ਲਿਖਣ ਨੂੰ ਬਹੁਤ ਕੁਝ ਏ ਬਹੁਤ ਪਲ ਨੇ ਸਾਂਝਿਆਂ ਕਰਨ ਵਾਲੇ ਪਰ ਇੱਕ ਪੋਸਟ ਦੇ ਜਰੀਏ ਕੁਝ ਗੱਲਾਂ ਆਪਣੇ ਵੀਰਾਂ ਬਾਰੇ……..
ਮੈਂ ਤਿੰਨ ਭਾਈਆਂ ਦੀ ਇਕਲੋਤੀ ਭੈਣ ਹਾਂ। ਮਾਂ ਜਾਏ ਦੋ ਨੇ ਤੇ ਇੱਕ ਵੀਰਾ ਮੈਨੂੰ ਵਾਹਿਗੁਰੂ ਜੀ ਨੇ ਬਚਪਨ ਚ ਦਿੱਤਾ ਸੀ। ਜਦੋਂ ਚਾਚੀ ਜੀ ਤੋਂ ਬਿਨਾਂ ਇੱਕ ਸਾਲ ਦਾ ਵੀਰਾ ਮੰਮੀ ਜੀ ਨੇ ਪਾਲਣ ਦਾ ਫੈਸਲਾ ਲਿਆ ਸੀ।
ਫਿਰ ਬਹੁਤ ਕੁਝ ਅਸੀਂ ਇਕੱਠਿਆ ਦੇਖਿਆ। ਵੱਡਾ ਬਾਈ ਭੂਆ ਜੀ ਕੋਲ ਰਹਿੰਦਾ ਸੀ ਇਸ ਕਰਕੇ ਓਸ ਨੂੰ ਬਚਪਨ ਚ ਜਿਆਦਾ ਮਿਲੇ ਨਹੀਂ। ਮੇਰੇ ਤੋਂ ਛੋਟੇ ਦੋਵੇਂ ਓਹਨਾਂ ਨਾਲ ਕੁੱਟ ਮਾਰ ਸਭ ਕੁਝ ਕੀਤਾ। ਸਭ ਤੋਂ ਛੋਟਾ ਜਿਆਦਾ ਛੋਟਾ ਹੋਣ ਕਰਕੇ ਮਾਂ ਵਾਲੀਆਂ ਝਿੜਕਾਂ ਵੀ ਖਾਧੀਆਂ ਮੇਰੇ ਕੋਲੋਂ।
ਇੱਕ ਗੱਲ ਦੱਸਣਾ ਚਾਹਾਂਗੀ ਕਿ ਮੈਂ ਬੇਸ਼ਕ ਦੂਸਰੇ ਨੰਬਰ ਤੇ ਸੀ ਪਰ ਫਿਰ ਵੀ ਪਰਿਵਾਰ ਦੀ ਲਾਡਲੀ ਹਾਂ ਕਿਉਂਕਿ ਮਾਂ ਨਾਲ ਕੰਮ, ਜੇ ਚਾਚਾ ਜੀ ਨੇ ਆਵਾਜ਼ ਦੇ ਦਿੱਤੀ ਚੱਲ ਪੁੱਤ ਪੱਠੇ ਵੱਢਣ ਚੱਲੀਏ ਤਾਂ ਓਹਨਾਂ ਨਾਲ ਤੁਰ ਪੈਣਾ, ਜੇ ਪਾਪਾ ਨੇ ਆਵਾਜ਼ ਮਾਰਨੀ ਕਿ ਚੱਲ ਪੁੱਤ ਖੇਤ ਚ ਪਾਣੀ ਦੇਖਣ ਚੱਲੀਏ, ਤਾਂ ਕਹੀ ਮੋਢੇ ਰੱਖ ਨਾਲ ਤੁਰ ਪੈਣਾ। ਇਹਨਾਂ ਗੱਲਾਂ ਕਰਕੇ ਮੈਂ ਕੁਝ ਗਲਤੀ ਕਰ ਕੇ ਵੀ ਗਾਲ੍ਹਾਂ ਵੱਡੇ ਤੋਂ ਲੈ ਨਿੱਕੇ ਤੱਕ ਸਭ ਨੂੰ ਪਵਾਉਣ ਦਾ ਰੋਅਬ ਰੱਖਦੀ ਸੀ।
ਵੱਡਾ ਭਾਈ ਗਿਆਰਵੀ ਕਲਾਸ ਚ ਮੇਰੇ ਨਾਲ ਹੀ ਪੜਿਆ ਸੀ, ਓਹ ਇੱਕ ਸਾਲ ਸਾਡੇ ਕੋਲ ਰਿਹਾ ਸੀ ਪਰ ਮੈਂ ਆਪਣੇ ਸਕੂਲ ਦੀ ਕਿਸੇ ਵੀ ਚੀਜ਼ ਨੂੰ ਹੱਥ ਲਾਉਣ ਦਾ ਕਿਸੇ ਨੂੰ ਵੀ ਕੋਈ ਅਧਿਕਾਰ ਨਹੀਂ ਦਿੱਤਾ ਸੀ ਕਿਉਂਕਿ ਮੈਨੂੰ ਕਿਤਾਬਾਂ ਆਪਣੀ ਜਾਨ ਨਾਲੋਂ ਵੱਧ ਪਿਆਰੀਆਂ ਨੇ ਹੁਣ ਤੱਕ ਵੀ ਪਰ ਮੈਂ ਕਿਸੇ ਦੀ ਵੀ ਕਿਤਾਬ ਲੈ ਸਕਦੀ ਸੀ।
ਫਿਰ ਵੱਡਾ ਬਾਈ ਵਾਪਿਸ ਭੂਆ ਜੀ ਕੋਲ ਚਲਾ ਗਿਆ ਤੇ ਮੈਂ ਬਾਰਵੀਂ ਕਰਕੇ ਤਰਲੇ ਮਿੰਨਤਾਂ ਕਰਕੇ ਅਗਲੀ ਪੜਾਈ ਕਰਨ ਲਈ ਹੋਸਟਲ ਚਲੀ ਗਈ। ਚਾਰ ਸਾਲ ਚ ਬਹੁਤ ਕੁਝ ਬਦਲਿਆ। ਪਾਪਾ ਹੁਰੀਂ ਯੂ. ਪੀ ਚਲੇ ਗਏ। ਮੈਂ ਹੋਸਟਲ, ਵੱਡਾ ਬਾਈ ਵੱਡੀ ਭੂਆ ਜੀ ਕੋਲ, ਛੋਟਾ ਬਾਈ ਦੂਸਰੇ ਭੂਆ ਜੀ ਕੋਲ ਤੇ ਸਭ ਤੋਂ ਛੋਟੇ ਵਾਲਾ ਤੀਸਰੇ ਭੂਆ ਜੀ ਕੋਲ ਤਾਂ ਕਿ ਸਭ ਦੀ ਪੜਾਈ ਚਲਦੀ ਰਹੇ।
ਇਹਨਾਂ ਚਾਰ ਸਾਲਾਂ ਚ ਬਹੁਤ ਕੁਝ ਬਦਲਿਆ ਫਿਰ ਹੋਲੀ ਹੋਲੀ ਪੰਜਾਬ ਵਾਪਸੀ ਹੋਈ। ਮੇਰੀ ਪੜਾਈ ਤੇ ਨੌਕਰੀ ਨਾਲ ਨਾਲ ਚੱਲਦੀ ਰਹੀ। ਵੱਡਾ ਵੀਰਾ ਵੀ ਹੁਣ ਸਾਡੇ ਕੋਲ ਆ ਗਿਆ ਸੀ। ਪਰਿਵਾਰ ਇੱਕ ਜਗ਼੍ਹਾ ਫਿਰ ਇਕੱਠਾ ਹੋਇਆ ਵਾਪਸ ਆਪਣੇ ਪੰਜਾਬ ਵਾਲੇ ਘਰ। ਕੁਝ ਕੁ ਸਾਲਾਂ ਬਾਅਦ ਵੱਡੇ ਵੀਰੇ ਦਾ ਵਿਆਹ ਹੋ ਗਿਆ ਛੋਟਾ ਵੀ ਆਪਣੇ ਕੰਮ ਤੇ ਹੁੰਦਾ ਸੀ। ਸਭ ਤੋਂ ਛੋਟੇ ਵਾਲਾ ਪੜਦਾ ਸੀ। ਫ਼ਿਰ ਮੇਰਾ ਵੀ ਵਿਆਹ ਹੋਇਆ ਪਰ ਮੈਂ ਪੜਾਈ ਜਾਰੀ ਰੱਖੀ। ਵੀਰਿਆਂ ਨੇ ਪੜਾਈ ਛੱਡ ਕੰਮ ਕਾਰਾਂ ਵੱਲ ਧਿਆਨ ਲਾ ਲਿਆ।
ਫ਼ਿਰ ਕੁਝ ਕੁ ਸਾਲਾਂ ਬਾਅਦ ਇੱਕ ਹਨੇਰੀ ਮੇਰੇ ਪਰਿਵਾਰ ਤੇ ਐਸੀ ਝੁੱਲੀ ਕਿ ਬਹੁਤ ਕੁਝ ਉਡਾ ਲੈ ਗਈ। ਸਭ ਤੋਂ ਪਹਿਲਾਂ ਚਾਚਾ ਜੀ, ਫ਼ਿਰ ਕੁਝ ਕੁ ਮਹੀਨਿਆਂ ਬਾਅਦ ਭੂਆ ਜੀ ਤੇ ਸਾਲ ਬਾਅਦ ਪਿਤਾ ਜੀ ਵੀ ਸਾਨੂੰ ਛੱਡ ਤੁਰ ਗਏ।
ਤੇ ਪਿੱਛੇ ਰਹਿ ਗਏ ਅਸੀਂ ਓਹ ਇਨਸਾਨ ਜਿਨ੍ਹਾਂ ਨੂੰ ਨੌਕਰੀ ਜਾਂ ਕਿਤਾਬਾਂ ਤੋਂ ਬਾਹਰ ਦੁਨੀਆਂ ਚ ਕਿਵੇਂ ਰਹਿਣਾ ਬਾਰੇ ਕੁਝ ਜਾਣਕਾਰੀ ਨਹੀਂ ਸੀ। ਇਸ ਸਮੇਂ ਵੱਡੇ ਬਾਈ ਚ ਪਿਤਾ ਜੀ ਵਾਲੇ ਸਭ ਗੁਣ ਦੇਖ ਕਦੇ ਕਦੇ ਤਾਂ ਇਵੇਂ ਪ੍ਤੀਤ ਹੁੰਦਾ ਕਿ ਅਚਾਨਕ ਇੰਨੀ ਸਮਝ ਕਿਵੇਂ, ਮਤਲਬ ਕਿ ਸਮਾਂ ਦਿੰਦਾ ਇੰਨੀ ਸਮਝ ਜਾਂ ਠੋਕਰਾਂ,
ਹਮੇਸ਼ਾ ਪਿਤਾ ਜੀ ਤੇ ਚਾਚਾ ਜੀ ਦੇ ਕਹੇ ਅਨੁਸਾਰ ਕੰਮ ਕਰਨ ਵਾਲਾ ਅੱਜ ਬਾਕੀਆਂ ਨੂੰ ਵੀ ਸਮਝਾਉਂਦਾ ਕਿ ਆਹ ਕਰਨਾ ਇਵੇਂ ਕਰਨਾ। ਜਦ ਪਿਤਾ ਜੀ ਗਏ ਤਾਂ ਵੀਰਿਆਂ ਨੂੰ ਇਹ ਤੱਕ ਨਹੀਂ ਪਤਾ ਸੀ ਕਿ ਕਿਹੜੀ ਫਸਲ ਲਈ ਕਿੰਨਾ ਬੀਜ ਚਾਹੀਦਾ ਜਾਂ ਕਿਹੜੇ ਮਹੀਨੇ ਲਾਉਣੀ ਕਿਉਂਕਿ ਪਾਪਾ ਤੇ ਚਾਚਾ ਜੀ ਨੇ ਇਹ ਸਭ ਦੱਸਣਾ ਕਿ ਅੱਜ ਆਹ ਕਰਲੋ ਅੱਜ ਓਹ ਕਰਲੋ। ਕਿਸੇ ਨੇ ਇਹ ਸੋਚਿਆ ਹੀ ਨਹੀਂ ਸੀ ਕਿ ਅਚਾਨਕ ਇੰਨਾ ਇਕੱਲੇ ਹੋ ਜਾਵਾਂਗੇ, ਫਿਰ ਵੱਡੇ ਬਾਈ ਨੇ ਪਾਪਾ ਦੀਆਂ ਸਾਰੀਆਂ ਜਿੰਮੇਵਾਰੀਆਂ ਨਿਭਾ ਸੱਚੀ ਪਰਿਵਾਰ ਚ ਫਿਰ ਰੂਹ ਭਰ ਦਿੱਤੀ, ਭਾਬੀ ਨੇ ਵੀ ਭੈਣਾਂ ਵਾਂਗ ਸਾਥ ਨਿਭਾਇਆ, ਬਹੁਤ ਹੀ ਸਮਝਦਾਰੀ ਨਾਲ ਪਰਿਵਾਰ ਨੂੰ ਫਿਰ ਜਿਉਂਦਿਆਂ ਚ ਕੀਤਾ।
ਬਹੁਤ ਹੀ ਜਲਦੀ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰਨ ਵਾਲੇ ਵੱਡੇ ਬਾਈ ਨੂੰ ਦੇਖਦੀ ਤਾਂ ਬਸ ਪਾਪਾ ਯਾਦ ਆ ਜਾਂਦੇ ਕਿ ਵਾਹ ਯਾਰਾ ਇੰਨਾ ਕੁਝ ਸਿਖਾ ਗਿਆ ਏ ਇਸ ਛੋਟੀ ਜਿਹੀ ਜਿੰਦੜੀ ਨੂੰ।
ਛੋਟੇ ਵੀਰੇ ਵੀ ਆਪਣੇ ਆਪਣੇ ਕੰਮਾਂ ਤੇ ਲਗਾਉਣੇ, ਹਰ ਇੱਕ ਦੀ ਫਿਕਰ ਕਰਨੀ, ਮਨਪ੍ਰੀਤ ਤੋਂ ਭੈਣ ਜੀ ਕਹਿਣ ਦਾ ਸਫ਼ਰ ਸੱਚੀ ਅੱਖਾਂ ਚ ਹੰਝੂ ਲੈ ਆਉਂਦਾ ਕਿ ਇੰਨਾ ਸਮਝਦਾਰ ਸਮੇਂ ਨੇ ਕਰਤਾ ਵੱਡੇ ਬਾਈ ਨੂੰ।
ਮੈਂ ਓਵੇਂ ਦੀ ਓਵੇਂ ਹਾਂ ਬੱਚਿਆਂ ਨਾਲ ਖੇਡਦੀ ਹਾਂ, ਪੜਾਈ ਵੀ ਕਰਦੀ ਹਾਂ
ਮਜਾਕ ਵੀ ਕਰਨਗੇ ਕਿ ਹਾਲੇ ਤੱਕ ਪੜੀ ਜਾਨੀ ਏ, ਕਿੰਨਾ ਦਿਮਾਗ ਖਰਚਦੀ ਏ, ਲੋਕਾਂ ਨੂੰ ਵੀ ਮਿਲਿਆ ਕਰ ਪਰ ਜਦ ਵੀ ਰਿਜਲਟ ਆਉਂਦਾ ਤਾਂ ਖੁਸ਼ ਵੀ ਹੁੰਦੇ ਨੇ ਕਿ ਓਹਨਾਂ ਦੀ ਭੈਣ ਇਹ ਸਭ ਕਰ ਰਹੀ।
ਹੁਣ ਵਿਦੇਸ਼ ਚ ਬੈਠੀ ਦੀ ਵੀ ਫਿਕਰ ਕਰਦਾ ਕਿ ਘਰ ਬੰਦ ਏ, ਮੈਂ ਦੇਖ ਕੇ ਆਇਆ ਹਾਂ, ਇਹ ਕੰਮ ਕਰਨ ਵਾਲੇ ਨੇ ਹੁਣ ਜਾਵਾਂਗਾ ਤਾਂ ਕਰਕੇ ਆਊਂ।
ਸੱਚੀ ਬਹੁਤ ਹੀ ਪਿਆਰਾ ਤੇ ਅਜੀਜ ਰਿਸਤਾ ਹੁੰਦਾ ਏ ਭੈਣ ਭਾਈਆਂ ਦਾ।
ਇੱਕ ਗੱਲ ਇਹ ਦੱਸਣਾ ਚਾਹਾਂਗੀ ਕਿ ਮੈਂ ਪਰਿਵਾਰ ਚੋ ਸਭ ਤੋਂ ਵੱਧ ਵਿਦਿਆ ਹਾਸਿਲ ਕਰਨ ਦੇ ਯੋਗ ਬਣੀ ਕਿਉਂਕਿ ਮੇਰੇ ਵੀਰੇ ਸਾਥ ਦਿੰਦੇ ਰਹੇ। ਕਿਤੇ ਵੀ ਦੂਰ ਨੇੜੇ ਜਾਣਾ ਪਵੇ ਹਰ ਜਗ੍ਹਾ ਨਾਲ ਜਾਂਦੇ ਸੱਚੀਂ ਬਹੁਤ ਸਾਥ ਦਿੱਤਾ। ਵਿਆਹ ਤੋਂ ਬਾਅਦ ਜੀਵਨਸਾਥੀ ਨੇ ਪਿਤਾ ਜੀ ਵਾਂਗ ਹਰ ਮੋੜ ਤੇ ਸਾਥ ਤੇ ਨੇਕ ਸਲਾਹ ਦੇ ਤੋਰਿਆ ਏ। ਕੋਈ ਵੀ ਗੱਲ ਹੋਵੇ ਤਾਂ ਓਹ ਵੀ ਕਹਿ ਦਿੰਦੇ ਕਿ ਵੀਰੇ ਨੂੰ ਪੁੱਛ ਲੈਣਾ ਸੀ ਇੱਕ ਵਾਰ।
ਬਹੁਤ ਕਿਸਮਤ ਵਾਲੀ ਹਾਂ ਕਿ ਵਾਹਿਗੁਰੂ ਜੀ ਨੇ ਮੈਨੂੰ ਇਹਨਾਂ ਦੇ ਪਰਿਵਾਰ ਦਾ ਜੀਅ ਬਣਾ ਭੇਜਿਆ, ਬਹੁਤ ਪਿਆਰ ਮਿਲਿਆ ਏ ਸਭ ਕੋਲੋਂ ਛੋਟੇ ਵੀਰੇ ਨੂੰ ਫੋਨ ਨਾ ਕਰੋ ਤਾਂ ਨਾਰਾਜਗੀ ਚ ਵੀ ਖੁਸ਼ੀ ਮਿਲਦੀ ਕਿ ਮੇਰੇ ਨਾਲ ਗੱਲ ਨਹੀਂ ਹੋਈ ਤਾਂ ਨਾਰਾਜ਼ ਏ।
ਬਹੁਤ ਕੁਝ ਬਦਲਿਆ ਏ ਸਮੇਂ ਦੇ ਨਾਲ ਨਾਲ ਪਰ ਵੀਰਿਆਂ ਨੇ ਮੇਰੇ ਲਈ ਜਿੰਨਾ ਵੀ ਕੀਤਾ ਓਹ ਸ਼ਾਇਦ ਇਸ ਜਨਮ ਚ ਮੈਂ ਓਹਨਾਂ ਲਈ ਕਦੇ ਵੀ ਨਾ ਕਰ ਪਾਵਾਂਗਾ।
ਵਾਹਿਗੁਰੂ ਜੀ ਸਭ ਦੇ ਵੀਰਿਆਂ ਨੂੰ ਲੰਮੀਆਂ ਉਮਰਾਂ ਬਖਸਣ। ਨਿੱਕੀ ਮੋਟੀ ਨੋਕ ਝੋਕ ਤਾਂ ਚੱਲਦੀ ਰਹਿੰਦੀ ਪਰ ਕਦੇ ਇਸ ਨੋਕ ਝੋਕ ਪਿੱਛੇ ਰਿਸ਼ਤੇ ਨਾ ਖਤਮ ਕਰਿਆ ਕਰੋ। ਜੇ ਇੱਕ ਕੋਲ ਗਲਤੀ ਹੋ ਗਈ ਤਾਂ ਦੂਸਰਾ ਰਿਸ਼ਤੇ ਨੂੰ ਬਚਾਉਣ ਲਈ ਅੱਗੇ ਅਾਵੇ, ਕਿਉਂਕਿ ਇਹਨਾਂ ਰਿਸਤਿਆਂ ਨਾਲ ਹੀ ਜਿੰਦਗੀ ਦਾ ਹਰ ਪੜਾਵ ਸਰ ਕੀਤਾ ਜਾ ਸਕਦਾ।
ਮੈਂ ਇਹ ਓਹਨਾਂ ਨੂੰ ਕਹਿਣਾ ਚਾਹੁੰਦੀ ਜੋ ਕਿਸੇ ਨਾ ਕਿਸੇ ਵਜਾ ਕਰਕੇ ਇੱਕ ਦੂਜੇ ਤੋਂ ਵੱਖ ਨੇ ਕਿ,,,,
ਮੋਇਆ ਤੇ ਰੋਣ ਸਭ ਨੇ ਚਲੇ ਜਾਣਾ
ਮੌਕਾ ਹੈ ਜਿਉਂਦੇ ਜੀਅ ਸਭ ਨਾਲ ਹੱਸ ਕੇ ਮਿਲ ਲਵੋ
ਖੁਸ਼ ਰਹੋ ਖੁਸ਼ਹਾਲ ਰਹੋ,
ਜੋ ਵਿਸਾਰ ਦਿੱਤੇ ਨੇ ਨਫਰਤ ਛੱਡ ਫਿਰ ਤੋ ਇੱਕ ਵਾਰ ਬੁਲਾ ਲਵੋ।
ਧੰਨਵਾਦ ਜੀ।
✍️ਮਨਪ੍ਰੀਤ ਕੌਰ Mandip Cheema