ਬੀਜੀ ਦੀ ਦੂਜੀ ਬਰਸੀ ਮੌਕੇ ਸਾਰੇ ਸੁਖਮਨੀ ਸਾਬ ਦਾ ਪਾਠ ਕਰ ਕੇ ਹਟੇ ਹੀ ਸਾਂ ਕੇ ਅੱਗੋਂ ਆਉਂਦੀਆਂ ਗਰਮੀਆਂ ਦੀਆਂ ਛੁੱਟੀਆਂ ਵਿੱਚ ਪਹਾੜਾਂ ਤੇ ਜਾਣ ਬਾਰੇ ਬਹਿਸ ਛਿੜ ਗਈ..!
ਅੰਞਾਣੇ ਸਿਆਣੇ ਕੁੱਲੂ ਮਨਾਲੀ ਤੇ ਮਕਲੋੜਗੰਜ ਜਾਣਾ ਚਾਹੁੰਦੇ ਸਨ..ਪਰ ਮੇਰੇ ਨਾਲਦੀ ਡਲਹੌਜੀ ਤੀਕਰ ਹੀ ਸੀਮਤ ਸੀ..ਸ਼ਾਇਦ ਸਕੂਲ ਅਤੇ ਹੋਰ ਘਰੇਲੂ ਕੰਮਾਂ ਕਰਕੇ ਛੇਤੀ ਵਾਪਿਸ ਮੁੜਨਾ ਚਾਹੁੰਦੀ ਸੀ..!
ਅਖੀਰ ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਮੈਨੂੰ ਦਖਲ ਦੇਣਾ ਪਿਆ..ਸਾਰਿਆਂ ਨੂੰ ਚੁੱਪ ਕਰਵਾ ਕੇ ਇੱਕ ਸਵਾਲ ਪੁੱਛਿਆ..”ਇੱਕ ਸਫ਼ਰ ਤੇ ਤੁਰਨ ਲੱਗਿਆਂ ਕਿਹੜੀ ਚੀਜ ਸਭ ਤੋਂ ਜਿਆਦਾ ਮਹੱਤਵ ਰੱਖਦੀ ਏ..ਰਸਤਾ..ਮੰਜਿਲ ਤੇ ਜਾਂ ਫੇਰ ਵਿੱਥ-ਫਾਸਲਾ”?
ਸੰਨਾਟਾ ਜਿਹਾ ਛਾ ਗਿਆ ਤੇ ਸਾਰੇ ਸੋਚੀਂ ਪੈ ਗਏ!
ਪਰ ਕਿੰਨੇ ਦਿਨਾਂ ਤੋਂ ਚੁੱਪ ਬੈਠੇ ਬਾਪੂ ਜੀ ਆਪ ਮੁਹਾਰੇ ਹੀ ਬੋਲ ਉੱਠੇ..ਆਖਣ ਲੱਗੇ “ਸਾਥ”
ਹਰਪ੍ਰੀਤ ਸਿੰਘ ਜਵੰਦਾ