#ਜਵਾਂ_ਅਮਰੀਕਾ_ਵਰਗੇ।
ਕੱਲ੍ਹ ਹੀ ਫਬ ਤੇ ਪੜ੍ਹਿਆ ਸੀ ਕਿ ਅਸੀਂ ਭਾਰਤ ਵਿੱਚ ਤਿੰਨ ਟਾਈਮ ਖਾਣਾ ਬਣਾਉਂਦੇ ਹਾਂ। ਸਵੇਰੇ ਨਾਸ਼ਤਾ ਦੁਪਹਿਰੇ ਲੰਚ ਤੇ ਸ਼ਾਮੀ ਡਿਨਰ। ਪਰ ਅਮਰੀਕਾ ਵਿੱਚ ਲੋਕ ਹਫਤੇ ਵਿੱਚ ਦੋ ਵਾਰ ਹੀ ਖਾਣਾ ਬਣਾਉਂਦੇ ਹਨ। ਫਿਰ ਫਰਿੱਜ ਤੇ ਮੈਕਰੋਵੇਵ ਦੀ ਸਹਾਇਤਾ ਨਾਲ ਕਈ ਦਿਨਾਂ ਤੱਕ ਖਾਂਦੇ ਹਨ। ਪਿੰਡਾਂ ਵਿੱਚ ਨਾਸ਼ਤਾ ਨਹੀਂ ਸੀ ਬਣਦਾ ਸਵੇਰੇ ਸਿੱਧਾ ਖਾਣਾ ਹੀ ਬਣਦਾ ਸੀ। ਦੁਪਹਿਰ ਦੀ ਚਾਹ ਨਾਲ ਠੰਢੀਆਂ ਰੋਟੀਆਂ ਖਾਣ ਨੂੰ ਦੁਪਹਿਰੀਆ ਕਿਹਾ ਜਾਂਦਾ ਸੀ। ਉਂਜ ਰਾਤ ਦੀਆਂ ਬਚੀਆਂ ਰੋਟੀਆਂ ਤੇ ਲੂਣ ਭੁੱਕਕੇ ਯ ਅਚਾਰ ਨਾਲ ਖਾਣ ਨੂੰ ਵੀ ਨਾਸ਼ਤੇ ਦੀ ਕੈਟਾਗਿਰੀ ਵਿੱਚ ਰੱਖਿਆ ਜਾਂਦਾ ਸੀ। ਨਾਸ਼ਤਾ ਤੇ ਦੁਪਹਿਰ ਦੀ ਰੋਟੀ ਕੰਮ ਤੇ ਜਾਣ ਵਾਲਿਆਂ ਤੇ ਮੰਨਸਰ ਕਰਦੀ ਸੀ। ਕਾਫੀ ਸਮਾਂ ਸਾਡੇ ਘਰ ਵੀ ਤਿੰਨ ਟਾਈਮ ਤਵਾ ਤਪਦਾ ਰਿਹਾ। ਪਰ ਦੁਪਹਿਰ ਦੀ ਰੋਟੀ ਖਿਸਕਦੀ ਖਿਸਕਦੀ ਤਿੰਨ ਚਾਰ ਵਜੇ ਤੇ ਪਹੁੰਚ ਗਈ ਤੇ ਰਾਤ ਵਾਲੀ ਰੋਟੀ ਅੱਠ ਵਜੇ ਤੋਂ ਚੱਲੀ ਦਸ ਗਿਆਰਾਂ ਵਜੇ ਤੇ ਪਹੁੰਚ ਗਈ। ਕਾਰਣ ਕੁਝ ਵੀ ਨਹੀਂ। ਵੇਲੇ ਦੀ ਤਬਦੀਲੀ ਸੀ। ਭਲੇ ਵੇਲਿਆਂ ਵਿੱਚ ਭਾਂਡੇ ਮਾਂਜਣੇ, ਕਪੜੇ ਧੋਣੇ, ਪ੍ਰੈਸ ਕਰਨੇ, ਪੋਚੇ ਲਾਉਣੇ, ਡਸਟਿੰਗ ਕਰਨੀ, ਰੋਟੀ ਪਕਾਉਣੀ ਅਤੇ ਬਾਕੀ ਦੇ ਸਾਰੇ ਨਿੱਕ ਸੁੱਕ ਕੰਮ ਮਾਤਾ ਤੇ ਉਸ ਦੀਆਂ ਨੂੰਹਾਂ ਆਪੇ ਕਰਿਆ ਕਰਦੀਆਂ ਸਨ। ਹੋਲੀ ਹੋਲੀ ਘਰੇ ਦੇ ਕੰਮਾਂ ਵਿੱਚ ਵਿਦੇਸ਼ੀ ਕੰਪਨੀਆਂ ਵਾਂਗੂ ਬਾਹਰਲਿਆਂ ਦੀ ਇੰਟਰੀ ਹੋਣੀ ਸ਼ੁਰੂ ਹੋ ਗਈ। ਪਹਿਲਾਂ ਕਪੜੇ ਧੋਣ ਵਾਲ਼ੀ ਰੱਖੀ ਫਿਰ ਪੋਚੇ ਤੇ ਸਫ਼ਾਈਆਂ ਵਾਲੀ ਨੇ ਆਪਣਾ ਚਾਰਜ ਸੰਭਾਲ ਲਿਆ। ਫਿਰ ਹੋਲੀ ਹੋਲੀ ਕਪੜੇ ਪ੍ਰੈਸ ਕਰਨ ਵਾਲਾ ਵੀ ਗੇੜੇ ਮਾਰਦਾ ਮਾਰਦਾ ਆਪਣੇ ਮਿਸ਼ਨ ਵਿੱਚ ਸਫਲ ਹੋ ਗਿਆ। ਸਟੀਲ ਤੇ ਚੀਨੀ ਦੇ ਭਾਂਡੇ ਆਉਣ ਨਾਲ ਮਾਂਜਣ ਦਾ ਕੰਮ ਤਾਂ ਮੁੱਕ ਹੀ ਗਿਆ ਸੀ ਬਸ ਫਿਰ ਵਿਮ ਬਾਰ ਘਸਾਉਣੀ ਵੀ ਔਖੀ ਹੋ ਗਈ। ਜਦੋਂ ਕੋਈਂ ਤੁਹਾਡੀ ਰਸੋਈ ਵਿੱਚ ਵੜ੍ਹ ਹੀ ਗਿਆ ਤਾਂ ਹੋਲੀ ਹੋਲੀ ਚੁੱਲ੍ਹਾ ਚੌਂਕਾ ਵੀ ਤੁਹਾਡੇ ਹੱਥੋਂ ਗਿਆ। ਬਹੁਤੇ ਘਰਾਂ ਨਾਲ ਇੰਜ ਹੀ ਹੋਇਆ। ਗੋਡੇ ਗਿੱਟਿਆਂ ਦੇ ਦਰਦ ਨੇ ਇੰਨਾ ਬੇਹਾਲ ਕੀਤਾ ਕਿ ਘਰ ਦਾ ਤਵਾ ਤੇ ਚਕਲਾ ਬੇਲਣਾ ਵੀ ਹੱਥੋਂ ਗਏ। ਹੁਣ ਖਾਣ ਪੀਣ ਨੂੰ ਵੀ ਮੁਥਾਜ ਹੋ ਗਏ। ਪ੍ਰਵੀਨ, ਸੋਨੀਆ ਤੇ ਵਨੀਤਾ ਦੀਆਂ ਪੱਕੀਆਂ ਨਸੀਬਾਂ ਵਿੱਚ ਲਿਖੀਆਂ ਗਈਆਂ। ਗੱਲ ਇਥੇ ਵੀ ਖਤਮ ਨਹੀਂ ਹੋਈ। ਗੋਡੇ ਗਿੱਟੇ ਆਪਣਾ ਰੋਣਾ ਉਸੇ ਤਰਾਂ ਹੀ ਰੋਂਦੇ ਰਹੇ ਤੇ ਲੱਤਾਂ ਨੇ ਝਰਨ ਝਰਨ ਕਰਨਾ ਬੰਦ ਨਹੀਂ ਕੀਤਾ।
