ਇਹ ਅਪ੍ਰੈਲ ਦੇ ਸ਼ੁਰੂ ਵਿਚ ਮੈਕਸੀਕੋ ਵੱਲੋਂ ਏਧਰ ਆਉਂਦਾ..ਗਰਮੀਆਂ ਕੱਟਣ..ਜੋੜੇ ਪਿੱਛੋਂ ਹੀ ਬਣੇ ਹੁੰਦੇ..ਏਧਰ ਆ ਕੇ ਖਿੱਲਰ ਪੁੱਲਰ ਜਾਂਦੇ..ਆਂਡੇ ਦਿੰਦੇ..ਫੇਰ ਬੋਟ ਦਿੰਨਾ ਵਿਚ ਹੀ ਵੱਡੇ ਹੋ ਜਾਂਦੇ..!
ਹੁਣ ਠੰਡ ਦੀ ਸ਼ੁਰੂਆਤ..ਵਾਪਿਸ ਗਰਮ ਇਲਾਕੇ ਵਿਚ ਪਰਤਣਾ..ਇੱਕ ਇੱਕ ਜੋੜੇ ਦੇ ਅੱਠ ਅੱਠ ਦਸ ਦਸ ਬੱਚੇ..ਹੁਣ ਪੂਰੇ ਜਵਾਨ ਹੋ ਗਏ..!
ਕੱਲ ਢਲਦੇ ਸੂਰਜ ਦੀ ਲਾਲੀ ਵਿਚ ਅੰਬਰਾਂ ਤੇ ਪੂਰੀ ਰੌਣਕ ਸੀ..ਨਾਲੇ ਰੌਲਾ ਪਾਈ ਜਾਣ ਤੇ ਨਾਲੇ ਝੁੰਡਾਂ ਵਿਚ ਚੱਕਰ ਜਿਹੇ ਕੱਟੀ ਜਾਣ..!
ਮੈਂ ਵੀ ਵੇਖੀ ਜਾਵਾਂ ਤੇ ਸੈਰ ਕਰਦੀ ਇੱਕ ਗੋਰੀ ਵੀ..ਦੱਸਣ ਲੱਗੀ ਹੁਣ ਜਵਾਨ ਹੋ ਗਏ ਵਾਪਿਸ ਖੜਨੇ ਨੇ ਤੇ ਹਜਾਰਾਂ ਕਿਲੋਮੀਟਰ ਲੰਮੀ ਉਡਾਣ ਵੀ ਭਰਨੀ..ਉੱਡਣ ਦੇ ਗੁਰ ਸਿਖਾ ਰਹੇ..ਦਮ ਪੱਕਿਆ ਕਰ ਰਹੇ..ਕਿਸ ਲੈਅ ਵਿਚ ਅਤੇ ਕਿਸ ਤਰਤੀਬ ਵਿਚ ਉੱਡਣਾ..ਰਾਤ ਕਿਥੇ ਕੱਟਣੀ..ਬਿਪਤਾ ਆਣ ਪਵੇ ਤਾਂ ਕੀ ਕਰਨਾ..ਸਭ ਕੁਝ ਆਪਣੀ ਬੋਲੀ ਵਿਚ ਦੱਸ ਰਹੇ ਨੇ..!
ਮੈਂ ਹੈਰਾਨ ਸਾਂ ਕੇ ਨਾ ਤੇ ਕੋਈ ਐਪ..ਨਾ ਕੋਈ ਲੈਪਟੋਪ ਤੇ ਨਾ ਹੀ ਕੋਈ ਹੈਲਪਲਾਈਨ..ਤਾਂ ਵੀ ਏਨੀ ਸਟੀਕ ਸੋਝੀ..ਏਨਾ ਡਿਸਿਪਲਿਨ..ਕੋਈ ਨਾ ਕੋਈ ਤਾਕਤ ਤੇ ਜਰੂਰ ਹੈ ਜਿਸਦੀ ਦੇਖ ਰੇਖ ਵਿਚ ਇਹ ਸਭ ਕੁਝ ਹੋ ਰਿਹਾ..!
ਫੇਰ ਓਧਰੋਂ ਏਧਰ ਹਜਾਰਾਂ ਕਿਲੋਮੀਟਰ ਦੂਰ ਜਹਾਜਾਂ ਤੇ ਆਉਂਦੇ ਕਿੰਨੇ ਸਾਰੇ ਧੀ ਪੁੱਤ ਚੇਤੇ ਆ ਗਏ..ਇਥੇ ਅੱਪੜ ਨਵੇਂ ਮਾਹੌਲ ਵਿਚ ਵਿੱਚਰਨਾ ਕਿੱਦਾਂ?..ਕਿਸ ਲੈ ਤਰਤੀਬ ਨਾਲ ਜਿੰਦਗੀ ਕੱਟਣੀ ਏ?..ਕੋਈ ਔਕੜ ਆਣ ਪਵੇ ਤਾਂ ਕੀ ਕਰਨਾ?
ਏਨੀ ਕੂ ਟਰੇਨਿੰਗ ਤਾਂ ਇਹਨਾਂ ਨੂੰ ਵੀ ਦੇਣੀ ਬਣਦੀ ਹੀ ਹੈ..ਕਿਓੰਕੇ ਜੇ ਅਸਮਾਨੋਂ ਭੁੰਝੇ ਡਿੱਗੇ ਦੀ ਬਚਣ ਦੀ ਸੰਭਾਵਨਾ ਨਾਮਾਤਰ ਏ ਤਾਂ ਫੇਰ ਕਈ ਵੇਰ ਭੋਏਂ ਤੇ ਤੁਰੇ ਜਾਂਦੇ ਵੀ ਲੱਗ ਜਾਂਦੇ ਸਧਾਰਨ ਠੇਡੇ ਵੀ ਅਕਸਰ ਹੀ ਮਾਰੂ ਸਾਬਿਤ ਹੁੰਦੇ ਖੁਦ ਅੱਖਾਂ ਨਾਲ ਵੇਖੇ!
ਹਰਪ੍ਰੀਤ ਸਿੰਘ ਜਵੰਦਾ