ਜਦੋ ਵੀਜ਼ਾ ਅਫਸਰ ਮਿੱਤਰ ਬਣ ਗਿਆ …
ਚਾਰ ਸਾਲ ਪਹਿਲਾ ਦੀ ਗੱਲ ਹੈ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੀ ਯਾਤਰਾ ਤੇ ਟਰੇਨ ਵਿੱਚ ਜਾ ਰਹੇ ਸੀ । ਜਿਉ ਹੀ ਟਰੇਨ ਦਿੱਲੀ ਪਾਰ ਕਰਕੇ ਮਥੁਰਾ ਸ਼ਟੇਸ਼ਨ ਤੇ ਰੁੱਕਦੀ ਏ ਤਾ ਇੱਕ ਜੈਟਲਮੈਨ ਚੜ੍ਹਦਾ ਹੈ ਜਿਸਦੇ ਹੱਥ ਵਿੱਚ ਕਾਲੇ ਰੰਗ ਦਾ ਬ੍ਰੀਫਕੇਸ ਸੀ ਵੇਖਣ ਤੋ ਫਸਟ ਕਲਾਸ ਅਫਸਰ ਲੱਗਦਾ ਸੀ ਤੇ ਅਾ ਕੇ ਸਾਡੇ ਕੋਲ ਹੀ ਬੈਠ ਗਿਆ, ਪਹਿਲਾ ਤਾ ਕਾਫੀ ਸਮਾ ਚੁੱਪ ਹੀ ਰਿਹਾ ਤੇ ਸਾਡੀਆ ਗੱਲਾਂ ਸੁਣਦਾ ਰਿਹਾ, ਥੋੜੇ ਸਮੇ ਬੋਲਿਆ ਤੇ ਕਹਿੰਦਾ “ਆਪ ਪੰਜਾਬ ਸੇ ਹੈ ”
ਮੈ ਕਿਹਾ ਹਾਜ਼ੀ, ਕਹਿੰਦਾ ਪੰਜਾਬੀ ਬਹੁਤ ਵਧੀਆ ਹੁੰਦੇ ਹਨ , ਉਸਨੇ ਹੋਰ ਵੀ ਸ਼ਬਦ ਤਾਰੀਫ਼ ਚ ਬੋਲੇ ।
ਚਲੋ ਅਸੀ ਕੌਫੀ ਮੰਗਾਈ ਤੇ ਪੀਦਿਆ ਉਸਨੇ ਦੱਸਿਆ ਕਿ ਉਹ ਦਿੱਲੀ ਵੀਜ਼ਾ ਦਫਤਰ ਵਿੱਚ ਸੀਨੀਅਰ ਪੋਸਟ ਤੇ ਹੈ ਉਸ ਕੋਲ ਪੰਜਾਬ ਤੋ ਬਹੁਤ ਕੇਸ ਆਉਦੇ ਹਨ ਨਵੇ ਵੀਜ਼ੇ ਵਾਲੇ ਤੇ ਰਿਜ਼ੈਕਟ ਵੀਜ਼ੇ ਵਾਲੇ , ਉਸਦੇ ਹੱਥ ਚ ਸਭ ਕੁੱਝ ਹੁੰਦਾ ।
ਮੈਨੂੰ ਕੁੱਝ ਹੁਣ ਉਸਤੇ ਸ਼ੱਕ ਲੱਗਣ ਲਗਾ ਬਈ ਬੰਦਾ ਸਨਿਚਰੀ ਆ, ਜਦੋ ਮੈ ਕੁੱਝ ਹੁੰਗਾਰਾ ਘੱਟ ਭਰਨ ਲੱਗਿਆ ਤਾ ਉਸਨੇ ਪ੍ਰਭਾਵ ਪਾਉਣ ਲਈ ਸਾਡੇ ਤੇ ਨਾਲ ਵਾਲੇ ਜ਼ਿਲਿਆ ਦੇ ਡੀ.ਸੀ ਦੇ ਨਾਮ ਦੱਸੇ ਤੇ ਕਹਿੰਦਾ ਉਨਾ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ ।
