ਤਾੜੀਆਂ ਨਾਲ ਹਾਲ ਗੂੰਜ ਰਿਹਾ ਸੀ ,,, ਇੱਕੋ ਲੈਅ ਵਿੱਚ ਵੱਜ ਰਹੀ ਤਾੜੀ ਮਾਲਵੇ ਦੇ ਕਿਸੇ ਵਿਆਹ ਵਿੱਚ ਪੈ ਰਹੇ ਗਿੱਧੇ ਦਾ ਭੁਲੇਖਾ ਪਾ ਰਹੀ ਸੀ ,,, ਅੱਖਾਂ ਨੂੰ ਚੁੰਧਿਆਉਣ ਵਾਲੀਆਂ ਲਾਈਟਾਂ ਵਿੱਚ ਦਿਨ ਰਾਤ ਇੱਕ ਹੋਇਆ ਸੀ , ਪਤਾ ਨਹੀਂ ਲੱਗ ਰਿਹਾ ਸੀ ਦਿਨ ਹੈ ਕਿ ਰਾਤ !
ਸੰਦੀਪ ਵੀ ਭਿੱਜੇ ਹੱਥਾਂ ਨਾਲ ਤਾੜੀ ਮਾਰ ਰਹੀ ,,, ਤਾੜੀ ਨਹੀਂ ਬੱਸ ਹੱਥ ਖੋਹਲ ਕੇ ਹੱਥ ਜੋੜ ਰਹੀ ਸੀ ,,,, ਅੱਖਾਂ ਚੋਂ ਵਗਦੇ ਪਰਨਾਲਿਆਂ ਦਾ ਪਾਣੀ ਹੱਥਾਂ ਤੇ ਡੁੱਲ੍ਹ ਰਿਹਾ ਸੀ ,,,,ਜਾਣੋ ਜਿਵੇਂ ਹੱਥ ਧੋ ਦਿੱਤੇ ਸਨ ,,, ਧੋ ਨਹੀਂ ਸੁੱਚੇ ਕਰ ਦਿੱਤੇ ਸਨ ,,,, ਪਰ ਸੁੱਚਿਆਂ ਹੱਥਾਂ ਦਾ ਹੋਰ ਕੀ ਸੁੱਚਾ ਹੋਣਾ ,,,, ਸੰਦੀਪ ਰੋਣਾ ਰੋਕਣ ਦੀ ਕੋਸ਼ਿਸ਼ ਕਰਦੀ ਪਰ ਹੁੰਦਾ ਉਲਟ ,,, ਸਗੋਂ ਵੱਧ ਰੋਣ ਆਉਂਦਾ ,,, ਅੱਖਾਂ ਵਿੱਚ ਜਿਵੇਂ ਹੜ ਹੀ ਆ ਗਿਆ ਸੀ ,,, ਮੂਸਲਾਧਾਰ ਮੀਂਹ ਪੈ ਰਿਹਾ ਸੀ , ਮੋਟੀ ਕਣੀ ਦਾ ਮੀਂਹ ਸੀ , ਸਾਉਣ ਦੀ ਝੜੀ ਸੀ ,,, ਇਹ ਖੁਸ਼ੀ, ਵੈਰਾਗ , ਦੁੱਖ, ਦਰਦ ਪਤਾ ਨੀ ਕਾਹਦੇ ਕਾਹਦੇ ਰਲ ਕੇ ਹੰਝੂ ਬਰਸ ਰਹੇ ਸਨ ,,,, ।
ਸੰਦੀਪ ਜਦੋਂ ਵਿਆਹੀ ਆਈ ਸੀ , ਮਸਾਂ ਬਾਈ ਸਾਲ ਦੀ ਸੀ ,,, ਫਾਈਨ ਆਰਟਸ ਦੀ ਐਮ ਏ ਕਰਨ ਸਾਰ ਵਿਆਹ ਹੋ ਗਿਆ ਸੀ , ਭੂਆ ਰਿਸ਼ਤਾ ਲੈ ਕੇ ਆਈ ਸੀ ,,, ਵੱਡਾ ਘਰ ਖੁੱਲ੍ਹੀ ਜਾਇਦਾਦ ਸੀ ,,, ਏਹੋ ਜਿਹੇ ਘਰ ਨਿੱਤ ਥੋੜੀ ਲੱਭਦੇ ਹਨ ,,, ਓਧਰੋਂ ਪੇਪਰ ਮੁੱਕੇ ਤੇ ਏਧਰ ਵਿਆਹ ਧਰ ਦਿੱਤਾ ,,,, ।
ਲੱਖਾਂ ਅਰਮਾਨ, ਸੁਪਨੇ , ਸੱਧਰਾਂ ਝੋਲੀ ਵਿੱਚ ਪਾ ਸੰਦੀਪ ਨੇ ਸਹੁਰੇ ਘਰ ਪੈਰ ਪਾਇਆ ,,,, ਆਪਣੀਆਂ ਬਣਾਈਆਂ ਸੈਂਕੜੇ ਪੇਂਟਿੰਗ,, ਰੰਗ , ਕਲਮਾਂ ਬੁਰਸ਼,,, ਇੱਕ ਅੱਡ ਹੀ ਪੇਟੀ ਵਿੱਚ ਉਹ ਨਾਲ ਹੀ ਲੈ ਆਈ ,,, ਥੋੜੇ ਦਿਨ ਵਿਆਹ ਦੇ ਰਾਮ ਰੌਲੇ ਵਿੱਚ ਲੰਘ ਗਏ ਤੇ ਕੁਝ ਦਿਨ ਰਿਸ਼ਤੇਦਾਰੀਆਂ ਵਿੱਚ ਆਉਣ ਜਾਣ ਵਿੱਚ ਲੰਘ ਗਏ ,,,, ਤੇ ਫੇਰ ਦਿਖਣੇ ਸੁਰੂ ਹੋਏ ਸਹੁਰਿਆਂ ਦੇ ਅਸਲੀ ਰੰਗ ਢੰਗ ,,, ਸੰਦੀਪ ਦਾ ਅਜੇ ਤੱਕ ਕਲਾਕ੍ਰਿਤੀਆਂ ਬਣਾਉਣ ਵਾਲੇ ਰੰਗਾਂ ਨਾਲ ਹੀ ਵਾਹ ਪਿਆ ਸੀ ,,, ਇਹ ਦੁਨੀਆਂ ਦੇ ਰੰਗ ਨਾ ਤਾਂ ਕਦੇ ਉਹਨੇ ਦੇਖੇ ਸਨ ਤੇ ਨਾ ਹੀ ਕਦੇ ਉਹਦੇ ਕੋਲ ਏਨਾ ਸਮਾਂ ਬਚਿਆ ਸੀ ਇਹਨਾਂ ਦੁਨਿਆਵੀ ਰੰਗਾਂ ਨਾਲ ਖੇਡਣ ਦਾ ,,,, ਸੰਦੀਪ ਇੱਕ ਬੀਬੀ ਕੁੜੀ , ਸਾਊ ਸ਼ਰੀਫ਼, ਸਿਆਣੀ ,,, ਦੁਨੀਆਂ ਦਾਰੀ ਤੋਂ ਨਿਰਲੇਪ ਆਪਣੀ ਪੜ੍ਹਾਈ ਵਿੱਚ ਮਗਨ ਜਾਂ ਫਿਰ ਪੇਂਟਿੰਗ ਵਿੱਚ ਆਪਣੀ ਕਲਾ ਵਿੱਚ ਖੁੱਭੀ ਰਹਿਣ ਵਾਲੀ ,,,, । ਵਿਆਹ ਨੂੰ ਅਜੇ ਮਹੀਨਾ ਕੁ ਹੀ ਹੋਇਆ ਸੀ ਕਿ ਸੱਸ ਲੱਗ ਗਈ ਨਿਘੋਚਾਂ ਕੱਢਣ ,,,, ਤਾਹਨੇ ਮਿਹਣੇ ਮਾਰਨ ,,, ਤੈਨੂੰ ਮਾਂ ਨੇ ਆਹ ਨੀ ਸਿਖਾਇਆ , ਔਹ ਨੀ ਸਿਖਾਇਆ ,,, ਕੁੱਢਰ ਸਾਡੇ ਪੱਲੇ ਪੈਗੀ ,,, ਸੱਸ ਧੋਤੇ ਹੋਏ ਲੀੜਿਆਂ ਨੂੰ ਦੁਬਾਰਾ ਧੋਣ ਲਗਦੀ , ਧੋਤੇ ਭਾਂਡਿਆਂ ਨੂੰ ਦੁਬਾਰਾ ਧੋਂਦੀ , ਸੰਦੀਪ ਮਸੋਸਾ ਜਿਹਾ ਮੂੰਹ ਬਣਾ ਕੇ ਬੈਠੀ ਰਹਿੰਦੀ ,,, ਕੋਸ਼ਿਸ਼ ਕਰਦੀ ਵਧੀਆ ਖਾਣਾ ਬਣਾਉਣ ਦੀ , ਖਾਣਾ ਹੁੰਦਾ ਵੀ ਵਧੀਆ ਪਰ ਸੱਸ ਨੇ ਹਰ ਹਾਲ ਵਿੱਚ ਨੁਕਸ ਕੱਢਣੇ ,,, ਨਣਾਨ ਸੱਸ ਦਾ ਵੀ ਉਤਲਾ ਪੱਟ ,,, ਅਲਮਾਰੀ ਚੋਂ ਪਾਉਣ ਵਾਲਾ ਸੂਟ ਕਢਦੀ ਸਾਰੇ ਕੱਪੜਿਆਂ ਦਾ ਗਾਹ ਪਾ ਦਿੰਦੀ ਜੋ ਫਿਰ ਸਾਰਾ ਖਿਲਾਰ ਸੰਦੀਪ ਨੂੰ ਸਾਭਣਾ ਪੈਂਦਾ ,,, ਚਲੋ ਜਿਵੇਂ ਕਿਵੇਂ ਸੰਦੀਪ ਸੱਸ ਨਣਦ ਦੀਆਂ ਸੁਣ ਕੇ ਚੁੱਪ ਕਰ ਜਾਂਦੀ ਪਰ ਸੰਦੀਪ ਦਾ ਕੋਮਲ ਮਨ ਓਦੋਂ ਵਲੂੰਦਰਿਆ ਜਾਂਦਾ ਜਦੋਂ ਉਹਦੇ ਘਰਵਾਲਾ ਮੱਖਣ ਵੀ ਮਾਂ ਦੇ ਮਗਰ ਲੱਗ ਸੰਦੀਪ ਦੀ ਝਾੜ ਝੰਬ ਕਰਦਾ ,,, ਮੱਖਣ ਸਿਰੇ ਦਾ ਸ਼ਰਾਬੀ, ਉੱਜਡ ਕਿਸਮ ਦਾ ਬੰਦਾ ਸੀ ,,, ਸਾਰਾ ਦਿਨ ਸ਼ਰਾਬ ਪੀਂਦਾ, ਬੀੜੀਆਂ ਫੂਕਦਾ , ਗੱਲ ਗੱਲ ਤੇ ਸੰਦੀਪ ਨਾਲ ਝਗੜਦਾ , ਗਾਲਾਂ ਕੱਢਦਾ ,,, ਐਨਾ ਸਭ ਕੁਝ ਸਹਿੰਦਿਆਂ ਕੋਮਲ ਕਲੀ ਨੇ ਫੁੱਲ ਬਣਨ ਦੀ ਥਾਂ ਮੁਰਝਾਉਣਾ ਸੁਰੂ ਕਰ ਦਿੱਤਾ ,,,, ਗੁਲਾਬੀ ਰੰਗ ਪੀਲਾ ਭੂਕ ਹੋ ਚੱਲਿਆ ,,, ਅੱਖਾਂ ਦੀ ਚਮਕ ਮੱਧਮ ਪੈ ਚੱਲੀ ,,, ਸੰਦੀਪ ਦਾ ਜਿਵੇਂ ਹੁਲੀਆ ਈ ਬਦਲ ਚੱਲਿਆ ,,, ਸੰਦੀਪ ਨੂੰ ਪੇਕੇ ਕਦੇ ਕਿਸੇ ਨੇ ਘੂਰਿਆ ਵੀ ਨਹੀਂ ਸੀ ,,, ਸੰਦੀਪ ਵਰਗੀ ਸੰਦੀਪ ਦੀ ਮਾਂ ਨੇ ਕਦੇ ਉਸਨੂੰ ਰੋਕਿਆ ਟੋਕਿਆ ਨਹੀਂ ਸੀ ,,, ਉਹ ਮਾਪਿਆਂ ਦੇ ਘਰ ਰਾਜਕੁਮਾਰੀ ਬਣ ਕੇ ਰਹੀ ਸੀ ,,, ਛੋਟਾ ਵੀਰ ਉਹਦੇ ਕੰਮ ਭੱਜ ਭੱਜ ਕਰਦਾ ,,,,ਘਰ ਵਿੱਚ ਕਦੇ ਕੋਈ ਉੱਚਾ ਵੀ ਨੀ ਬੋਲਦਾ ਸੀ ,,, ਸੰਦੀਪ ਦਾ ਡੈਡੀ ਉਸਨੂੰ ਦੀਪਾ ਪੁੱਤ ਕਹਿ ਕੇ ਸੱਦਦਾ ,,, ਖੁੱਲਾ ਖਰਚਾ ਦਿੰਦਾ ,,,, ਤੇ ਖਰਚਾ ਉਹ ਕਿਹੜਾ ਕਿਤੇ ਵਾਧੂ ਕਰਦੀ , ਕਦੇ ਉਹ ਰੰਗ ਲੈਂਦੀ , ਕਦੇ ਕਾਗਜ਼ ਤੇ ਕਦੇ ਪੇਂਟ ਬੁਰਸ਼ ,,, ਇਸ ਤੋਂ ਇਲਾਵਾ ਉਸਦਾ ਕੋਈ ਸ਼ੌਕ ਨਹੀਂ ਸੀ ,,, ।
ਇੱਕ ਦਿਨ ਦੁਪਹਿਰ ਦੇ ਸਮੇਂ ਜਦੋਂ ਸਾਰੇ ਸੁੱਤੇ ਪਏ ਸਨ ਤਾਂ ਸੰਦੀਪ ਦਾ ਮਨ ਵਿੱਚ ਕੋਈ ਵਧੀਆ ਪੇਂਟਿੰਗ ਬਣਾਉਣ ਦਾ ਕੀਤਾ,,, ਉਹਨੇ ਸੋਚਿਆ ਵੀ ਕਿ ਸ਼ਾਇਦ ਇਸ ਨਾਲ ਮਨ ਨੂੰ ਕੁਝ ਧਰਵਾਸ ਮਿਲ ਜਾਵੇ ,,, ਸ਼ਾਇਦ ਸਹੁਰਿਆਂ ਨੂੰ ਉਹਦੀ ਕਲਾ ਚੰਗੀ ਲੱਗੇ ,, ਸ਼ਾਇਦ ਉਹਦੇ ਸਿਰ ਦੇ ਸਾਰੇ ਉਲਾਂਭੇ ਹੀ ਸਮੇਟੇ ਜਾਣ ,, ਉਹਨੇ ਪੇਟੀ ਵਿੱਚੋਂ ਆਪਣੇ ਰੰਗ ਬੁਰਸ਼ ਆਦਿ ਸਾਮਾਨ ਕੱਢਿਆ ਤੇ ਕੈਨਵਸ ਤੇ ਕੋਈ ਆਕਾਰ ਉਕਰਨ ਲੱਗੀ ,,, ਰੰਗਾਂ ਵਿੱਚ ਮਸਤ ਸੰਦੀਪ ਨੂੰ ਟਾਈਮ ਦਾ ਕੋਈ ਪਤਾ ਨਹੀਂ ਲੱਗਿਆ ,,, ਚਾਹ ਰੋਟੀ ਦਾ ਟਾਈਮ ਲੰਘ ਗਿਆ ,,, ਓਧਰੋਂ ਜਦੋਂ ਸੱਸ ਉੱਠੀ ਤਾਂ ਸੰਦੀਪ ਨੂੰ ਏਧਰ ਲੱਗੀ ਵੇਖ ਅੱਗ ਬਬੂਲਾ ਹੋ ਉੱਠੀ ,,,, ਇਹ ਕੀ ਕੰਜਰਖਾਨਾ ਵਿੱਢਿਆ ,,,, ਕੀ ਗੰਦ ਪਾਇਆ ,,, ਰੋਟੀ ਪਾਣੀ ਤੇਰਾ ਪਿਉ ਕਰੂ ? ਆਈ ਵੱਡੀ ਹੈਡਮਾਸਟਰਨੀ !! ਕਿਵੇਂ ਗਾਹ ਪਾ ਰੱਖਿਆ ਕਮਰੇ ਵਿੱਚ ,,,,, ਤੇ ਸੱਸ ਨੇ ਉਹਦਾ ਸਾਰਾ ਸਾਮਾਨ ਚੱਕ ਵਿਹੜੇ ਵਿੱਚ ਖਿਲਾਰ ਦਿੱਤਾ ,,, ਸਾਰੇ ਰੰਗ ਡੋਹਲ ਦਿੱਤੇ ,,, ਵਰਕੇ ਪਾੜ ਕੇ ਚੁੱਲ੍ਹੇ ਵਿੱਚ ਡਾਹ ਦਿੱਤੇ ,,, ਕੈਨਵਸ ਪੈਰਾਂ ਨਾਲ ਲਤੜ ਦਿੱਤਾ ,,, ਸੰਦੀਪ ਇਹ ਸਭ ਵੇਖ ਡੌਰ ਭਾਉਰ ਹੋਈ ਕੰਧ ਨਾਲ ਲੱਗ ਖੜ੍ਹੀ ਰੋਣ ਲੱਗੀ ,,, ਸੱਸ ਦਾ ਏਨਾ ਭਿਆਨਕ ਰੂਪ ਸੰਦੀਪ ਨੇ ਪਹਿਲੀ ਵਾਰ ਵੇਖਿਆ ਸੀ ,,, ਪਹਿਲਾਂ ਟੋਕਾ ਟਾਕੀ ਜ਼ਰੂਰ ਕਰਦੀ ਸੀ ਪਰ ਐਨੀ ਗਰਮ ਨਹੀਂ ਸੀ ਹੋਈ ,,, ਚੰਡਾਲ ਰੂਪ ਦੇਖ ਕੇ ਸੰਦੀਪ ਡਰ ਗਈ ,,, ਸੱਸ ਜਿਵੇਂ ਡੈਣ ਸੀ ,,, ਉਹ ਕੋਈ ਪਰੇਤ ਸੀ ,,, ਜਾਂ ਫਿਰ ਦੇਵੀ ਕਰੋਧਵਾਨ ਸੀ ,,, ਸੰਦੀਪ ਨੇ ਗੁਨਾਹ ਕੀਤਾ ਸੀ ,,, ਬਹੁਤ ਵੱਡਾ ਗੁਨਾਹ , ਜਿਸ ਦੀ ਮੁਆਫੀ ਨੀ ਮਿਲ ਸਕਦੀ ਸੀ ,,, ਉਸ ਨੂੰ ਸਜ਼ਾ ਮਿਲਣੀ ਸੀ ,,, ਬਰੋਬਰ ਸਜਾ ,,, ।
ਨਣਾਨ ਨੇ ਉੱਠਣ ਸਾਰ ਮਾਂ ਦਾ ਪੱਖ ਈ ਪੂਰਿਆ ,,,, ਭਾਬੀ ਜੇ ਐਨਾ ਈ ਸ਼ੌਕ ਆ ਤਾਂ ਵੀਰੇ ਨੂੰ ਤਲਾਕ ਦੇ ਕੇ ਆਵਦੇ ਪਿੰਡ ਚਲੀ ਜਾ ,,,, ਓਥੇ ਕਰੀਂ ਜਾਈਂ ਆਹ ਕੰਜਰ ਕਿੱਤੇ ,,,, ਸਾਡੇ ਨੀ ਇਹ ਚੱਲਣੇ ! ਸੱਸ ਠਾਣੇਦਾਰਨੀ ਸੀ ਤੇ ਨਣਾਨ ਹੌਲਦਾਰਨੀ ,,, ਤੇ ਸੰਦੀਪ ਬਹੁਤ ਵੱਡੀ ਮੁਲਜਿਮ ,,,,, ।
ਕੁਦਰਤੀ ਓਧਰੋਂ ਮੱਖਣ ਵੀ ਬਾਹਰੋਂ ਆ ਗਿਆ ,,, ਸੰਦੀਪ ਨੇ ਤਾਂ ਕੀ ਬੋਲਣਾ ਸੀ ! ਸੱਸ ਲੱਗ ਪਈ ਆਉਣ ਸਾਰ ਮੱਖਣ ਨੂੰ ਭਰਨ ,,, ਭਾਈ ਆਹ ਆਵਦੇ ਡੋਲੇ ਨੂੰ ਸੰਭਾਲ ਲੈ ,,,, ਅਸੀਂ ਇਹਨੂੰ ਮੂਰਤਾਂ ਬਣਾਉਣ ਵਾਸਤੇ ਵਿਆਹ ਕੇ ਨਹੀਂ ਲਿਆਏ ,,, ਏਥੇ ਰਹਿਣਾ ਤਾਂ ਕੰਮ ਕਰੇ ਸਿੱਧੀ ਹੋ ਕੇ ,,,, ਬੈਠੀ ਰੰਗਾਂ ਨਾਲ ਖੇਡੀ ਜਾਂਦੀ ਆ ਜਿਵੇਂ ਕੱਲ੍ਹ ਦੀ ਜੁਆਕੜੀ ਹੋਵੇ !! ਵੱਡੀ ਗੀਗੀ ,,, ਨਾ ਚੱਜ ਦੀ ਨਾ ਹਾਲ ਦੀ ,,, ਸਾਡੇ ਪੱਲੇ ਪੈਗੀ ਕਮੂਤਣ ,,, ਸਾਂਭ ਇਹਨੂੰ ਤੇ ਸਮਝਾ ਦੇ ,,, ਨਹੀਂ ਮੈਥੋਂ ਬੁਰਾ ਕੋਈ ਨੀ , ਫੇਰ ਆਖੇਂਗਾ ਦੱਸਿਆ ਨਹੀਂ ਸੀ ,,,,, ਤੇ ਦਾਰੂ ਦੇ ਰੱਜੇ ਲਾਈਲੱਗ ਮੱਖਣ ਨੇ ਨਾ ਆਅ ਦੇਖਿਆ ਨਾ ਤਾਅ ,,, ਸਿੱਧਾ ਸੰਦੀਪ ਦੀ ਗੁੱਤ ਫੜ ਕੇ ਵੇਹੜੇ ਵਿੱਚ ਘੜੀਸ ਲਿਆਇਆ ,,, ਲੱਤਾਂ ਠੁੱਡੇ ਮਾਰ ਮਾਰ ਸੰਦੀਪ ਦਾ ਬੁਰਾ ਹਾਲ ਕਰ ਦਿੱਤਾ ,,, ਕੋਲ ਖੜੀਆਂ ਮਾਵਾਂ ਧੀਆਂ ਨੇ ਛੁਡਾਉਣ ਦੀ ਕੋਈ ਕੋਸ਼ਿਸ਼ ਨੀ ਕੀਤੀ ,, ਸਗੋਂ ਖੁਸ਼ ਹੁੰਦੀਆਂ ਰਹੀਆਂ,,, ਕੁੱਟ ਕੱਟ ਕੇ ਮੱਖਣ ਓਹਨੇਂ ਪੈਰੀਂ ਬਾਹਰ ਨੂੰ ਨਿਕਲ ਗਿਆ ,,,,। ਆਏਂ ਈ ਆਵੇਂਗੀ ਸੂਤ ਤੂੰ ,,,, ਗੱਲਾਂ ਨਾਲ ਸੂਤ ਆਉਣ ਆਲੀ ਨੀ ਇਹ ਕੁੱਤੀ ਬਹਿਲ ,,, ਲੱਤਾਂ ਦੇ ਭੂਤ ਗੱਲਾਂ ਨਾਲ ਨੀ ਮੰਨਦੇ ,, ਮੁਰਜਿਮ ਨੂੰ ਸਜ਼ਾ ਮਿਲਣੀ ਚਾਹੀਦੀ ਸੀ ,, ਨਾ- ਮੁਆਫੀਯੋਗ ਗੁਨਾਹ ਜੋ ਕੀਤਾ ਸੀ । ਹੁਣ ਏਵੇਂ ਹੋਇਆ ਕਰਨੀ ਤੇਰੇ ਨਾਲ ,,, ਯੱਦੀ ਬਣੀ ਫੋਟਮਾਂ ਬਣਾਉਣ ਦੀ ,,, ਬੁੜ ਬੁੜ ਕਰਦੀ ਬੁੜੀ ਚਾਹ ਬਣਾਉਣ ਚਲੀ ਗਈ ਤੇ ਨਨਦ ਅੰਦਰ ਵੜ ਗਈ,,,
ਡਿਗਦੀ ਢਹਿੰਦੀ ਸੰਦੀਪ ਉੱਠ ਕੇ ਅੰਦਰ ਬੈੱਡ ਤੇ ਜਾ ਡਿੱਗੀ , ਉਹਦੇ ਬੁੱਲ੍ਹ ਸੁੱਜ ਗਏ ਸਨ ਤੇ ਦੰਦਾਂ ਵਿੱਚੋਂ ਖੂਨ ਵਗ ਰਿਹਾ ਸੀ ,,, ਅੰਗ ਅੰਗ ਦਰਦ ਕਰ ਰਿਹਾ ਸੀ ,,, ਰੋਣਾ ਹਾਉਂਕਿਆਂ ਵਿੱਚ ਬਦਲ ਗਿਆ ਸੀ ,, ਉਹਨੂੰ ਮੂਧੀ ਪਈ ਨੂੰ ਪਤਾ ਨੀ ਲੱਗਿਆ ਰੋਂਦੀ ਰੋਂਦੀ ਨੂੰ ਕਦੋਂ ਨੀਂਦ ਆ ਗਈ ਜਾਂ ਫਿਰ ਉਹ ਬੇਹੋਸ਼ ਹੋ ਗਈ ,,,, ਓਸੇ ਤਰਾਂ ਰਾਤ ਲੰਘ ਗਈ,,, ।
ਸੰਦੀਪ ਨੂੰ ਹੁਣ ਮਹਿਸੂਸ ਹੋਣ ਲੱਗਿਆ ਸੀ ਕਿ ਉਹ ਬਹੁਤ ਬੁਰੀ ਫਸ ਚੁੱਕੀ ਹੈ , ਏਥੋਂ ਨਿਕਲਣ ਦਾ ਕੋਈ ਚਾਰਾ ਨਹੀਂ ,,,ਉਸ ਨੂੰ ਕੁਝ ਵੀ ਸੁੱਝ ਨਹੀਂ ਰਿਹਾ ਸੀ ਉਹਦਾ ਦਿਮਾਗ ਸਾਥ ਛੱਡ ਗਿਆ ਸੀ ,,,,ਸਹੁਰਾ ਘਰ ਉਹਨੂੰ ਭੂਲ ਭੁਲੱਈਆ ਲੱਗਿਆ , ਜਿਸ ਵਿੱਚ ਨਿਕਲਣ ਦਾ ਕੋਈ ਰਸਤਾ ਨਹੀਂ ਸੀ ,,,, ਕੋਈ ਵੀ ਗਲਤ ਕਦਮ ਚੱਕ ਕੇ ਉਹ ਮਾਪਿਆਂ ਦੀ ਇੱਜਤ ਨੂੰ ਮਿੱਟੀ ਵਿੱਚ ਨਹੀਂ ਮਿਲਾਉਣਾ ਚਹੁੰਦੀ ਸੀ ,,,, ਉਹ ਪਿਉ ਦੀ ਪੱਗ ਨੂੰ ਦਾਗ ਨਹੀਂ ਸੀ ਲਾ ਸਕਦੀ ,,, ਉਹ ਛੋਟੇ ਵੀਰ ਨੂੰ ਤਾਹਨਿਆਂ ਲ ਈ ਥਾਂ ਨਹੀਂ ਸੀ ਕਰ ਸਕਦੀ ,,,,, ਹੌਲੀ ਹੌਲੀ ਸੰਦੀਪ ਨੇ ਹਾਲਾਤ ਨਾਲ ਸਮਝੌਤਾ ਕਰਨਾ ਸ਼ੁਰੂ ਕਰ ਦਿੱਤਾ ,,,, ਉਹਦੀ ਰੰਗਾਂ ਦੀ ਦੁਨੀਆਂ ਜਿਵੇਂ ਉੱਜੜ ਗ ਈ ਸੀ ,,, ਜਿਵੇਂ ਉਹ ਬੇਰੰਗ ਹੋ ਗਈ ਸੀ ,,,, ਉਸ ਘਟਨਾ ਤੋਂ ਪਿੱਛੋਂ ਉਸਨੇ ਕਦੇ ਵੀ ਰੰਗਾਂ ਅਤੇ ਕ੍ਰਿਤਾਂ ਵਾਲੀ ਪੇਟੀ ਨੂੰ ਹੱਥ ਨਹੀਂ ਲਾਇਆ ,,, ਉਹ ਜਿਵੇਂ ਭੁੱਲ ਹੀ ਗ ਈ ਸੀ ਕਿ ਉਹ ਕੌਣ ਸੀ ,,,, ਅਤੀਤ ਭੁਲਾ ਹੀ ਦਿੱਤਾ ਸੀ । ਮੱਖਣ ਵੱਲੋਂ ਦਾਰੂ ਪੀ ਕੇ ਰੋਜ਼ਾਨਾ ਕੁੱਟਣ ਦਾ ਜਿਵੇਂ ਨੇਮ ਹੀ ਬਣ ਗਿਆ ਸੀ ,,, ਵਿਆਹ ਤੋਂ ਲੈ ਕੇ ਅੱਜ ਤੱਕ ਮੱਖਣ ਨੇ ਸੰਦੀਪ ਨਾਲ ਕਦੇ ਹੱਸ ਕੇ ਗੱਲ ਨਹੀਂ ਕੀਤੀ ਸੀ ,,,, ਤੇ ਨਾ ਹੀ ਸੰਦੀਪ ਨੇ ਕਦੇ ਕੋਈ ਆਸ ਰੱਖੀ ਸੀ ,,, ਏਨੇ ਸਮੇਂ ਵਿੱਚ ਗਾਲਾਂ ਤੋਂ ਬਿਨਾਂ ਮੱਖਣ ਨੇ ਸੰਦੀਪ ਨਾਲ ਕਦੇ ਜ਼ੁਬਾਨ ਵੀ ਸਾਂਝੀ ਨਹੀਂ ਸੀ ਕੀਤੀ ,,,, ਉਹ ਤਾਂ ਸਗੋਂ ਹੁਣ ਦਾਰੂ ਬੀੜੀਆਂ ਤੋਂ ਇਲਾਵਾ ਹੋਰ ਨਸ਼ੇ ਵੀ ਕਰਦਾ ਤੇ ਨਾਲ ਆਯਾਸ਼ੀ ਵੀ ,,, ਆਂਢਣਾਂ ਗੁਆਂਢਣਾਂ ਸੰਦੀਪ ਨੂੰ ਹਰ ਰੋਜ ਨਵੀਂ ਤੋਂ ਨਵੀਂ ਮੱਖਣ ਦੀ ਕੋਈ ਕਰਤੂਤ ਦਸਦੀਆਂ ਰਹਿੰਦੀਆਂ ਪਰ ਸੰਦੀਪ ਤੇ ਕੋਈ ਅਸਰ ਨਾ ਹੁੰਦਾ ,,, ਜਿਵੇਂ ਸੰਦੀਪ ਤਾਂ ਪੱਥਰ ਦੀ ਮੂਰਤ ਸੀ ਜਾਂ ਫਿਰ ਉਸ ਨੇ ਆਪਣਾ ਮਨ ਹੀ ਮਾਰ ਲਿਆ ਸੀ ,,, ।
ਸਮਾਂ ਆਪਣੀ ਚਾਲੇ ਚੱਲਦਾ ਗਿਆ ,,,, ਏਸੇ ਰੌਲੇ ਗੌਲੇ ਦੇ ਵਿੱਚ ਹੀ ਸੰਦੀਪ ਨੇ ਇੱਕ ਸੁੰਦਰ ਕੰਨਿਆ ਨੂੰ ਜਨਮ ਦਿੱਤਾ ਜਿਸ ਨਾਮ ਸੰਦੀਪ ਨੇ ਸੁਖਦੀਪ ਕੌਰ ਰੱਖਿਆ ,,, ਨਣਾਨ ਦਾ ਵਿਆਹ ਹੋ ਗਿਆ ,, ਸੱਸ ਵਿੱਚ ਵੀ ਜਿਵੇਂ ਲੜਨ ਦੀ ਉਹ ਤਾਕਤ ਨਾ ਰਹੀ ,,,, ਪਰ ਆਪਣਾ ਜਾਤ ਸੁਭਾਅ ਉਹਨੇ ਛੱਡਿਆ ਨਹੀਂ ,,,,, ।
ਸੁਖਦੀਪ ਚਾਰ ਕੁ ਸਾਲਾਂ ਦੀ ਹੋਈ ਤਾਂ ਉਸਨੂੰ ਨੇੜੇ ਕਸਬੇ ਦੇ ਇੱਕ ਚੰਗੇ ਸਕੂਲ ਵਿੱਚ ਦਾਖਲ ਕਰਾ ਦਿੱਤਾ ,,, ਸੁਖਦੀਪ ਪੜਨ ਵਿੱਚ ਬਹੁਤ ਹੀ ਹੁਸ਼ਿਆਰ ਨਿੱਕਲੀ ਤੇ ਨਾਲ ਨਾਲ ਸੁਖਦੀਪ ਵਿੱਚ ਉਹੀ ਸੰਦੀਪ ਵਾਲਾ ਸ਼ੌਕ ਜਾਗਣ ਲੱਗਿਆ ,,,, ਸੁਖਦੀਪ ਬਹੁਤ ਹੀ ਸੋਹਣੀ ਡਰਾਇੰਗ ਬਣਾਉਂਦੀ ,,,, ਟੀਚਰਾਂ ਤੋਂ ਸ਼ਾਬਾਸ਼ ਲੈਂਦੀ ,,,, ਜਿਵੇਂ ਜਿਵੇਂ ਸੁਖਦੀਪ ਵੱਡੀਆਂ ਕਲਾਸਾਂ ਵਿੱਚ ਹੋਈ ਓਵੇਂ ਓਵੇਂ ਉਹਦੀ ਚਿੱਤਰਕਾਰੀ ਨਿੱਖਰਦੀ ਗਈ ,,,, ਉਹ ਬਹੁਤ ਹੀ ਸੋਹਣੀਆਂ ਤਸਵੀਰਾਂ ਬਣਾਉਂਦੀ ,,,, ਸੰਦੀਪ ਦੇ ਕੋਲ ਬੈਠੀ ਜਦੋਂ ਸੁਖਦੀਪ ਕੋਈ ਚਿਤਰ ਬਣਾਉਂਦੀ ਤਾਂ ਸੰਦੀਪ ਵੇਖ ਕੇ ਹੈਰਾਨ ਰਹਿ ਜਾਂਦੀ , ਇੰਨ ਬਿੰਨ ਜਿਵੇਂ ਸੰਦੀਪ ਵਾਂਗ ਹੀ ਪੈਨਸਿਲ ਚਲਦੀ ,,,, ਚਿਤਰ ਨੂੰ ਦੇਖਦਿਆਂ ਸੰਦੀਪ ਨੂੰ ਲਗਦਾ ਕਿ ਇਹ ਜਿਵੇਂ ਉਹਨੇ ਖੁਦ ਬਣਾਇਆ ਹੋਵੇ ,,,, ਉਹੀ ਬੁਰਸ਼ ਫੜਨ ਦਾ ਤਰੀਕਾ , ਉਸੇ ਤਰਾਂ ਰੰਗਾਂ ਨੂੰ ਤਰਤੀਬ ਦੇਣੀ ,,, ਬਾਡਰ ਬਣਾਉਣਾ ,,, ਭੋਰਾ ਵੀ ਫ਼ਰਕ ਨਹੀਂ ਸੀ ,,,, ਸੰਦੀਪ ਨੂੰ ਸੁਖਦੀਪ ਦੀਆਂ ਪੇਂਟਿੰਗਾਂ ਦੇਖ ਕੇ ਧੁਰ ਅੰਦਰ ਤੱਕ ਜਿਵੇਂ ਸਕੂਨ ਮਿਲਦਾ ,,,, ਜਿਵੇਂ ਉਸਦੇ ਕਾਲਜ਼ੇ ਨੂੰ ਠੰਡ ਪੈਂਦੀ ,,, ਉਹਦੀ ਰੂਹ ਸ਼ਾਂਤ ਹੁੰਦੀ ,,,, ।
ਸਮਾਂ ਗੁਜਰਿਆ ਸੰਦੀਪ ਦੀ ਸੱਸ ਥੋੜੇ ਦਿਨ ਬਿਮਾਰ ਰਹਿ ਕੇ ਚੱਲ ਵਸੀ ,,,, ਮੱਖਣ ਨੂੰ ਅਧਰੰਗ ਹੋ ਗਿਆ ,,, ਉਹ ਮੰਜੇ ਤੇ ਬੈਠਾ ਚੂਕਦਾ ਪਰ ਉਸਤੋਂ ਬੋਲਿਆ ਨਾ ਜਾਂਦਾ ,,, ਇੱਕ ਪਾਸਾ ਬਿਲਕੁਲ ਹੀ ਮਾਰਿਆ ਗਿਆ ,,,, ਨਾ ਉੱਠਣ ਬੈਠਣ ਹੁੰਦਾ ,,, ਪਰ ਨੇਕ ਵਿਚਾਰਾਂ ਦੀ ਮਾਲਕਣ ਸੰਦੀਪ ਫੇਰ ਵੀ ਉਸ ਨੂੰ ਸਾਂਭਦੀ ,,, ਝੋਰਿਆਂ ਦੀ ਮਾਰੀ ਸੰਦੀਪ ਵੀ ਉਮਰੋਂ ਪਹਿਲਾਂ ਜਿਵੇਂ ਬੁੱਢੀ ਲੱਗਣ ਲੱਗੀ ।
ਤਾੜੀਆਂ ਦੀ ਗੂੰਜ ਮੱਠੀ ਪਈ ਤਾਂ ਸੁਖਦੀਪ ਦੇ ਉਦਾਲੇ ਉਹਦੇ ਪ੍ਰਸ਼ੰਸਕਾਂ ਨੇ ਜਿਵੇਂ ਘੇਰਾ ਜਿਹਾ ਪਾ ਲਿਆ ,,, ਸਟੇਜ ਸੈਕਟਰੀ ਸੁਖਦੀਪ ਦੀ ਪ੍ਰਸੰਸਾ ਵਿੱਚ ਲੰਬੀ ਸਪੀਚ ਦੇ ਰਿਹਾ ਸੀ ,,,, ਸੁਖਦੀਪ ਦੇ ਦੁਆਲੇ ਹੋਏ ਉਹਦੇ ਪ੍ਰਸੰਸਕ ਸੁਖਦੀਪ ਤੋਂ ਆਟੋਗ੍ਰਾਫ ਲੈ ਰਹੇ ਸਨ ਤੇ ਨਾਲ ਫੋਟੋਆਂ ਖਿਚਵਾ ਰਹੇ ਸਨ ,,,, ਸੁਖਦੀਪ ਅੰਤਰਰਾਸ਼ਟਰੀ ਸਮਾਰੋਹ ਵਿੱਚ ਪੇਂਟਿੰਗ ਮੁਕਾਬਲੇ ਵਿੱਚ ਅੱਵਲ ਆਈ ਸੀ ,,,, ਗੈਲਰੀ ਵਿੱਚ ਲੱਗੀਆਂ ਸੁਖਦੀਪ ਦੀਆਂ ਪੇਂਟਿੰਗਾਂ ਦੀ ਲੱਖਾਂ ਰੁਪਏ ਵਿੱਚ ਬੋਲੀ ਲੱਗ ਰਹੀ ਸੀ ,,, ਉਹ ਹੁਣ ਸੰਸਾਰ ਪ੍ਰਸਿੱਧ ਚਿੱਤਰਕਾਰ ਬਣ ਗ ਈ ਸੀ ,,,, ।
ਅਖੀਰ ਵਿੱਚ ਸੁਖਦੀਪ ਦਾ ਨਾਮ ਸਨਮਾਨਿਤ ਕਰਨ ਲਈ ਐਵਾਰਡ ਦੇਣ ਲਈ ਸਟੇਜ ਤੋਂ ਬੋਲਿਆ ਗਿਆ ,,,, । ਸੁਖਦੀਪ ਨੇ ਆਪਣੀ ਮਾਂ ਨੂੰ ਜੱਫੀ ਵਿੱਚ ਲਿਆ ਤੇ ਦੋਨੇ ਮਾਵਾਂ ਧੀਆਂ ਸਟੇਜ ਦੇ ਉੱਪਰ ਚੜ੍ਹ ਗਈਆਂ ,,,, । ਰਾਸ਼ਟਰਪਤੀ ਵੱਲੋਂ ਸੁਖਦੀਪ ਨੂੰ ਸਨਮਾਨਿਤ ਕਰਨ ਤੋਂ ਪਹਿਲਾਂ ਦੋ ਸ਼ਬਦ ਬੋਲਣ ਲਈ ਕਿਹਾ ,,, ਸੁਖਦੀਪ ਨੇ ਮਾਈਕ ਫੜਿਆ ਤੇ ਬੋਲੀ ,,,,,
“ਮਾਂ”,,,,,, ਮੈਂ ਅੱਜ ਜੋ ਵੀ ਹਾਂ ਮਾਂ ਦੀ ਬਦੌਲਤ ਹਾਂ ,,,, ਅਸਲ ਵਿੱਚ ਮੈਂ ਤਾਂ ਇੱਕ ਕਲਬੂਤ ਹਾਂ ,,, ਮੇਰੇ ਵਿੱਚ ਅਸਲੀ ਕਲਾਕਾਰ ਮੇਰੀ ਮਾਂ ਹੈ ,,, ਮੇਰੀ ਮਾਂ ਦਾ ਅਧੂਰਾ ਸੁਪਨਾ ਉਸ ਨੇ ਹੀ ਮੇਰੇ ਵਿਚਦੀ ਪੂਰਾ ਕੀਤਾ ਹੈ ,,, ਮੈਂ ਜਦੋਂ ਵੀ ਕੋਈ ਕ੍ਰਿਤ ਘੜਦੀ ਹਾਂ ਤਾਂ ਉਸ ਵਕਤ ਮੈਂ ਨਹੀਂ ਹੁੰਦੀ ,,, ਮੇਰੀ ਮਾਂ ਹੀ ਹੁੰਦੀ ਹੈ ,,,, ਸੋ ਇਸ ਸਨਮਾਨ ਦੀ ਹੱਕਦਾਰ ਵੀ ਮੇਰੀ ਮਾਂ ਹੀ ਹੈ ,,,, ਇਨਾਮ ਦੀ ਹੱਕਦਾਰ ਵੀ ਮੇਰੀ ਮਾਂ ਹੈ । ਕਿਉਂ ਕਿ ਮੇਰਾ ਤਾਂ ਇਸ ਵਿੱਚ ਕੋਈ ਰੋਲ ਹੀ ਨਹੀਂ ,,,, ਸਿਰਫ ਹੱਥ ਹੀ ਮੇਰੇ ਹਨ ਪਰ ਇਹਨਾਂ ਨੂੰ ਚਲਾਉਂਦੀ ਮੇਰੀ ਮਾਂ ਹੀ ਹੈ ,,,,,,, ਮਾਂ ਬੱਸ ਮਾਂ ,,,
ਤੇ ਸਾਰਾ ਹਾਲ ਤਾੜੀਆਂ ਨਾਲ ਗੂੰਜ ਉੱਠਿਆ ,,,, ਤਾੜੀ ਦੀ ਆਵਾਜ਼ ਏਨੀ ਜ਼ੋਰ ਦੀ ਸੀ ਕਿ ਸੰਦੀਪ ਉਸ ਗਹਿਰੀ ਨੀਂਦ ਵਿੱਚੋਂ ਜਾਗ ਪਈ ,,, ਜਿਹੜੀ ਨੀਂਦ ਵਿੱਚ ਮੱਖਣ , ਉਹਦੀ ਸੱਸ ਤੇ ਉਹਦੀ ਨਣਾਨ ਨੇ ਥਾਪੜ ਥਾਪੜ ਕੇ ਲਿਆ ਦਿੱਤੀ ਸੀ ,,, ਜਾਂ ਫਿਰ ਸੰਦੀਪ ਸੁਆ ਦਿੱਤੀ ਸੀ ,,,,,, ।
ਰਾਜਿੰਦਰ ਸਿੰਘ ਢਿੱਲੋਂ ਬਾਜਾਖਾਨਾ