ਜੁਆਨ | juaan

ਨਿੱਕੇ ਹੁੰਦਿਆਂ ਬਾਪੂ ਜੀ ਨੂੰ ਮੈਂ ਸਵੇਰ ਸਾਰ ਸਾਇਕਲ ਦੇ ਕੈਰੀਅਰ ‘ਤੇ ਡੱਗੀ ਬੰਨ੍ਹਦਿਆਂ ਤੇ ਸ਼ਾਮ ਨੂੰ ਵਾਪਸ ਆ ਕੇ ਲਾਹੁੰਦਿਆਂ ਈ ਵੇਖਿਆ ਸੀ । ਤੇ ਜਿੰਨਾਂ ਪਿੰਡਾਂ ‘ਚ ਬਾਪੂ ਜੀ ਫੇਰਾ ਲਾਉਣ ਜਾਂਦੇ ਸਨ । ਉਹਨਾਂ ਪਿੰਡਾਂ ਵਿਚਲੇ ਘਰ ਪਰਿਵਾਰ ਬਾਪੂ ਜੀ ਦੇ ਮਹਿਜ ਗਾਹਕ ਈ ਨਹੀਂ ਸਨ, ਬਲਕਿ ਇੱਕ ਤਰਾਂ ਨਾਲ ਬਾਪੂ ਜੀ ਉਹਨਾਂ ਦੇ ਟੱਬਰ ਦਾ ਹਿੱਸਾ ਬਣ ਚੁੱਕੇ ਸਨ । ਅਕਸਰ ਜੇ ਉਹਨਾਂ ਪਰਿਵਾਰਾਂ ਚ ਕੋਈ ਵਿਆਹ ਧਮਾਨ ਹੋਣਾ ਤਾਂ ਬਾਪੂ ਜੀ ਨੂੰ ਵੀ ਜ਼ਰੂਰ ਸੱਦਾ ਮਿਲਿਆ ਹੋਣਾ । ਤੇ ਬਾਪੂ ਜੀ ਨੇ ਓਦਣ ਫੇਰ ਡੱਗੀ ਦੀ ਥਾਂ ਮੈਨੂੰ ਕੈਰੀਅਰ ‘ਤੇ ਬਿਠਾ ਕੇ ਤੁਰ ਪੈਣਾ । ਮੈਨੂੰ ਇੱਕ ਤੇ ਵਿਆਹ ਵੇਖਣ ਦਾ ਚਾਅ ਹੋਣਾ… ਦੂਜਾ ਨਵੇਂ ਕੱਪੜੇ ਪਾਇਆਂ ਦਾ ।
ਇੱਕ ਵਾਰ ਏਦਾਂ ਈ ਮੈਂ ਤੇ ਬਾਪੂ ਜੀ ਵਿਆਹ ਜਾ ਰਹੇ ਸੀ । ਮੈਂ ਬਾਪੂ ਜੀ ਦੇ ਮਗਰ ਕੈਰੀਅਰ ਤੇ ਬੈਠੇ ਹੋਏ ਨੇ ਓਹਨਾਂ ਦੇ ਕੁੜਤੇ ਨੂੰ ਵੱਖੀਆਂ ਲਾਗੋਂ ਘੁੱਟ ਕੇ ਫੜ੍ਹਿਆ ਹੋਇਆ ਸੀ । ਬਾਪੂ ਜੀ ਕੋਈ ਨਾ ਕੋਈ ਗੱਲ ਸੁਣਾਈ ਜਾਂਦੇ ਸਨ । ਗੱਲਾਂ ਕਰਦਿਆਂ ਕਰਦਿਆਂ ਕਹਿਣ ਲੱਗੇ…
“ਮੇਰੀ ਉਮਰ ਪੂਰੀ ਹੋਗੀ ਆ ਪੁੱਤ! ਇਹ ਤੇ ਹੁਣ ਦ੍ਹਾਰੀ ਲੈ ਕੇ ਜੀਅ ਰਿਆਂ ਰੱਬ ਤੋਂ…”
“ਮੈਂ ਕਿਹਾ ਮੈਂ ਪੁੱਤ ਜਵਾਨ ਕਰਨਾ ਅਜੇ… ਨਿੱਕਾ ਏ”
ਅੱਜ ਕਰੀਬ ੧੦-੧੨ ਸਾਲਾਂ ਬਾਅਦ ਬੈਠਾ ਸੋਚ ਰਿਹਾ ਸਾਂ, ਕਿ ਵਾਕਿਆ ਈ ਰੱਬ ਨੇ ਮੰਨ ਲਈ ਹੋਣੀ ਬਾਪੂ ਜੀ ਦੀ… ਤਾਂ ਹੀ ਜੁਆਨ ਹੁੰਦਿਆਂ ਈ ਚਾਲੇ ਪਾ ਲਏ…
-ਯਾਦਾਂ ਦੇ ਝਰੋਖੇ ਚੋਂ…
-ਅਕਾਸ਼ਬੀਰ ਸਿੰਘ

One comment

Leave a Reply

Your email address will not be published. Required fields are marked *