ਪਗਫੇਰਾ | pagfera

ਐਂਕਲ ਮੇਰਾ ਵਿਆਹ ਹੋ ਗਿਆ।” ਅਚਾਨਕ ਆਏ ਫੋਨ ਚੋ ਆਵਾਜ਼ ਆਈ।
“ਕਦੋਂ?????” ਮੈਂ ਖੁਸ਼ੀ ਨਾਲ ਉਛੱਲ ਕੇ ਪੁੱਛਿਆ।
“ਪਿਛਲੇ ਹਫਤੇ। ਕਾਹਦਾ ਵਿਆਹ ਸੀ। ਗੁਰਦੁਆਰੇ ਬਸ ਮੇਰੀ ਮਾਂ ਹੀ ਆਈ ਸੀ ਕੱਲੀ, ਪੱਲਾ ਫੜਾਉਣ। ਹੋਰ ਕੋਈ ਨਹੀਂ ਆਇਆ। ਦੀਦੀ ਵੀ ਨਹੀਂ ਆਈ।” ਉਸਨੇ ਠੰਡਾ ਹੌਂਕਾ ਜਿਹਾ ਭਰਦੀ ਨੇ ਕਿਹਾ।
“ਚਲੋ ਵਧਾਈਆ ਹੋਣ ਬੇਟਾ। ਤੂੰ ਮੋਰਚਾ ਜਿੱਤ ਲਿਆ।” ਮੈਂ ਉਸਨੂੰ ਹੌਂਸਲਾ ਦਿੱਤਾ। ਹਾਂ ਇਹ ਨਿਸ਼ਾ ਦਾ ਫੋਨ ਸੀ ਜੋ ਸਾਡੇ ਘਰ ਦੇ ਨੇੜੇ ਹੀ ਕਿਸੇ ਬੂਟੀਕ ਤੇ ਕੰਮ ਕਰਦੀ ਸੀ। ਭਾਵੇ ਉਸ ਨੇ ਪਲੱਸ ਟੂ ਕੀਤੀ ਹੋਈ ਸੀ ਤੇ ਹੁਣ ਪ੍ਰਾਈਵੇਟ ਬੀ ਕਾਮ ਕਰ ਰਹੀ ਸੀ। ਉਸੇ ਬੂਟੀਕ ਤੇ ਹੀ ਇੱਕ ਸੰਨੀ ਨਾਮ ਦਾ ਮੁੰਡਾ ਕਿਸ਼ਤ ਲੈਣ ਆਉਂਦਾ ਹੁੰਦਾ ਸੀ। ਸ਼ਾਇਦ ਉਹ ਕਿਸੇ ਕਮੇਟੀ ਪਾਉਣ ਵਾਲੇ ਦਾ ਕਰਿੰਦਾ ਸੀ। ਬੂਟੀਕ ਵਾਲੀ ਅੰਟੀ ਰੋਜ ਦੀ ਪੰਜ ਸੌ ਦੀ ਕਮੇਟੀ ਪਾਉਂਦੀ ਹੁੰਦੀ ਸੀ। ਕਈ ਵਾਰ ਅੰਟੀ ਕੋਲ ਪੰਜ ਸੌ ਰੁਪਈਆ ਵੀ ਇਕੱਠਾ ਨਾ ਹੁੰਦਾ ਤੇ ਅੰਟੀ ਉਸ ਨੂੰ ਦੁਬਾਰਾ ਆਉਣ ਦਾ ਕਹਿ ਦਿੰਦੀ। ਜੀ ਕਹਿ ਕੇ ਸੰਨੀ ਚਲਾ ਜਾਂਦਾ ਤੇ ਦਿੱਤੇ ਸਮੇਂ ਤੇ ਦੁਬਾਰਾ ਆ ਜਾਂਦਾ। ਕਈ ਵਾਰੀ ਅੰਟੀ ਨਿਸ਼ਾ ਨੂੰ ਕੈਸ਼ ਬਾਕਸ ਚੋਂ ਕਿਸ਼ਤ ਦੇਣ ਲਈ ਕਹਿਂਦੀ। ਨਿਸ਼ਾ ਉਸ ਵੱਲ ਟੇਡਾ ਟੇਡਾ ਝਾਕਦੀ। ਸੰਨੀ ਨੂੰ ਵੀ ਨਿਸ਼ਾ ਵਧੀਆ ਲਗਦੀ। ਬੂਟੀਕ ਅੰਦਰ ਵੜਦੇ ਹੀ ਸੰਨੀ ਦਾ ਚੇਹਰਾ ਖਿੜ ਜਾਂਦਾ। ਹੁਣ ਸਾਰਾ ਦਿਨ ਨਿਸ਼ਾ ਵੀ ਸੰਨੀ ਨੂੰ ਉਡੀਕਦੀ ਰਹਿੰਦੀ। ਜਿਸ ਦਿਨ ਕਿਸੇ ਮਜਬੂਰੀ ਕਾਰਨ ਸੰਨੀ ਨਾ ਆਉਂਦਾ ਤਾਂ ਉਹ ਸ਼ਾਮ ਤੱਕ ਦੂਰ ਸੜਕ ਵੱਲ ਝਾਕਦੀ ਰਹਿੰਦੀ। ਇਸ ਤਰਾਂ ਜਿਸ ਦਿਨ ਸੰਨੀ ਨੂੰ ਨਿਸ਼ਾ ਨਾ ਮਿਲਦੀ ਯ ਓਹੁ ਛੁੱਟੀ ਤੇ ਹੁੰਦੀ ਤਾਂ ਸੰਨੀ ਨੂੰ ਲਗਦਾ ਉਸਦਾ ਗੇੜਾ ਐਵੇਂ ਹੀ ਗਿਆ। ਭਾਵੇਂ ਉਹਨਾਂ ਦੀ ਕਦੇ ਆਪਸ ਵਿਚ ਗਲਬਾਤ ਨਹੀਂ ਸੀ ਹੋਈ। ਪਰ ਇੱਕ ਦੂਜੇ ਵੱਲ ਖਿੱਚ ਬਰਕਰਾਰ ਸੀ। ਸੰਨੀ ਬਹੁਤ ਸ਼ਰੀਫ ਲੜਕਾ ਸੀ। ਉਹ ਕਦੇ ਪਿਆਰ ਪਿਊਰ ਦੇ ਚੱਕਰ ਚ ਨਹੀਂ ਸੀ ਪਿਆ। ਨਿਸ਼ਾ ਤੇਜ਼ ਸੀ ਭਾਵੇਂ ਪਰ ਉਹ ਦੇਖਣ ਵਿਚ ਜੁਆਕੜੀ ਜਿਹੀ ਲਗਦੀ ਸੀ। ਨਾਲੇ ਇੱਕ ਕੁੜੀ ਪਹਿਲ ਵੀ ਤਾਂ ਨਹੀਂ ਸੀ ਕਰ ਸਕਦੀ। ਨਿਸ਼ਾ ਦੀ ਇੱਕ ਵੱਡੀ ਭੈਣ ਵੀ ਸੀ ਜੋ ਥੋੜੇ ਗਰਮ ਸੁਭਾਅ ਦੀ ਸੀ। ਉਹ ਵੀ ਪ੍ਰਾਈਵੇਟ ਨੌਕਰੀ ਕਰਦੀ ਸੀ। ਉਸਦੇ ਪਾਪਾ ਕਾਫੀ ਬਜ਼ੁਰਗ ਸਨ। ਜੋ ਦਮੇ ਦੇ ਮਰੀਜ਼ ਸਨ ਤੇ ਅਕਸ਼ਰ ਮੰਜੇ ਤੇ ਹੀ ਪਏ ਰਹਿੰਦੇ ਸਨ। ਮੈਂ ਜਦੋਂ ਵੀ ਮੈਡਮ ਨਾਲ ਉਸ ਬੂਟੀਕ ਤੇ ਜਾਂਦਾ ਨਿਸ਼ਾ ਨਾਲ ਚਾਰ ਗੱਲਾਂ ਜਰੂਰ ਕਰਦਾ। ਨਿਸ਼ਾ ਵੀ ਐਂਕਲ ਐਂਕਲ ਆਖਕੇ ਮੇਰੇ ਨਾਲ ਸਾਰੀਆਂ ਗੱਲਾਂ ਕਰ ਲੈਂਦੀ। ਸੋਹਣੀ ਤਾਂ ਸੀ ਹੀ ਨਿਸ਼ਾ ਉਂਜ ਮਿਲਾਪੜੀ ਵੀ ਸੀ। ਹੁਣ ਉਹ ਆਪਣੀ ਅੰਟੀ ਨਾਲ ਵੀ ਖੂਬ ਗੱਲਾਂ ਕਰਦੀ। ਇਸ ਤਰਾਂ ਸਾਡੀ ਦੋਹਾਂ ਦੀ ਉਸਨਾਲ ਨੇੜਤਾ ਵਧਦੀ ਗਈ। ਹੋਲੀ ਹੋਲੀ ਸਾਨੂੰ ਨਿਸ਼ਾ ਦੀ ਪ੍ਰੇਮ ਕਹਾਣੀ ਦਾ ਪਤਾ ਲੱਗ ਗਿਆ। ਨਿਸ਼ਾ ਨਾਲਦੇ ਪਿੰਡ ਚੋ ਜਾਟ ਪਰਿਵਾਰ ਚੋ ਸੀ। ਭਾਵੇ ਘਰ ਗਰੀਬ ਸੀ ਪਰ ਰੱਬ ਨੇ ਹੁਸਨ ਕਮਾਲ ਦਾ ਦਿੱਤਾ ਸੀ। ਸਧਾਰਨ ਕੱਪੜਿਆਂ ਵਿੱਚ ਉਹ ਬਹੁਤ ਫੱਬਦੀ। ਸ਼ਾਇਦ ਬੂਟੀਕ ਚ ਕੰਮ ਕਰਨ ਕਰਕੇ ਉਸਨੂੰ ਤਹਿਜ਼ੀਬ ਆ ਗਈ ਸੀ। ਉਸਦਾ ਗਲਬਾਤ ਕਰਨ ਦਾ ਸਲੀਕਾ ਹਰੇਕ ਨੂੰ ਪ੍ਰਭਾਵਿਤ ਕਰਦਾ। ਉਸਦੇ ਕੋਈ ਭਰਾ ਨਹੀਂ ਸੀ। ਬਹੁਤੇ ਵਾਰੀ ਉਹ ਮੁੰਡਿਆਂ ਵਾਂਗੂ ਗੱਲਾਂ ਕਰਦੀ। “ਮੈਂ ਪਾਪਾ ਨੂੰ ਬਹੁਤ ਪਿਆਰ ਕਰਦਾ ਹਾਂ। ਮੈਂ ਕੁਝ ਬਣਕੇ ਦਿਖਾਵਾਂਗਾ। ਐਂਕਲ ਸੰਨੀ ਬਹੁਤ ਚੰਗਾ ਮੁੰਡਾ ਹੈ।ਮੈਨੂੰ ਸਾਰੀ ਜਿੰਦਗ਼ੀ ਖੁਸ਼ ਰਖੂ।” ਵਗੈਰਾ ਵਗੈਰਾ। ਸੰਨੀ ਉੱਚੇ ਲੰਬੇ ਕੱਦ ਦਾ ਗੋਰਾ ਨਿਛੋਹ ਸੁਨਿਆਰਾਂ ਦਾ ਮੁੰਡਾ ਸੀ। ਭਾਵੇਂ ਪੜ੍ਹਿਆ ਥੋੜਾ ਘੱਟ ਸੀ ਪਰ ਇਮਾਨਦਾਰ ਸੀ ਤੇ ਮਿਹਨਤ ਨਾਲ ਚੰਗੀ ਕਮਾਈ ਕਰ ਲੈਂਦਾ ਸੀ। ਉਂਜ ਉਹ ਘਰੋਂ ਵੀ ਠੀਕ ਸੀ। ਉਸਦੇ ਮਾਪਿਆਂ ਨੇ ਆਪਣੇ ਮੁੰਡੇ ਖਾਤਿਰ ਇਸ ਰਿਸ਼ਤੇ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਪਰ “ਕੋ ਨਾ ਮਾਨੂੰ” ਵਾਲੀ ਗੱਲ ਰਹੀ। ਮੁੰਡਾ ਤੇ ਕੁੜੀ ਆਪਣੀ ਗੱਲ ਤੇ ਬਜ਼ਿਦ ਸਨ। ਕਈ ਮਹੀਨੇ ਸ਼ਹਿਰ ਤੇ ਪਿੰਡ ਦੇ ਮੋਹਤਵਰ ਬੰਦੇ ਜ਼ੋਰ ਲਾਉਂਦੇ ਰਹੇ ਪਰ ਗੱਲ ਸਿਰੇ ਨਾ ਚੜੀ। ਮਤਲਬ ਵਿਆਹ ਦੀ ਤਰੀਖ ਅੱਗੇ ਪੈਂਦੀ ਰਹੀ।
ਅੱਜ ਆਏ ਇਸ ਫੋਨ ਨਾਲ ਮੈਨੂੰ ਵੀ ਸੁਖ ਦਾ ਸਾਂਹ ਆਇਆ। ਚਾਹੇ ਉਹ ਸਾਡੇ ਕੁਝ ਨਹੀਂ ਸੀ ਲਗਦੇ ਪਰ ਉਹਨਾਂ ਦੇ ਵਿਆਹ ਦੀ ਚਿੰਤਾ ਜਿਹੀ ਤਾਂ ਸਾਨੂੰ ਵੀ ਸੀ। ਉਸੇ ਵੇਲੇ ਹੀ ਮੈਂ ਮੈਡਮ ਨੂੰ ਦੱਸਿਆ। ਉਸ ਦਾ ਚੇਹਰਾ ਵੀ ਖਿੜ ਗਿਆ।
“ਆਪਾਂ ਸ਼ਾਮੀ ਉਸਨੂੰ ਮਿਲਕੇ ਆਵਾਂਗੇ।” ਗੋਡਿਆਂ ਦੇ ਦਰਦ ਨਾਲ ਹਾਏ ਹਾਏ ਕਰਦੀ ਨੇ ਮੈਨੂੰ ਕਿਹਾ। ਸ਼ਾਮ ਜਿਹੀ ਨੂੰ ਉਹ ਜਾਣ ਦੇ ਹੌਂਸਲੇ ਨਾਲ ਨਹਾ ਵੀ ਲਈ। ਤੇ ਘਰੇ ਪਿਆ ਇੱਕ ਗਿਫਟ ਵੀ ਚੁੱਕ ਲਿਆ। ਅਖੇ ਰਸਤੇ ਵਿਚੋਂ ਪੈਕ ਕਰਵਾ ਲਵਾਂਗੇ। ਸ਼ਾਮ ਨੂੰ ਅਸੀਂ ਬੂਟੀਕ ਗਏ ਤੇ ਸਾਨੂੰ ਨਿਸ਼ਾ ਬਹੁਤ ਖੁਸ਼ ਹੋਕੇ ਮਿਲੀ ਮੈਡਮ ਨੇ ਉਸਨੂੰ ਆਪਣੇ ਕਲਾਵੇਂ ਵਿਚ ਲ਼ੈ ਲਿਆ ਤੇ ਖੂਬ ਪਿਆਰ ਦਿੱਤਾ। ਦੋਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਲਾਲ ਚੂੜੇ ਤੇ ਹਲਕੇ ਜਿਹੇ ਮੇਕਅਪ ਵਿਚ ਉਹ ਬਹੁਤ ਸੋਹਣੀ ਲੱਗ ਰਹੀ ਸੀ। ਉਸਦੀਆਂ ਗੱਲਾਂ ਤੇ ਚੇਹਰੇ ਵਿਚੋਂ ਖੁਸ਼ੀ ਡੁੱਲ ਡੁੱਲ ਪੈਂਦੀ ਸੀ। ਬੰਦਾ ਗਰੀਬ ਹੋਵੇ ਯ ਅਮੀਰ ਵਿਆਹ ਦੀ ਖੁਸ਼ੀ ਤਾਂ ਹੁੰਦੀ ਹੀ ਹੈ ਤੇ ਜੇ ਵਿਆਹ ਮਨਚਾਹੀ ਜਗ੍ਹਾ ਤੇ ਹੋ ਜਾਂਵੇ ਤਾਂ ਰੂਪ ਵੀ ਦੂਣਾ ਚੜਦਾ ਹੈ। ਉਸਨੇ ਸਾਨੂੰ ਕੌਫੀ ਪਿਆਈ। ਮੈਡਮ ਨੇ ਮੈਨੂੰ ਬਿਨਾਂ ਪੁੱਛੇ ਹੀ ਉਸਨੂੰ ਘਰੇ ਆਉਣ ਦਾ ਨਿਉਤਾ ਦਿੱਤਾ।
“ਅੰਟੀ ਮੈਂ ਜਰੂਰ ਆਵਾਂਗੀ। ਹੁਣ ਤੁਸੀਂ ਹੀ ਮੇਰੇ ਮਾਪਿਆਂ ਦੀ ਜਗ੍ਹਾ ਹੋ। ਤੁਸੀਂ ਮੇਰੇ ਸਿਰ ਤੇ ਹੱਥ ਰਖਿਓ। ਆਪਣਾ ਪਿਆਰ ਤੇ ਅਸ਼ੀਰਵਾਦ ਦਿੰਦੇ ਰਿਹੋ।” ਤੇ ਉਸ ਦੀਆਂ ਅੱਖਾਂ ਫਿਰ ਛਲਕ ਆਈਆਂ।
“ਜਰੂਰ ਬੇਟਾ ਜਰੂਰ।” ਮੈਡਮ ਤੋਂ ਵੀ ਗੱਲ ਨਾ ਹੋਈ। ਤੇ ਮਨ ਮੇਰਾ ਵੀ ਭਰ ਆਇਆ।
ਦੋ ਕ਼ੁ ਦਿਨਾਂ ਬਾਅਦ ਹੀ ਮੈਂ ਮੈਡਮ ਦੇ ਕਹਿਣ ਤੇ ਫੋਨ ਤੇ ਹੀ ਉਹਨਾਂ ਨੂੰ ਆਉਣ ਦਾ ਸੱਦਾ ਦੇ ਦਿੱਤਾ। ਸ਼ਾਮੀ ਸੱਤ ਕ਼ੁ ਵਜੇ ਉਹ ਦੋਵੇਂ ਜੀਅ ਬਹੁਤੀ ਨਾ ਨੁੱਕਰ ਕੀਤੇ ਬਿਨਾਂ ਹੀ ਆ ਗਏ। ਛੋਟੀ ਬੇਟੀ ਪ੍ਰਤਿਮਾ ਤੇ ਬੇਟੇ ਨੇ ਉਹਨਾਂ ਦੀ ਖੂਬ ਸੇਵਾ ਕੀਤੀ। ਬਾਹਰ ਬੈਠੀ ਵੱਡੀ ਬੇਟੀ ਗਗਨ ਨਾਲ ਵੀ ਉਸ ਦੀ ਫੋਨ ਤੇ ਗੱਲ ਕਰਵਾਈ ਗਈ।
