ਵੈਸੇ ਤਾਂ ਕੋਈ ਵੀਡੀਓ ਵਾਇਰਲ ਜਾਂ ਲੀਕ ਹੋਣ ਦੀ ਇਹ ਕੋਈ ਪਹਿਲੀ ਜਾਂ ਅਖੀਰਲੀ ਘਟਨਾ ਨਹੀਂ ਹੈ ,
ਅਤੇ ਉਹ ਘਟਨਾ ਵਿੱਚ ਕੌਣ , ਕਿੰਨਾ ਕਸੂਰਵਾਰ ਹੈ , ਮੈਂ ਇਸ ਪਾਸੇ ਨਹੀਂ ਜਾਵਾਂਗਾ ।
ਪਰ ਇਹ ਕੱਲ੍ਹੑ ਦੀ ਘਟਨਾ ਆਪਣੇ ਨੇੜੇ ਦੇ ਇਲਾਕੇ ਦੀ ਹੋਣ ਕਰਕੇ ਕੁਝ ਗੱਲਾਂ ਦਿਮਾਗ ਵਿੱਚ ਆਈਆਂ ਜੋ ਆਪ ਸਭ ਨਾਲ ਸਾਂਝੀਆਂ ਕਰ ਰਿਹਾ ਹਾਂ ।
ਹੋ ਸਕਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਇਹਨਾਂ ਗੱਲਾਂ ਦੀ ਜਾਣਕਾਰੀ ਹੋਵੇ । ਪਰ ਸ਼ਾਇਦ ਸਾਰਿਆਂ ਨੂੰ ਨਹੀਂ ਹੋਵੇਗੀ ।
ਅਜਕਲ ਹਰ ਹੱਥ ਚ” ਫੋਨ ਹੈ ਅਤੇ ਫੋਨ ਵਿੱਚ ਨੈੱਟ ਪੈਕ ਵੀ ਹੈ ਅਤੇ ਵਟਸਐਪ ਇੰਸਟਾਗਰਾਮ ਫੇਸਬੁੱਕ ਸਨੈਪਚੈਟ ਵਰਗੀਆਂ ਅਨਗਿਣਤ ਐਪਸ ਵੀ ।
ਅਤੇ ਉਹ ਸਾਰੀਆਂ ਐਪਸ ਸਾਡੀ ਨਿੱਜੀ ਜਿੰਦਗੀ ਵਿੱਚ ਕਿਸ ਹੱਦ ਤੱਕ ਦਾਖਲ ਹੋਈਆਂ ਹੋਈਆਂ ਹਨ ਇਸ ਗੱਲ ਦਾ ਅੰਦਾਜ਼ਾ ਸ਼ਾਇਦ ਹਰ ਇੱਕ ਨੂੰ ਨਹੀਂ ਹੈ , ਸਾਡਾ ਫੋਨ 24 ਘੰਟੇ ਸਿਰਫ ਸਾਡੇ ਲਈ ਹੀ ਕੰਮ ਨਹੀਂ ਕਰਦਾ ਬਲਕਿ ਸਾਡੀ ਹੀ ਜਾਸੂਸੀ ਵੀ ਕਰਦਾ ਹੈ !! ਸਾਡੇ ਫੋਨ ਦੇ ਕੈਮਰੇ ਅਤੇ ਮਾਈਕ ਵੀ 24 ਘੰਟੇ ਇਹੀ ਕੰਮ ਕਰਦੇ ਨੇ ,
