ਪੈਸੇ ਦੀ ਅੰਨ੍ਹੀ ਦੌੜ ਵਿੱਚ ਮਨੁੱਖ ਵੀ ਅੰਨੇਵਾਹ ਲੱਗਿਆ ਹੋਇਆ ਹੈ। ਦੁਨੀਆ ਭਰ ਵਿੱਚ ਇੱਕ ਨੰਬਰ ਤੇ ਆਉਣ ਵਾਲਾ ਮੁਲਖ਼ ਆਪਣੇ ਹੀ ਭ੍ਰਿਸ਼ਟਾਚਾਰ ਅਤੇ ਸੱਤਾ ਦੇ ਨਸ਼ੇ ਵਿੱਚ ਚੂਰ ਲੀਡਰਾਂ ਦੀ ਘਟੀਆ ਸਿਆਸਤ ਦੀ ਬਦੌਲਤ ਗਰੀਬ ਦੇਸ਼ਾਂ ਦੀ ਸੂਚੀ ਵਿੱਚ ਸ਼ਾਮਿਲ ਹੋ ਚੁੱਕਾ ਹੈ। ਪੈਸੇ ਦੀ ਭੁੱਖ ਇਸ ਕਦਰ ਹਾਵੀ ਹੈ ਕਿ ਲੀਡਰ ਆਪਣੇ ਵਫਾਦਾਰ ਲੋਕਾਂ ਨਾਲ ਮਿਲ ਕੇ ਸਰਕਾਰੀ ਖਜ਼ਾਨੇ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ। ਅੱਜਕਲ ਨਸ਼ੇ ਦਾ ਕਾਰੋਬਾਰ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਕਈ ਲੀਡਰ ਵੀ ਰਾਜ ਵਿੱਚ ਨਸ਼ੇ ਦੀ ਤਸਕਰੀ ਕਰਦੇ ਆਮ ਹੀ ਸੁਣੇ ਜਾਂਦੇ ਹਨ। ਲੋਕਾਂ ਦੇ ਧੀਆਂ ਪੁੱਤਾਂ ਨੂੰ ਨਸ਼ੇ ਉੱਪਰ ਲਗਾ ਕੇ ਇਹ ਲੋਕ ਆਪਣੀਆਂ ਤਜ਼ੋਰੀਆਂ ਭਰਨ ‘ਤੇ ਲੱਗੇ ਹੋਏ ਹਨ। ਰਣਜੀਤ ਬਾਵੇ ਦਾ ਗੀਤ ਕਿ “ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ ਤਾਂ ਹੀ ਤਾਂ ਸ਼ਰੇਆਮ ਵਿੱਕਦਾ” ਵੀ ਇਸ ਗੱਲ ਦੀ ਪ੍ਰੋੜਤਾ ਕਰਦਾ ਹੈ।
ਸਮਝ ਨਹੀਂ ਆ ਰਿਹਾ ਕਿ ਅੱਜ ਦੀ ਨੌਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਕਿਉਂ ਦਿਨੋਂ ਦਿਨ ਧੱਸਦੀ ਜਾ ਰਹੀ ਹੈ? ਪੰਜਾਬ ਦੇ ਸ਼ਤੀਰਾਂ ਵਰਗੇ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਨਿੱਤ ਰੋਜ਼ ਅਖ਼ਬਾਰਾਂ ਦੀਆਂ ਸੁਰਖ਼ੀਆਂ ਕਿਉਂ ਬਣਦੇ ਜਾ ਰਹੇ ਹਨ ? ਨਸ਼ਿਆਂ ਨੂੰ ਰੋਕਣ ਲਈ ਹਰੇਕ ਸਰਕਾਰ ਅੱਜ ਤੱਕ ਫ਼ੇਲ ਹੀ ਸਾਬਿਤ ਹੋਈ ਹੈ। ਕੁਝ ਸੂਝਵਾਨ ਲੋਕਾਂ ਨੇ ਸਮਾਜ ਵਿਚੋਂ ਇਸ ਗੰਦਗੀ ਨੂੰ ਦੂਰ ਕਰਨ ਦਾ ਬੀੜਾ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਹੈ ਤਾਂ ਜੋ ਪਿੰਡ ਵਿੱਚ ਕਿਸੇ ਨੌਜਵਾਨ ਦੀ ਅਰਥੀ ਚੁੱਕਣ ਲਈ ਬੁੱਢੇ ਮਾਪਿਆਂ ਨੂੰ ਮੋਢਾ ਨਾ ਦੇਣਾ ਪਵੇ।
ਨਸ਼ੇ ਕਾਰਨ ਹੋਈ ਅਜਿਹੀ ਮੌਤ ‘ਤੇ ਸਾਡੇ ਸਮਾਜ ਨੂੰ ਸਿਰ ਜੋੜਕੇ ਬੈਠਣ ਦੀ ਲੋੜ ਹੈ। ਅਜਿਹੇ ਸਮੇਂ ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ “ਮਰਨ ਲਿਖਾਏ ਕੁਮੰਡਲ ਮੇ ਆਏ”। ਜੇਕਰ ਅਸੀਂ ਇਹ ਮੰਨ ਕੇ ਚਲੇ ਕਿ ਇਸ ਵਿਅਕਤੀ ਨਾਲ ਹੋਣੀ ਹੀ ਏਦਾਂ ਸੀ, ਇਸਨੇ ਨਸ਼ੇ ਕਾਰਨ ਹੀ ਮਰਨਾ ਸੀ ਤਾਂ ਫ਼ੇਰ ਸਾਨੂੰ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀ ਵੀ ਲੋੜ ਨਹੀਂ। ਸਾਨੂੰ ਸਭ ਨੂੰ ਅਜਿਹੀ ਕਹਿਰ ਦੀ ਮੌਤ ਸਮੇਂ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਨਸ਼ੇ ਦੀ ਰੋਕਥਾਮ ਉੱਪਰ ਕੋਈ ਠੋਸ ਕਦਮ ਚੁੱਕੇ ਜਾਣ ਤਾਂ ਜੋ ਕਿਸੇ ਦਾ ਜਵਾਨ ਧੀ ਪੁੱਤ ਅਣ-ਆਈ ਮੌਤ ਨਾ ਮਰੇ, ਮਾਪਿਆਂ ਦਾ ਸਹਾਰਾ ਨਾ ਖੋਇਆ ਜਾਵੇ, ਬੱਚੇ ਯਤੀਮ ਨਾ ਹੋਣ ਅਤੇ ਪੰਜਾਬ ਦਾ ਕੋਈ ਹੀਰਾ ਕੌਡੀਆਂ ਦੇ ਭਾਅ ਨਾ ਵਿੱਕ ਜਾਵੇ।
… ✍🏿 ਗੁਰਸੇਵਕ ਸਿੰਘ ਚਾਨੀ