ਘੰਟੀ ਵੱਜੀ! ਬਾਹਰ ਬੱਗਾ ਪੇਂਟਰ ਖੜ੍ਹਾ ਸੀ।ਕੱਦ ਮਸਾਂ ਹੀ ਪੰਜ ਫੁੱਟ ਤੇ ਭਾਰ ਚਾਲੀ ਕਿਲੋ।ਬੱਗੇ ਨੇ ਮੇਰਾ ਹਾਲ-ਚਾਲ ਪੁੱਛਿਆ।ਆਪਣੇ ਪਰਿਵਾਰ ਬਾਰੇ ਗੱਲਾਂ ਕਰਦਾ ਰਿਹਾ।ਫੇਰ ਉਸਨੇ ਜਾਣ ਲਈ ਸਾਇਕਲ ਦੇ ਹੈਂਡਲ ਨੂੰ ਹੱਥ ਪਾ ਲਿਆ। ਮੈਂ ਦਰਵਾਜੇ ਵੱਲ ਨੂੰ ਹੋ ਗਿਆ, ਪਰ ਉਸਨੇ ਫੇਰ ਸਾਇਕਲ ਸਟੈਂਡ ਉੱਤੇ ਲਾ ਲਿਆ “ਅੰਕਲ ਜੀ ਪੰਜ ਕੁ ਸੌ ਰੁਪਈਆ ਹੋਊ,ਮੈਂ ਪੰਜ ਚਾਰ ਦਿਨਾਂ ਨੂੰ ਮੋੜਜੂੰ “ਮੈਂ ਕੁੱਝ ਨਾ ਬੋਲ ਸਕਿਆ!ਅੰਦਰ ਇੱਕ ਘੋਲ ਸ਼ੁਰੂ ਹੋ ਗਿਆ ” ਸ਼ਰਮ ਕਰ ,ਆਪਣਾ ਹਾਲ ਦੇਖ !ਬੇਬਸੀ ਦੇ ਇੱਕ ਘੋਲ ਨਾਲ ਮੈਂ ਅੰਦਰੋਂ ਸੁੰਨ ਹੋ ਗਿਆ ਤੇ ਅੰਦਰੋ ਅੰਦਰੀਂ ਘੁਲਦੇ ਨੇ ਪੰਜ ਸੌ ਦਾ ਨੋਟ ਬੱਗੇ ਨੂੰ ਫੜਾ ਦਿੱਤਾ।
ਕੁੱਝ ਦਿਨਾਂ ਬਾਅਦ ਮੇਰੇ ਜਾਣਕਾਰ ਇੱਕ ਗ੍ਰੰਥੀ ਸਿੰਘ ਦਾ ਫੋਨ ਆਇਆ,ਘਰੇਂ ਹੋ ਜੀ ?ਮੈਂ ਕਿਹਾ ਹਾਂਜੀ !ਦੱਸੋ? ਵੱਸ ਮਿਲਣਾ ਸੀ। ਪੰਜ ਮਿੰਟ ਵਿੱਚ ਸੁੱਕੇ ਜਿਹੇ ਸਰੀਰ ਵਾਲਾ ਮੇਰਾ ਵਾਕਿਫ਼ ਗਿਆਨੀ ਮੇਰੇ ਕੋਲ ਘਰ ਬੈਠਾ ਸੀ। ਉਸਤੋਂ ਠੀਕ ਤਰੀਕੇ ਨਾਲ ਬੋਲ ਵੀ ਨਹੀਂ ਹੋ ਰਿਹਾ ਸੀ।ਕਹਿੰਦੇ ਨ ‘ਮੰਗਣ ਗਿਆ ਸੋ ਮਰ ਗਿਆ’ ਉਸਦੇ ਹਾਵ-ਭਾਵ ਦੱਸ ਰਹੇ ਸਨ ਪਰ ਜੇ ਦੇਣ ਵਾਲਾ ਮਰਿਆ ਹੋਵੇ ਫੇਰ ਕਿਹੜਾ ਅਖਾਣ ਹੋ ਸਕਦਾ ਹੈ।ਮਨ ਉੱਤੇ ਦੁਵਿਧਾਵਾਂ ਦਾ ਤੇ ਲਾਹਣਤਾਂ ਦਾ ਚੱਕਰ ਚੱਲਿਆ।ਅੰਦਰਘੋਲ ਹੋਇਆ। ਫੇਰ ਉੱਠਿਆ। ਪੰਜ ਸੌ ਰੁਪਈਆ ਉਸਦੀ ਮੁੱਠੀ ਵਿੱਚ ਦੇ ਦੇ ਦਿੱਤਾ।
ਅੰਦਰ ਨੂੰ ਗਿਆ। ਘਰ ਵਾਲੀ ਦੀ ਤਿੱਖੀ ਅਵਾਜ਼ ਕੰਨੀ ਪਈ।” ਦੇ ਦਿੱਤੇ ਪੈਸੇ ਬਾਬੇ ਨੂੰ? ਤੂੰ ਨਹੀਂ ਹੱਟਦਾ, ਆਪਣੇ ਹਾਲ ਦੇਖਲੇ! ਹਾਲ!ਕੁੱਝ ਜੁਆਕਾਂ ਬਾਰੇ ਹੀ ਸੋਚ ਲੈ”