ਜਦੋ ਉਸਨੂੰ ਲੱਗਿਆ ਗੱਲ ਬਣਦੀ ਨਹੀ ਦਿਸਦੀ ਫਿਰ ਉਹ ਦੂਜੇ ਪਾਸੇ ਬੈਠੇ ਡੈਡੀ ਤੇ ਭਾਜ਼ੀ ਹੁਣਾ ਵਲ ਚਲਾ ਗਿਆ, ਫੋਨ ਚਾਰਜ਼ ਦਾ ਬਹਾਨਾ ਲਾ ਕੇ, ਉੱਥੇ 6-7 ਜਣੇ ਬੈਠੇ ਸਨ
ਉੱਥੇ ਜਾ ਕੇ ਵੀ ਉਸਨੇ ਸੋਹਣਾ ਰੰਗ ਬੰਨਿਆ ਤੇ ਪ੍ਰਭਾਵ ਪਾੳੁਣ ਲਈ ਉਸਨੂੰ 2-3 ਕਾਲਾਂ ਵੀ ਆਈਆ ਤੇ ਉਹ ਵੀ ਵੀਜ਼ੇ ਦੇ ਸਬੰਧੀ ਉਸਨੇ ‘ਵੀਜ਼ਾ ਲਗ ਜਾਉ ਆਂ ਜਾਇਉ ‘ ਕਹਿ ਕੇ ਕੱਟੀਆ, ਤੇ ਉਸਨੇ ਡੈਡੀ ਜੀ ਨੂੰ ਸਾਡੇ ਏਰੀਆ ਦੇ 2-3 ਪਿੰਡਾਂ ਦਾ ਨਾਮ ਲੈ ਕੇ ਦੱਸਿਆ ਕੇ ਉੱਥੇ ਦੇ ਬੰਦਿਆ ਦੇ ਉਸਨੇ ਵੀਜ਼ੇ ਫਾਇਲਾ ਤੇ ‘yes’ ਕੀਤੀ ਜੋ ਬਣਦੀ ਨਹੀ ਸੀ ਪਰ ਉਸਨੂੰ ‘ਤਰਸ’ ਆ ਗਿਆ ।
ਕਈ ਜਣੇ ਉਸਦੇ ਪ੍ਰਭਾਵ ਚ ਆ ਗਏ ਤੇ ਫੋਨ ਨੰਬਰਾ ਦੇ ਅਦਾਨ ਪ੍ਰਦਾਨ ਹੋਣ ਲੱਗ ਪਏ, ਡੈਡੀ ਜੀ ਦਾ ਵੀ ਮਿੱਤਰ ਬਣ ਗਿਆ ਕਹਿੰਦਾ ਦੱਸਿਉ ਜੇ ਲੋੜ ਕਿਸੇ ਦਾ ਵੀਜ਼ੇ ਸਬੰਧੀ ਕੇਸ ਫਸਿਆ ਹੋਇਆ ਪਹਿਲ ਅਧਾਰ ਤੇ ਉਹ ਹੱਲ ਕਰੂ, ਡੈਡੀ ਜੀ ਮੈਨੂੰ ਕਹਿੰਦੇ ‘ਨੰਬਰ’ ਸਾਂਭ ਲਈ ।
ਮੈਨੂੰ ਮਨ ਹੀ ਮਨ ਹਾਸਾ ਆਵੇ ,
ਚਲੋ ਜੀ ਅਫਸ਼ਰ ਸਾਬ ਗਰਮਜ਼ੋਸੀ ਨਾਲ ਵਿਦਾ ਲੈ ਉਹ ਧੋਲਪੁਰ ਸ਼ਟੇਸਨ ਉਤਰ ਗਿਆ ।
2-4 ਸਾਡੇ ਬੰਦੇ ਬਹੁਤ ਖੁੱਸ਼, ਕਹਿੰਦੇ ਯਾਤਰਾ ਚ ਬਾਬਾ ਇੰਝ ਮੇਲ ਕਰਵਾਉਦਾ ਭਗਤ ਅਫਸ਼ਰਾ ਨਾਲ, ਹੁਣ ਤਾ ਸਿੱਧੇ ਅੰਬੈਸੀ ਆਇਆ ਕਰਨਗੇ ..
