ਨੀ ਪ੍ਰੀਤ ,ਨੀ ਪ੍ਰੀਤ…….. ਕਾਫ਼ੀ ਸਮਾਂ ਉਡੀਕ ਕੇ ਦਲੀਪ ਕੁਰ ਨੇ ਆਪਣੀ ਨੂੰਹ ਨੂੰ ਹਲੂਣਦਿਆਂ ਕਿਹਾ ,
ਹਾਂ ਬੇਜ਼ੀ… ਪ੍ਰੀਤ ਜਿਵੇਂ ਕਿਸੇ ਸੁਪਨੇ ਵਿਚੋਂ ਜਾਗੀ ਹੋਵੇ।
ਕੁੜੇ ਕਿੱਥੇ ਗੁਵਾਚੀ ਏ, ਮੈਂ ਕਦੋਂ ਦੀ ਖੜ੍ਹੀ ਤੇਰੇ ਵੰਨੀ ਝਾਕੀ ਜਾਨੀ ਹਾਂ ….. ਦਲੀਪ ਕੁਰ ਬੋਲੀ।
ਬੇਜ਼ੀ, ਮੈਨੂੰ ਪਤਾ ਨਹੀਂ ਲੱਗਿਆਂ।
ਕੁੜੇ…. ਚਾਹ ਨਹੀ ਬਣੀ, ਛੇਤੀ ਕਰ , ਉਹ ਕਾਹਲ ਕਰੀ ਜਾਂਦੇ, ਉਨ੍ਹਾਂ ਨੇ ਜਾਣਾ ਐ। ਨਾਲੇ ਉਨ੍ਹਾਂ ਨੂੰ ਤੋਰ ਕੇ ਤੂੰ ਵੀ ਛੇਤੀ ਤਿਆਰ ਹੋ ਜਾਂ… ਦਲੀਪ ਕੁਰ ਨੇ ਸਾਰੀਆਂ ਗੱਲਾਂ ਇੱਕ ਵਾਰੀ ਵਿਚ ਹੀ ਕਹਿ ਦਿੱਤੀਆਂ।
ਬੇਜ਼ੀ ….. ਇੱਕ ਵਾਰੀ। ਹੋਰ ਸੋਚ ਲਓ।
ਨੀ, ਕਿੰਨਾ ਕੁ ਸੋਚ ਲਈਏ, ਸੋਚਦਿਆਂ ਸੋਚਦਿਆਂ ਤਿੰਨ ਪੱਥਰ ਜੰਮ ਧਰੇ , ਇਸ ਵਾਰ ਨਈਂ ਤਾਂ ਨਈਂ… ਹੁਣ ਹੋਰ ਮੈਂ ਆਪਣੇ ਪੁੱਤ ਤੇ ਬੋਝ ਨਈਂ ਪਾਉਣਾ..…ਦਲੀਪ ਕੁਰ ਬੋਲੀ।
ਨਾਲੇ ਗੱਲ ਸੁਣ… ਅੱਜ ਸਗਨਾਂ ਸਾਰਥਾਂ ਦੇ ਦਿਨ ਰੱਫੜ ਨਾ ਪਾ ਕੇ ਬਹਿ… ਜੋ ਮੈਂ ਕਹਿ ਤਾ ਉਹੀ ਹੋਣਾ। ਏਂਵੇ ਖੁਸ਼ੀਆਂ ਦੇ ਦਿਨ ਨੂੰ ਬਦਸ਼ਗਨੀਆਂ ਕਰਕੇ ਖ਼ਰਾਬ ਨਾ ਕਰ। ਮੇਰੀ ਧੀ ਘਰ ਮਸਾ ਲੱਛਮੀ ਆਈ।
ਪਰ ਬੇਜ਼ੀ …..ਹੁਣ ਸਮਾਂ ਕਿੰਨਾ ਬਦਲ ਗਿਆ। ਕੁੜੀ ਮੁੰਡੇ ਵਿੱਚ ਕੋਈ ਫਰਕ ਨਹੀਂ । ਮੁੰਡੇ ਕਿੰਨੀ ਵਾਰੀ ਆਪਾਂ ਨਸ਼ੇ ਨਾਲ ਮਰਦੇ ਵੇਖੇ ਅਤੇ ਕੁੜੀਆਂ ਕਿੰਨੀ ਵਾਰੀ ਅੱਗੇ ਨਿਕਲਦੀਆਂ ਵੇਖੀਆਂ । ਪ੍ਰੀਤ ਆਪਣੀ ਆਖ਼ਰੀ ਕੋਸ਼ਿਸ਼ ਕਰਨਾ ਚਾਹੁੰਦੀ ਸੀ ..ਨਾਲੇ ਭੈਣ ਜੀ ਘਰ ਵੀ ਤਾਂ ਲੱਛਮੀ ਆਈ ਹੈ।
” ਨੀ ਤੂੰ ਉਹਦੀਆਂ ਰੀਸਾਂ ਕਰਦੀ ਹੈ , ਮੈਂ ਕਿਹਾ ਨਾ , “ਨਹੀਂ ਤਾਂ ਬਸ ਨਹੀਂ , ਜੇ ਇਥੇ ਰਹਿਣਾ ਤਾਂ ਮੇਰੇ ਮੁਤਾਬਿਕ ਚੱਲਣਾ ਪਊ ।”
ਇੰਨਾ ਕਹਿ ਕੇ ਦਲੀਪ ਕੌਰ ਨੇ ਚਾਹ ਦੀ ਟ੍ਰੇ ਚੱਕੀ ਅਤੇ ਮੂੰਹ ਤੇ ਝੂਠੀ ਮੁਸਕਾਨ ਲਿਆਉਂਦੀ ਹੋਈ ਉਸ ਕਮਰੇ ਵੱਲ ਚੱਲ ਪਈ ,ਜਿੱਥੇ ਉਸਦੀ ਧੀ ਦੇ ਸਹੁਰੇ ਉਸਦੀ ਧੀ ਦੇ ਘਰ ਹੋਈ ਕੁੜੀ ਨੂੰ ਦੇਖਣ ਆਏ ਹਨ ।
ਪ੍ਰੀਤ ਆਪਣੀ ਸੱਸ ਤੇ ਰੂੜੀਵਾਦੀ ਵਿਚਾਰਾਂ ਅੱਗੇ ਹਾਰ ਗਈ। ਤੇ ਅੱਖਾਂ ਭਰ ਕੇ ਪ੍ਰਮਾਤਮਾ ਅੱਗੇ ਅਰਦਾਸ ਕਰਨ ਲੱਗੀ ਕਿ , ਹੇ ਵਾਹਿਗੁਰੂ , ਇਸ ਲਛਮੀ ਨੂੰ ਅੱਗੇ ਜਾ ਕੇ ਪੱਥਰ ਨਾ ਬਣਨ ਦੇਈ।
ਰਮਨਦੀਪ ਕੌਰ