ਅੱਜ ਸਵੇਰੇ ਸੱਤ ਕੁ ਵਜੇ ਫੋਨ ਦੀ ਘੰਟੀ ਵੱਜੀ।ਪਾਠ ਕਰਦਾ ਨਾ ਚੱਕ ਸਕਿਆ।ਫੇਰ ਆਪ ਆਪਣੇ ਗੁਆਂਢੀ ਲੰਬੜਦਾਰ ਨੂੰ ਫੋਨ ਲਾਇਆ।”ਹਾਂਜੀ ਦੱਸੋ?ਆਇਓ , ਮਾੜਾ ਜਿਹਾ ਬਾਹਰ ਨੂੰ , ਜਾਂਦਿਆ ਹੀ ਉਸਦੇ ਬੋਲ ਸਨ “ਘਰੇ ਕਲੇਸ਼ ਪਿਆ ਹੋਇਆ, ਕੁੜੀ ਨੂੰ ਦਵਾਈ ਦਵਾਉਣ ਜਾਣਾ ਬਹੂ ਨੇ।ਦੋ ਕੁ ਹਜ਼ਾਰ ਰੁਪਈਆ ਹੈਗਾ?ਅੱਜ ਮੇਰਾ ਕੜ ਪਾਟ ਗਿਆ।ਮੈਂ ਆਪਣੀ ਬੇਬਸੀ ਦੇ ਰੱਜਕੇ ਰੋਣੇ ਰੋਏ।ਆਪਣੇ ਆਪ ਨੂੰ ਜਿਉਂਦੀ ਲਾਸ਼ ਤੱਕ ਵੀ ਕਹਿ ਦਿੱਤਾ,ਉਹ ਹੌਲੀ ਹੌਲੀ ਬੋਲਦਾ ਗਿਆ। ਮੈਂ ਫੇਰ ਅੰਦਰ ਗਿਆ। ਇੱਕ ਪੰਜ ਸੌ ਦਾ,ਤਿੰਨ ਸੌ ਸੌ ਦੇ ,ਦੋ ਪੰਜਾਹ ਦੇ ਤੇ ਕੁੱਝ ਦਸਾਂ ਦੇ ਨੋਟ ਇਕੱਠੇ ਕਰਕੇ ਹਜ਼ਾਰ ਰੁਪਈਆ ਉਸਦੀ ਮੁੱਠੀ ਵਿੱਚ ਦੇ ਦਿੱਤਾ।
ਮੇਰੇ ਸਰੀਰ ਵਿੱਚੋਂ ਜਿਵੇਂ ਸਾਹ ਸੱਤ ਮੁੱਕ ਗਿਆ ਸੀ।ਲੱਤਾਂ ਤੁਰਨੋ ਜਵਾਬ ਦੇ ਗਈਆਂ ਸਨ। ਦਰਵਾਜ਼ਾ ਖੋਹਲ ਮੈਂ ਮੰਜੇ ਤੇ ਪੈ ਗਿਆ।ਹੁਣ ਜਿਵੇਂ ਉਸਦਾ ਵੀ ਕੜ ਪਾਟ ਗਿਆ ਸੀ “ਹੁਣ ਪੈ ਗਿਆਂ ਮਰੇ ਹੋਏ ਕੁੱਤੇ ਵਾਂਗ,ਮੁੱਠੀ ਜਿਹੀ ਮੀਚ ਕੇ ਬਾਹਰ ਨੂੰ ਨਿੱਕਲ ਜਾਨਾ,ਮੈਂ ਦਸ ਦਿਨ ਦੀ ਕਹਿਨੀ ਹਾਂ ਕਿ ਮੇਰੀ ਜਾੜ੍ਹ ਦਰਦ ਕਰਦੀ ਆ।ਉਦੋਂ ਤੇਰੇ ਕੋਲ ਪੈਸੇ ਨਹੀਂ ,ਆਹ ਲੰਬੜਦਾਰ ਦੀ ਵਾਰੀ ਨੂੰ ਝੱਟ ਅਲਮਾਰੀ ਖੋਲ ਲਈ,ਭੁਗਤੇਗਾਂ!ਤੂੰ ਵੀ ਭੁਗਤੇਗਾਂ!!ਜਿਵੇਂ ਸਾਨੂੰ ਸਤਾਉਨਾ”
ਫੇਰ ਘੰਟੀ ਵੱਜੀ ਤੇ ਨਾਲ ਹੀ ਇੱਕ ਤਿੱਖੀ ਅਵਾਜ਼ ਆਈ “ਜਾਹ ਉੱਠਕੇ ਬਾਹਰ! ਇੱਕ ਹੋਰ ਉਡੀਕਦਾ ਤੈਨੂੰ ,ਆਹ ਭਾਨ ਆਲਾ ਡੱਬਾ ਵੀ ਚੱਕ ਕੇ ਲੈਜਾ” ਮੇਰੇ ਵਿੱਚ ਹੁਣ ਕੁੱਝ ਬੋਲਣ ਦੀ ਸਮਰੱਥਾ ਵੀ ਨਹੀਂ ਸੀ,ਮੈਂ ਬੇਬਸ ਜਿਹਾ ਹੋਇਆ ਬਾਹਰ ਨੂੰ ਨਿੱਕਲ ਗਿਆ।
ਪੋ ਬਲਜੀਤ ਸਿੰਘ ਬੌਂਦਲੀ