ਮੈ ਕਿਹਾ ਜਾਣ ਦਿਉ ਕੋਈ ਅਫਸ਼ਰ ਉਫਸਰ ਨੀ ਏ, ਇਹ ਲੋਟੂ ਮਹਿਕਮਾ ਏ, ਇਹਨਾ ਨੂੰ ਪਤਾ ਇਨਾ ਟਰੇਨਾ ਚ ਪੰਜਾਬੀ ਯਾਤਰੀ ਖਾਸਕਰ NRI ਆਉਦੇ ਹਨ ਤੇ ਇਨਾ ਦੇ ਕਿਸੇ ਧੀ – ਪੁੱਤ ਜਾ ਸਕੇ ਸਬੰਧੀਆ ਦਾ ਵੀਜ਼ੇ ਸਬੰਧੀ ਕੇਸ ਅਬੈਂਸੀ ਫਸਿਆ ਹੀ ਹੁੰਦਾ ਹੈ, ਇਹ ਸਭ ਸੂਟਡ-ਬੂਟਡ ਬਣ ਕੇ ਸ਼ਿਕਾਰ ਫੜਨ ਆਉਦੇ ਹਨ ਤੇ ਆਪਣੇ ਬੰਦੇ ਇਨਾ ਕੋਲ ਫਸ ਵੀ ਜਾਂਦੇ ਹਨ ।
ਉਸ ਸਮੇ ਹੀ ਸਾਡੇ ਡੱਬੇ ਦਾ ਇੰਚਾਰਜ਼ ਰੇਲਵੇ ਮਹਿਕਮੇ ਦਾ ਪੰਜਾਬੀ ਮੁਲਾਜ਼ਮ ਮੁੰਡਾ ਆ ਜਾਦਾ ਏ ਜੋ ਸਾਡਾ ਮਿੱਤਰ ਬਣ ਗਿਆ ਸੀ ਨੇ ਦੱਸਿਆ ਇਹ ਬਦਲ ਬਦਲ ਕੇ ਅਫਸਰ ਬਣ ਕੇ ਆਉਦੇ ਹਨ ‘ਤੇ ਕਈ ਬੰਦੇ ਲੱਖਾ ਰੁੱਪਏ ਦੀ ਧੋਖਾਧੜੀ ਦੇ ਸ਼ਿਕਾਰ ਹੋਏ ਹਨ , ਇੰਨੀ ਗੱਲ ਸੁਣ ਕੋਲ ਬੈਠੇ ਲੁਧਿਆਣੇ ਜ਼ਿਲੇ ਦੇ ਦੋ ਬੰਦਿਆ ਦੇ ਚਿਹਰੇ ਮੁਰਝਾ ਗਏ ਜਿਹੜੇ ਆਪਣੇ ਪੁੱਤਰਾ ਦੇ ਰਿਜ਼ੈਕਟ ਹੋਏ ਵੀਜ਼ੇ ਬਾਬਾ ਜੀ ਵਲੋ ਭੇਜ਼ੇ ਨੇਕ ਅਫਸ਼ਰ ਵਲੋ ਲੱਗਣ ਦੀ ਆਸ ਵਿੱਚ ਖੁਸ਼ੀ ਚ ਖਿੜੇ ਬੈਠੇ ਸਨ, ਬਾਦ ਚ ਪਤਾ ਲੱਗਾ ੳੇੁਸ ਮੁਲਾਜ਼ਮ ਪੰਜਾਬੀ ਮੁੰਡੇ ਦਾ ਮੋਬਾਇਲ ਫੋਨ ਉਸ ਬਣੇ ਅਫਸ਼ਰ ਸਾਬ ਦਾ ਸਾਥੀ ਹੱਥ ਫੇਰ ਗਿਆ ।
ਸਤਵਿੰਦਰ ਥਾਂਦੀ ਦੌਲਤਪੁਰ