ਪਾਲੀ ਛੋਟੀ ਜੀ ਸੀ ,ਉਸਨੂੰ ਸਮਝ ਵੀ ਨਹੀਂ ਸੀ ਆਪਣੀ , ਬਹੁਤ ਹੀ ਛੋਟੀ ਸੀ। ਉਸਦੇ ਪਿਤਾ ਉਸਨੂੰ ਹਰ ਰੋਜ ਸਕੂਲ ਛੱਡਣ ਜਾਂਦੇ । ਸਕੂਲ ਚ ਪੜਦਿਆਂ ਉਸਨੂੰ ਜਦੋਂ ਲਿਖਣਾ ਸਿੱਖ ਲਿਆ ਤਾਂ ਉਸਦੀ ਅਧਿਆਪਕ ਨੇ ਉਸਨੂੰ ਘਰ ਤੋਂ ਲੇਖ ਲਿਖਣ ਲਈ ਕਿਹਾ ਪਰ ਪਾਲੀ ਦੇ ਮਨ ਵਿੱਚ ਕੁਝ ਹੋਰ ਹੀ ਚੱਲ ਰਿਹਾ ਸੀ। ਉਸਨੇ ਕਾਪੀ ਪੈਨ ਚੁੱਕਿਆ ਤੇ ਬਾਹਰ ਚੌਂਕੇ ਚ ਬੈਠ ਕੇ ਲਿਖਣਾ ਸ਼ੁਰੂ ਕਰ ਦਿੱਤਾ।
” ਮੇਰੀ ਪਿਆਰੀ ਮਾਂ ਤੇਰੀ ਧੀ ਪਾਲੀ ਹੁਣ ਲਿਖਣਾ ਸਿੱਖ ਗਈ ਹੈ।” ਮੈਂ ਤੇ ਪਿਤਾ ਜੀ ਨੂੰ ਤੁਹਾਡੀ ਬਹੁਤ ਯਾਦ ਆਉਂਦੀ ਹੈ। ਮਾਂ ਮੈਨੂੰ ਰੋਟੀ ਪਕਾਉਣੀ ਨਹੀਂ ਆਉਂਦੀ। ਪਿਤਾ ਜੀ ਜਦੋਂ ਰੋਟੀ ਬਣਾਉਂਦੇ ਹਨ ਤੇ ਆਪਣਾ ਹੱਥ ਸਾੜ ਲੈਦੇ ਹਨ ਤਾਂ ਬਹੁਤ ਦੁੱਖ ਲੱਗਦਾ ਹੈ । ਸੋਚਦੀ ਹਾਂ ਮਾਂ ਅਗਰ ਤੁਸੀਂ ਆ ਜਾਵੋ ਤਾਂ ਪਿਤਾ ਜੀ ਨੂੰ ਕੰਮ ਕਰਨਾ ਹੀ ਨਾ ਪਵੇ। ਪਿਤਾ ਜੀ ਆਖਦੇ ਹਨ ਕਿ ਮਾਂ ਤੇਰੀ ਰੱਬ ਘਰੇ ਗਈ ਹੈ। ਬਹੁਤ ਜਲਦੀ ਹੀ ਆ ਜਾਵੇਗੀ। ਮਾਤਾ ਜੀ ਤੁਸੀਂ ਜਲਦੀ ਆ ਜਾਵੋ ਨਾ ਪਿਤਾ ਜੀ ਕੰਮ ਤੇ ਚਲੇ ਜਾਂਦੇ ਹਨ ਤੇ ਮੈਂ ਸਕੂਲ।
ਜਦੋਂ ਮੈਂ ਸਕੂਲ ਤੋਂ ਵਾਪਸ ਆਉਂਦੀ ਹਾਂ ਤਾਂ ਘਰ ਸੁੰਨਾ ਜਿਹਾ ਜਾਪਦਾ ਹੈ ਮਾਂ ਮੈਨੂੰ ਬਹੁਤ ਡਰ ਲੱਗਦਾ ਹੈ। ਮਾਂ ਤੁਸੀਂ ਰੱਬ ਨੂੰ ਕਹੋ ਨਾ ਕੀ ਤੁਹਾਨੂੰ ਘਰ ਭੇਜ ਦੇਣਗੇ ।
“ਮਾਂ ਮਾਂ ਕਹਿੰਦੀ ਸਿਸਕੀਆਂ ਲੈਂਦੀ ਰੋਂਦੀ ਨੇ ਕਾਪੀ ਬੰਦ ਕਰਕੇ ਬੈਗ ਵਿੱਚ ਰੱਖ ਦਿੰਦੀ ਹੈ।
ਏਨੇ ਨੂੰ ਬਾਹਰੋਂ ਆਵਾਜ਼ ਆਉਂਦੀ ਹੈ। ਆਜਾ ਮੇਰੀ ਲਾਡੋ ਰਾਣੀ ਪਾਲੀ ਭੱਜ ਕੇ ਪਿਤਾ ਜੀ ਨੂੰ ਚਿੱਬੜ ਜਾਂਦੀ ਹੈ। ਕੀ ਹੋਇਆ ਪੁੱਤਰ ਜੀ ਅੱਖਾਂ ਗਿੱਲੀਆਂ ਕਿਉਂ ਨੇ ਤੇਰੀਆਂ । ਪਿਤਾ ਜੀ ਮਾਂ ਦੀ ਯਾਦ ਆ ਰਹੀ ਸੀ। ਪੁੱਤ ਰੋਇਆ ਨਾ ਕਰ ਤੇਰੀ ਮਾਂ ਜਲਦੀ ਹੀ ਆਵੇਗੀ।
ਸੱਚੀ ਪਿਤਾ ਜੀ ” ਹਾਜੀ ਪੁੱਤਰ ਜੀ।
ਪਾਲੀ ਦਾ ਪਿਤਾ ਨਹਾ ਧੋ ਕੇ ਸ਼ਾਮ ਦੇ ਖਾਣੇ ਦੀ ਤਿਆਰੀ ਚ ਜੁਟ ਜਾਂਦਾ। ਰਾਤ ਦਾ ਖਾਣਾ ਖਾ ਕੇ ਪਾਲੀ ਤੇ ਪਾਲੀ ਦੇ ਪਿਤਾ ਜੀ ਸੋ ਜਾਂਦੇ ਹਨ।
ਸੁੱਤੀ ਹੋਈ ਪਾਲੀ ਨੀਂਦ ਵਿੱਚ ਕੁਝ ਬੁੜਬੁੜਾ ਰਹੀ ਹੁੰਦੀ ਹੈ। ਉਸਦੇ ਪਿਤਾ ਸੁਨਣ ਦੀ ਕੋਸ਼ਿਸ਼ ਕਰਦੇ ਹਨ ਕੀ ਕਹਿ ਰਹੀ ਹੈ ਤਾਂ ਪਾਲੀ ਦੇ ਪਿਤਾ ਦੀਆਂ ਅੱਖਾਂ ਚ ਹੰਝੂ ਆਪ ਮੁਹਾਰੇ ਹੀ ਵਗਣ ਲੱਗ ਪੈਂਦੇ ਹਨ। ਪਾਲੀ ਕਹਿ ਰਹੀ ਹੁੰਦੀ ਹੈ…!
