਕਰ ਜੇ ਅੱਗਿਉਂ ਤੇਰਾ ਜੂੜਾ ਨੰਗਾ ਵੇਖ ਲਿਆ ਤਾਂ ਇਥੇ ਖ਼ਾਲ ਚ ਲੰਮਾਂ ਪਾ ਕੇ ਕੁਟੂੰ..ਬਾਪੂ ਹੋਰਾਂ ਨੂੰ ਕੀ ਪਤਾ ਸੀ ਅੱਗਿਓਂ ਜੂੜੇ ਦੇ ਨਾਲ ਨਾਲ ਉੜੇ ਵੀ ਨਿਸ਼ਾਨੇ ਤੇ ਹੋ ਜਾਣੇ..ਤੇ ਦਿਮਾਗਾਂ ਵਿਚ ਕੁੜੇ ਭਰ ਮੁਹਿੰਮ ਜ਼ੋਰ ਫੜ ਜਾਣੀ!
ਦਾਦੇ ਹੁਰਾਂ ਅਕਸਰ ਆਖਣਾ ਇਸ ਕੰਪਾਈਨ ਨੇ ਹੁਣ ਸਾਰੇ ਵੇਹਲੇ ਕਰ ਦੇਣੇ..ਫੇਰ ਵੇਹਲਾ ਮਨ ਸ਼ੈਤਾਨ ਦਾ ਘਰ..ਕਿੰਨੀਆਂ ਆਖੀਆਂ ਗੱਲਾਂ ਦੀ ਹੁਣ ਸਮਝ ਆਉਂਦੀ..!
ਨਵਤੇਜ ਭਾਰਤੀ ਲਿਖਦੇ ਇੱਕ ਵੇਰ ਮਸ਼ੀਨ ਨਾਲ ਘਾਹ ਕੱਟਦਿਆਂ ਸਹੇ ਦਾ ਬੱਚਾ ਕੁਤਰਿਆ ਗਿਆ..ਸਾਰਾ ਲਹੂ ਆਸੇ ਪਾਸੇ ਖਿੱਲਰ ਗਿਆ..ਕੁਝ ਛਿੱਟੇ ਮੇਰੇ ਕੁੜਤੇ ਤੇ ਵੀ ਆਣ ਪਏ..ਅੰਦਰੋਂ ਡਰ ਗਿਆ ਹੁਣ ਉਸਦੀ ਮਾਂ ਆਵੇਗੀ ਤਾਂ ਗੁੱਸਾ ਕਰੇਗੀ..ਮੇਰਾ ਪੁੱਤ ਵੱਢ ਸੁੱਟਿਆ..ਇੱਕ ਫੁਰਨਾ ਫੁਰਿਆ ਕੇ ਅੱਗੋਂ ਆਖ ਦਿਆਂਗਾ ਮਾਏਂ ਮੈਨੂੰ ਮੁਆਫ ਕਰੀਂ ਇਨਸਾਨ ਜਦੋਂ ਮਸ਼ੀਨਾਂ ਵੱਸ ਪੈ ਜਾਵੇ ਤਾਂ ਅੰਨਾ ਹੋ ਜਾਂਦਾ..!
ਪਰ ਅਸਲ ਵਿਚ ਮਨੁੱਖ ਮਸ਼ੀਨਾਂ ਕਰਕੇ ਨਹੀਂ ਸਗੋਂ ਓਹਨਾ ਕਰਕੇ ਆਈ ਵਿਹਲ ਨੂੰ ਸਹੀ ਤਰੀਕੇ ਨਾਲ ਨਾ ਵਰਤਣ ਕਰਕੇ ਹੀ ਨੇਤਰਹੀਣ ਹੁੰਦਾ!
ਹਰਪ੍ਰੀਤ ਸਿੰਘ ਜਵੰਦਾ