ਉਦਾਹਰਨ ਵਜੋਂ ਤੁਸੀਂ ਆਪਣੇ ਪਰਿਵਾਰ ਵਿੱਚ ਬੈਠੇ ਜਾਂ ਦਫਤਰ ਵਿੱਚ ਕਿਸੇ ਨਾਲ ਇੱਕ ਫਰਿੱਜ ਖਰੀਦਣ ਬਾਰੇ ਗੱਲ ਕਰ ਰਹੇ ਹੋ ਤੇ ਉਸ ਵੇਲੇ ਤੁਹਾਡਾ ਫੋਨ ਤੁਹਾਡੀ ਜੇਬ ਵਿੱਚ ਜਾਂ ਪਰਸ ਵਿੱਚ ਪਿਆ ਹੈ , ਉਸ ਤੋਂ ਬਾਅਦ ਤੁਸੀ ਫੇਸਬੁੱਕ ਜਾਂ ਇੰਸਟਾ ਖੋਲੋ ਗੇ ਤਾਂ ਵੇਖੋਗੇ ਕਿ ਫਰਿੱਜ ਦੇ ਅਣਗਿਣਤ ਸੁਝਾਅ ਤੁਹਾਡੇ ਸਾਹਮਣੇ ਹੋਣਗੇ।
ਅੱਜਕਲ “ਏ ਆਈ”
(ਆਰਟੀਫੀਸ਼ੀਅਲ ਇੰਟੈਲੀਜੈਂਸ )
ਟੈਕਨਾਲੋਜੀ ਨਾਲ ਕਿਸੇ ਦੀ ਵੀ ਆਵਾਜ਼ ਵਿੱਚ ਕਿਸੇ ਦੀ ਵੀ ਸ਼ਕਲ ਨਾਲ ਕਿਸੇ ਵੀ ਤਰ੍ਹਾਂ ਦੀ ਵੀਡੀਓ ਬਣਾਈ ਜਾ ਸਕਦੀ ਹੈ ।
ਜਿਸ ਲਈ ਸਿਰਫ ਇੱਕ ਫੋਟੋ ਅਤੇ ਕੁਝ ਸੈਕਿੰਡ ਦੀ ਆਵਾਜ਼ ਦੀ ਹੀ ਲੋੜ ਹੈ ਬਾਕੀ ਸਾਰਾ ਕੰਮ ਇਹ ਟੈਕਨਾਲੋਜੀ ਕਰ ਦਿੰਦੀ ਹੈ !!
ਹੁਣ ਸੋਚਣ ਵਾਲੀ ਗੱਲ ਇਹ ਹੈ ਕਿ
ਸਾਡੇ ਵਿੱਚੋਂ ਕਿੰਨੇ ਜਣੇ ਕੋਈ ਐਪ ਡਾਊਨਲੋਡ ਕਰਨ ਵੇਲੇ ਇਹ ਵੇਖਦੇ ਹਨ ਕਿ ਉਹ ਐਪ ਸਾਡੇ ਕੋਲੋਂ ਕਿਸ ਕਿਸ ਗੱਲ ਦੀ ਮਨਜੂਰੀ ਲੈ ਰਹੀ ਹੈ ?
ਸਾਡੇ ਫੋਨ ਤੇ ਲੱਗੇ ਹੋਏ ਪਾਸਵਰਡ , ਫੇਸ ਲੌਕ , ਪੈਟਰਨ ਲੌਕ ਨਾਲ ਸੰਭਾਲੀਆਂ ਹੋਈਆਂ ਸਾਡੀਆਂ ਨਿੱਜੀ ਜਾਣਕਾਰੀਆਂ ਜਿਵੇਂ ਕਿ
ਸਾਡੇ ਬੈਂਕ ਖਾਤਿਆਂ ਦੀ ਜਾਣਕਾਰੀ ਅਤੇ ਸਾਡੀਆਂ ਫੋਟੋਆਂ ਵੀਡੀਓ ਵਰਗੀਆਂ ਹੋਰ ਚੀਜ਼ਾਂ ਕਿੰਨੀਆਂ ਕੁ ਸੁਰੱਖਿਅਤ ਹਨ ?
ਅਤੇ ਫੇਸਬੁੱਕ ਇੰਸਟਾ ਤੇ ਸਾਡੀਆਂ ਆਪਣੀਆਂ ਪੋਸਟਾਂ ਵਿੱਚ ਅਪਲੋਡ ਕੀਤੀਆਂ ਹੋਈਆਂ ਫੋਟੋਆਂ ਵੀਡੀਓ ਕਿੰਨੀਆਂ ਕੁ ਸੁਰੱਖਿਆ ਨੇ ?
ਕਿਸ ਹੱਦ ਤੱਕ ਮਾਡਰਨ ਜਾਂ ਓਪਨ ਮਾਈਂਡਿਡ ਹੋਣਾ, ਸਾਡੇ ਲਈ ਕਿੰਨਾ ਕੁ ਜ਼ਰੂਰੀ ਹੈ ਅਤੇ ਕਿੰਨਾ ਕੁ ਸੁਰੱਖਿਅਤ ਹੈ ?
ਜੇ ਥੋੜ੍ਹੇ ਲਫਜ਼ਾਂ ਚ’ ਕਹਾਂ ਤੇ ਬਿਲਕੁਲ ਵੀ ਸੁਰੱਖਿਅਤ ਨਹੀਂ,
ਸਿਰਫ ਸਬਰ ਅਤੇ ਸਾਵਧਾਨੀ ਹੀ ਕੁੱਝ ਹੱਦ ਤੱਕ ਬਚਾਅ ਕਰ ਸਕਦੀ ਹੈ।
ਜਿਵੇ ਕਿਹਾ ਜਾਂਦਾ ਹੈ ਕਿ ” ਜਿੰਦਰੇ ਸਾਧਾਂ ਲਈ ਹੁੰਦੇ ਨੇ ਚੋਰਾਂ ਲਈ ਨਹੀਂ “ਇਵੇਂ ਹੀ ਇਹ ਫੋਨ ਨੂੰ ਲੱਗੇ ਹੋਏ ਲੌਕ ਨੇ ।
ਕੁੱਝ ਹੱਦ ਤੱਕ ਬਚਾਅ ਕਰਨ ਲਈ
ਆਪਣੇ ਫੋਨ ਦੀ ਸੈਟਿੰਗ ਵਿੱਚ ਜਾ ਕੇ ਵੇਖੋ ਕਿਹੜੀ ਕਿਹੜੀ ਐਪ ਕੀ ਕੀ ਮਨਜੂਰੀ ਲਈ ਬੈਠੀ ਹੈ ਤੇ ਉਸ ਐਪ ਨੂੰ ਉਹ ਮਨਜੂਰੀ ਦੇਣੀ ਤੁਹਾਡੇ ਲਈ ਕਿੰਨੀ ਕੁ ਜਰੂਰੀ ਹੈ ਜਾਂ ਫਿਰ ਇਹ ਵੀ ਸੋਚੋ ਕਿ ਉਹ ਐਪ ਹੀ ਕਿੰਨੀ ਕੁ ਜਰੂਰੀ ਹੈ ।
ਕਿਸੇ ਨੂੰ ਆਪਣਾ ਫੋਨ ਫੜਾਉਣ ਵੇਲੇ ਵੀ ਦੁਬਾਰਾ ਸੋਚ ਲਵੋ ,
ਕਿਉਂਕਿ ਧੋਖਾ ਵੀ ਉੱਥੇ ਹੀ ਹੁੰਦਾ ਹੈ ਜਿੱਥੇ ਵਿਸ਼ਵਾਸ ਕੀਤਾ ਜਾਂਦਾ ਹੈ।
ਭਾਵੇਂ ਅੱਜਕਲ ਇਹਨਾਂ ਚੀਜ਼ਾਂ ਨੂੰ ਲੈ ਕੇ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਾ ਅਸੰਭਵ ਹੈ ਪਰ ਫਿਰ ਵੀ ਆਪਣੇ ਵੱਲੋਂ ਵੱਧ ਤੋਂ ਵੱਧ ਸਾਵਧਾਨ ਰਹਿਣ ਵਿੱਚ ਕੋਈ ਹਰਜ ਵੀ ਨਹੀਂ ਹੈ ।
ਰਾਜੂ ਧਵਨ ਤਲਵੰਡੀ
ਸ਼ਾਹਕੋਟ
21/09/23