ਮਾਂ ਜਲਦੀ ਆਜਾ ਮੇਰਾ ਦਿਲ ਨਹੀਂ ਲੱਗਦਾ।
ਪਾਲੀ ਦਾ ਪਿਤਾ ਪਾਲੀ ਨੂੰ ਆਪਣੇ ਟਿੱਢ ਤੇ ਪਾ ਲੈਂਦਾ ਹੈ। ਫਿਰ ਪਤਾ ਨਹੀ ਲੱਗਦਾ ਕਦੋਂ ਸਵੇਰ ਹੋ ਗਈ।
ਸਵੇਰ ਹੋਣ ਤੇ ਪਾਲੀ ਨੂੰ ਜਲਦੀ ਨਾਲ ਤਿਆਰ ਕਰ ਕੇ ਮੈਂ ਆਪ ਜਲਦੀ ਤਿਆਰ ਹੋ ਕੇ ਪਾਲੀ ਦਾ ਡੱਬਾ ਪੈਕ ਕਰਕੇ ਉਸਦੇ ਬੈਗ ਵਿੱਚ ਪਾ ਕੇ ਉਸਨੂੰ ਸਕੂਲ ਛੱਡਣ ਲਈ ਚਲਾ ਜਾਦਾ ਹਾਂ।
ਪਾਲੀ ਨੂੰ ਸਕੂਲ ਛੱਡ ਮੈਂ ਦਫ਼ਤਰ ਨੂੰ ਚਲਾ ਜਾਂਦਾ ਹਾਂ। ਪਾਲੀ ਦੇ ਅਧਿਆਪਕ ਜਦੋ ਸਾਰੇ ਬੱਚਿਆਂ ਨੂੰ ਕਾਪੀ ਕੱਢ ਕੇ ਉਹਨਾਂ ਦੇ ਟੇਬਲ ਤੇ ਰੱਖਣ ਲਈ ਕਹਿੰਦੇ ਹਨ। ਸਾਰੇ ਬੱਚੇ ਕਾਪੀਆਂ ਰੱਖ ਕੇ ਆਪਣੀਆ ਸੀਟਾਂ ਤੇ ਬੈਠ ਜਾਂਦੇ ਹਨ। ਜਦੋਂ ਕਾਪੀਆਂ ਚੈਕ ਕਰਦਾ ਹੋਇਆ ਅਧਿਆਪਕ ਦੇ ਹੱਥ ਪਾਲੀ ਦੀ ਕਾਪੀ ਆਉਂਦੀ ਹੈ ਤਾਂ ਉਸ ਵਿੱਚ ਲਿਖਿਆ ਪੜ ਕੇ ਅਧਿਆਪਕ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਅਧਿਆਪਕ ਪਾਲੀ ਨੂੰ ਕੁਝ ਵੀ ਨਹੀਂ ਕਹਿੰਦਾ ਕੀ ਉਸਨੇ ਲੇਖ ਕਿਉਂ ਨਹੀਂ ਲਿਖਿਆ। ਸਗੋਂ ਉਸਨੂੰ ਹੱਲਾ ਸ਼ੇਰੀ ਦਿੰਦਾ ਹੈ ਕਿ ਉਸਨੇ ਬਹੁਤ ਹੀ ਵਧੀਆ ਲਿਖਿਆ ਹੈ। ਜਦੋਂ ਉਸਦੇ ਪਿਤਾ ਸਕੂਲ ਪਾਲੀ ਨੂੰ ਲੈਣ ਆਉਂਦੇ ਹਨ ਤਾਂ ਅਧਿਆਪਕ ਪਾਲੀ ਦੀ ਕਾਪੀ ਉਸਦੇ ਪਿਤਾ ਦੇ ਹੱਥ ਚ ਫੜਾਉਂਦੇ ਹੋਏ ਕਹਿੰਦੇ ਤੁਸੀਂ ਬੱਚੀ ਨੂੰ ਅਸਲੀਅਤ ਦੱਸ ਕਿਉਂ ਨਹੀਂ ਦਿੰਦੇ । ਪਾਲੀ ਦਾ ਪਿਤਾ ਕਦੀ ਪਾਲੀ ਵੱਲ ਤੇ ਕਦੀ ਕਾਪੀ ਵੱਲ ਵੇਖਦੇ ਹਨ।
– ਗਗਨਪ੍ਰੀਤ ਸੱਪਲ ਸੰਗਰੂਰ ਪਿੰਡ ਘਾਬਦਾਂ