ਲੁਧਿਆਣੇ ਵਰਗੇ ਇੱਕ ਵੱਡੇ ਸ਼ਹਿਰ ਦੀ ਕੁੜੀ ਰਮਨ, ਖੇਤੀ ਕਰਨ ਵਾਲੇ ਜਮਾਂ ਹੀ ਦੇਸੀ ਪਰਿਵਾਰ ਚ ਵਿਆਹੀ ਗਈ। ਉਸਦਾ ਘਰਵਾਲਾ ਜਸਪਾਲ ਦਿਨ-ਰਾਤ ਦਾ ਸ਼ਰਾਬੀ ਤੇ ਬਿਨਾਂ ਮਤਲਬ ਦੇ ਘਰ ਚ ਕਲੇਸ਼ ਕਰਨਾ ਤੇ ਰਮਨ ਨੂੰ ਗਾਲਾਂ ਕੱਢਣੀਆਂ ਉਹਦਾ ਹਰ ਰੋਜ਼ ਦਾ ਰੁਟੀਨ ਸੀ। ਬਰਦਾਸ਼ਤ ਕਰਦੇ- ਕਰਦੇ ਰਮਨ ਨੇ ਕਈ ਸਾਲ ਉਸ ਨਾਲ ਬਿਤਾਏ ਅਤੇ ਬੱਚੇ ਵੀ ਤਿੰਨ ਹੋ ਗਏ, ਪਰ ਜਦੋਂ ਜਸਪਾਲ ਦਾ ਦਾਰੂ ਪੀਣ ਵਾਲਾ ਤੇ ਗਾਲਾਂ ਵਾਲਾ ਸਿਲਸਿਲਾ ਜਾਰੀ ਹੀ ਰਿਹਾ ਤਾਂ ਰਮਨ ਨੇ ਆਪਣੇ ਪੇਕੇ ਜਾ ਕੇ ਸੈਟਲ ਹੋਣ ਦਾ ਫੈਸਲਾ ਲੈ ਲਿਆ, ਸ਼ਾਇਦ ਓਹ ਸੋਚ ਰਹੀ ਸੀ ਕ ਉਹ ਲੁਧਿਆਣੇ ਸ਼ਹਿਰ ਵਿੱਚ ਕੋਈ ਛੋਟੀ-ਮੋਟੀ ਨੌਕਰੀ ਕਰਕੇ ਬੱਚਿਆਂ ਨੂੰ ਪੜਾਈ ਕਰਵਾ ਲਵੇਗੀ ਕਿਉਕਿ ਓਹਨੇ ਬਹੁਤ ਸਾਲ ਜਸਪਾਲ ਦਾ ਮੂੰਹ ਦੇਖਿਆ ਜੋ ਕਿ ਬੇਰੁਜ਼ਗਾਰ ਵੀ ਸੀ ਦਾਰੂ ਵੀ ਅੰਤਾਂ ਦੀ ਪੀਂਦਾ ਸੀ ਤੇ ਆਪਣੇ ਹਿੱਸੇ ਆਉਂਦੀ ਜ਼ਮੀਨ ਵੀ ਕਨਾਲ- ਕਨਾਲ ਕਰਕੇ ਵੇਚੀ ਜਾਂਦਾ ਸੀ,ਜਦੋਂ ਉਸਨੂੰ ਬੱਚਿਆਂ ਦਾ ਭਵਿੱਖ ਜ਼ੀਰੋ ਹੁੰਦਾ ਦਿਖਿਆ ਤਾਂ ਉਹ ਆਪਣੀ ਮਾਂ ਕੋਲ ਲੈ ਗਈ ਬੱਚਿਆਂ ਨੂੰ। ਇਹੋ- ਜਿਹੇ ਹਾਲਾਤਾਂ ਵਿੱਚ ਇੱਕ ਕੁੜੀ ਨੂੰ ਸਰਵਾਈਵ ਕਰਨਾ ਬਹੁਤ ਹੀ ਅੌਖਾ ਉਹਦੇ ਨਾਲ ਤਾਂ ਵਿਚਾਰੀ ਦੇ ਤਿੰਨ ਬੱਚੇ ਵੀ ਸਨ। ਰਮਨ ਨੂੰ ਪੇਕੇ ਰਹਿੰਦੀ ਨੂੰ ਕਈ ਸਾਲ ਬੀਤ ਗਏ ਬੱਚਿਆਂ ਨੇ ਵੀ ਆਪਣੇ ਨਾਨਕੇ ਰਹਿ ਕੇ ਸੁਰਤ ਸੰਭਾਲੀ। ਜਸਪਾਲ ਦੇ ਘਰ ਚ ਉਸਦੀ ਬਿਮਾਰ ਬੁੱਢੀ ਮਾਂ ਤੇ ਇੱਕ ਵੱਡਾ ਭਰਾ ਜੋ ਕਿ ਛੜਾ ਹੈ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਬੱਚਿਆਂ ਨੂੰ ਘਰ ਵਾਪਿਸ ਲੈਕੇ ਆਉਣ ਦੀ, ਤੇ ਉਹ ਇੱਕ- ਦੋ ਵਾਰ ਮਨ ਸਮਝਾ ਕੇ ਆ ਵੀ ਗਈ ਪਰ ਆਪਣੇ ਘਰਵਾਲੇ ਚ ਤੇ ਘਰ ਚ ਕੋਈ ਬਦਲਾਵ ਨਾ ਦੇਖ ਕੇ ਫਿਰ ਨਿਰਾਸ਼ ਹੋ ਕੇ ਪੇਕੇ ਵਾਪਿਸ ਚਲੀ ਜਾਂਦੀ। ਜਸਪਾਲ ਦਾ ਪਰਿਵਾਰ ਤਾਂ ਇਹ ਵੀ ਕਹਿੰਦਾ ਏ ਕਿ ਰਮਨ ਦੀ ਮਾਂ ਸਾਡਾ ਘਰ ਨਹੀ ਵੱਸਣ ਦਿੰਦੀ। ਮੈਂ ਸੋਚਦੀ ਹਾਂ ਕਿ ਕੋਈ ਮਾਂ ਕਿਵੇਂ ਆਪਣੀ ਧੀ ਦਾ ਘਰ ਉਜਾੜ ਸਕਦੀ ਏ ਜੇ ਅਸੀਂ ਪੌਜ਼ਟਿਵ ਸੋਚੀਏ ਇਹ ਵੀ ਤਾਂ ਹੋ ਸਕਦਾ ਕਿ ਰਮਨ ਦੀ ਮਾਂ ਨੂੰ ਵੀ ਪਛਤਾਵਾ ਹੋਵੇ ਕਿ ਉਹੋ ਆਪਣੀ ਧੀ ਲਈ ਇੱਕ ਚੰਗਾ ਵਰ ਨਹੀ ਲੱਭ ਸਕੀ ਤੇ ਹੁਣ ਆਪਣੀ ਧੀ ਤੇ ਦੋਹਤੇ- ਦੋਹਤੀਆਂ ਦੀ ਪਰਵਰਿਸ਼ ਕਰਨ ਦਾ ਫੈਸਲਾ ਕੀਤਾ ਹੋਵੇ। ਪਰ ਕੀ ਪਤਾ ਰੱਬ ਹੀ ਜਾਣੇ ਕੌਣ ਸਹੀ ਆ ਤੇ ਕੌਣ ਗਲਤ। ਨਾਲੋ-ਨਾਲ ਇੱਕ ਸੱਚ ਇਹ ਵੀ ਆ ਕਿ ਇੱਕ ਮਾਂ ਦਾ ਬਹੁਤ ਵੱਡਾ ਹੱਥ ਹੁੰਦਾ ਆਪਣੀ ਧੀ ਦਾ ਘਰ ਵਸਾਉਣ ਚ ਪਰ ਜਿੱਥੇ ਕਿਸਮਤ ਹੀ ਮਾੜੀ ਹੋਵੇ ਉੱਥੇ ਮਾਂ-ਪਿਓ ਵੀ ਕੀ ਕਰਨ। ਰਮਨ ਰਿਸ਼ਤੇ ਚ ਮੇਰੀ ਜੇਠਾਣੀ ਲੱਗਦੀ ਆ ਮਾਸੀ-ਸੱਸ ਦੀ ਨੂੰਹ, ਪਰ ਅਸੀਂ ਆਪਸ ਚ ਕਦੇ ਨਹੀ ਮਿਲੇ ਬੱਸ ਸਿਰਫ ਇੱਕ ਵਾਰ ਫੋਨ ਤੇ ਗੱਲ ਹੋਈ ਸੀ ਦੋ ਕੁ ਮਿੰਟ ਬੱਸ ਘਰੋਂ ਹੀ ਉਸ ਬਾਰੇ ਸੁਣਿਆ ਮੈਂ। ਕਹਿੰਦੇ ਜਸਪਾਲ ਓਹਨੂੰ ਕੁੱਟਦਾ-ਮਾਰਦਾ ਥੋੜੀ ਆ ਗਾਲਾਂ ਹੀ ਕੱਢਦਾ ਓਹ ਵੀ ਦਾਰੂ ਪੀਕੇ ਮੈਨੂੰ ਲੱਗਦਾ ਬਿਨਾਂ ਕਸੂਰ ਤੋਂ ਤਾਂ ਗਾਲਾਂ ਖਾਣੀਆਂ ਵੀ ਅੌਖੀਆਂ ਨੇ। ਮੈਂ ਸੱਚੀ ਜਦੋਂ ਵੀ ਜਸਪਾਲ ਦੀ ਮਾਤਾ ਨੂੰ ਇੱਕ ਹੱਥ ਚ ਖੂੰਡੀ ਫੜ ਕੇ ਘਰ ਦੇ ਕੰਮ ਕਰ ਦੀ ਨੂੰ ਦੇਖਦੀ ਹਾਂ ਮੈੰਨੂੰ ਬਹੁਤ ਤਰਸ ਆਉਂਦਾ ਤੇ ਮੈਂ ਅਕਸਰ ਹੀ ਮਾਸੀ ਨੂੰ ਕਹਿ ਦਿੰਦੀ ਹਾਂ ਕਿ ਮਾਸੀ ਲੈ ਆਓ ਰਮਨ ਨੂੰ ਬੱਸ ਫੇਰ ਓਹੀ ਸੁਣਨ ਨੂੰ ਮਿਲਦਾ ਵੀ ਓਹਦੀ ਮਾਂ ਨਹੀਂ ਤੋਰਦੀ। ਬੱਚਿਆਂ ਤੋਂ ਬਿਨਾਂ ਓਹਨਾਂ ਦਾ ਘਰ ਬਹੁਤ ਸੁੰਨਾ-ਸੁੰਨਾ ਲੱਗਦਾ। ਰੱਬ ਨਾ ਕਰੇ ਜੇ ਮਾਸੀ ਨੂੰ ਕੱਲ ਨੂੰ ਕੁੱਝ ਹੋ ਗਿਆ ਤਾਂ ਓਹਨਾਂ ਦਾ ਤਾਂ ਘਰ ਹੀ ਰੁਲ ਜਾਣਾ। ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਜਸਪਾਲ ਨੂੰ ਸੁਮੱਤ ਬਖਸ਼ੇ ਤੇ ਉਹ ਸਭ ਬੁਰੀਆਂ ਆਦਤਾਂ ਛੱਡ ਕੇ ਆਪਣਾ ਪਰਿਵਾਰ ਵਾਪਿਸ ਘਰ ਲੈ ਆਵੇ ਤੇ ਕਿਰਤ ਕਰੇ।
🙏🏼ਵਾਹਿਗੁਰੂ ਮਿਹਰ ਕਰਨ🙏🏼