” ਮੰਮੀ ਜੇ ਬੁਲਾਇਆ ਹੀ ਹੈ ਤਾਂ ਇੱਕਲੀ ਚਾਹ ਪਿਲਾ ਕੇ ਨਾ ਤੋਰ ਦਿਓਂ। ਪਗਫ਼ੇਰੇ ਦੀਆਂ ਰਸਮਾਂ ਵੀ ਪੂਰੀਆਂ ਕਰਿਓ।” ਵੱਡੀ ਬੇਟੀ ਨੇ ਆਪਣੀ ਮੰਮੀ ਨੂੰ ਤਾਕੀਦ ਕੀਤੀ। ਮੈਡਮ ਨੇ ਆਪਣੀ ਅਲਮਾਰੀ ਚੋ ਨਿਸ਼ਾ ਨੂੰ ਇੱਕ ਸੂਟ ਤੇ ਸੰਨੀ ਨੂੰ ਪੈਂਟ ਸ਼ਰਟ ਦਿੱਤੀ। ਛੋਟੇ ਬੇਟੇ ਨੇ ਕੁਝ ਸ਼ਗਨ ਵੀ ਦੇ ਕੇ ਆਪਣਾ ਫਰਜ਼ ਨਿਭਾਇਆ। ਫਾਸਟ ਫੂਡ ਖਾ ਕੇ ਹੀ ਓਹਨਾ ਦਾ ਪੇਟ ਭਰ ਗਿਆ। ਸਾਡੇ ਬਹੁਤ ਜੋਰ ਲਾਉਣ ਤੇ ਵੀ ਉਹਨਾਂ ਇੱਕ ਫੁਲਕਾ ਵੀ ਨਹੀਂ ਖਾਧਾ। ਮੈਡਮ ਨੇ ਮਾਂ ਦਾ ਫਰਜ਼ ਨਿਭਾਉਂਦੇ ਹੋਏ ਖਾਣਾ ਟਿਫ਼ਨ ਵਿਚ ਪੈਕ ਕਰਕੇ ਨਾਲ ਦੇ ਦਿੱਤਾ। ਜਿਵੇਂ ਕਈ ਵਾਰੀ ਉਸਦੀ ਮਾਂ ਸਾਨੂੰ ਆਉਂਦਿਆਂ ਨੂੰ ਦਿੰਦੀ ਹੁੰਦੀ ਸੀ। ਮੇਰੀ ਮਾਂ ਵੀ ਬਹੁਤ ਵਾਰੀ ਭੈਣ ਨੂੰ ਜਾਂਦੀ ਨੂੰ ਟਿਫ਼ਨ ਭਰਕੇ ਦਿੰਦੀ। ਸ਼ਾਇਦ ਸਾਰੀਆਂ ਮਾਵਾਂ ਨੂੰ ਇਹ ਸਿਖਲਾਈ ਗੁੜਤੀ ਵਿੱਚ ਹੀ ਮਿਲੀ ਹੁੰਦੀ ਹੈ।
ਓਹਨਾ ਦੇ ਜਾਣ ਤੋਂ ਬਾਅਦ ਮੈਡਮ ਦਾ ਚੇਹਰਾ ਉਤਰਿਆ ਜਿਹਾ ਲੱਗਿਆ। ਜਿਵੇ ਕਹਿੰਦੇ ਹੁੰਦੇ ਹਨ ਯਾਰ ਇਓ ਕਿਓੰ ਬੈਠਾ ਹੈ ਜਿਵੇਂ ਕੁੜੀ ਤੋਰਕੇ ਆਇਆ ਹੋਵੇ। ਹਾਲ ਮੇਰਾ ਵੀ ਆਹੀ ਸੀ। ਧੀਆਂ ਤੋਰਨੀਆਂ ਕੋਈ ਸੁਖਲੀਆਂ ਨਹੀਂ। ਇਹ ਤਾਂ ਪਗ ਫੇਰਾ ਹੀ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *