ਚਾਰ ਹੀ ਤਰੀਕਿਆਂ ਨਾ’ ਬੰਦਾ ਕਰੇ ਕੰਮ ਸਦਾ ਪਿਆਰ ਨਾਲ, ਸ਼ੌਕ ਨਾਲ, ਲਾਲਚ ਜਾਂ ਡੰਡੇ ਨਾਲ। ਪਰ ਜਿਹੜੇ ਕੰਮ ਵਿਚ ਇਹ ਚਾਰੇ ਚੀਜ਼ਾਂ ਇਕੱਠੀਆਂ ਹੋ ਜਾਣ ਫਿਰ ਸਮਝੋ ਉਹ ਕੰਮ ਕਾਮਯਾਬ ਹੀ ਨਹੀਂ ਲਾਜਵਾਬ ਵੀ ਹੋਊ।
ਗੱਲ ਕਰਨ ਲੱਗਿਆ ਸਾਡੀ ਸ਼ਿੱਪ ਦੇ ਸਟਾਫ਼ ਲਈ ਖਾਣਾ ਬਣਾਉਣ ਵਾਲੇ ਕੁੱਕ ਦੀ । ਪਿਛਲੇ ਛੇ ਮਹੀਨਿਆਂ ਤੋਂ ਅਸੀ ਉਸਦਾ ਬਣਾਇਆ ਖਾਣਾ ਖਾ ਰਹੇ ਹਾਂ। ਬੰਦੇ ਦੇ ਕੰਮ ਕਰਨ ਦੇ ਤੌਰ ਤਰੀਕੇ ਤੋਂ ਉਸਦਾ ਕੰਮ ਦੇ ਪ੍ਰਤੀ ‘ਸ਼ੌਕ ਤੇ ਪਿਆਰ’ ਦਾ ਪਤਾ ਲੱਗ ਜਾਂਦਾ ਹੈ। ਸਭ ਤੋਂ ਪਹਿਲਾਂ ਸਵੇਰੇ ਨਾਸ਼ਤੇ ਲਈ ਜਦੋਂ ਮੈੱਸ ਰੂਮ ਵਿੱਚ ਜਾਈਦਾ ਤਾਂ ਉਸਨੇ ਮੁਸਕਰਾ ਕੇ ਸਭਨੂੰ ਗੁੱਡ ਮੋਰਨਿੰਗ ਕਹਿਣਾ ਤੇ ਖਾਣਾ ਪਰੋਸਣਾ। ਫੇਰ ਉਸਦੇ ‘ਪਿਆਰ ਤੇ ਸ਼ੌਕ’ ਨਾਲ ਬਣਾਏ ਭੋਜਨ ਦਾ ਸੁਆਦ ਚੱਖ ਕੇ ਘਰ ਦੇ ਬਣਾਏ ਖਾਣੇ ਦੀ ਹੀ ਯਾਦ ਆ ਜਾਂਦੀ। ਹਰ ਬੰਦਾ ਮੱਲੋ ਮੱਲੀ ਜ਼ਿਆਦਾ ਹੀ ਖਾ ਜਾਂਦਾ। ਮੈਂ ਤਾਂ ਇੱਥੋਂ ਤੱਕ ਦੇਖਿਆ ਕਈ ਖਾਣ ਦੇ ਸ਼ੌਕੀਨ ਆਪਣੇ ਮਨਪਸੰਦ ਦੀ ਬਣੀ ਚੀਜ਼ ਅਗਲੇ ਦਿਨ ਲਈ ਵੀ ਪੈਕ ਕਰਵਾ ਲੈਂਦੇ।
ਪੂਰਾ ਸਮੇਂ ਦਾ ਪਾਬੰਦ, ਤਿੰਨਾਂ ਵੇਲਿਆਂ ਦਾ ਭੋਜਨ ਇੱਕ ਦਿਨ ਵੀ ਲੇਟ ਨਹੀਂ ਸੀ ਹੋਇਆ। ਮੈਂ ਜਾਂਦੇ ਹੋਏ ਉਸਨੂੰ ਕਿਹਾ ਯਰ ਤੂੰ 20-22 ਜਾਣਿਆਂ ਦਾ ਖਾਣਾ ਬਣਾਉਂਦਾ ਸੀ ਤਿੰਨੋਂ ਟਾਇਮ ਤੇ ਇੱਕ ਦਿਨ ਵੀ ਲੇਟ ਨਹੀਂ ਹੋਇਆ। ਹੱਸ ਕੇ ਕਹਿੰਦਾ ਭਾਜੀ ਅਗਰ ਮੈਂ ਲੇਟ ਹੋਤਾ ਆਪ ਲੋਗ ਮੇਰੇ ਕੋ ਗਾਲੀ ਨਹੀਂ ਦੇਤੇ ਕਿਆ। ਸੋ ਇੱਥੋਂ ਪਤਾ ਚਲਦਾ ਕਿ ਉਸ ਨੂੰ ਗਾਲ਼ਾਂ ਜਾਂ ਡੰਡੇ ਦਾ ਵੀ ਡਰ ਸੀ।
ਚੌਥੀ ਚੀਜ਼ ਲਾਲਚ, ਹੁਣ ਜਿਵੇਂ ਉਸਦੇ ਛੁੱਟੀ ਜਾਣ ਵਾਲੇ ਦਿਨ ਸਾਰੇ ਸ਼ਿੱਪ ਦੇ ਸਟਾਫ਼ ਨੇ ਉਸਦੇ ਕੰਮ ਤੋਂ ਖੁਸ਼ ਹੋ ਕੇ ਆਪੋ ਆਪਣੀ ਸ਼ਰਧਾ ਅਨੁਸਾਰ ਕੁੱਝ ਪੈਸੇ ਟਿੱਪ ਵਜੋਂ ਦਿੱਤੇ। ਕੈਪਟਨ ਨੇ ਵੀ ਕੰਪਨੀ ਵਿੱਚ ਉਸਦੀ ਵਧੀਆ ਰਿਪੋਰਟ ਬਣਾ ਕੇ ਭੇਜੀ। ਸੋ ਏਦਾਂ ਦਾ ਥੋੜਾ ਜਿਹਾ ਲਾਲਚ ਵੀ ਬੰਦੇ ਕੋਲੋਂ ਬੜੇ ਘੈਂਟ ਕੰਮ ਕਰਵਾ ਲੈਂਦਾ ਹੈ।
ਸੋ ਲਿਖਣ ਵਾਲੇ ਨੇ ਬਹੁਤ ਸੋਹਣਾ ਤੱਤ ਕੱਢਿਆ ਕਿ ਇਹ ਚਾਰੇ ਚੀਜ਼ਾਂ (ਸ਼ੌਕ, ਪਿਆਰ, ਲਾਲਚ ਤੇ ਡੰਡੇ) ਤੋਂ ਬਿਨਾਂ ਕੋਈ ਕੰਮ ਹੋਣਾ ਤਾਂ ਕੀ ਸਿੱਖਿਆ ਵੀ ਨਹੀਂ ਜਾ ਸਕਦਾ। ਪਰ ਜੋ ਬੰਦਾ ਇਹ ਚਾਰੇ ਚੀਜ਼ਾਂ ਨੂੰ ਹੀ ਆਪਣੇ ਕੰਮ ਵਿੱਚ ਜੋੜ ਲੈਂਦਾ ਹੈ ਉਸਦੀ ਸਲਾਹੁਤਾ ਤਾਂ ‘ਕਲਮ ਪੰਜਾਬ ਦੀ’ ਗਰੁੱਪ ਵਿੱਚ ਕਰਨੀ ਹੀ ਬਣਦੀ ਹੈ।
ਪ੍ਰਿਤਪਾਲ ਸਿੰਘ ਲੋਹਗੜ੍ਹ