ਮੈਂ ਹਾਲੇ ਆਪਣੀ ਬਾਰਵੀਂ ਦੀ ਪੜਾਈ ਪੂਰੀ ਕਰਕੇ ਬੀ ਏ ਫਸਟ ਇਅਰ ਚ ਦਾਖਲਾ ਹੀ ਲਿਆ ਸੀ। ਕਿ ਡੈਡੀ ਜੀ ਤੇ ਹੋਰ ਰਿਸ਼ਤੇਦਾਰ ਮੁੰਡਾ ਦੇਖਣ ਚਲੇ ਗਏ, ਰਿਸ਼ਤੇਦਾਰੀ ਦੀ ਕਿਸੇ ਹੋਰ ਕੁੜੀ ਲਈ, ਮੁੰਡਾ ਫੌਜੀ ਸੀ ਪਰ ਉਹ ਕੁੜੀ ਘੱਟ ਪੜੀ-ਲਿਖੀ ਸੀ।ਇਸ ਕਰਕੇ ਓਹਨਾਂ ਦੀ ਗੱਲ ਨਹੀ ਬਣੀ, ਡੈਡੀ ਕਹਿੰਦੇ ਚਲੋ ਕੋਈ ਨਾ ਆਪਾਂ ਆਪਣੀ ਰਣਜੋਤ ਦਾ ਰਿਸ਼ਤਾ ਕਰ ਦਿੰਦੇ ਆ ਸੁੱਖ ਨਾਲ ਮੁੰਡਾ ਸਰਕਾਰੀ ਨੌਕਰੀ ਕਰਦਾ ਉਮਰ-ਭਰ ਦੀਆਂ ਰੋਟੀਆਂ ਨੇ ਕੁੜੀ ਲਈ। ਮੈਂ ਬਹੁਤ ਮਨਾਂ ਕੀਤਾ ਕਿ ਡੈਡੀ ਜੀ ਮੈਂ ਤਾਂ ਪੜਨਾਂ ਹਾਲੇ ਫੇਰ ਕੋਈ ਵਧੀਆ ਜੌਬ ਕਰੂੰਗੀ ਫੇਰ ਸੋਚਾਂਗੇ ਵਿਆਹ ਦਾ ਓਹ ਤਾਂ ਹੋ ਹੀ ਜਾਣਾ। ਪਰ ਡੈਡੀ ਨਹੀਂ ਮੰਨੇ, ਘਰ ਓਹਦੀ ਫੋਟੋ ਆਈ ਸਾਨੂੰ ਕਿਸੇ ਨੂੰ ਵੀ ਪਸੰਦ ਨਹੀ ਆਇਆ ਸਿਰਫ ਡੈਡੀ ਨੂੰ ਪਸੰਦ ਸੀ। ਫੇਰ ਦੇਖ-ਦਿਖਾਈ ਹੋਈ ਮੈਂ ਤਾਂ ਪੂਰੀ ਤਰਾਂ ਟੁੱਟ ਗਈ ਓਹਨੂੰ ਦੇਖ ਕੇ ਮੈਨੂੰ ਸੱਚੀ ਪਸੰਦ ਨਹੀ ਸੀ ਓਹ। ਉਸੇ ਦਿਨ ਸਾਡਾ ਸ਼ਗਨ ਹੋ ਗਿਆ। ਕਿੱਥੇ ਤਾਂ ਕੁੜੀਆਂ ਨੂੰ ਇੰਨਾਂ ਚਾਅ ਹੁੰਦਾ ਇਹ ਦਿਨ ਦਾ ਤੇ ਮੈਂ ਬੱਸ ਆਪਣੇ ਡੈਡੀ ਜੀ ਦੀ ਓਹਨਾਂ ਨੂੰ ਦਿੱਤੀ ਜ਼ੁਬਾਨ ਕਰਕੇ ਬੇਬੱਸ ਹੋਈ ਬੈਠੀ ਰਹੀ।ਇੱਕ ਮਹੀਨੇ ਬਾਅਦ ਸਾਡਾ ਵਿਆਹ ਹੋ ਗਿਆ। ਵਿੱਚੇ ਮੇਰੀ ਬੀ ਏ ਰੁਲ ਗਈ ਤੇ ਵਿੱਚੇ ਸਾਰੇ ਅਰਮਾਨ। ਮੈਂਨੂੰ ਉਹ ਲੁੱਕ ਵਾਈਜ ਵਧੀਆ ਨਹੀ ਲੱਗਿਆ ਸੀ ਪਰ ਜਦੋਂ ਵਿਆਹ ਕੇ ਓਹਨਾਂ ਘਰ ਗਈ ਤਾਂ ਪਤਾ ਲੱਗਿਆ ਕਿ ਓਹ ਤਾਂ ਸੋਚ ਦਾ ਵੀ ਬਹੁਤ ਘਟੀਆ ਨਿੱਕਲਿਆ। ਵਿਆਹ ਵਾਲੇ ਦਿਨ ਹੀ ਘਰ ਚ ਐਨਾਂ ਲੜਾਈ-ਝਗੜਾ ਪੂਰਾ ਡਰਾਮਾ ਚੱਲਿਆ।ਮੇਰੇ ਡੈਡੀ ਨੇ ਮੈਨੂੰ ਬਹੁਤ ਜਿਆਦਾ ਸਾਮਾਨ ਦਿੱਤਾ ਸਭ ਕੁਝ ਉਸ ਸਾਈਕੋ ਦੀ ਪਸੰਦ ਦਾ। ਹਾਂ ਮੈਂ ਤਾਂ ਓਹਨੂੰ ਸਾਈਕੋ ਦਾ ਨਾਮ ਹੀ ਦੇਵਾਂਗੀ ਉਹ ਹਰਕਤਾਂ ਹੀ ਕੁੱਝ ਇਸ ਤਰਾਂ ਦੀਆਂ ਕਰਦਾ ਸੀ ਤੇ ਹੈ। ਇੱਕ ਸਾਲ ਦੇ ਵਿੱਚ ਮੇਰੇ ਕੋਲ ਬੇਟਾ ਵੀ ਹੋ ਗਿਆ। ਓਹ ਤਾਂ ਜਿੱਦਾਂ ਦਾ ਹੈ ਤੇ ਹੈ ਓਹਦੀ ਫੈਮਿਲੀ ਹੇ ਵਾਹਿਗੁਰੂ ਜੀ। ਘਰ ਦੇ ਇੱਕ-ਇੱਕ ਮੈਂਬਰ ਨੇ ਚੰਗੇ ਇਮਤਿਹਾਨ ਲਏ ਮੇਰੇ।ਮੈਂ ਸੱਤ ਸਾਲ ਸਾਰੇ ਪਰਿਵਾਰ ਨਾਲ ਰਹੀ ਤੇ ਉਹ ਸਮਾਂ ਮੈਂ ਮਰ-ਮਰ ਕੇ ਕੱਢਿਆ। ਫੇਰ ਜਦੋਂ ਬਰਦਾਸ਼ਤ ਦੀ ਹੱਦ ਹੋ ਗਈ ਤਾਂ ਮੇਰੇ ਮੰਮੀ-ਡੈਡੀ ਨੇ ਮੈਂਨੂੰ ਕਿਹਾ ਕਿ ਪੁੱਤ ਜੇ ਤੂੰ ਤਲਾਕ ਲੈਣਾ ਚਾਹੁੰਦੀ ਹੈਂ ਤਾਂ ਅਸੀਂ ਤੇਰੇ ਨਾਲ ਹਾਂ। ਮੈਨੁੰ ਲੱਗਿਆ ਹੁਣ ਬਹੁਤ ਦੇਰ ਹੋ ਗਈ ਏ ਤਾਂ ਮੈਂ ਮੇਰੇ ਮਾਂ-ਪਿਓ ਨੂੰ ਕਿਹਾ ਜੇ ਤੁਸੀਂ ਮੇਰੀ ਮੱਦਦ ਕਰਨਾ ਚਾਹੁੰਦੇ ਹੋ ਤਾਂ ਪਲੀਜ਼ ਮੈਂਨੂੰ ਅਲੱਗ ਘਰ ਲੈ ਦਿਓ ਤੇ ਓਹਨਾਂ ਨੇ ਮੈਨੂੰ ਸ਼ਹਿਰ ਚ ਘਰ ਲੈ ਦਿੱਤਾ।