ਜਦੋਂ ਰਸੋਈ ਤੇ ਵਿਦੇਸ਼ੀ ਕਬਜ਼ਾ ਹੋ ਗਿਆ ਯ ਅਸੀਂ ਆਪਣੀਆਂ ਰਸੋਈਆਂ ਖੁਦ ਵਿਦੇਸ਼ੀਆਂ ਭਾਵ ਬਾਹਰਲਿਆਂ ਨੂੰ ਸੌਂਪ ਦਿੱਤੀਆਂ ਤਾਂ ਅਸੀਂ ਵੀ ਅਮਰੀਕਾ ਵਾਲਿਆਂ ਵਾੰਗੂ ਮਾਇਕਰੋਵੇਵ ਅਤੇ ਫਰਿੱਜ ਨਾਲ ਬੰਨੇ ਗਏ। ਓਹਨਾ ਨੇ ਸਵੇਰੇ ਅੱਠ ਵਜੇ ਆਕੇ ਸਾਡੀਆਂ ਗਿਣਵੀਆਂ ਰੋਟੀਆਂ ਪਕਾਉਣੀਆਂ ਹੁੰਦੀਆਂ ਹਨ ਤੇ ਫਟਾਫਟ ਬਿਨਾਂ ਨਮਕ ਮਿਰਚ ਮਸਾਲਾ ਚੈੱਕ ਕੀਤੇ ਸਬਜ਼ੀ ਬਣਾਕੇ ਰੱਖਣੀ ਹੁੰਦੀ ਹੈ। “ਮੈਂ ਜਾ ਰਹੀ ਹੂੰ।” ਕਹਿਕੇ ਅਗਲੇ ਘਰ ਦਾ ਚੁੱਲ੍ਹਾ ਤਪਾਉਣਾ ਹੁੰਦਾ ਹੈ। ਇਸੇ ਤਰਾਂ ਸ਼ਾਮ ਨੂੰ ਛੇ ਵਜੇ ਤੋੰ ਸ਼ੁਰੂ ਕਰਕੇ ਕਈਆਂ ਦੀ ਖੁਰਲੀ ਤਿਆਰ ਕਰਨੀ ਹੁੰਦੀ ਹੈ। ਕੋਈਂ ਨੋ ਵਜੇ ਖਾਵੇ ਯ ਗਿਆਰਾਂ ਵਜੇ। ਉਹਨਾਂ ਨੂੰ ਕਿਸੇ ਦੀ ਬਿਮਾਰੀ ਭੁੱਖ ਤਬੀਅਤ ਮੂਡ ਨਾਲ ਕੋਈਂ ਮਤਲਬ ਨਹੀ ਹੁੰਦਾ। ਕਿਉਂਕਿ ਉਥੇ ਮੋਂਹ ਮਮਤਾ ਨਹੀਂ ਮਹੀਨੇ ਦੇ ਬੱਝਵੇ ਪੈਸੇ ਬੋਲਦੇ ਹਨ। “ਜੈਸਾ ਖਾਈਏ ਅੰਨ ਵੈਸਾ ਹੋਵੇ ਮਨ” ਅਨੁਸਾਰ ਰੋਟੀ ਖਾਣਾ ਵੀ ਇੱਕ ਫਾਰਮੇਲਟੀ ਬਣ ਗਿਆ। ਮੋਂਹ ਤੇ ਸ਼ਰਧਾ ਰਸੋਈ ਤੋਂ ਗਾਇਬ ਹੋ ਗਈ। ਪਰ ਬਿਮਾਰੀਆਂ ਦੁੱਖਾਂ ਤੇ ਦਰਦਾਂ ਨੇ ਪਿੱਛਾ ਨਹੀਂ ਛੱਡਿਆ। ਹੋਲੀ ਹੋਲੀ ਮਾਲਿਸ਼ ਵਾਲੀ ਵੀ ਰੈਗੂਲਰ ਹੋ ਗਈ। ਖਾਣੇ ਦਾ ਸਿਸਟਮ ਜਰੂਰ ਬਦਲਿਆ। ਪਰ ਕਹਿੰਦੇ ਅਮਰੀਕਾ ਵਿੱਚ ਮੇਡ ਨਹੀਂ ਮਿਲਦੀ ਪਰ ਮਸ਼ੀਨਾਂ ਮਿਲ ਜਾਂਦੀਆਂ ਹਨ।
ਹੋ ਗਿਆ ਨਾ ਅਮਰੀਕਾ ਵਾਲਾ ਹਾਲ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