ਮੈਂ ਤੇ ਮੇਰਾ ਬੇਟਾ ਅਸੀਂ ਦੋਨੋਂ ਇੱਥੇ ਰਹਿੰਦੇ ਹਾਂ ਓਹ ਸਾਈਕੋ ਦੋ-ਚਾਰ ਮਹੀਨਿਆਂ ਤੋਂ ਛੁੱਟੀ ਆਉਂਦਾ ਫੇਰ ਆਕੇ ਮੇਰੇ ਚਰਿੱਤਰ ਤੇ ਉਂਗਲਾਂ ਚੁੱਕਦਾ ਨੱਕ ਚ ਦਮ ਕਰਕੇ ਰੱਖਦਾ। ਮੈਂ ਘਰੋਂ ਬਾਹਰ ਕੋਈ ਘਰਦਾ ਕੰਮ ਕਰਨ ਜਾਣਾ ਤਾਂ ਓਹਨੂੰ ਪਰੌਬਲਮ ਮੈਂ ਬਲੈਕ ਸੂਟ ਪਾ ਲਿਆ ਤਾਂ ਦਿੱਕਤ। ਤੂੰ ਜਿਨਸ ਪੈਂਟ ਕਿਓਂ ਪਾਉਨੀ ਆਂ,ਤੂੰ ਸਕੂਟੀ ਤੇ ਕਿੱਥੇ ਗਈ ਸੀ ਵਗੈਰਾ-ਵਗੈਰਾ। ਇੱਕ ਇਨਸਾਨ ਕਿੱਥੇ-ਕਿੱਥੇ ਸਫਾਈਆਂ ਦੇਵੇ। ਹੁਣ ਮੈਂ ਕੋਸ਼ਿਸ਼ ਕਰਦੀ ਆਂ ਕਿ ਆਪਣੀ ਪੜਾਈ ਦੁਵਾਰਾ ਜਾਰੀ ਕਰਾਂ ਪਰ ਓਹ ਮੈਂਨੂੰ ਪੜਨ ਵੀ ਨਹੀ ਦਿੰਦਾ ਓਹਨੂੰ ਵਹਿਮ ਆਂ ਕਿ ਜੇ ਰਣਜੋਤ ਪੜ-ਲਿਖ ਕੇ ਕਿਤੇ ਜੌਬ ਲੱਗ ਗਈ ਤਾਂ ਮੈਂਨੂੰ ਛੱਡ ਕੇ ਚਲੀ ਜਾਊਗੀ।ਪਰ ਹੁਣ ਕਿੱਥੇ ਜਾਣਾ ਮੈਂ। ਮੈਂਨੂੰ ਡੈਡੀ ਜੀ ਨਾਲ ਸਾਰੀ ਉਮਰ ਸ਼ਿਕਵਾ ਰਹਿਣਾ ਕਿ ਉਨਾਂ ਕਰਕੇ ਮੇਰੀ ਜ਼ਿੰਦਗੀ ਖਰਾਬ ਹੋਈ। ਪਤਾ ਨਹੀਂ ਉਹਨਾਂ ਨੇ ਐਨੀ ਕਾਹਲੀ ਕਿਉਂ ਕੀਤੀ ਮੇਰਾ ਵਿਆਹ ਕਰਨ ਲਈ ਨਾ ਮੈਂ ਕਦੇ ਕੋਈ ਉਲਾਮਾਂ ਲਿਆਦਾਂ ਨਾ ਕਦੇ ਬਹੁਤਾ ਬਾਹਰ ਗਈ ਕੋਈ ਗੁਸਤਾਖੀ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਦੇ।ਸ਼ਾਇਦ ਜ਼ਮਾਨੇ ਨੂੰ ਦੇਖ ਕੇ ਡੈਡੀ ਨੇ ਇਹ ਫੈਸਲਾ ਲਿਆ ਹੋਵੇ ਪਰ ਲੋਕਾਂ ਦੀਆਂ ਗਲਤੀਆਂ ਦੀ ਸਜਾ ਮੈਂਨੂੰ ਕਿਓਂ? ਕੁੱਝ ਕੁ ਗਲਤ ਲੋਕਾਂ ਕਰਕੇ ਕੁੱਝ ਮਸੂਮ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਵੀ ਖਿਲਵਾੜ ਹੋ ਜਾਂਦਾ ਮੇਰੀ ਤਰਾਂ।